HOME (ਪੰਜਾਬ ਰੋਡਵੇਜ਼ ਦੀ ਲਾਰੀ-ਵਿਅੰਗ)

(ਪੰਜਾਬ ਰੋਡਵੇਜ਼ ਦੀ ਲਾਰੀ-ਵਿਅੰਗ)

2
ਅਮਰਜੀਤ ਸਿੰਘ ਤੂਰ

   (ਸਮਾਜ ਵੀਕਲੀ)  ਰੋਡਵੇਜ਼ ਦੀ ਲਾਰੀ, ਨਸ਼ੇੜੀ ਡਰਾਈਵਰ ਨੇ ਵਿੱਚ ਪੇੜ ਦੇ ਮਾਰੀ। ਦਰਖਤ ਨੂੰ ਕਹਿੰਦਾ, ਦੀਂਹਦਾ ਨੀ ਤੈਨੂੰ, ਕਾਹਦੀ ਚੜ੍ਹੀ ਖੁਮਾਰੀ। ਪੰਜਾਬ ਰੋਡਵੇਜ਼ ਦੀਆਂ ਲਾਰੀਆਂ ਨਾ ਬੂਹੇ ਤੇ ਨਾ ਬਾਰੀਆਂ। ਸਰਦੀਆਂ ਦੇ ਵਿੱਚ ਕਾਂਬਾ ਛੇੜਦੀਆਂ,ਕਈ ਵੜਦੇ ਵਿੱਚ ਸਣੇ ਰਜਾਈ।ਅੱਜ ਦੀ ਤਾਜ਼ਾ ਤਾਜ਼ਾ ਖਬਰ, ਕੰਡਕਟਰ ਅਤੇ ਡਰਾਈਵਰ, 60 ਕਿਲੋ ਡੋਡਾ, ਚੂਰਾ ਪੋਸਤ ਤੇ ਭੁੱਕੀ ਦੀਆਂ ਬੋਰੀਆਂ ਸਮੇਤ, ਤਰਨ ਤਾਰਨ ਤੋਂ ਨਸ਼ੇ ਦੀ ਪੱਟੀ ਹੋਈ, ਪੁਲਿਸ ਨੇ, ਪੱਟੀ ਤੋਂ ਕਾਬੂ ਕੀਤੇ। ਅਜੇ ਤੱਕ ਨਸ਼ਿਆਂ ਦਾ ਸੌਦਾਗਰ ਮਜੀਠੀਆ ਜ਼ਮਾਨਤ ਦੀ ਬੱਸ ਤੇ ਐਸਾ ਚੜ੍ਹਿਆ ਹੈ, ਰੁਕਣ ਦਾ ਨਾਂ ਨ੍ਹੀਂ ਲੈਂਦੀ। ਪਾਕਿਸਤਾਨ ਵਾਲੇ ਬੜਾ, ਯਾਦ ਕਰਦੇ ਹਨ। ਯੂਪੀ ਵਾਲੇ ਕਹਿੰਦੇ, ਉਧਰ ਕਿਉਂ ਭੇਜੀ ਜਾਦੇ ਹੋ ਸਾਡੇ ਵੱਲ ਭੇਜੋ, “ਉਲਟਾ ਬਾਂਸ ਬਰੇਲੀ ਕੋ”। ਸਰਕਾਰ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਨਾਲ, ਰੋਡਵੇਜ਼ ਦੇ ਕੰਡਕਟਰਾਂ ਤੇ ਡਰਾਈਵਰਾਂ ਦਾ,ਮਹੀਨਾਵਾਰ ਮੈਡੀਕਲ ਜਰੂਰ ਕਰਵਾਉਣਾ ਚਾਹੀਦਾ ਹੈ, ਤਾਂ ਕਿ ਓਵਰਲੋਡ ਬੱਸਾਂ ਵਿੱਚ, ਘੱਟ ਤੋਂ ਘੱਟ ਸਵਾਰੀਆਂ, ਮਰਨ ਦਾ ਰਿਕਾਰਡ ਬਣਾਇਆ ਜਾ ਸਕੇ। ਪੰਜਾਬ ਸੂਬੇ ਨੂੰ “ਭਾਰਤ ਰਤਨ” ਦਾ ਤਗਮਾ ਦਵਾਇਆ ਜਾ ਸਕੇ। ਪੰਜਾਬ ਰੋਡਵੇਜ਼ 53 ਸੀਟਰ ਦੀ ਲਾਰੀ, 120 ਤੋਂ ਉੱਤੇ ਸਵਾਰੀ। ਅੱਧੀਆਂ ਕੁ ਸਵਾਰੀਆਂ ਦੀਆਂ ਟਿਕਟਾਂ ਕੱਟੀਆਂ,ਅੱਧੀਆਂ ਕੁ ਦਾ ਹਿਸਾਬ ਕਿਤਾਬ ਆਪਣੇ ਖਾਤੇ ਵਿੱਚ।