ਕੌੜੇ ਬੋਲ ਨਾ ਬੋਲੀਏ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸਵੇਰੇ ਦਸ ਕੁ ਵਜੇ ਦਾ ਸਮਾਂ ਸੀ ।ਘਰ ਦਾ ਕੰਮ ਕਾਜ ਨਿਪਟਾ ਕੇ ਬਖ਼ਸੀਸੋ ਆਪਣੇ ਦਰਵਾਜ਼ੇ ਦੀਆਂ ਦੇਹੜੀਆਂ ਵਿੱਚ ਪੀੜ੍ਹੀ ਡਾਹ ਕੇ ਬੈਠੀ ਚਾਹ ਪੀ ਰਹੀ ਸੀ । ਨਾਲ ਦੀ ਗੁਆਂਢਣ ਵੀਰੋ ਆਪਣੇ ਬੂਹੇ ਵਿੱਚ ਖੜ੍ਹੀ ਸੀ। ਦੋਵੇਂ ਗੁਆਂਢਣਾਂ ਆਪਸ ਵਿੱਚ ਉੱਚੀ ਉੱਚੀ ਗੱਲਾਂ ਕਰ ਰਹੀਆਂ ਸਨ। ਬਖਸੀਸੋ ਦਾ ਮੁੰਡਾ ਦਸਵੀਂ ਕਰਕੇ ਦੁਬਈ ਗਿਆ ਹੋਇਆ ਸੀ।ਉਹ ਉਸ ਨੂੰ ਆਪਣਾ ਖਰਚਾ ਪਾਣੀ ਰੱਖ ਕੇ ਮਾੜਾ ਮੋਟਾ ਹੱਥ ਪੱਲਾ ਮਾਂ ਨੂੰ ਵੀ ਝਾੜ ਦਿੰਦਾ ਸੀ।ਸਾਰੀ ਉਮਰ ਗ਼ਰੀਬੀ ਦੀ ਕੱਟੀ ਹੋਣ ਕਰਕੇ ਹੁਣ ਢਿੱਡ ਰੋਟੀ ਕੀ ਪੈ ਗਈ ਸੀ ਕਿ ਉਸ ਨੂੰ ਗੱਲਾਂ ਬਹੁਤ ਆਉਣ ਲੱਗ ਪਈਆਂ ਸਨ। ਉਹ ਕਿਸੇ ਦੇ ਜਵਾਕ ਨੂੰ ਬਖਸ਼ਦੀ ਨਹੀਂ ਸੀ।ਜਿਹੜਾ ਮੁੰਡਾ-ਖੁੰਡਾ ਸਕੂਟਰ – ਮੋਟਰਸਾਈਕਲ ਲੈ ਕੇ ਉਥੋਂ ਦੀ ਲੰਘਦਾ ਤਾਂ ਉਸੇ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ। ਹੁਣ ਤਾਂ ਉਹ ਕਿਸੇ ਨੂੰ ਤਾਂ ਬੰਦਾ ਹੀ ਨਹੀਂ ਸਮਝਦੀ ਸੀ ਬਸ ਅਸਮਾਨੀ ਟਾਕੀਆਂ ਲਾਉਂਦੀ ਸੀ।

ਉਸ ਦੇ ਦੂਜੇ ਪਾਸੇ ਵੱਲ ਨਾਲ ਵਾਲੇ ਗੁਆਂਢੀਆਂ ਦਾ ਇੱਕ ਮੁੰਡਾ ਕੈਨੇਡਾ ਵਿੱਚ ਪੜ੍ਹਦਾ ਸੀ ਤੇ ਦੂਜਾ ਮੁੰਡਾ ਨਸ਼ਿਆਂ ਵਿਚ ਪੈ ਗਿਆ ਸੀ। ਉਹ ਚਾਹੇ ਘਰੋਂ ਬਹੁਤ ਚੰਗੇ ਸੀ ਪਰ ਮੁੰਡੇ ਦੀ ਨਸ਼ੇ ਦੀ ਆਦਤ ਕਰਕੇ ਬੁਝੀ ਬੁਝੀ ਜਿਹੇ ਰਹਿੰਦੇ ਸੀ । ਉਹ ਗੁਆਂਢਣ ਬਾਹਰ ਵੀ ਘੱਟ ਹੀ ਨਿਕਲਦੀ ਸੀ। ਉਹ ਜ਼ਿਆਦਾ ਸਮਾਂ ਆਪਣੇ ਘਰ ਦੇ ਕੰਮਾਂ-ਕਾਰਾਂ ਜਾਂ ਪਾਠ ਪੂਜਾ ਵਿੱਚ ਹੀ ਲਗਾਉਂਦੀ ਸੀ। ਜਿਵੇਂ ਹੀ ਉਹ ਗੁਆਂਢਣ ਹਰਨੀਤ ਆਪਣੇ ਦਰਵਾਜ਼ੇ ਵਿੱਚ ਸਬਜ਼ੀ ਖਰੀਦਣ ਨਿਕਲੀ ਤਾਂ ਬਖਸੀਸੋ ਉਸ ਨੂੰ ਸੁਣਾਕੇ ਵੀਰੋ ਨਾਲ ਉੱਚੀ ਉੱਚੀ ਗੱਲਾਂ ਕਰਨ ਲੱਗੀ,”ਨੀਂ ਵੀਰੋ ,ਤੈਨੂੰ ਕੀ ਆਖਾਂ,ਆਹ ਦੁਨੀਆ ਦੇ ਮੁੰਡੇ ਨਸ਼ਿਆਂ ਨਾਲ ਰੱਜ ਕੇ ਮੋਟਰਸਾਇਕਲਾਂ ਤੇ ਗਲ਼ੀਆਂ ਵਿੱਚ ਗੇੜੇ ਕੱਢਦੇ ਫਿਰਦੇ ਨੇ। ਨੀਂ ਉਹੇ ਜਿਹੀਆਂ ਮਾਵਾਂ, ਜਿੰਨਾ ਨੇ ਖੁੱਲ੍ਹ ਦਿੱਤੀ ਹੋਈ ਐ।”

