(ਸਮਾਜ ਵੀਕਲੀ)
ਊੜੇ, ਐੜੇ ਵਾਲੜਾ ਤੂੰ ਕਾਇਦਾ ਖੋਲ੍ਹ ਕੇ,
ਵਾਰੀ-ਵਾਰੀ ਰਟ ਲਾ ਜ਼ਬਾਨੋਂ ਬੋਲ ਕੇ।
ਵਾਰਾਂ ਵਿੱਚ ਵੇਖੀਂ ਅੱਖਰ ਦਹਾੜਦੇ,
ਜ਼ੋਰ ਨਾਲ਼ ਕੰਨ ‘ਤੇ ਲਫੇੜਾ ਮਾਰਦੇ।
ਪੜ੍ਹੀਂ ਜ਼ਰਾ ਖੋਲ੍ਹ ਕੇ ਕਿਤਾਬ ਹੀਰ ਦੀ,
ਵੇਖੀਂ ਤੇਰਾ ਅੱਧ ‘ਚੋਂ ਕਲ਼ੇਜਾ ਚੀਰਦੀ।
ਮੱਲੋ-ਮੱਲੀ ਕੰਬਦੀ ਦੀਵਾਰ ਮਹਿਲ ਦੀ,
ਪਾ ਕੇ ਪੰਜੇਬਾਂ ਜਦੋਂ ਰਾਣੀ ਟਹਿਲਦੀ।
ਤਾੜ੍ਹ-ਤਾੜ੍ਹ ਬੋਲਣਾ ਪੰਜਾਬੀ ਦੱਸਿਆ,
ਕੋਕਾ-ਕੋਲਾ ਪੀਂਦਾ ਅੰਗਰੇਜ਼ ਹੱਸਿਆ।
ਮੋਢੇ ਉੱਤੇ ਸਾਫ਼ਾ ਅਸਮਾਨੀ ਰੰਗ ਦਾ,
ਨੀਵੀਂ ਪਾ ਕੇ ਲੰਘਦਾ ਜਵਾਨ ਸੰਗਦਾ।
ਮੰਗਵੇਂ ਦੁਪੱਟੇ ਤੇ ਕਮੀਜ਼ ਜਾਲ਼ੀ ਦੇ,
ਏਦਾਂ ਦੇ ਸੀ ਭੈਣਾਂ ਨਾ ਲਿਹਾਜ ਪਾਲ਼ੀਦੇ।
ਕਾੜ੍ਹਨੀ ਤਪਾਉਣੀ ਤੇ ਚਰਾਲ਼ ਰਿੰਨ੍ਹਣੀ,
ਮਿਰਚਾਂ ਧੁਖਾਉਣੀਆਂ ਨਜ਼ਰ ਵਿੰਨ੍ਹਣੀ।
ਗੋਕਿਆਂ ਦੇ ਵਿੱਚ ਸਤਨਾਜੇ ਬਾਲਣੇ,
ਚਿੜੀਆਂ ਸਬਾਤਾਂ ਵਿੱਚ ਪਾਉਣੇ ਆਲ੍ਹਣੇ।
ਚੁੱਲ੍ਹੇ ਕੋਲ਼ ਬੈਠਿਆਂ ਨੂੰ ਮਾਈਆਂ ਟੋਕਣਾ,
ਹੱਥਾਂ ਨਾਲ਼ ਅੱਗ ਦਾ ਝਖੇੜਾ ਰੋਕਣਾ।
ਡੂਮਣੇ ਲੜਾਉਣੇ ਤੇ ਭਰਿੰਡ ਕੁੱਟਣੇ,
ਸੱਥਾਂ ਵਿੱਚ ਬੈਠ ਕੇ ਨਜ਼ਾਰੇ ਲੁੱਟਣੇ।
ਬੁਝੀ ਭਾਂਡੇ ਮਾਂਜਣੀ ‘ਚ ਅੱਗ ਲੱਭਣੀ,
ਉੱਠਦਿਆਂ ਚੰਨਣ ਦੀ ਛਿੱਲ ਚੱਬਣੀ।
ਮਾਂ ਦੇ ਵਿਆਹ ਵਾਲ਼ੇ ਲੀੜੇ ਪਾਉਣ ਨੂੰ,
ਖ਼ਾਸਾ ਚਿਰ ਲੱਗਿਆ ਜਵਾਨ ਹੋਣ ਨੂੰ।
ਚੇਤਿਆਂ ‘ਚੋਂ ਵਿੱਸਰੀ ਕਿਤਾਬੀ ਹੋ ਗਈ,
ਛੱਟ-ਛੱਟ ਕੱਖ ਜਿਹੀ ਪੰਜਾਬੀ ਹੋ ਗਈ।
~ ਰਿਤੂ ਵਾਸੂਦੇਵ



