ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਡਾ . ਸੁਰਜੀਤ ਪਾਤਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਰਮਿੰਦਰ ਰੰਮੀ

(ਸਮਾਜ ਵੀਕਲੀ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਾਂਝੇ ਯਤਨਾਂ ਸਦਕਾ ਕੀਤੇ ਜਾਣ ਵਾਲੇ ਮਹੀਨਾਵਾਰ ਪ੍ਰੋਗਰਾਮ “ਕਾਵਿ ਮਿਲਣੀ “ਵਿੱਚ ਇਸ ਵਾਰ ਪਦਮ ਸ੍ਰੀ ਡਾ .ਸੁਰਜੀਤ ਪਾਤਰ ਜੀ ਨੂੰ ਵੱਖ ਵੱਖ ਕਲਮਕਾਰਾਂ ਵਲੋਂ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ ਗਿਆ। ਇਹ ਪ੍ਰੋਗਰਾਮ ਐਤਵਾਰ 26 ਮਈ ਨੂੰ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ .ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ ਆਪਣੀ ਸ਼ਾਮੂਲੀਅਤ ਕੀਤੀ ।

ਇਸ ਪ੍ਰੋਗਰਾਮ ਦਾ ਸੰਚਾਲਨ ਸਰਪ੍ਰਸਤ ਸੁਰਜੀਤ ਕੌਰ ਵਲੋਂ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਰੰਭ ਵਿੱਚ ਡਾ .ਸਰਬਜੀਤ ਕੌਰ ਸੋਹਲ ਨੇ ਪਦਮ ਸ੍ਰੀ ਸੁਰਜੀਤ ਪਾਤਰ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਉਨ੍ਹਾਂ ਨੂੰ ਇਕ ਯੁੱਗ ਪੁਰਸ਼ ਮੰਨਿਆ ਜਿਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਨੂੰ ਸਮਰਪਿਤ ਕੀਤੀ । ਉਹਨਾਂ ਨੂੰ ਅੰਤਿਮ ਸੰਸਕਾਰ ਸਮੇਂ ਦਿੱਤਾ ਗਿਆ ਸਰਕਾਰੀ ਮਾਣ ਸਨਮਾਨ ਵੀ ਉਹਨਾਂ ਦੀ ਵਿਚਾਰਧਾਰਾ ਅਤੇ ਕਾਵਿ ਸਫ਼ਰ ਰਾਂਹੀ ਸਮਾਜ ਵੱਲੋਂ ਮਿਲਿਆ ਇਕ ਬੇਮਿਸਾਲ ਹੁੰਗਾਰਾ ਸੀ। ਰਿੰਟੂ ਭਾਟੀਆ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਸੁਰਜੀਤ ਪਾਤਰ ਜੀ ਦੀ ਗ਼ਜ਼ਲ ‘ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ‘ਬਾਖੂਬੀ ਗਾਈ। ਉਪਰੰਤ ਪ੍ਰੋ .ਅਮਰਦੀਪ ਕੌਰ ( ਚੰਡੀਗੜ੍ਹ) ਨੇ ਪਾਤਰ ਸਾਹਿਬ ਜੀ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਜੀਵਨ ਦੇ ਦੁਖ ਭਰੇ ਸਮੇਂ ਪਾਤਰ ਸਾਹਿਬ ਵੱਲੋਂ ਦਿੱਤੇ ਗਏ ਹੌਂਸਲੇ ਤੇ ਹਿੰਮਤ ਬਾਰੇ ਦੱਸਿਆ। ਉਹਨਾਂ ਪਾਤਰ ਸਾਹਿਬ ਨੂੰ ਸਮਰਪਤ ਕਵਿਤਾ ਵੀ ਪੇਸ਼ ਕੀਤੀ ।