ਵੀਰੋ ਨੇ ਵੀ ਮੌਕਾ ਨਹੀਂ ਖੁੰਝਣ ਦਿੱਤਾ,ਉਹ ਬੋਲੀ,”ਹੋਰ ਭੈਣੇ, ਉਹੇ ਜਿਹੀਆਂ ਮਾਵਾਂ ਜਿਹੜੀਆਂ ਮੁੰਡਿਆਂ ਨੂੰ ਖੁੱਲ੍ਹ ਦਿੰਦੀਆਂ, ਆਦਮੀਆਂ ਦਾ ਕੀ ਆ, ਉਹ ਤਾਂ ਵਿਚਾਰੇ ਕਮਾਈਆਂ ਕਰਨ ਤੁਰ ਜਾਂਦੇ ਆ, ਘਰ ਤਾਂ ਜਨਾਨੀਆਂ ਨੇ ਸੰਭਾਲਣੇ ਹੁੰਦੇ ਨੇ।” ਹਰਨੀਤ ਕੰਨਾਂ ਵਿੱਚ ਕੌੜਾ ਤੇਲ ਪਾ ਕੇ ਉਨ੍ਹਾਂ ਦੇ ਇਹ ਬੋਲ ਕਬੋਲ ਸੁਣਦੀ ਹੋਈ ਚੁੱਪਚਾਪ ਸਬਜ਼ੀ ਖਰੀਦ ਕੇ ਅੰਦਰ ਚਲੀ ਗਈ। ਉਸ ਦੇ ਅੰਦਰ ਜਾਂਦੇ ਸਾਰ ਉਹ ਦੋਵੇਂ ਉੱਚੀ ਉੱਚੀ ਹੱਸਣ ਲੱਗੀਆਂ ਜਿਵੇਂ ਉਸ ਦਾ ਮਜ਼ਾਕ ਉਡਾ ਰਹੀਆਂ ਹੋਣ।

ਹਰਨੀਤ ਨੇ ਪਹਿਲਾਂ ਵੀ ਦੋ ਤਿੰਨ ਵਾਰ ਆਪਣੇ ਮੁੰਡੇ ਨੂੰ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਲ ਕਰਵਾਇਆ ਸੀ ਪਰ ਉਹ ਸੁਧਰਿਆ ਨਹੀਂ ਸੀ। ਹੁਣ ਹਰਨੀਤ ਦੇ ਅੰਦਰੋਂ ਇੱਕ ਹੂਕ ਜਿਹੀ ਉੱਠੀ ਤੇ ਭਰੀਆਂ ਅੱਖਾਂ ਨਾਲ ਪਰਮਾਤਮਾ ਅੱਗੇ ਅਰਦਾਸ ਕਰਨ ਲੱਗੀ ,”ਹੇ ਪਰਮਾਤਮਾ ! ਕਿੰਨਾ ਚਿਰ ਹੋਰ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ, ਤੇਰੀ ਹਰ ਰਜ਼ਾ ਵਿਚ ਰਾਜ਼ੀ ਹਾਂ ਪਰ ਮੇਰੇ ਬੱਚੇ ਨੂੰ ਇਸ ਨਰਕ ਕੁੰਡ ਚੋਂ ਬਾਹਰ ਕੱਢ ਲੈ।”ਜਦ ਕਦੇ ਉਸ ਦਾ ਬੱਚਾ ਸੋਫੀ ਹੁੰਦਾ ਤਾਂ ਉਸ ਨੂੰ ਬਹੁਤ ਪਿਆਰ ਨਾਲ ਚੰਗੀਆਂ ਚੰਗੀਆਂ ਕਹਾਣੀਆਂ ਸੁਣਾ ਕੇ ਵੀ ਉਸ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੀ , ਮੁੰਡਾ ਵੀ ਦਿਲ ਦਾ ਮਾੜਾ ਨਹੀਂ ਸੀ, ਬੱਸ ਨਸ਼ੇ ਵਾਲੀ ਕੁਲਹਿਣੀ ਆਦਤ ਪਤਾ ਨਹੀਂ ਕਿਥੋਂ ਲੱਗ ਗਈ ਸੀ। ਹਰਨੀਤ ਨੇ ਸ਼ਾਮ ਨੂੰ ਆਪਣੇ ਪਤੀ ਨਾਲ ਗੱਲ ਕਰਕੇ ਅਗਲੇ ਦਿਨ ਫਿਰ ਮੁੰਡੇ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਛੱਡ ਦਿੱਤਾ ।

