ਪੰਜਾਬੀ ਭਾਸ਼ਾ ਤੇ ਸਾਹਿਤ ਦਾ ਮਾਣ- ਪ੍ਰੋ: ਗੁਰਦਿਆਲ ਸਿੰਘ ਜਾਂ ਉੱਘੇ ਨਾਵਲਕਾਰ ਤੇ ਗਿਆਨਪੀਠ ਪੁਰਸਕਾਰ ਜੇਤੂ : ਪ੍ਰੋ: ਗੁਰਦਿਆਲ ਸਿੰਘ

ਪ੍ਰੋ: ਗੁਰਦਿਆਲ ਸਿੰਘ
10 ਜਨਵਰੀ ਨੂੰ ਜਨਮ-ਦਿਨ ’ਤੇ ਵਿਸ਼ੇਸ਼
ਕਰਨੈਲ ਸਿੰਘ ਐੱਮ.ਏ.
 (ਸਮਾਜ ਵੀਕਲੀ) ਗਿਆਨਪੀਠ ਪੁਰਸਕਾਰ ਜੇਤੂ, ਪੰਜਾਬੀ ਦੇ ਉੱਘੇ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਈ: ਨੂੰ ਪਿੰਡ ਡੇਲਿਆਂਵਾਲੀ ਜੈਤੋ ਜ਼ਿਲ੍ਹਾ ਫ਼ਰੀਦਕੋਟ ਵਿਖੇ ਪਿਤਾ ਸ੍ਰ: ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖ ਤੋਂ ਹੋਇਆ। ਉਹਨਾਂ ਦੇ ਤਿੰਨ ਭਰਾ ਤੇ ਇੱਕ ਭੈਣ ਹਨ। ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਅੱਠ ਸਾਲ ਤਰਖਾਣ ਦਾ ਕੰਮ ਕੀਤਾ । ਪਿਤਾ ਜਗਤ ਸਿੰਘ ਤਾਂ ਇਸ ਕਿੱਤੇ ਵਿੱਚ ਹੀ ਰੱਖਣਾ ਚਾਹੁੰਦੇ ਸਨ ਪਰ ਉਹਨਾਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉਹਨਾਂ ਨੇ ਚਿੱਤਰਕਾਰੀ (ਪੇਂਟਿੰਗ) ਤੇ ਵੀ ਹੱਥ ਰੱਖਿਆ, ਗਾਇਕੀ ਵੀ ਸ਼ੁਰੂ ਕੀਤੀ ਅਤੇ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਕੀਰਤਨ ਵੀ ਕਰਦੇ ਰਹੇ। ਪਰ ਉਹਨਾਂ ਦੇ ਮਨ ਨੂੰ ਸੰਤੁਸ਼ਟੀ ਨਾ ਮਿਲੀ ।                       ਹੈੱਡਮਾਸਟਰ ਮਦਨ ਮੋਹਨ ਸ਼ਰਮਾ ਨੇ ਗੁਰਦਿਆਲ ਸਿੰਘ ਦੀ ਜ਼ਿੰਦਗੀ ਨੂੰ ਨਵੀਂ ਸੇਧ ਦਿੱਤੀ। ਉਹਨਾਂ ਦੀ ਅਗਵਾਈ ਵਿੱਚ ਤੇ ਦੀਵੇ ਦੀ ਲੋਅ ’ਚ ਦਿਨ-ਰਾਤ ਸ਼ਖ਼ਤ ਮਿਹਨਤ ਨਾਲ ਪੜ੍ਹਦਿਆਂ ਗੁਰਦਿਆਲ ਸਿੰਘ ਨੇ ਦਸਵੀਂ ਪਾਸ ਕੀਤੀ ਫਿਰ ਗਿਆਨੀ ਤੇ ਜੇ.ਬੀ.ਟੀ. ਕਰਨ ਉਪਰੰਤ ਅਧਿਆਪਕ ਲੱਗ ਗਏ। ਉਹਨਾਂ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ। ਉਹਨਾਂ ਦੇ ਘਰ ਇੱਕ ਲੜਕਾ ਅਤੇ ਦੋ ਲੜਕੀਆਂ ਨੇ ਜਨਮ ਲਿਆ। ਉਹਨਾਂ ਨੇ ਆਪਣੀ ਛੋਟੀ ਕਹਾਣੀ ‘ਭਾਗਾਂ ਵਾਲੇ’ ਤੋਂ ਇੱਕ ਕਹਾਣੀਕਾਰ ਦੇ ਤੌਰ ’ਤੇ ਸ਼ੁਰੂਆਤ ਕੀਤੀ, ਜੋ 1957 ਵਿੱਚ ਪ੍ਰੋ: ਮੋਹਨ ਸਿੰਘ ਦੇ ਰਸਾਲੇ ‘ਪੰਜ ਦਰਿਆ’ ਵਿੱਚ ਛਪੀ ਸੀ। ਉਹਨਾਂ ਦੇ ਪਹਿਲੇ ਕਹਾਣੀ ਸੰਗ੍ਰਹਿ ‘ਸੱਗੀ ਫੁੱਲ’ ਨਾਲ ਉਹ ਕਹਾਣੀਕਾਰ ਤੇ ਸੱਗੀ ਫੁੱਲ ਵਾਲੇ ਗੁਰਦਿਆਲ ਸਿੰਘ ਬਣੇ। ਗੁਰਦਿਆਲ ਸਿੰਘ ਨੇ ਉਚੇਰੀ ਵਿੱਦਿਆ ਬੀ.ਏ., ਐੱਮ.ਏ., ਕਰਕੇ ਸਰਕਾਰੀ ਨੌਕਰੀ (ਲੈਕਚਰਾਰ) ਹਾਸਲ ਕੀਤੀ। 1964 ਵਿੱਚ ਉਹਨਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ। ਉਹਨਾਂ ਦੇ ਨਾਵਲ ‘ਅੱਧ ਚਾਨਣੀ ਰਾਤ’ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਪ੍ਰੋ: ਗੁਰਦਿਆਲ ਸਿੰਘ ਦੇ ਨਾਵਲ ‘ਅੱਧ ਚਾਨਣੀ ਰਾਤ’ ਅਤੇ ‘ਮੜ੍ਹੀ ਦਾ ਦੀਵਾ’ ਦਾ ਸਾਰੀਆਂ ਭਾਰਤੀ ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਵਿੱਚ ਤਰਜ਼ਮਾ ਹੋਇਆ। ਮੜ੍ਹੀ ਦਾ ਦੀਵਾ ਨਾਵਲ ਦੀਆਂ ਰੂਸੀ ਭਾਸ਼ਾ ਵਿੱਚ ਪੰਜ ਲੱਖ ਤੋਂ ਵੱਧ ਕਾਪੀਆਂ ਛਪ ਚੁੱਕੀਆਂ ਸਨ। ਇਸ ਨਾਵਲ ਨੂੰ ਜਲੰਧਰ ਦੂਰਦਰਸ਼ਨ ਤੋਂ ਲੜੀਵਾਰ ਵੀ ਦਿਖਾਇਆ ਗਿਆ।
ਪ੍ਰੋ: ਗੁਰਦਿਆਲ ਸਿੰਘ ਨੇ ਮੜ੍ਹੀ ਦਾ ਦੀਵਾ (1964), ਅਣਹੋਏ (1966), ਕੁਵੇਲਾ (1968), ਅੱਧ ਚਾਨਣੀ ਰਾਤ (1972), ਅੰਨ੍ਹੇ ਘੋੜ੍ਹੇ ਦਾ ਦਾਨ (1976), ਪਰਸਾ (1991), ਆਹਟ (2008), ਰੇਤੇ ਦੀ ਇੱਕ ਮੁੱਠੀ, ਪਹੁ ਫੁਟਾਲੇ ਤੋਂ ਪਹਿਲਾਂ ਆਦਿ ਇਸ ਤੋਂ ਇਲਾਵਾ ਸੱਗੀ ਫੁੱਲ, ਕੁੱਤਾ ਤੇ ਆਦਮੀ, ਮਸਤੀ ਬੋਤਾ, ਚੰਦ ਦਾ ਬੂਟਾ, ਰੁੱਖੇ ਮਿੱਸੇ ਬੰਦੇ, ਬੇਗਾਨਾ ਪਿੰਡ, ਓਪਰਾ ਘਰ, ਕਰੀਰ ਦੀ ਢਿੰਗਰੀ, ਪੱਕਾ ਟਿਕਾਣਾ, ਮੇਲਾ ਮਣੇਸੀਆਂ ਤੇ ਹੋਰ ਅਨੇਕਾਂ ਕਹਾਣੀਆਂ ਪ੍ਰਮੁੱਖ ਰਸਾਲਿਆਂ ਵਿੱਚ ਛਪੀਆਂ। ਪ੍ਰੋ:: ਗੁਰਦਿਆਲ ਸਿੰਘ ਨੂੰ 2012 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸੈਨੇਟ ਮੈਂਬਰ ਨਾਮਜ਼ਦ ਕੀਤਾ ਗਿਆ ਸੀ ਅਤੇ 2014 ਵਿੱਚ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਡੀ.ਲਿਟ. ਦੀ ਡਿਗਰੀ ਪ੍ਰਦਾਨ ਕੀਤੀ ਗਈ।