ਐਨੇ ਭੀੜ ਭੜੱਕੇ ਵਿੱਚ, ਤਾਂ ਇਹ ਵੀ ਨਹੀਂ ਪਤਾ ਲੱਗਦਾ, ਕਿ ਕਿੰਨੀ ਜਨਤਾ ਸੋਫੀ ਹੈ? ਓਵਰਲੋਡ ਬੱਸਾਂ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਵੀ ਬਹੁਤ ਹੁੰਦੇ ਹਨ। ਛੇੜਖਾਨੀਆਂ ਵੀ ਚੱਲਦੀਆਂ ਰਹਿੰਦੀਆਂ ਹਨ। ਬਹੁਤਿਆਂ ਨੂੰ ਕਮਜ਼ੋਰਾਂ, ਬਿਮਾਰਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਦੀਆਂ ਤਕਲੀਫਾਂ ਦਾ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਠੰਡੂ ਰਾਮਾ, ਤੈਨੂੰ ਕਿਸੇ ਨਾਲ ਕੀ, ਆਪਣੀ ਮੌਜ ਉਡਾ। ਕਈ ਤਾਂ ਆਪਣੇ ਮੋਬਾਈਲ ਤੇ ਲੱਚਰ ਗਾਣੇ ਵੀ ਲਾਈ ਰੱਖਦੇ ਹਨ। ਕਈ ਵਿਚਾਰੇ, ਜਿਨ੍ਹਾਂ ਕੋਲ ਆਪਣਾ ਸਾਧਨ ਜਾਂ ਫਿਟ ਫਿਟੀ ਨਹੀਂ ਹੁੰਦੀ, ਮਜਬੂਰੀ ਨੂੰ, ਵਿੱਚ ਘੁਸੜ ਕੇ ਜਾਣਾ ਪੈਂਦਾ ਹੈ, ਕਈ ਵਾਰ ਤਾਂ ਬਾਹਰ ਲਟਕ ਕੇ ਜਾਣਾ ਪੈਂਦਾ ਹੈ। ਪੰਜਾਬ ਰੋਡਵੇਜ਼ ਦੀ ਹਵਾਈ ਉਡਾਰੀ, ਕਿਸੇ ਤੇ ਪੈਂਦੀ ਭਾਰੀ। ਕੰਡਕਟਰ ਦੀ ਸੀਟੀ, ਡਰਾਈਵਰ ਤੱਕ ਨਾ ਦੇਵੇ ਸੁਣਾਈ। ਥਪ-ਥਪਾ ਕੇ ਡਰਾਈਵਰ ਤੱਕ ਸੁਨੇਹਾ ਪਹੁੰਚਦਾ, ਬਰੇਕ ਲੱਗਦੇ ਲੱਗਦੇ ਮੰਜ਼ਿਲ ਦੂਰ ਰਹਿ ਜਾਂਦੀ, ਕੌਣ ਕਰੂ ਭਰਪਾਈ। ਡਬਲ-ਡੈਕਰ ਦਾ ਸੀਨ ਬਣਦਾ, ਅੱਧੇ ਕਰਦੇ ਜ਼ਮੀਨੀ ਸਫਰ, ਅੱਧੇ ਕਰਨ ਹਵਾਈ। ਕਿਹੋ ਜਿਹਾ ਆਲਮ ਬਣਿਆ ਹੋਇਆ ਹੈ, ਭਾਰਤ ਦੇ ਅਮੀਰ ਸੂਬੇ ਦਾ। ਮੰਤਰੀਆਂ ਨੂੰ ਕੋਈ ਫਿਕਰ ਨ੍ਹੀਂ ਹੁੰਦਾ, ਉਨ੍ਹਾਂ ਨੇ ਤਾਂ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਘੁੰਮਣਾ ਹੁੰਦਾ ਹੈ। ਟਰਾਂਸਪੋਰਟ ਮੰਤਰੀ ਦੇ ਤਾਂ ਕੰਨਾਂ ਤੇ ਜੂੰ ਵੀ ਨ੍ਹੀਂ ਸਰਕਦੀ, ਉਸਨੂੰ ਸਿਰ-ਖੁਰਕਣ ਦਾ ਵਿਹਲ ਹੀ ਨਹੀਂ ਹੈ।