ਇਹ ਲੈਂਡ ਪੂਲਿੰਗ ਨਹੀਂ, ਲੈਂਡ ਲੁੱਟ ਹੈ: ਮੋਹਿਤ ਮਹਿੰਦਰਾ
ਜਲੰਧਰ (ਸਮਾਜ ਵੀਕਲੀ) ਜਲੰਧਰ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦੀ ਸਹਿਮਤੀ ਤੋਂ ਬਿਨ੍ਹਾਂ ਅਤੇ ਕੋਈ ਮੁਆਵਜ਼ਾ ਦਿੱਤੇ ਬਿਨਾਂ 50,000 ਏਕੜ ਜ਼ਮੀਨ ਐਕਵਾਇਰ ਕਰਨ ਸਬੰਧੀ ਪੰਜਾਬ ਸਰਕਾਰ ਦੇ ਪ੍ਰਸਤਾਵ ਵਿਰੁੱਧ ਅੱਜ ਹਜ਼ਾਰਾਂ ਯੂਥ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਵਿੱਚ ਭਗਵੰਤ ਮਾਨ ਦਾ ਪੁਤਲਾ ਫ਼ੂਕ ਕੇ ਡੀਸੀ ਦਫਤਰ ਦੇ ਬਾਹਰ ਕੀਤੀ ਨਾਅਰੇ ਬਾਜ਼ੀ।
ਪੰਜਾਬ ਯੂਥ ਕਾਂਗਰਸ ਪ੍ਰਧਾਨ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਸੂਬੇ ਭਰ ਤੋਂ ਸੀਨੀਅਰ ਆਗੂਆਂ ਸਮੇਤ ਯੂਥ ਕਾਂਗਰਸ ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ ਪੁਤਲਾ, ਜਿਸ ਦੌਰਾਨ ਜ਼ਮੀਨ ਐਕਵਾਇਰ ਕਰਨ ਲਈ ਜਾਰੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ, ਸੂਬਾ ਯੂਥ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਦਾ ਇੱਕ ਤਾਨਾਸ਼ਾਹੀ ਫੈਸਲਾ ਹੈ, ਜਿਸਨੂੰ ਕਿਸੇ ਵੀ ਕੀਮਤ ‘ਤੇ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੈਂਡ ਪੂਲਿੰਗ ਨਹੀਂ, ਸਗੋਂ ‘ਆਪ’ ਆਗੂਆਂ ਦੀ ਜ਼ਮੀਨ ਲੁੱਟਣ ਦੀ ਨੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਾਸਮਝੀ ਭਰਿਆ ਅਤੇ ਅਣਸੁਣਿਆ ਹੈ ਕਿ ਸਰਕਾਰ ਨੇ ਨਾ ਤਾਂ ਉਨ੍ਹਾਂ ਲੋਕਾਂ ਦੀ ਸਹਿਮਤੀ ਲਈ ਹੈ ਜਿਨ੍ਹਾਂ ਤੋਂ ਇਹ ਜ਼ਮੀਨ ਐਕੁਇਵਾਇਰ ਕਰ ਰਹੀ ਹੈ ਅਤੇ ਨਾ ਹੀ ਕੋਈ ਮੁਆਵਜ਼ਾ ਦੇ ਰਹੀ ਹੈ। ਸਰਕਾਰ ਹਰ ਏਕੜ ਦੇ ਬਦਲੇ ਤੁਹਾਨੂੰ 1000 ਵਰਗ ਗਜ਼ ਜ਼ਮੀਨ ਵਾਪਸ ਕਰੇਗੀ। ਜਿਸਦਾ ਮਤਲਬ ਹੈ ਕਿ ਇਹ ਤੁਹਾਡੇ ਤੋਂ 100 ਰੁਪਏ ਲੈ ਕੇ ਤੁਹਾਨੂੰ ਸਿਰਫ਼ 25 ਰੁਪਏ ਵਾਪਸ ਕਰਨਗੇ।
ਜਲੰਧਰ ਦਿਹਾਤੀ ਦੇ ਯੂਥ ਪ੍ਰਧਾਨ ਲਖਵੀਰ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੂੰ ਖੁਦ ਇੱਕ ਕਿਸਾਨ ਦੇ ਪੁੱਤਰ ਹੋਣ ਦੇ ਨਾਤੇ ਦਿੱਲੀ ਦੇ ਆਪਣੇ ਹੋਰ ਸਾਥੀਆਂ ਨਾਲੋਂ ਕਿਸਾਨਾਂ ਪ੍ਰਤੀ ਵਧੇਰੇ ਹਮਦਰਦੀ ਰੱਖਣੀ ਚਾਹੀਦੀ ਹੈ, ਜੋ “ਜ਼ਮੀਨ ਲੁੱਟ” ਦੇ ਵਿਚਾਰ ਨੂੰ ਅੱਗੇ ਵਧਾ ਰਹੇ ਹਨ।
ਕੋਟਲੀ ਨੇ ਆਪ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ, ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਜਾਬ ਦੇ ਕਿਸਾਨ ਤੁਹਾਨੂੰ ਉਨ੍ਹਾਂ ਦੀ ਇੱਕ ਇੰਚ ਵੀ ਜ਼ਮੀਨ ਨਹੀਂ ਲੈਣ ਦੇਣਗੇ ਅਤੇ ਤੁਸੀਂ 50,000 ਏਕੜ ਖੋਹਣ ਬਾਰੇ ਸੋਚਦੇ ਹੋ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕਿਵੇਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਆਫ਼ੀ ਮੰਗ ਕੇ ਤਿੰਨ ਵਿਵਾਦਤ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ। ਠੀਕ “ਇਸੇ ਤਰ੍ਹਾਂ”, ਪੰਜਾਬ ਸਰਕਾਰ ਨੂੰ ਮੁਆਫ਼ੀ ਮੰਗ ਕੇ ਨੀਤੀ ਵਾਪਸ ਲੈਣੀ ਪਵੇਗੀ।
ਯੂਥ ਕਾਂਗਰਸ ਪ੍ਰਧਾਨ ਨੇ ਭਰੋਸਾ ਦਿੱਤਾ ਕਿ ਯੂਥ ਕਾਂਗਰਸ ਹਮੇਸ਼ਾ ਦੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਰਹੇਗੀ। ਉਨ੍ਹਾਂ ਜ਼ਿਕਰ ਕੀਤਾ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਜ਼ਮੀਨ ਐਕਵਾਇਰ ‘ਤੇ ਕਾਨੂੰਨ ਬਣਾਇਆ ਸੀ। ਇਸ ਮੌਕੇ ਮੋਹਿਤ ਮੋਹਿੰਦਰਾ ਪ੍ਰਧਾਨ ਯੂਥ ਕਾਂਗਰਸ ਪੰਜਾਬ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ, ਦੀਪਕ ਖੋਸਲਾ ਜਨਰਲ ਸਕੱਤਰ ਯੂਥ ਕਾਂਗਰਸ, ਲਖਵੀਰ ਸਿੰਘ ਗੈਰੀ ਕੋਟਲੀ ਪ੍ਰਧਾਨ ਯੂਥ ਕਾਂਗਰਸ ਜਲੰਧਰ(ਦਿਹਾਤੀ) ਰਣਦੀਪ ਲੱਕੀ ਸੰਧੂ ਪ੍ਰਧਾਨ ਯੂਥ ਕਾਂਗਰਸ(ਸ਼ਹਿਰੀ), ਅਸ਼ਵਨ ਭੱਲਾ ਸੀਨੀ. ਵਾਇਸ ਪ੍ਰਧਾਨ ਜਲੰਧਰ (ਦਿਹਾਤੀ) ਹਰਦੀਪ ਸਿੰਘ ਮੂਸਾਪੁਰ, ਮਨਜੀਤ ਮੰਗੀ ਦੋਨੋ ਵਾਇਸ ਪ੍ਰਧਾਨ ਜਲੰਧਰ ਦਿਹਾਤੀ, ਰਿਧਮ ਮਹਿਤਾ ਯੂਥ ਪ੍ਰਧਾਨ ਆਦਮਪੁਰ, ਸ਼ਿਵਮ ਪਾਠਕ ਪ੍ਰਧਾਨ ਜਲੰਧਰ ਸੈਟਰਲ, ਕਰਨ ਕਪੂਰ ਪ੍ਰਧਾਨ ਨੋਰਥ ਜਲੰਧਰ, ਗੁਰੀ ਬਾਹੀਆ, ਹਨੀ ਸਾਮਪੁਰ, ਸੰਦੀਪ ਨਿੱਝਰ, ਸ਼ੁਭਮ ਅਰੋੜਾ,ਅੰਮ੍ਰਿਤਪਾਲ ਬੈਂਸ, ਰਿਤਿਕ ਕਲੇਰ, ਸਾਬੀ ਬਸਰਾ, ਕਰਨ ਮਜਾਰੀ, ਦੀਪਾ ਮਿਹਰੀਵਾਲਾ, ਗੋਪੀ ਝਾਮਟ।