ਪੋਲੀ ਬਰਾੜ ( ਅਮਰੀਕਾ) ਨੇ ਪਾਤਰ ਸਾਹਿਬ ਦੀ ਗ਼ਜ਼ਲ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣਕੇ ‘ ਬਾਖੂਬੀ ਗਾ ਕੇ ਸ਼ਰਧਾਂਜਲੀ ਅਰਪਿਤ ਕੀਤੀ। ਸਿਮਰਤ ਗਗਨ ਨੇ ਪਾਤਰ ਸਾਹਿਬ ਜੀ ਦੁਆਰਾ ਕਾਵਿ ਉਚਾਰਨ ਲਈ ਦਿੱਤੀ ਅਗਵਾਈ ਬਾਰੇ ਦੱਸਦਿਆਂ ਬੜੀ ਹੀ ਭਾਵੁਕ ਕਰ ਦੇਣ ਵਾਲੀ ਰਚਨਾ ਪੇਸ਼ ਕੀਤੀ। ਨੂਰਦੀਪ ਕੋਮਲ ਨੇ ਪਾਤਰ ਸਾਹਿਬ ਨਾਲ ਆਪਣੀਆਂ ਯਾਦਾਂ ਨੂੰ ਸਾਂਝਾਂ ਕੀਤਾ ਤੇ ਉਹਨਾਂ ਦੀ ਪਸੰਦ ਦੀ ਇੱਕ ਰਚਨਾ ਸੁਣਾਈ । ਮੰਗਤ ਖਾਨ ਨੇ ‘ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ‘ ਗ਼ਜ਼ਲ ਰਾਹੀਂ ਪਾਤਰ ਸਾਹਿਬ ਦੀ ਮਨੋ ਵੇਦਨਾ ਪ੍ਰਗਟ ਕੀਤੀ । ਜਸਪਾਲ ਦੇਸੂਵੀ ਜੀ ਨੇ ਵੀ ਪਾਤਰ ਸਾਹਿਬ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।

ਸੁਰਜੀਤ ਸਿੰਘ ਧੀਰ ਜੀ ਨੇ ਪਾਤਰ ਸਾਹਿਬ ਦੀ ਇੱਕ ਗ਼ਜ਼ਲ ਮਿੱਠੀ ਅਵਾਜ਼ ਵਿੱਚ ਤਰੁੰਨਮ ਵਿੱਚ ਗਾ ਕੇ ਸੁਣਾਈ । ਗੁਰਚਰਨ ਸਿੰਘ ਜੋਗੀ ਨੇ “ ਬੁਝਾਉਂਦਾ ਪਿਆਸ ਸਭਨਾਂ ਦੀ ਤੇ ਸੀਤਲ ਨੀਰ ਸੀ ਪਾਤਰ , ਸਦਾ ਗਹਿਰਾ ਹੀ ਲਿਖਦਾ ਸੀ ਬੜਾ ਗੰਭੀਰ ਸੀ ਪਾਤਰ “ ਇਸ ਰਚਨਾ ਰਾਹੀਂ ਪਾਤਰ ਸਾਹਿਬ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਕਾਵਿ ਗੁਣਾਂ ਬਾਰੇ ਦੱਸਿਆ।ਪ੍ਰੋ .ਕੁਲਜੀਤ ਕੌਰ ਨੇ ਪਾਤਰ ਸਾਹਿਬ ਕਵਿਤਾ ਦੇ ਵਿਸ਼ੇ ਬਾਰੇ ਦੱਸਦਿਆਂ ਉਹਨਾਂ ਨਾਲ ਸਬੰਧਤ ਕੁੱਝ ਯਾਦਾਂ ਸਾਂਝੀਆਂ ਕੀਤੀਆਂ। ਵਿਜੇਤਾ ਭਾਰਦਵਾਜ ਨੇ ਡਾ . ਸੁਰਜੀਤ ਪਾਤਰ ਜੀ ਨੂੰ ਮਹਿਬੂਬ ਸ਼ਾਇਰ ਦੱਸਿਆ ਜਿਨ੍ਹਾਂ ਦੀਆਂ ਰਚਨਾਵਾਂ ਸੁਣਨਾ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਇਕ ਨਿੱਘਾ ਅਨੁਭਵ ਸੀ। ਉਹਨਾਂ ਸੁਰਜੀਤ ਪਾਤਰ ਜੀ ਨੂੰ ਸਮਰਪਿਤ ਇਕ ਕਵਿਤਾ ਵੀ ਸੁਣਾਈ । ਹਰਨਿਥਾਵਾਂ ਕਵੀ ਨੇ ਵੀ ਭਾਵਾਂ ਦੀ ਸਾਂਝ ਪਾਈ। ਸੁਖਪ੍ਰੀਤ ਕੌਰ ਨੇ ਵੀ ਆਪਣੀ ਕਾਵਿ ਰਚਨਾ ਸੁੰਨੇ ਸੁੰਨੇ ਰਾਹਾਂ ਵਿਚ ਜਦ ਪੈੜਾਂ ਤੱਕਦੀ ਹਾਂ , ‘ਉਦਾਸ ਮਨ ਨਾਲ ਪਾਤਰ ਜੀ ਨੂੰ ਯਾਦ ਕਰਦੀ ਹਾਂ ‘ ਸੁਣਾਈ। ਵਰਲਡ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਜੀ ਨੇ ਵੀ ਸੁਰਜੀਤ ਪਾਤਰ ਜੀ ਲਈ ਸ਼ਰਧਾਂਜਲੀ ਸ਼ਬਦ ਬੋਲੇ ਅਤੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦਾ ਅਣਥੱਕ ਸੇਵਕ ਦੱਸਿਆ। ਇਸ ਪ੍ਰੋਗਰਾਮ ਵਿੱਚ ਸ੍ਰ ਪਿਆਰਾ ਸਿੰਘ ਕੁੱਦੋਵਾਲ ਜੀ ਨੇਵੀ ਪਾਤਰ ਸਾਹਿਬ ਦੀ ਗ਼ਜ਼ਲ ਦੇ ਕੁਝ ਸ਼ਿਅਰ ਪਾਤਰ ਜੀ ਨੂੰ ਸਮਰਪਿਤ ਸੁਣਾ ਕੇ ਮਾਹੌਲ ਨੂੰ ਭਾਵੁਕ ਕਰ ਦਿੱਤਾ। ਪ੍ਰੋਗਰਾਮ ਦੇ ਅੰਤ ਵਿਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੀਤ ਪ੍ਰਧਾਨ ਡਾ ਨਵਰੂਪ ਨੇ ਡਾ .