ਪੰਜਾਬ ਦੀ ਵਾਗਡੋਰ ਇਮਾਨਦਾਰ ਆਗੂ ਨੂੰ ਸੌਂਪੀ ਜਾਵੇ: ਸਿੱਧੂ

ਅੰਮ੍ਰਿਤਸਰ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਲਈ ਹਾਕਮ ਧਿਰ ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਪਹਿਲਾਂ ਭਖ਼ੇ ਸਿਆਸੀ ਮਾਹੌਲ ਦੌਰਾਨ ਅੱਜ ਇਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਪੰਜਾਬ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇਕਰ ਸੂਬੇ ਦੀ ਵਾਗਡੋਰ ਕਿਸੇ ਇਮਾਨਦਾਰ ਅਤੇ ‘ਰੋਡ ਮੈਪ’ ਲਾਗੂ ਕਰਨ ਵਾਲੇ ਸ਼ਖ਼ਸ ਦੇ ਹੱਥ ਵਿਚ ਦਿੱਤੀ ਜਾਵੇ। ਆਪਣੇ ਹਲਕੇ ਵਿਚ ਵੱਖ-ਵੱਖ ਥਾਵਾਂ ’ਤੇ ਚੋਣ ਪ੍ਰਚਾਰ ਕਰਦਿਆਂ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਸਿੱਧੂ ਨੇ ਆਖਿਆ ਕਿ ਕੋਈ ਸ਼ਰਾਬ ਵੇਚਣ ਵਾਲਾ, ਕੋਈ ਰੇਤਾ ਚੋਰ, ਕੋਈ ਵੱਡੇ ਮਾਫ਼ੀਏ ਨਾਲ ਜੁੜਿਆ ਜਾਂ ਯਾਰੀ ਪਾਉਣ ਵਾਲਾ ਪੰਜਾਬ ਵਿਚ ਸੁਧਾਰ ਨਹੀਂ ਲਿਆ ਸਕਦਾ। ਇਸ ਵੇਲੇ ਇਕ ਵੱਡਾ ਅਤੇ ਅਹਿਮ ਸਵਾਲ ਹੈ ਕਿ ਪੰਜਾਬ ਦੇ ਭਲੇ ਵਾਲਾ ਏਜੰਡਾ ਕੌਣ ਲਾਗੂ ਕਰੇਗਾ।

ਉਨ੍ਹਾਂ ਕਿਹਾ ਕਿ ਏਜੰਡਾ ਉਹੀ ਸ਼ਖ਼ਸ ਲਾਗੂ ਕਰ ਸਕਦਾ ਹੈ, ਜਿਸ ਦਾ ਕਿਰਦਾਰ ਹੋਵੇ ਅਤੇ ਜਿਸ ’ਤੇ ਲੋਕ ਭਰੋਸਾ ਕਰਨ ਕਿਉਂਕਿ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਦਲਾਅ ਵਿਚਾਰਧਾਰਾ ਦਾ ਹੈ ਅਤੇ ਪੰਜਾਬ ਦੇ ਭਲੇ ਦੇ ਏਜੰਡੇ ਨੂੰ ਲਾਗੂ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਆਗੂ ਇਕ-ਦੂਜੇ ਖ਼ਿਲਾਫ਼ ਸਿਰਫ਼ ਦੂਸ਼ਣਬਾਜ਼ੀ ਕਰਦੇ ਰਹੇ ਹਨ ਅਤੇ ਕਰ ਰਹੇ ਹਨ। ਉਨ੍ਹਾਂ ਇਕ ਸਾਲ ਪਹਿਲਾਂ ਫ਼ਸਲੀ ਵਿਭਿੰਨਤਾ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕੀਤੀ ਸੀ। ਇਸ ਲਈ ਉਪਾਅ ਵੀ ਦੱਸੇ ਸਨ। ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਤੋਂ ਕਿਨਾਰਾ ਕਰਨ ਦੀ ਲੋੜ ਹੈ। ਇਕ ਕਿਲੋ ਝੋਨੇ ਲਈ ਹਜ਼ਾਰਾਂ ਲਿਟਰ ਪਾਣੀ ਦੀ ਲੋੜ ਹੈ। ਇਸ ਪਾਣੀ ਦੀ ਪੂਰਤੀ ਲਈ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕੰਢੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਮਾਫੀਆ ਅਤੇ ਭ੍ਰਿਸ਼ਟ ਪ੍ਰਣਾਲੀ ’ਤੇ ਲਗਾਮ ਕੱਸਣ ਦੀ ਲੋੜ ਹੈ। ਜੇਕਰ ਮੌਜੂਦਾ ਸਿਆਸੀ ਆਗੂ ਲੋਕਾਂ ਨੂੰ ਇਸ ਸਬੰਧੀ ਕੋਈ ਏਜੰਡਾ ਅਤੇ ਠੋਸ ਯੋਜਨਾ ਦੇ ਸਕੇ ਤਾਂ ਲੋਕ ਵੋਟ ਪਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੀ ਵਾਗਡੋਰ ਕਿਸੇ ਇਮਾਨਦਾਰ ਅਤੇ ਰੋਡ ਮੈਪ ਲਾਗੂ ਕਰਨ ਵਾਲੇ ਸ਼ਖਸ ਦੇ ਹੱਥ ਨਾ ਆਈ ਤਾਂ ਪੰਜਾਬ ਦਾ ਭਲਾ ਮੁਸ਼ਕਲ ਹੈ।