ਪ੍ਰੋ: ਗੁਰਦਿਆਲ ਸਿੰਘ ਨੇ ਫਰੀਦਾ ਰਾਤੀ ਵੱਡੀਆਂ, ਨਿੱਕੀ ਮੋਟੀ ਗੱਲ, ਨਿਆਣ ਮੱਤੀਆ, (ਆਤਮ ਕਥਾ-1), ਦੂਜੀ ਦੇਹੀ (ਆਤਮ ਕਥਾ-2), ਵਿਦਾਇਗੀ ਤੋਂ ਪਿੱਛੋਂ, ਪੰਜਾਬ ਦੇ ਮੇਲੇ ’ਤੇ, ਦੁਖੀਆ ਦਾਸ ਕਬੀਰ ਹੈ, ਸਤਜੁਗ ਦੇ ਆਉਣ, ਡਗਮਗ ਛਾਡ ਰੇ ਮਨ ਬਉਰਾ ਤੇ ਹੋਰ ਨਾਟਕ ਲਿਖੇ। ਉਹਨਾਂ ਬੱਚਿਆਂ ਲਈ ਟੁੱਕ ਖੋਹ ਲਏ, ਬਾਬਾ ਖੇਮਾ, ਗੱਪੀਆਂ ਦਾ ਪਿਉ ਮਹਾਂਭਾਰਤ, ਧਰਤ ਸੁਹਾਵੀ, ਤਿੰਨ ਕਦਮ, ਧਰਤੀ, ਖੱਟੇ ਮਿੱਠੇ ਲੋਕ, ਜੀਵਨ ਦਾਸੀ ਗੰਗਾ ਕਾਲੂ, ਧਰਤੀ ਜੀਵਨ, ਦਾਤੀ ਗੰਗਾ, ਕੱਤਕੀ, ਢਾਈ ਕਦਮ ਆਦਿ ਰਚਨਾਵਾਂ ਲਿਖੀਆਂ। ਉਹਨਾਂ ਮੇਰਾ ਬਚਪਨ (ਗੋਰਕੀ), ਭੁੱਲੇ ਵਿਸਰੇ (ਭਗਵਤੀਚਰਨ ਵਰਮਾ), ਮਿ੍ਰਗਨੇਨੀ (ਵਿੰਦ੍ਰਦਾਵਨ ਲਾਲ ਵਰਮਾ), ਜ਼ਿੰਦਗੀ ਨਾਮਾ (ਕ੍ਰਿਸ਼ਨ ਸੋਬਤੀ), ਬਿਰਾਜ ਬਹੁੂ (ਸ਼ਰਤ ਚੰਦਰ) ਪੁਸਤਕਾਂ ਦਾ ਅਨੁਵਾਦ ਕੀਤਾ।
ਪ੍ਰੋ: ਗੁਰਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਰੀਡਰ ਵੀ ਰਹੇ। 1995 ਵਿੱਚ ਉਹ ਸੇਵਾ ਮੁਕਤ ਹੋਏ। ਪ੍ਰੋ: ਸਾਹਿਬ ਦੇ ਦੋ ਨਾਵਲਾਂ ‘ਮੜ੍ਹੀ ਦਾ ਦੀਵਾ’ ਅਤੇ ‘ਅੰਨ੍ਹੇ ਘੋੜੇ ਦਾ ਦਾਨ’ ਦੀਆਂ ਕਹਾਣੀਆਂ ’ਤੇ ਫ਼ਿਲਮਾਂ ਵੀ ਬਣ ਚੁੱਕੀਆਂ ਸਨ। ਮੜ੍ਹੀ ਦਾ ਦੀਵਾ ਤੇ ਬਣੀ ਫ਼ਿਲਮ ਨੇ ਬੈਸਟ ਰੀਜ਼ਨਲ ਫ਼ਿਲਮ ਐਵਾਰਡ 1989 ਹਾਸਲ ਕੀਤਾ ਸੀ। ਅੰਨ੍ਹੇ ਘੋੜੇ ਦਾ ਦਾਨ ਪਹਿਲੀ ਪੰਜਾਬੀ ਫ਼ਿਲਮ ਹੈ ਜੋ 68 ਸਾਲ ਬਾਅਦ ਵੀ ਇਟਲੀ ਦੇ ਅੰਤਰਰਾਸ਼ਟਰੀ ਮੇਲੇ ਵਿੱਚ ਦਿਖਾਈ ਗਈ। ਹੋਰ ਵੀ ਕਈ ਦੇਸ਼ਾਂ ਵਿੱਚ ਦਿਖਾਈ ਜਾ ਚੁੱਕੀ ਹੈ।
ਪ੍ਰੋ: ਗੁਰਦਿਆਲ ਸਿੰਘ ਨੇ ਪੰਜਾਬੀ ਵਿੱਚ 12 ਨਾਵਲ, 10 ਕਹਾਣੀ ਸੰਗ੍ਰਹਿ, 8 ਨਾਟਕ, ਦਰਜਨ ਦੇ ਕਰੀਬ ਬਾਲ ਸਾਹਿਤ ਦੀਆਂ ਪੁਸਤਕਾਂ, 3 ਵਾਰਤਕ ਪੁਸਤਕਾਂ ਅਤੇ 4 ਰਲੀਆਂ-ਮਿਲੀਆਂ ਕਿਰਤਾਂ ਦੀ ਰਚਨਾ ਕੀਤੀ। ਉਹਨਾਂ ਦੀਆਂ 10 ਪੁਸਤਕਾਂ ਹਿੰਦੀ ਅਤੇ 3 ਨਾਵਲ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਏ ਸਨ। ਇਸ ਤੋਂ ਇਲਾਵਾ ਉਹ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿੱਚ 40 ਤੋਂ ਵੱਧ ਪੁਸਤਕਾਂ ਅਨੁਵਾਦ ਕਰ ਚੁੱਕੇ ਸਨ। ਉਹਨਾਂ ਦੇ ਨਾਵਲ ਅਣਹੋਏ, ਕੁਵੇਲਾ, ਪਹੁ ਫੁਟਾਲੇ ਤੋਂ ਪਹਿਲਾਂ, ਰੇਤੇ ਦੀ ਇੱਕ ਮੁੱਠੀ ਨੂੰ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਉਹਨਾਂ ਦੀਆਂ ਸਾਹਿਤਕ ਰਚਨਾਵਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਹਰ ਪੱਖ ਦੀਆਂ ਝਲਕਾਂ ਮਿਲਦੀਆਂ ਹਨ। ਪ੍ਰੋ: ਗੁਰਦਿਆਲ ਸਿੰਘ ਦੀਆਂ ਸਾਹਿਤਕ ਕਿਰਤਾਂ (ਰਚਨਾਵਾਂ) ਨਵੀਂ ਪੀੜ੍ਹੀ ਦੇ ਸਾਹਿਤਕਾਰਾਂ ਲਈ ਮਾਰਗ ਦਰਸ਼ਨ ਬਣਨਗੀਆਂ।
ਪ੍ਰੋ: ਗੁਰਦਿਆਲ ਸਿੰਘ ਨੂੰ 1966, 1967, 1968 ਅਤੇ 1972 ਵਿੱਚ ਭਾਸ਼ਾ ਵਿਭਾਗ ਵੱਲੋਂ ਸਰਬ ਉੱਤਮ ਪੁਰਸਕਾਰ, 1975 ਵਿੱਚ ਨਾਟਕ ਸਿੰਘ ਨਾਵਲ ਪੁਰਸਕਾਰ, 1979 ਵਿੱਚ ਪੰਜਾਬੀ ਅਕਾਦਮੀ ਪੁਰਸਕਾਰ, 1986 ਵਿੱਚ ਸੋਵੀਅਤ ਨਹਿਰੂ ਪੁਰਸਕਾਰ, 1989 ਵਿੱਚ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, 1992 ਵਿੱਚ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ, 1992 ਵਿੱਚ ਹੀ ਭਾਈ ਵੀਰ ਸਿੰਘ ਗਲਪ ਪੁਰਸਕਾਰ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), 1995 ਵਿੱਚ ਪਾਸ਼ ਪੁਰਸਕਾਰ, 1997 ਵਿੱਚ ਉੱਤਰ ਪ੍ਰਦੇਸ਼ ਹਿੰਦੀ ਸਾਹਿਤਕ ਸੰਮੇਲਨ ਸਨਮਾਨ, 1998 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ‘ਪਦਮ ਸ਼੍ਰੀ’ ਪੁਰਸਕਾਰ, 1999 ਵਿੱਚ ਉਹਨਾਂ ਨੂੰ ਨਾਵਲ ‘ਪਰਸਾ’ ਲਈ ਗਿਆਨਪੀਠ ਪੁਰਸਕਾਰ, 2004 ਵਿੱਚ ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ ਮਿਲ ਚੁੱਕੇ ਸਨ। ਇਹਨਾਂ ਤੋਂ ਇਲਾਵਾ ਸਕੂਲਾਂ-ਕਾਲਜਾਂ, ਸਮਾਜ-ਸੇਵੀ ਸੰਸਥਾਵਾਂ, ਸਾਹਿਤਕ ਸਭਾਵਾਂ ਵੱਲੋਂ ਵੀ ਅਨੇਕਾਂ ਮਾਣ-ਸਨਮਾਨ ਮਿਲੇ ਸਨ।
ਪ੍ਰੋ: ਗੁਰਦਿਆਲ ਸਿੰਘ ਸਾਹਿਤ ਅਕਾਦਮੀ ਭਾਰਤ ਦੀ ਸਾਹਿਤਕ ਜਨਰਲ ਕੌਂਸਲ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਰਹੇ ਸਨ। ਪ੍ਰੋ: ਸਾਹਿਬ ਦਾ ਨਾਂ 2015 ਵਿੱਚ ‘ਲਿਮਕਾ ਬੁੱਕ ਆਫ ਰਿਕਾਰਡ’ ਵਿੱਚ ਦਰਜ ਕੀਤਾ ਗਿਆ। ਉਹਨਾਂ ਦੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਅਜੀਤ, ਪੰਜਾਬੀ ਟ੍ਰਿਬਿਊਨ, ਦੇਸ਼ ਸੇਵਕ, ਰੋਜ਼ਾਨਾ ਸਪੋਕਸਮੈਨ, ਜਗਬਾਣੀ, ਅੱਜ ਦੀ ਆਵਾਜ਼, ਚੜ੍ਹਦੀ ਕਲਾ ਵਿੱਚ ਅਨੇਕਾਂ ਲੇਖ ਛਪੇ। ਉਹਨਾਂ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਲਈ ਹਰ ਸਮਾਗਮ ਵਿੱਚ ਅਨੇਕਾਂ ਵਾਰ ਪ੍ਰਧਾਨਗੀ ਕੀਤੀ ਤੇ ਪਰਚੇ ਪੜ੍ਹੇ।
ਪ੍ਰੋ: ਗੁਰਦਿਆਲ ਸਿੰਘ ਦੇ ਨਾਵਲ ਪਹੁ ਫੁਟਾਲੇ ਤੋਂ ਪਹਿਲਾਂ, ਮੜ੍ਹੀ ਦੀ ਦੀਵਾ ਬੋਰਡ ਤੇ ਯੂਨੀਵਰਸਿਟੀਆਂ ਦੀਆਂ ਕਲਾਸਾਂ ਵਿੱਚ ਵੀ ਪੜ੍ਹਾਏ ਜਾ ਰਹੇ ਹਨ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਉਹਨਾਂ ਨੂੰ ਲਾਈਫ਼ ਫੈਲੋਸ਼ਿਪ ਦਿੱਤੀ ਜਾ ਰਹੀ ਸੀ।
ਪੰਜਾਬੀ ਸਾਹਿਤ ਦਾ ਅਨਮੋਲ ਹੀਰਾ, ਪ੍ਰਸਿੱਧ ਨਾਵਲਕਾਰ ਪ੍ਰੋ: ਗੁਰਦਿਆਲ ਸਿੰਘ 16 ਅਗਸਤ 2016 ਈ: ਨੂੰ ਬਾਅਦ ਦੁਪਹਿਰ ਡੇਢ ਵਜੇ ਮੈਕਸ ਹਸਪਤਾਲ ਬਠਿੰਡਾ ਵਿਖੇ ਅਕਾਲ ਚਲਾਣਾ ਕਰ ਗਏ ਸਨ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ,
ਲੁਧਿਆਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਨੂੰਨੀ ਨੋਟਿਸ ਬਾਅਦ ਪੰਜਾਬ ਸਰਕਾਰ ਤੁਰੰਤ ਹਰਕਤ ਵਿਚ ਆਈ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਚਟਾਨ ਵਾਂਗੂੰ ਖੜੀ – ਨਰਿੰਦਰ ਸਿੰਘ ਬਾਜਵਾ, ਸਤਨਾਮ ਸਿੰਘ ਲੋਹਗੜ੍ਹ