ਪੰਜਾਬ ਦੀ ਸਿਆਸਤ ਦੀ ਮੌਜੂਦਾ ਸਮੇਂ ਦੀ ਅਸਲ ਤਸਵੀਰ

(ਸਮਾਜ ਵੀਕਲੀ) ਲੋਕ ਸਭਾ ਦੀਆਂ ਚੋਣਾਂ ਮੌਕੇ ਅਗਰ ਕਿਹੜੀ ਪਾਰਟੀ ਕਿੱਥੇ ਖੜ੍ਹੀ ਹੈ ਉਸ ਦੀ ਚਰਚਾ ਕਰੀਏ ਤਾਂ ਬੇਸ਼ੱਕ ਕਾਂਗਰਸ ਨੇ ਹੋਰਨਾਂ ਪਾਰਟੀਆਂ ਨਾਲੋਂ ਚੰਗਾ ਪ੍ਰਦਰਸ਼ਨ ਕੀਤਾ ਪਰ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਉਮੀਦ ਤੋਂ ਵਧੀਆ ਰਿਹਾ। ਆਮ ਆਦਮੀ ਪਾਰਟੀ ਦੀ ਪੰਜਾਬ ‘ਚ ਸਰਕਾਰ ਹੈ। ਚੋਣਾਂ ਤੋਂ ਪਹਿਲਾਂ ਸਰਕਾਰ ਵਿਰੁੱਧ ਚੰਗਾ ਪ੍ਰਚਾਰ ਹੋਇਆ। ਵਿਰੋਧੀਆਂ ਪਾਰਟੀਆਂ ਦਾ ਜ਼ਿਆਦਾਤਰ ਨਿਸ਼ਾਨਾ ਆਮ ਆਦਮੀ ਪਾਰਟੀ ਹੀ ਰਹੀ। ਪੰਜਾਬ ਦੇ ਲੋਕ ਵੀ ਕਈ ਮੁੱਦਿਆਂ ‘ਤੇ ਸਰਕਾਰ ਨੂੰ ਘੇਰਦੇ ਨਜ਼ਰ ਆਏ‌। ਲੋਕ ਸਭਾ ਦੀਆਂ ਚੋਣਾਂ ਮੌਕੇ ਵੇਸੇ ਵੀ ਲੋਕ ਟੇਡੇ ਰਸਤੇ ਰਾਹੀਂ ਜਾਣ ਨਾਲੋਂ ਸਿੱਧੇ ਰਸਤੇ ਜਾਣ ਨੂੰ ਤਰਜੀਹ ਦਿੰਦੇ ਹਨ‌। ਕੇਂਦਰ ‘ਚ ਦੋ ਵੱਡੀਆਂ ਪਾਰਟੀਆਂ ਹੀ ਆਪਣੀ ਸਰਕਾਰ ਬਣਾਉਣ ਦੀ ਦਾਅਵੇਦਾਰ ਹੁੰਦੀਆਂ ਹਨ, ਕਾਂਗਰਸ ਤੇ ਭਾਜਪਾ। ਭਾਜਪਾ ਵਿਰੋਧੀ ਵੋਟ ਕਾਂਗਰਸ ਨੂੰ ਜਿਆਦਾ ਗਿਣਤੀ ‘ਚ ਭੁਗਤੇਗੀ ਇਹ ਯਕੀਨਨ ਸੀ‌। ਕਾਂਗਰਸ ਨੂੰ 26.30 ਫ਼ੀਸਦੀ ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੀ ਵੋਟ ਫ਼ੀਸਦੀ ਵੀ ਕੁੱਝ ਕੁ ਪੁਆਇੰਟ ਘੱਟ 26.02 ਰਹੀ। ਇਹ ਕੋਈ ਜ਼ਿਆਦਾ ਘੱਟ ਨਹੀਂ। ਬੇਸ਼ੱਕ ਕਾਂਗਰਸ ਪਾਰਟੀ ਨੂੰ 26.30% ਨਾਲ 7 ਸੀਟਾਂ ਮਿਲੀਆਂ ਤੇ ਆਮ ਆਦਮੀ ਪਾਰਟੀ ਨੂੰ 3 ਪਰ ਵੋਟ ਫ਼ੀਸਦੀ ਦਾ ਲਗਪਗ ਬਰਾਬਰ ਰਹਿਣਾ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਹਾਲਤ ਏਨੀ ਵੀ ਮਾੜੀ ਨਹੀਂ ਰਹੀ ਜਿੰਨਾ ਪ੍ਰਚਾਰਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਇਨ੍ਹਾਂ ਲੋਕ ਸਭਾ ਦੀਆਂ ਚੋਣਾਂ ‘ਚ 32 ਵਿਧਾਨ ਸਭਾ ਹਲਕਿਆਂ ਤੋਂ ਪਹਿਲੇ ਨੰਬਰ ‘ਤੇ ਰਹੀ ਤੇ 54 ਵਿਧਾਨ ਸਭਾ ਹਲਕਿਆਂ ਤੋਂ ਦੂਜੇ ਨੰਬਰ ‘ਤੇ। ਮਤਲਬ ਪਾਰਟੀ ਕੁੱਲ 86 ਵਿਧਾਨ ਸਭਾ ਹਲਕਿਆਂ ‘ਤੋਂ ਮੁੱਖ ਮੁਕਾਬਲੇ ‘ਚ ਰਹੀ। ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਵੋਟ ਪਈ ਹੈ ਉਸ ਹਿਸਾਬ ਨਾਲ ਹੁਣ ਵੀ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ‘ਚ ਮੁੱਖ ਦਾਅਵੇਦਾਰ ਹੈ ਕਿਉਂਕਿ ਉਨ੍ਹਾਂ ਚੋਣਾਂ ਵਿੱਚ ਮੁੱਦੇ ਹੋਰ ਹੋਣਗੇ, ਪ੍ਰਚਾਰ ਹੋਰ ਹੋਵੇਗਾ, ਉਦੋਂ ਤੱਕ ਆਪ ਸਰਕਾਰ ਕੁੱਝ ਹੋਰ ਚੰਗੇ ਕੰਮ ਵੀ ਕਰ ਸਕਦੀ ਹੈ, ਜਿਸ ਨਾਲ ਝਾੜੂ ਦੇ ਹੀ ਹੱਕ ‘ਚ ਹਵਾ ਚੱਲ ਸਕਦੀ ਹੈ। ਪਰ ਰਾਜਨੀਤੀ ‘ਚ ਸਭ ਕੁੱਝ ਤੈਅ ਨਹੀਂ ਹੁੰਦਾ, ਸਥਿਤੀ ਇਸ ਤੋਂ ਉੱਲਟ ਵੀ ਹੋ ਸਕਦੀ ਹੈ।
ਇਨ੍ਹਾਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ 38 ਵਿਧਾਨ ਸਭਾ ਹਲਕਿਆਂ ‘ਚੋਂ ਲੀਡ ਮਿਲੀ ਤੇ 40 ਸੀਟਾਂ ਤੋਂ ਪਾਰਟੀ ਦੂਜੇ ਨੰਬਰ ‘ਤੇ ਰਹੀ ਮਤਲਬ ਕਾਂਗਰਸ ਕੁੱਲ 78 ਵਿਧਾਨ ਸਭਾ ਹਲਕਿਆਂ ‘ਚ ਮੁਕਾਬਲੇ ‘ਚ ਰਹੀ। ਪਹਿਲੇ ਨੰਬਰ ਦੀ ਪਾਰਟੀ ਵੱਜੋਂ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲੋਂ 6 ਸੀਟਾਂ ਵੱਧ ਜਿੱਤੀਆਂ। ਬਿਨਾਂ ਸ਼ੱਕ ਕਾਂਗਰਸ ਦੀ ਕਾਰਗੁਜ਼ਾਰੀ ਹੋਰਨਾਂ ਪਾਰਟੀਆਂ ਦੇ ਪ੍ਰਦਰਸ਼ਨ ਨਾਲੋਂ ਬਿਹਤਰ ਰਹੀ।

ਅਗਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੀ ਵੋਟ ਫ਼ੀਸਦੀ ਭਾਜਪਾ ਤੋਂ ਵੀ ਘੱਟ 13.42 ਫ਼ੀਸਦੀ ਰਹਿ ਗਈ ਹੈ। ਭਾਜਪਾ ਨੂੰ ਸਿਰਫ ਇੱਕ ਸੀਟ ਨਾਲ ਹੀ ਸਬਰ ਕਰਨਾ ਪਿਆ। ਅਕਾਲੀ ਦਲ ਦੀ ਇਹ ਸਥਿਤੀ ਜਿੱਥੇ ਪਾਰਟੀ ਲਈ ਨੁਕਸਾਨਦੇਹ ਹੈ ਉੱਥੇ ਹੀ ਪੰਜਾਬ ਲਈ ਵੀ ਬਹੁਤੀ ਫਾਇਦੇਮੰਦ ਨਹੀਂ ਕਿਉਂਕਿ ਇੱਕ ਮਜ਼ਬੂਤ ਘਰੇਲੂ ਰਾਜਸੀ ਪਾਰਟੀ ਹਰ ਇੱਕ ਰਾਜ ਦੀ ਰੀੜ ਦੀ ਹੱਡੀ ਹੁੰਦੀ ਹੈ। ਅਕਾਲੀ ਦਲ ਨੂੰ ਆਪਣੀਆਂ ਖਾਮੀਆਂ ਨੂੰ ਦੂਰ ਕਰਕੇ ਆਪਣੀ ਸਥਿਤੀ ‘ਚ ਜ਼ਬਰਦਸਤ ਸੁਧਾਰ ਕਰਨਾ ਪਵੇਗਾ। ਇਨ੍ਹਾਂ ਚੋਣਾਂ ‘ਚ ਅਕਾਲੀ ਦਲ ਦੀ ਮਾੜੀ ਹਾਲਤ ਦਾ ਇੱਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸੇ ਸਮੇਂ ਪੰਜਾਬ ‘ਤੇ ਲਗਾਤਾਰ ਦਸ ਸਾਲ ਰਾਜ ਕਰਨ ਵਾਲੀ ਪਾਰਟੀ ਦੀਆਂ ਦਸ ਸੀਟਾਂ ਤੋਂ ਜ਼ਮਾਨਤਾਂ ਜ਼ਬਤ ਹੋ ਗਈਆਂ। ਅਕਾਲੀ ਦਲ 9 ਵਿਧਾਨ ਸਭਾ ਹਲਕਿਆਂ ‘ਚੋਂ ਪਹਿਲੇ ਨੰਬਰ ‘ਤੇ ਰਿਹਾ। ਅਕਾਲੀ ਦਲ ਬਾਦਲ 6 ਸੀਟਾਂ ਤੋਂ ਦੂਜੇ ਨੰਬਰ ‘ਤੇ ਰਿਹਾ। ਇਸ ਤਰ੍ਹਾਂ ਅਕਾਲੀ ਦਲ ਕੁੱਲ 15 ਵਿਧਾਨ ਸਭਾ ਹਲਕਿਆਂ ‘ਚ ਮੁਕਾਬਲੇ ‘ਚ ਰਹੀ। ਜਿਨ੍ਹਾਂ ‘ਚੋਂ ਜ਼ਿਆਦਾਤਰ ਸੀਟਾਂ ਬਠਿੰਡਾ ਲੋਕ ਸਭਾ ਹਲਕੇ ‘ਚੋਂ ਹਨ, ਜਿੱਥੇ ਅਕਾਲੀ ਦਲ ਬਾਦਲ ਨੇ ਆਪਣੀ ਸਾਰੀ ਦੀ ਸਾਰੀ ਤਾਕਤ ਝੋਕੀ ਹੋਈ ਸੀ।

ਭਾਜਪਾ ਨੇ ਪਹਿਲੀ ਵਾਰ ਇਕੱਲਿਆਂ ਦੇ ਦਮ ‘ਤੇ ਚੋਣ ਲੜ੍ਹੀ‌। ਭਾਜਪਾ ਦੀ ਵਧੀ ਵੋਟ ਫ਼ੀਸਦੀ ਸੱਚਮੁੱਚ ਹੀ ਹੈਰਾਨ ਕਰਨ ਵਾਲੀ ਹੈ। ਭਾਜਪਾ ਨੇ ਇਨ੍ਹਾਂ ਚੋਣਾਂ ਵਿੱਚ 18.56 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਬੇਸ਼ੱਕ ਭਾਜਪਾ ਨੂੰ ਸੀਟ ਕੋਈ ਨਹੀਂ ਮਿਲੀ ਪਰ 23 ਵਿਧਾਨ ਸਭਾ ਹਲਕੇ ਅਜਿਹੇ ਹਨ ਜਿੱਥੇ ਭਾਜਪਾ ਪਹਿਲੇ ਨੰਬਰ ‘ਤੇ ਰਹੀ ਅਤੇ 9 ਹਲਕਿਆਂ ‘ਚ ਦੂਜੇ ਨੰਬਰ ‘ਤੇ। ਮਤਲਬ ਭਾਜਪਾ ਕੁੱਲ 32 ਵਿਧਾਨ ਸਭਾ ਹਲਕਿਆਂ ‘ਚ ਮੁੱਖ ਮੁਕਾਬਲੇ ‘ਚ ਰਹੀ‌। ਭਾਜਪਾ ਦਾ ਇਨ੍ਹਾਂ ਚੋਣਾਂ ‘ਚ ਡੱਟ ਕੇ ਵਿਰੋਧ ਹੋਇਆ, ਭਾਜਪਾ ਉਮੀਦਵਾਰਾਂ ਨੂੰ ਘੇਰਿਆ ਗਿਆ, ਕਿਸਾਨੀ ਮੁੱਦੇ ਭਾਜਪਾ ਲਈ ਮੁਸੀਬਤ ਖੜ੍ਹੀ ਕਰਦੇ ਰਹੇ ਪਰ ਇਸ ਸਭ ਦੇ ਬਾਵਜੂਦ ਪੰਜਾਬ ‘ਚ ਭਾਜਪਾ ਦਾ ਵਧਿਆ ਗ੍ਰਾਫ ਕੀ ਦਰਸਾਉਂਦਾ ਹੈ ਇਹ ਆਪਾਂ ਸਭ ਭਲੀ ਭਾਂਤ ਸਮਝ ਸਕਦੇ ਹਾਂ। ਭਾਜਪਾ ਨੇ ਸ਼ਹਿਰੀ ਖੇਤਰ ‘ਚੋਂ ਜ਼ਿਆਦਾ ਵੋਟ ਪ੍ਰਾਪਤ ਕੀਤੀ। ਕੋਈ ਸ਼ੱਕ ਨਹੀਂ ਕਿ ਜ਼ਿਆਦਾਤਰ ਹਿੰਦੂ ਸ਼ਹਿਰੀ ਵੋਟ ਭਾਜਪਾ ਦੇ ਹੱਕ ਵਿੱਚ ਭੁਗਤੀ ਪਰ ਪਿੰਡਾਂ ਵਿੱਚੋਂ ਵੀ ਭਾਜਪਾ ਨੂੰ ਚੰਗੀਆਂ ਵੋਟਾਂ ਪਈਆਂ। ਅੰਮ੍ਰਿਤਸਰ ਸਾਹਿਬ, ਪਠਾਨਕੋਟ , ਗੁਰਦਾਸਪੁਰ ਤੋਂ ਭਾਜਪਾ ਪਹਿਲਾਂ ਵੀ ਚੋਣ ਲੜ੍ਹਦੀ ਰਹੀ ਹੈ ਤੇ ਪਟਿਆਲੇ ‘ਚ ਪ੍ਰਨੀਤ ਕੌਰ ਦਾ ਆਪਣਾ ਚੰਗਾ ਖਾਸਾ ਨਿੱਜੀ ਵੋਟ ਬੈਂਕ ਹੈ ਪਰ ਜਿਸ ਤਰ੍ਹਾਂ ਫਿਰੋਜ਼ਪੁਰ ਜੋ ਕਿ ਨਿਰੋਲ ਪੇਂਡੂ ਖੇਤਰ ਹੈ ਉਸ ‘ਚ ਭਾਜਪਾ ਨੂੰ ਪਈਆਂ ਵੋਟਾਂ ਹੈਰਾਨ ਕਰਨ ਵਾਲੀਆਂ ਹਨ। ਜਲੰਧਰ ‘ਚ ਤਾਂ ਭਾਜਪਾ ਦੂਜੇ ਸਥਾਨ ਵਾਲੀ ਪਾਰਟੀ ਰਹੀ। ਕਈ ਸੀਟਾਂ ‘ਤੇ ਭਾਜਪਾ ਚੰਗੇ ਵੋਟ ਨਾਲ ਤੀਜੇ ਸਥਾਨ ਵਾਲੀ ਪਾਰਟੀ ਰਹੀ। ਭਾਜਪਾ ਇਨ੍ਹਾਂ ਨਤੀਜਿਆਂ ਤੋਂ ਉਤਸ਼ਾਹਿਤ ਨਜ਼ਰ ਆ ਰਹੀ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੇ ਆਪ ਨੂੰ ਲੜ੍ਹਾਈ ‘ਚ ਦੇਖ ਰਹੀ ਹੈ।

ਅਗਰ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੀਏ ਤਾਂ ਕਿਸੇ ਸਮੇਂ ਪੰਜਾਬ ‘ਚ ਆਪਣਾ ਚੰਗਾ ਪ੍ਰਭਾਵ ਰੱਖਣ ਵਾਲੀ ਬਸਪਾ ਨੂੰ ਸਿਰਫ 2.49 ਫ਼ੀਸਦੀ ਵੋਟਾਂ ਮਿਲੀਆਂ ਜਿੰਨਾ ‘ਚੋਂ ਜ਼ਿਆਦਾਤਰ ਹਿੱਸਾ ਆਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਦਾ ਰਿਹਾ। ਬਾਕੀ ਸੀਟਾਂ ‘ਤੇ ਬਸਪਾ ਦੀ ਵੋਟ ਨਾਂਮਾਤਰ ਹੀ ਰਹੀ ਤੇ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਿੱਤ ਹਾਰ ਦੇ ਵਿਚਾਲੇ ਵੀ ਨਾ ਆ ਸਕੀ। ਲੋਕ ਸਭਾ ਚੋਣਾਂ ਮੌਕੇ ਪੰਜਾਬ ‘ਚ ਇਸ ਵਾਰ ਆਜ਼ਾਦ ਉਮੀਦਵਾਰਾਂ ਨੂੰ ਚੰਗਾ ਹੁੰਗਾਰਾ ਮਿਲਿਆ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਜਿੱਤੇ। ਸਾਰੇ ਪੰਜਾਬ ‘ਚ ਆਜ਼ਾਦ ਉਮੀਦਵਾਰਾਂ ਦੀ ਵੋਟ ਫ਼ੀਸਦੀ 12.51 ਫ਼ੀਸਦੀ ਰਹੀ ਜੋ ਕਿ ਇੱਕ ਚੰਗੀ ਵੋਟ ਫ਼ੀਸਦੀ ਹੈ। 0.49 ਫ਼ੀਸਦੀ ਵੋਟਰਾਂ ਨੇ ਨੋਟਾ ਦਾ ਇਸਤੇਮਾਲ ਕੀਤਾ।

ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ‘ਚ ਅਗਰ ਵਿਧਾਨ ਸਭਾ ਹਲਕਿਆਂ ਦੀ ਗੱਲ ਕਰੀਏ ਤਾਂ ਜੇਕਰ ਇਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਨਤੀਜਾ ਹੁੰਦਾ ਤਾਂ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲਦਾ। ਤ੍ਰਿਸ਼ੰਕੂ ਵਿਧਾਨ ਸਭਾ ਹੌਂਦ ਵਿੱਚ ਆਉਂਦੀ ਜਾਂ ਫਿਰ ਪੰਜਾਬ ਨੂੰ ਮੁੜ ਤੋਂ ਚੋਣਾਂ ਦਾ ਮੂੰਹ ਦੇਖਣਾ ਪੈਂਦਾ। ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਚ ਕਾਂਗਰਸ ਆਪਣੇ ਆਪ ਨੂੰ ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਦੀ ਕੁਰਸੀ ਦੀ ਪ੍ਰਬਲ ਦਾਅਵੇਦਾਰ ਸਮਝ ਰਹੀ ਹੈ, ਆਮ ਆਦਮੀ ਪਾਰਟੀ ਦੀ ਸਥਿਤੀ ਵੀ ਜ਼ਿਆਦਾ ਖਰਾਬ ਨਹੀਂ, ਭਾਜਪਾ ਆਪਣੇ-ਆਪ ਨੂੰ ਲੜ੍ਹਾਈ ‘ਚ ਦੇਖੇਗੀ ਤੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੀ ਸਥਿਤੀ ‘ਚ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ, ਅਗਰ ਅਕਾਲੀ ਦਲ ਨੇ ਆਪਣੀਆਂ ਅੰਦਰਲੀਆਂ ਖਾਮੀਆਂ ਨੂੰ ਨਾ ਦੂਰ ਕੀਤਾ ਤਾਂ ਅਗਲੀਆਂ ਲੋਕ ਸਭਾ ਚੋਣਾਂ ਮੌਕੇ ਵੀ ਪਾਰਟੀ ਦਾ ਚੌਥਾ ਸਥਾਨ ਤੈਅ ਹੈ।
ਸੋ, ਇਨ੍ਹਾਂ ਅੰਕੜਿਆਂ ਨਾਲ ਪੰਜਾਬ ਦੀ ਸਿਆਸਤ ਦੀ ਅਸਲ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ।

ਜੋਬਨ ਖਹਿਰਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪ੍ਰਵੇਜ ਨਗਰ ਗੁਰੂਦਆਰਾ ਵਿਖ਼ੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 40 ਦਿਨ ਸੁਖਮਨੀ ਸਾਹਿਬ ਜੀ ਦੇ ਹੋਏ ਪਾਠ ਦੇ ਭੋਗ ਪਾਏ , ਭੋਗ ਉਪਰੰਤ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ
Next articleਉਹ ਬਾਲੜੀ ……….