‘ਵਾਤਾਵਰਨ ਸੰਭਾਲ ਦੇ ਮੁੱਦੇ ਨੂੰ ਵੀ ਪੰਜਾਬ ਮਾਡਲ ’ਚ ਸ਼ਾਮਲ ਕੀਤਾ’

ਪੰਜਾਬ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਣ ਸੰਭਾਲ ਨੂੰ ਸਿਆਸੀ ਏਜੰਡੇ ਵਿਚ ਸ਼ਾਮਲ ਕਰਨ ਦੀ ਮੰਗ ਬਾਰੇ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਦੀ 13ਵੀਂ ਮਦ ਵਾਤਾਵਰਨ ਤੇ ਹਵਾ ਪ੍ਰਦੂਸ਼ਣ ਰੋਕਣ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਮੱਸਿਆਵਾਂ ਬਾਰੇ ਵੱਡੀ ਗਿਣਤੀ ਵਿਚ ਲੋਕ ਗੱਲਾਂ ਕਰਦੇ ਹਨ ਪਰ ਕੋਈ ਇਸ ਤੋਂ ਬਚਾਅ ਅਤੇ ਹੱਲ ਦਾ ਸਾਧਨ ਨਹੀਂ ਦੱਸਦਾ। ਦਿੱਲੀ ਵਿਚ ਵਾਤਾਵਰਨ ਵਿਚ ਆਈ ਖਰਾਬੀ ਲਈ ਵੀ ਉਨ੍ਹਾਂ ਸੀਐਨਜੀ ਬੱਸਾਂ ਦੀ ਗਿਣਤੀ ਘਟਣ ਅਤੇ ਹਰੀ ਪੱਟੀ ਵਿਚ ਆਈ ਕਮੀ ਦੱਸਿਆ।

‘ਮਾਫ਼ੀਆ ਨਾਲ ਜੁੜੇ ਮਜੀਠੀਆ ਨੂੰ ਲੋਕ ਸਮਰਥਨ ਨਹੀਂ ਦੇਣਗੇ’

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਦੋਸ਼ ਲਾਇਆ ਕਿ ਉਸ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ਨਾਲ ਜੁੜਿਆ ਕੇਸ ਚੱਲ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਆਗੂ ਮਾਫ਼ੀਆ ਅਤੇ ਗੁੰਡਾ ਅਨਸਰਾਂ ਨਾਲ ਵੀ ਜੁੜਿਆ ਹੋਇਆ ਹੈ। ਲੋਕ ਅਜਿਹੇ ਆਗੂ ਨੂੰ ਪਸੰਦ ਨਹੀਂ ਕਰਦੇ। ਇਸ ਲਈ ਲੋਕ ਉਸ ਨੂੰ ਸਮਰਥਨ ਨਹੀਂ ਦੇਣਗੇ। ਸਿੱਧੂ ਨੇ ਅੱਜ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਰਾਹੀਂ ਚੋਣ ਪ੍ਰਚਾਰ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਿਹਰੇ ਲਈ ਲੋਕ ਰਾੲੇ ਲੈਣ ਦੀ ਪ੍ਰਕਿਰਿਆ ਮੁਕੰਮਲ: ਚੌਧਰੀ
Next articleਅਸੈਂਬਲੀ ਚੋਣਾਂ ਮਗਰੋਂ ਐੱਮਐੱਸਪੀ ’ਤੇ ਕਮੇਟੀ ਬਣਾਵਾਂਗੇ: ਤੋਮਰ