ਸੁਰਜੀਤ ਪਾਤਰ ਜੀ ਦੀਆਂ ਲਿਖਤਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਅੰਦਰਲੀ ਨਿਮਰਤਾ ਹਲੀਮੀ ਅਤੇ ਦੂਸਰਿਆਂ ਦਾ ਹੌਂਸਲਾ ਵਧਾਉਣ ਵਾਲੀ ਭਾਵਨਾ ਬਾਰੇ ਦੱਸਿਆ। ਉਹਨਾਂ ਅਨੁਸਾਰ ਇੰਜ ਜਾਪਦਾ ਹੈ ਕਿ ਪਾਤਰ ਸਾਹਿਬ ਸਾਡੇ ਤੋਂ ਜੁਦਾ ਨਹੀਂ ਹੋਏ ਸਗੋਂ ਭੋਰਾ ਭੋਰਾ ਸਭ ਪੰਜਾਬੀ ਮਨਾਂ ਵਿਚ ਰਚ ਗਏ ਹਨ ।ਉਹਨਾਂ ਪੰਜਾਬੀ ਭਾਸ਼ਾ ਦੀਆਂ ਕਈ ਚੁਨੌਤੀਆਂ ਨੂੰ ਨਜਿੱਠਿਆ ਸੀ ।ਨਵੇਂ ਲੇਖਕਾਂ ਦਾ ਉਤਸ਼ਾਹ ਵੀ ਵਧਾਉਂਦੇ ਸਨ। ਉਹਨਾਂ ਆਪਣੀ ਪੁਸਤਕ ਦੁਪਹਿਰ ਖਿੜੀ ਵਿੱਚ ਪਾਤਰ ਸਾਹਿਬ ਵੱਲੋਂ ਲਿਖੀ ਭੂਮਿਕਾ ਬਾਰੇ ਦੱਸਦਿਆਂ ਪਾਤਰ ਸਾਹਿਬ ਦੇ ਹੱਥੋਂ ਮਿਲੇ ਮਾਨਾਂ ਸਨਮਾਨਾਂ ਨੂੰ ਆਪਣੇ ਲਈ ਸੁਭਾਗਾ ਦੱਸਿਆ।

ਅੰਤ ਵਿੱਚ ਰਮਿੰਦਰ ਵਾਲੀਆ ਰੰਮੀ ਜੀ ਨੇ ਡਾ .ਸੁਰਜੀਤ ਪਾਤਰ ਜੀ ਨਾਲ ਆਪਣੀ ਮੁਲਾਕਾਤ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੁਆਰਾ ਆਯੋਜਿਤ ਕਾਵਿ ਮਿਲਣੀ ਅਤੇ ਸਿਰਜਣਾ ਦੇ ਆਰ ਪਾਰ ਵਿੱਚ ਪਾਤਰ ਸਾਹਿਬ ਦੇ ਸ਼ਾਮਿਲ ਹੋਣ ਬਾਰੇ ਦੱਸਿਆ। ਰਮਿੰਦਰ ਰੰਮੀ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਪਹਿਲੀ ਕਾਵਿ ਪੁਸਤਕ ( ਕਿਸਨੂੰ ਆਖਾਂ ) ਦੀ ਭੂਮਿਕਾ ਵੀ ਡਾ . ਸੁਰਜੀਤ ਪਾਤਰ ਜੀ ਨੇ ਲਿਖੀ ਹੈ । ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਅਨੇਕਾਂ ਸ਼ਖ਼ਸੀਅਤਾਂ ਨੇ ਭਾਗ ਲਿਆ। ਇਹ ਰਿਪੋਰਟ ਪ੍ਰੋ : ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
 ਰਮਿੰਦਰ ਰੰਮੀ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਔਰਤਾਂ ਦੇ ਸੰਘਰਸ਼ ਦੇ ਬਾਵਜੂਦ ਔਰਤਾਂ ਦੇ ਹੱਕ ਅਤੇ ਅਧਿਕਾਰ ਸਦੀਆਂ ਬਾਅਦ ਵੀ ਕਿਉਂ ਅਧੂਰੇ ਹਨ?
Next articleਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਾਜਪਾ ਉਮੀਦਵਾਰ ਦੇ ਦਫਤਰ ਦਾ ਕੀਤਾ ਘਿਰਾਓ ।