ਬਖ਼ਸੀਸੋ ਦੇ ਉਨ੍ਹਾਂ ਬੋਲਾਂ ਦਾ ਪਤਾ ਨਹੀਂ ਹਰਨੀਤ ਤੇ ਕੀ ਅਸਰ ਹੋਇਆ ਉਸ ਨੇ ਤਾਂ ਜਿਵੇਂ ਪਰਮਾਤਮਾ ਦੇ ਪੈਰ ਹੀ ਫੜ ਲਏ ਹੋਣ। ਉਹ ਦਿਨ ਰਾਤ ਪਰਮਾਤਮਾ ਅੱਗੇ ਆਪਣੇ ਮੁੰਡੇ ਦੇ ਸੁਧਾਰ ਲਈ ਅਰਦਾਸਾਂ ਕਰਦੀ। ਛੇ ਮਹੀਨਿਆਂ ਬਾਅਦ ਨਸ਼ਾ ਛਡਾਊ ਕੇਂਦਰ ਤੋਂ ਫੋਨ ਆਇਆ ਕਿ ਤੁਸੀਂ ਆਪਣਾ ਬੱਚਾ ਆ ਕੇ ਲੈ ਜਾਓ, ਉਹ ਬਿਲਕੁਲ ਠੀਕ ਹੋ ਗਿਆ ਹੈ। ਜਦ ਹਰਨੀਤ ਤੇ ਉਸ ਦਾ ਪਤੀ ਉਸ ਨੂੰ ਕੇਂਦਰ ਵਿੱਚ ਲੈਣ ਗਏ ਤਾਂ ਉਹ ਆਪਣੇ ਮੁੰਡੇ ਦਾ ਹੁਲੀਆ ਦੇਖਕੇ ਹੈਰਾਨ ਰਹਿ ਗਏ। ਉਸ ਨੇ ਸਿਰ ਤੇ ਦਸਤਾਰ ਸਜਾਈ ਹੋਈ ਸੀ, ਦਾੜ੍ਹੀ ਗੁਰਸਿੱਖਾਂ ਵਾਂਗ ਸੀ ਤੇ ਸਿਹਤ ਵੀ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਗਈ ਸੀ। ਪਰਮਾਤਮਾ ਦੇ ਸ਼ੁਕਰਾਨੇ ਵਿੱਚ ਹਰਨੀਤ ਦੀਆਂ ਅੱਖਾਂ ਨਮ ਹੋ ਗਈਆਂ। ਹਰਨੀਤ ਦਾ ਚਾਹੇ ਦਿਲ ਡਰ ਰਿਹਾ ਸੀ ਪਰ ਉਸ ਨੂੰ ਪਰਮਾਤਮਾ ਉੱਤੇ ਪੂਰਾ ਵਿਸ਼ਵਾਸ ਸੀ। ਹੁਣ ਮੁੰਡੇ ਨੂੰ ਆਏ ਨੂੰ ਛੇ ਮਹੀਨੇ ਹੋ ਗਏ ਸਨ, ਉਹ ਬਹੁਤ ਲਾਇਕ ਅਤੇ ਸੁਨੱਖਾ ਨਿਕਲ ਆਇਆ ਸੀ, ਨਸ਼ੇ ਦਾ ਸੇਵਨ ਤਾਂ ਦੂਰ ਦੀ ਗੱਲ ਸੀ ,ਉਹ ਤਾਂ ਨਸ਼ੇ ਦਾ ਨਾਂ ਵੀ ਨਹੀਂ ਲੈਣ ਦਿੰਦਾ ਸੀ।

ਪਰਮਾਤਮਾ ਦੀ ਕਰਨੀ ਐਸੀ ਹੋਈ ਕਿ ਬਖ਼ਸੀਸੋ ਦਾ ਮੁੰਡਾ ਦੁਬਈ ਤੋਂ ਵਾਪਸ ਆ ਗਿਆ। ਪਹਿਲੋਂ ਪਹਿਲ ਜੋ ਉਹ ਚਾਰ ਪੈਸੇ ਕਮਾ ਕੇ ਲਿਆਇਆ ਸੀ ਉਸ ਨੂੰ ਦੇਖ ਦੇਖ ਕੇ ਸਾਰਾ ਟੱਬਰ ਛਾਲਾਂ ਮਾਰਦਾ ਫਿਰਦਾ ਸੀ ।ਮੁੰਡਾ ਸ਼ਰਾਬ ਮੀਟ ਖਾਂਦਾ ਪੀਂਦਾ ਤੇ ਦੋਸਤਾਂ ਨਾਲ ਅੱਧੀ-ਅੱਧੀ ਰਾਤ ਤੱਕ ਜਸ਼ਨ ਮਨਾਉਂਦਾ। ਦੋ ਕੁ ਮਹੀਨੇ ਬਾਅਦ ਪੈਸੇ ਮੁੱਕ ਗਏ ਤੇ ਮੁੰਡਾ ਲੱਗਿਆਂ ਮਾਂ ਤੋਂ ਭੇਜੇ ਪੈਸੇ ਦਾ ਹਿਸਾਬ ਮੰਗਣ। ਘਰ ਵਿਚ ਕਲੇਸ਼ ਰਹਿਣ ਲੱਗਾ। ਮੁੰਡਾ ਦਿਨ ਰਾਤ ਸ਼ਰਾਬ ਨਾਲ ਰੱਜਿਆ ਰਹਿੰਦਾ ਤੇ ਗਲੀਆਂ ਵਿੱਚ ਗੇੜੇ ਮਾਰਦਾ। ਇਕ ਦਿਨ ਸਵੇਰੇ ਗਿਆਰਾਂ ਕੁ ਵਜੇ ਗਲ਼ੀ ਵਿੱਚ ਲੜਾਈ ਦੀਆਂ ਆਵਾਜ਼ਾਂ ਆ ਰਹੀਆਂ ਸਨ।

ਆਵਾਜ਼ ਸੁਣ ਕੇ ਹਰਨੀਤ ਵੀ ਬਾਹਰ ਦੇਖਣ ਨਿਕਲੀ ਤਾਂ ਬਖਸੀਸੋ ਦੇ ਮੁੰਡੇ ਨੇ ਆਪਣੇ ਪਿਉ ਨਾਲ ਜੱਫਾ ਲਾਇਆ ਹੋਇਆ ਸੀ ਤੇ ਬਖਸ਼ੀਸੋ ਦੇ ਵਾਲ ਬਿਖਰੇ ਪਏ ਸਨ ਤੇ ਉਨ੍ਹਾਂ ਨੂੰ ਛੁਡਾ ਰਹੀ ਸੀ ਤੇ ਲੋਕਾਂ ਦੇ ਤਰਲੇ ਕਰ ਰਹੀ ਸੀ,”ਕੋਈ ਤਾਂ ਆਓ, ਪਿਉ ਪੁੱਤ ਨੂੰ ਕੋਈ ਤਾਂ ਆ ਕੇ ਛੁਡਾਓ, ਉਨ੍ਹਾਂ ਦੀ ਮਦਦ ਕਰੋ।” ਲੋਕ ਤਮਾਸ਼ਬੀਨ ਬਣ ਕੇ ਖੜ੍ਹੇ ਉਨ੍ਹਾਂ ਦਾ ਤਮਾਸ਼ਾ ਦੇਖ ਰਹੇ ਸਨ। ਹਰਨੀਤ ਨੂੰ ਸਾਲ ਕੁ ਪਹਿਲਾਂ ਵਾਲ਼ੀ ਉਹ ਘਟਨਾ ਯਾਦ ਆ ਗਈ ਜਦ ਉਹ ਉਸ ਅਤੇ ਉਸ ਦੇ ਪੁੱਤ ਦਾ ਮਜ਼ਾਕ ਉਡਾ ਰਹੀ ਸੀ ।ਹਰਨੀਤ ਦੇ ਇਕਦਮ ਮੂੰਹੋ ਇੱਕੋ ਸ਼ਬਦ ਨਿਕਲਿਆ” ਕੌੜੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ।”

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUkraine Prez speaks to Modi seeking political support at UNSC
Next articleਅੰਨਦਾਤਾ