HOME ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਖੰਨਾ ਇਕਾਈ ਵੱਲੋਂ -ਕਿਰਤ ਮੰਤਰੀ ਨੂੰ ਮਿਲ...

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਖੰਨਾ ਇਕਾਈ ਵੱਲੋਂ -ਕਿਰਤ ਮੰਤਰੀ ਨੂੰ ਮਿਲ ਕੇ -ਨਿੱਜੀ ਅਦਾਰਿਆਂ ਦੇ ਬੋਰਡ ਪੰਜਾਬੀ ਵਿੱਚ ਲਿਖਣ ਨੂੰ ਯਕੀਨੀ ਬਣਾਉਣ ਲਈ ਬੇਨਤੀ ਕਰਨ ਦਾ ਫੈਸਲਾ

ਖੰਨਾ   (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਖੰਨਾ ਇਕਾਈ ਦੀ ਵਿਸ਼ੇਸ਼ ਮੀਟਿੰਗ ਦਾਵਤ ਹੋਟਲ ਖੰਨਾ ਵਿੱਚ ਹੋਈ। ਉਦੇਸ਼ ਸੀ ਪੰਜਾਬੀ ਭਾਸ਼ਾ ਨੂੰ ਸਰਕਾਰ, ਰੁਜ਼ਗਾਰ, ਵਪਾਰ, ਸਿੱਖਿਆ, ਇਨਸਾਫ਼ ਅਤੇ ਪਰਿਵਾਰ ਦੀ ਭਾਸ਼ਾ ਬਣਾਉਣ ਲਈ ਯਤਨਸ਼ੀਲ ਹੋਣਾ। ਪਿਛਲੇ ਛੇ ਸਾਲਾਂ ਵਿੱਚ ਭਾਈਚਾਰੇ ਵੱਲੋਂ ਇਸ ਖੇਤਰ ਵਿੱਚ ਕਿਹੜੀਆਂ ਪ੍ਰਾਪਤੀਆਂ ਕੀਤੀਆਂ ਗਈਆਂ ਅਤੇ ਅੱਗੇ ਕੀ ਕਰਨਾ ਹੈ ਉਸ ਦੀ ਜਾਣਕਾਰੀ ਦੇਣ ਲਈ ਪੰਜਾਬ ਇਕਾਈ ਦੇ ਸੰਚਾਲਕ ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਸੇਖਾ ਅਤੇ ਸੁਖਿੰਦਰ ਪਾਲ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮਿੱਤਰ ਸੈਨ ਮੀਤ ਵੱਲੋਂ ਦੱਸਿਆ ਗਿਆ ਕਿ ਭਾਈਚਾਰੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਨਾਲ ਚਿੱਠੀ ਪੱਤਰ ਕਰਕੇ ਬੇਨਤੀ ਕੀਤੀ ਜਾਂਦੀ ਰਹੀ ਹੈ ਕਿ ਰਾਜ ਭਾਸ਼ਾ ਐਕਟ 1967 ਅਤੇ ਰਾਜ ਭਾਸ਼ਾ (ਸੋਧ) ਐਕਟ 2008 ਦੀਆਂ ਵਿਵਸਥਾਵਾਂ ਨੂੰ ਲਾਗੂ ਕਰਕੇ, ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਹੁੰਦਾ ਸਾਰਾ ਕੰਮ ਕਾਜ਼ ਪੰਜਾਬੀ ਭਾਸ਼ਾ ਵਿੱਚ ਹੀ ਕੀਤਾ ਜਾਵੇ। ਉਹਨਾਂ ਦੱਸਿਆ ਕਿ ਭਾਈਚਾਰੇ ਦੇ ਯਤਨਾਂ ਸਦਕਾ ਅੱਜ ਕੱਲ ਸਰਕਾਰ ਦੀਆਂ 80 ਤੋਂ 90 ਫ਼ੀਸਦੀ ਚਿੱਠੀਆਂ ਕੇਵਲ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਜਾਂਦੀਆਂ ਹਨ। ਦਵਿੰਦਰ ਸਿੰਘ ਸੇਖਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਭਾਈਚਾਰੇ ਦੇ ਯਤਨਾਂ ਸਦਕਾ ਹੁਣ ਪੰਜਾਬ ਵਿੱਚ ਸਥਿਤ ਸਾਰੇ ਨਿੱਜੀ ਸਕੂਲਾਂ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜਾਈ ਜਾਣ ਲੱਗ ਪਈ ਹੈ। ਸੁਖਿੰਦਰ ਪਾਲ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ ਕਿ ਇਹ ਭਾਈਚਾਰੇ ਦੇ ਯਤਨਾਂ ਦਾ ਸਿੱਟਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ The Punjab Shops and Commercial Establishment Act 1958 ਵਿੱਚ ਸੋਧ ਕਰਕੇ, ਸੂਬੇ ਵਿੱਚ ਸਥਿਤ ਸਾਰੇ ਨਿੱਜੀ ਵਪਾਰਕ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਬੋਰਡਾਂ ਦੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ। ਪੰਜਾਬ ਸਰਕਾਰ ਵੱਲੋਂ ਇਸ ਹੁਕਮ ਦੀ ਪਾਲਣਾ ਕਰਾਉਣ ਦਾ ਅਧਿਕਾਰ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ। ਪਰ ਕਾਨੂੰਨ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਕਿਰਤ ਵਿਭਾਗ ਆਪਣੀ ਇਹ ਜਿੰਮੇਵਾਰੀ ਤਨਦੇਹੀ ਨਾਲ ਨਹੀਂ ਨਿਭਾਅ ਰਿਹਾ। ਕਿਰਤ ਵਿਭਾਗ ਦੀ ਇਸ ਅਣਗਹਿਲੀ ਕਾਰਨ ਹਾਲੇ ਵੀ ਬਹੁਤੇ ਨਿੱਜੀ ਅਦਾਰਿਆਂ ਦੇ ਬੋਰਡਾਂ ਉੱਪਰ ਪੰਜਾਬੀ ਦੀ ਥਾਂ ਕੇਵਲ ਅੰਗਰੇਜ਼ੀ ਭਾਸ਼ਾ ਹੀ ਲਿਖੀ ਹੁੰਦੀ ਹੈ। ਉਨਾਂ ਕਿਹਾ ਕਿ ਜ਼ਰੂਰਤ ਕਿਰਤ ਵਿਭਾਗ ਨੂੰ ਸੁਚੇਤ ਕਰਨ ਦੀ ਹੈ।  ਖੰਨਾ ਇਕਾਈ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਕਾਰਜ਼ਾਂ ਅਤੇ  ਯਤਨਾਂ  ਦੀ ਜਾਣਕਾਰੀ ਖੰਨਾ ਇਕਾਈ ਦੇ ਸੰਚਾਲਕ ਕਮਲਜੀਤ ਸਿੰਘ ਖੰਨਾ ਵੱਲੋਂ ਵਿਸਥਾਰ ਨਾਲ ਦਿੱਤੀ ਗਈ। ਗੁਰਨਾਮ ਸਿੰਘ ਸੀਤਲ ਵੱਲੋਂ ਖੁਸ਼ੀ ਪ੍ਰਗਟਾਈ ਗਈ ਕਿ ਇਸ ਸਮੇਂ ਪੰਜਾਬ ਸਰਕਾਰ ਦੇ ਕਿਰਤ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਹਨ ਜੋ ਖੰਨਾ ਦੇ ਹਨ। ਮੰਤਰੀ ਸਾਹਿਬ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਅਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਉਹ ਹਮੇਸ਼ਾ ਸੰਚਾਲਕਾਂ ਨੂੰ ਪੂਰਾ ਸਹਿਯੋਗ ਦਿੰਦੇ ਹਨ। ਉਹਨਾਂ ਆਸ ਪ੍ਰਗਟਾਈ ਕਿ ਇਸ ਵਾਰ ਵੀ ਉਹਨਾਂ ਨੂੰ ਮੰਤਰੀ ਸਾਹਿਬ ਤੋਂ ਪੂਰਾ ਸਹਿਯੋਗ ਮਿਲੇਗਾ। ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜਲਦੀ ਹੀ ਖੰਨਾ ਇਕਾਈ ਦੇ ਸੰਚਾਲਕਾਂ ਦਾ ਇੱਕ ਪ੍ਰਤੀਨਿਧ ਮੰਡਲ ਕਿਰਤ ਮੰਤਰੀ ਸਾਹਿਬ ਨੂੰ ਮਿਲੇਗਾ ਅਤੇ ਬੇਨਤੀ ਕਰੇਗਾ ਕਿ ਉਹ ਕਿਰਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਕੇ ਇਹ ਯਕੀਨੀ ਬਣਾਉਣ ਕਿ ਪੰਜਾਬ ਵਿੱਚ ਸਥਿਤ ਹਰ ਨਿੱਜੀ ਅਦਾਰੇ ਦੇ ਬੋਰਡ ਦੇ ਉੱਪਰ ਮਾਂ ਬੋਲੀ ਪੰਜਾਬੀ ਦਾ ਬੋਲ ਬਾਲਾ ਹੋਵੇ। ਮੀਟਿੰਗ ਵਿੱਚ ਜਗਦੇਵ ਸਿੰਘ ਗਰੇਵਾਲ, ਕੰਵਲਜੀਤ ਸਿੰਘ, ਗੁਰਨਾਮ ਸਿੰਘ ਸੀਤਲ, ਮਨਮੋਹਨ ਸਿੰਘ, ਪਾਲ ਸਿੰਘ ਕੌੜੇ, ਸਵਰਨ ਸਿੰਘ ਛਿੱਬਰ, ਤਰਸੇਮ ਲਾਲ ਜੋਸ਼ੀ, ਮੇਜਰ ਸਿੰਘ, ਡਾਕਟਰ ਰਜਿੰਦਰ ਸਿੰਘ, ਰਵਿੰਦਰ ਰੁਪਾਲ, ਢਿਲੋਂ ਸਾਹਬ, ਭਿੰਦਰ ਪਾਲ ਕੌਰ, ਸ਼ਮਸੇਰ ਸਿੰਘ ਘੁਮਾਣ ਵੀ ਹਾਜ਼ਰ ਹੋਏ। ਹਾਜ਼ਰ ਮੈਂਬਰਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਹੋਰ ਸਮੱਸਿਆਵਾਂ ਅਤੇ ਉਨਾਂ ਦੇ ਹੱਲਾਂ ਉੱਪਰ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਹੀਦ ਊਧਮ ਸਿੰਘ
Next articleਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਐਨ ਪੀ ਐਸ ਕਰਮਚਾਰੀਆਂ ਨੇ ਖੋਲ੍ਹਿਆ ਮੋਰਚਾ