ਮੈਸ (ਮੈਹਿਸ) ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਅੰਗਹੀਣ ਸਵਾਰੀਆਂ ਨੂੰ ਤਾਂ ਹੋਰ ਵੀ ਸਮੱਸਿਆ ਆਉਂਦੀ ਹੈ। ਕਈ ਰੋਜ਼ਾਨਾ ਸਫਰ ਵਾਲੀਆਂ ਸਵਾਰੀਆਂ ਨੇ, ਆਪਣੇ ਦਫਤਰਾਂ, ਸਕੂਲਾਂ, ਵਿੱਚ ਸਮੇਂ ਸਿਰ ਪਹੁੰਚਣਾ ਹੁੰਦਾ ਹੈ, ਇਸ ਸਾਰੇ ਕੁਝ ਦਾ, ਸਰਵੇ ਕਰਕੇ, ਕਿਸ ਸਮੇਂ ਸਵਾਰੀ ਅਧਿਕ ਹੁੰਦੀ ਹੈ, ਉਸ ਵੇਲੇ ਬੱਸਾਂ ਜਿਆਦਾ ਲਗਾਈਆਂ ਜਾਣ, ਜਿਸ ਵੇਲੇ ਸਵਾਰੀਆਂ ਘੱਟ ਹੋਣ ਘਣਤਾ ਦਾ ਹਿਸਾਬ ਰੱਖਿਆ ਜਾਵੇ। ਵਿਰੋਧੀ ਧਿਰ ਤਾਂ ਬੋਲ ਹੀ ਨ੍ਹੀਂ ਸਕਦੀ ਕਿਉਂਕਿ ਉਹਨਾਂ ਦੇ ਰਾਜ ਵਿੱਚ ਤਾਂ ਇਸ ਤੋਂ ਵੀ ਘੋਰ ਅਨਰਥ ਹੁੰਦੇ ਸਨ। “ਇਸ ਹਮਾਮ ਵਿੱਚ ਸਾਰੇ ਹੀ ਨੰਗੇ ਹਨ”। ਕਹਿੰਦੇ “ਕਾਹਲ਼ੀ ਅੱਗੇ ਟੋਏ ਹੀ ਟੋਏ”। ਕੇਂਦਰੀ ਯਾਤਾਯਾਤ ਦੇ ਮਹਿਕਮੇ ਨੇ ਪੰਜਾਬ ਦੀਆਂ ਸੜਕਾਂ ਤੇ ਪਏ ਹੋਏ ਖੱਡੇ ਭਰਨ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਕਈ ਲੱਖ ਕਰੋੜ ਰੁਪਏ ਦੇ ਘਪਲੇ ਦੀ ਚੋਰੀ ਫੜੀ ਹੈ। ਲੈਣੇ ਦੇ ਦੇਣੇ ਪੈ ਸਕਦੇ ਹਨ। “ਆਆਪ” ਪਾਰਟੀ ਤੋਂ ਪਹਿਲਾਂ ਦੀ ਸਰਕਾਰ ਤੇ ਵੀ ਸ਼ੱਕ ਦੀ ਸੂਈ ਘੁੰਮ ਸਕਦੀ ਹੈ। ਰਾਜਸੀ ਬੰਦਿਆਂ ਤੇ ਤਲਵਾਰ ਲਟਕਦੀ ਹੀ ਰਹਿੰਦੀ ਹੈ। ਦੇਖੋ ਕੌਣ ਬਣਦਾ ਹੈ “ਬਲੀ ਦਾ ਬੱਕਰਾ” ?
ਜੈ ਮਾਤਾ ਦੀ !

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।

ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleAditya Rikhari’s new love ballad Sunn Mere Yaar Ve is the next song from the highly anticipated Param Sundari
Next articleਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