ਪੰਜਾਬੀ ਆਪਣੀਆਂ ਵਿੱਦਿਅਕ ਸੰਸਥਾਵਾਂ ਚਲਾਉਣ ਅਤੇ ਬਚਾਉਣ ਲਈ ਸਮਰੱਥ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਪਾਲ ਸਿੰਘ ਗਰੇਵਾਲ ਨੇ ਗੱਲਬਾਤ ਦੌਰਾਨ ਅੱਜ ਪੰਜਾਬ ਯੂਨੀਵਰਸਿਟੀ ਦੇ ਘਟਨਾ ਕ੍ਰਮ ਤੇ ਬੋਲਦਿਆਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਸਿਰਫ਼ ਪੰਜਾਬ ਅਤੇ ਸਿੱਖ ਹਿਤੈਸ਼ੀ ਹੋਣ ਦਾ ਢੋਂਗ ਕਰਦੀ ਹੈ । ਅਸਲ ਵਿੱਚ ਉਹ ਕਦੀ ਵੀ ਪੰਜਾਬੀਆਂ ਅਤੇ ਸਿੱਖਾਂ ਦੀ ਕੋਈ ਵੀ ਸੰਸਥਾ ਕਬਜ਼ੇ ਹੇਠ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ ਤਾਂ ਕਿ ਸੰਘੀ ਨੀਤੀਆਂ ਇਹਨਾਂ ਸੰਸਥਾਵਾਂ ਵਿੱਚ ਲਾਗੂ ਕਰ ਸਕੇ ਪਰ ਪੰਜਾਬੀ ਅਜਿਹਾ ਕਦੇ ਬਰਦਾਸ਼ਤ ਨਹੀਂ ਕਰਨਗੇ । ਉਹਨਾਂ ਆਖਿਆ ਕਿ ਪੰਜਾਬੀ ਸੰਘਰਸ਼ ਕਰਨਾ ਅਤੇ ਜਿੱਤਣਾ ਬਾਖੂਬੀ ਜਾਣਦੇ ਹਨ, ਇਹ ਕਿਸਾਨੀ ਅੰਦੋਲਨ ਵਿੱਚ ਕੇਂਦਰ ਨੇ ਵੇਖਿਆ ਹੈ । ਗਰੇਵਾਲ ਨੇ ਆਖਿਆ ਕਿ ਚੰਗੀ ਭਲੀ ਅਜ਼ਾਦੀ ਤੋਂ ਪਹਿਲਾਂ ਦੀ ਚੱਲਦੀ ਯੂਨੀਵਰਸਿਟੀ ਦੀ ਚੁਣੀ ਹੋਈ ਸੈਨਟ ਭੰਗ ਕਰਕੇ ਮਨੋਨੀਤ ਮੈਂਬਰ ਲਾਉਣ ਨੂੰ ਮਨਜ਼ੂਰੀ ਦੇਣੀ ਕੇਂਦਰ ਦੀ ਕੋਝੀ ਚਾਲ ਹੀ ਹੈ ਜਿਸਨੂੰ ਕਾਂਗਰਸ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਵਿਦਿਆਰਥੀਆਂ ਦੇ ਹਰ ਸੰਘਰਸ਼ ਵਿੱਚ ਕਾਂਗਰਸ ਵੱਡਾ ਯੋਗਦਾਨ ਪਾਵੇਗੀ ਅਤੇ ਸਰਕਾਰ ਨੂੰ ਫੈਸਲਾ ਵਾਪਸ ਲੈਣ ਲਈ ਮਜ਼ਬੂਰ ਕਰੇਗੀ ।



