ਰਸ਼ਪਿੰਦਰ ਕੌਰ ਗਿੱਲ
(ਸਮਾਜ ਵੀਕਲੀ) “ਪੰਜਾਬਨਾਮਾ ਜੰਗ ਹਿੰਦ ਤੇ ਪੰਜਾਬ (ਵੀਹਵੀਂ ਸਦੀ)” ਕਿਤਾਬ ਦੇ ਜਿਲਦ ਤੋਂ ਹੀ ਪਾਠਕ ਸਮਝ ਜਾਏਗਾ ਕਿ ਡਾ.ਸੁਰਜੀਤ ਸਿੰਘ ਜਰਮਨੀ ਦੀ ਇਹ ਕਿਤਾਬ ਪੰਜਾਬ ਦੇ ਇਤਿਹਾਸ ਉੱਪਰ ਲਿਖੀ ਗਈ ਹੈ। 336 ਪੰਨਿਆਂ ਦੀ ਇਹ ਫਤਹਿਨਾਮਾ ਪਬਲੀਕੇਸ਼ਨ ਰਾਹੀਂ ਛਾਪੀ ਗਈ ਹੈ। ਇਹ ਕਿਤਾਬ ਅੱਜ ਦੀ ਪੀੜੀ ਨੂੰ ਪੰਜਾਬ ਅਤੇ ਸਿੱਖ ਧਰਮ ਦੀ ਹਰ ਉਸ ਤਕਲੀਫ ਨਾਲ ਪਹਿਚਾਣ ਕਰਵਾਏਗੀ ਜੋ ਸ਼ਾਇਦ ਅੱਜ ਦੀ ਪੀੜੀ ਮਹਿਸੂਸ ਨਹੀਂ ਕਰ ਪਾਂਦੀ ਜਾਂ ਕਹਿ ਲਓ ਕਿ ਅੱਜ ਦੀ ਪੀੜੀ ਨੂੰ ਉਨਾਂ ਤਕਲੀਫ਼ਾਂ ਦਾ ਇਹਸਾਸ ਹੀ ਨਹੀਂ ਹੈ ਜਾਂ ਇੰਝ ਕਹਿ ਲਓ ਕਿ ਅੱਜ ਦੀ ਪੀੜੀ ਨੂੰ ਪਤਾ ਹੀ ਨਹੀਂ ਕਿ ਪੰਜਾਬ ਅਤੇ ਸਿੱਖ ਧਰਮ ਨੂੰ ਕਦੋਂ ਤੋਂ ਅਤੇ ਕਿਸ ਤਰਾਂ ਨਾਲ ਖਤਮ ਕਰਣ ਦੇ ਮਨਸੂਬੇ ਘੜੇ ਜਾ ਰਹੇ ਹਨ। ਕੀ ਬੀਤ ਚੁੱਕਾ ਪਤਾ ਹੀ ਨਹੀਂ ਹੈ। ਕਿਉਂਕਿ ਅੱਜ ਦੀ ਪੀੜੀ ਨੂੰ ਨਾ ਤਾਂ ਘਰ ਵਿੱਚ ਹੀ ਪੰਥ ਅਤੇ ਪੰਜਾਬ ਦੀ ਗੱਲ ਸੁਨਣ ਨੂੰ ਮਿਲਦੀ ਹੈ ਅਤੇ ਨਾ ਹੀ ਸਕੂਲਾਂ ਵਿੱਚ ਪੰਜਾਬ ਦੇ ਅਸਲ ਇਤਿਹਾਸ ਨੂੰ ਪੜਾਇਆ ਜਾ ਰਿਹਾ ਹੈ। ਭੂਮਿਕਾ ਵਿੱਚ ਹੀ ਲੇਖਕ ਪਾਠਕ ਨੂੰ ਵਂਗਾਰ ਕੇ ਉਸ ਅੰਦਰ ਦੇ ਪੰਜਾਬੀ ਜਜ਼ਬੇ ਨੂੰ ਜਗਾਉਣ ਦੀ ਕੋਸ਼ਸ਼ ਕਰਦਾ ਹੈ ਤਾਂ ਜੋ ਇਸ ਕਿਤਾਬ ਨੂੰ ਪੜਣ ਵਾਲਾ ਕਿਤਾਬ ਦੀ ਜ਼ਿਲਦ ਤੋਂ ਲਾਏ ਆਪਣੇ ਅੰਦਾਜੇ ਨੂੰ ਇੱਕ ਪਾਸੇ ਰੱਖ ਕੇ ਇਸ ਕਿਤਾਬ ਨੂੰ ਲੇਖਕ ਦੀ ਨਜ਼ਰ ਨਾਲ ਪੜੇ। ਮੈਨੂੰ ਇੰਝ ਮਹਿਸੂਸ ਹੋਇਆ ਕਿ ਲੇਖਕ ਚਾਹੁੰਦਾ ਹੈ ਕਿ ਉਸ ਦਾ ਪਾਠਕ ਉਸ ਦੀ ਇਸ ਕਿਤਾਬ ਨੂੰ ਸਿਰਫ ਪੜੇ ਨਾ, ਬਲਕਿ ਇਸ ਕਿਤਾਬ ਵਿੱਚਲੇ ਤੱਥਾਂ ਉੱਤੇ ਭਰਪੂਰ ਚਰਚਾ ਕਰੇ। ਵਿਸ਼ੇਸ਼ ਨੋਟ ਵਿੱਚ ਤਾਂ ਲੇਖਕ ਨੇ ਬ੍ਰਾਹਮੰਡ ਦੀ ਭਗੋਲਿਕ ਸਥਿਤੀ ਵਾਂਗ ਪੰਜਾਬ ਦੀ ਰਾਜਨੀਤਿਕ, ਧਾਰਮਿਕ ਅਤੇ ਆਰਥਿਕ ਸਥਿਤੀ ਦਾ ਹੀ ਚਿਤਰਣ ਉਲੀਕ ਛੱਡਿਆ ਹੈ ਅਤੇ ਸਿੱਧੇ ਅਤੇ ਅਸਿੱਧੇ ਤੌਰ ਤੇ ਇਸ ਸਥਿਤੀ ਦੇ ਲਈ ਜੋ ਜ਼ਿੰਮੇਵਾਰ ਹਨ ਉਨਾਂ ਸਿਆਸੀ ਧਿਰਾਂ ਦਾ ਵੀ ਖੁੱਲ ਕੇ ਖੁਲਾਸਾ ਕੀਤਾ ਹੈ। ਖਾਲਿਸਤਾਨ ਦੀ ਮੰਗ ਜਾਇਜ਼ ਜਾਂ ਨਜਾਇਜ਼ ਲੇਖ ਵਿੱਚ ਤਾਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਲੇਖਕ ਸੁੱਤੀ ਹੋਈ ਸਿੱਖ ਕੌਮ ਨੂੰ ਯਹੂਦੀਆਂ ਦੀ ਉਦਾਹਰਣ ਦੇ ਕੇ ਜਗਾ ਰਿਹਾ ਹੋਵੇ ਅਤੇ ਉਨਾਂ ਅੰਦਰਲੇ ਪਾਣੀ ਹੋ ਰਹੇ ਖੂਨ ਨੂੰ ਉਬਾਲਾ ਖਾਣ ਲਈ ਲਲਕਾਰ ਰਿਹਾ ਹੋਵੇ, ਕਿ ਸਮੇਂ ਰਹਿੰਦੇ ਦੇਸ਼ ਖਾਲਿਸਤਾਨ ਦੀ ਹੋਂਦ ਨੂੰ ਸਵਿਕਾਰ ਲਉ ਨਹੀਂ ਤਾਂ ਭਾਰਤੀ ਨਿਜ਼ਾਮ ਕਦੋਂ ਨਾਜੀਆਂ ਵਾਲੇ ਵਰਤਾਰੇ ਨੂੰ ਅਪਣਾ ਲਵੇ ਅਤੇ ਸਿੱਖ ਕੌਮ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲੇ। ਪ੍ਰਗਟਿਉ ਖ਼ਾਲਸਾ ਪਰਮਾਤਮ ਕੀ ਮੋਜ ਵਿੱਚ ਖ਼ਾਲਸਾ ਪੰਥ ਦੇ ਸਿਰਜਣ ਨੂੰ ਲੇਖਕ ਨੇ ਆਪਣੇ ਸ਼ਬਦਾਂ ਵਿੱਚ ਬਾਖੂਬੀ ਬਿਆਨ ਕੀਤਾ ਹੈ। ਗਿਆਨ ਬਨਾਮ ਜਾਣਕਾਰੀ ਲੇਖ ਵਿੱਚ ਲੇਖਕ ਦਾ ਇੱਕ ਵਿਲੱਖਣ ਅੰਦਾਜ਼ ਝਲਕਦਾ ਹੈ। ਜਿਵੇਂ ਉਹ ਪਾਠਕ ਦੇ ਕੋਲ ਬੈਠ ਕੇ ਉਸ ਨੂੰ ਅੱਜ ਦੇ ਇਨਸਾਨ ਦੇ ਵਿਚਾਰਾਂ ਦੀ ਹਕੀਕਤ ਬਿਆਨ ਕਰ ਰਿਹਾ ਹੋਵੇ। ਅੱਜ ਦੀ ਵਿੱਦਿਆ ਪ੍ਰਣਾਲੀ ਦਾ ਤਾਂ ਲੇਖਕ ਨੇ ਖੁੱਲ ਕੇ ਵਿਰੋਧ ਕੀਤਾ ਹੈ, ਜਿਸ ਨਾਲ ਮੈਂ ਬਿਲਕੁਲ ਸਹਿਮਤ ਹਾਂ। ਸੰਨ 1947 ਦੇ ਫਾਂਸੀ ਵਾਲੇ ਸ਼ਹੀਦਾਂ ਦਾ ਸੁਨੇਹਾ ਇੱਕ ਰਚਨਾ ਰਾਹੀਂ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਗਦਰੀ ਬਾਬੇ ਜੋ ਸੋਚ ਲੈ ਕੇ ਵਿਦੇਸ਼ ਤੋਂ ਵਾਪਸ ਆਏ ਸੀ, ਉਹ ਸੀ ਉਨਾਂ ਦੇ ਦੇਸ਼ ਪੰਜਾਬ ਨੂੰ ਅਜ਼ਾਦ ਕਰਵਾਉਣਾ। ਪਰ ਇਹ ਨਹੀਂ ਸੀ ਪਤਾ ਕਿ ਉਨਾਂ ਦੇ ਸੰਘਰਸ਼ ਨਾਲ ਹਿੰਦੂ ਅਤੇ ਮੁਸਲਮਾਨ ਤਾਂ ਅਜ਼ਾਦ ਹੋ ਜਾਣਗੇ, ਪਰ ਸਿੱਖ ਕੌਮ ਦੋ ਦੇਸ਼ਾਂ ਵਿੱਚ ਗੁਲਾਮ ਹੀ ਬਣ ਕੇ ਰਹਿ ਜਾਵੇਗੀ।
ਲੇਖਕ ਇਸ ਲੇਖ ਵਿੱਚ ਸਿੱਖ ਕੌਮ ਨੂੰ ਗੱਦਰੀ ਬਾਬਿਆਂ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਣ ਲਈ ਆਵਾਜ਼ ਲਗਾਉੰਦਾ ਦਿੱਖ ਰਿਹਾ ਹੈ। ਬੱਬਰ ਅਕਾਲੀ ਲੇਖ ਪੜ ਕੇ ਇੰਝ ਲੱਗ ਰਿਹਾ ਕੀ ਲੇਖਕ ਕੁੱਝੇ ਵਿੱਚ ਸਮੁੰਦਰ ਨੂੰ ਇੱਕਠਾ ਕਰਣ ਦੀ ਸਮਰੱਥਾ ਰੱਖਦਾ ਹੈ। ਜੈਤੋਂ ਦਾ ਮੋਰਚਾ ਲੇਖ ਵਿੱਚ ਲੇਖਕ ਨੇ ਦੇਸ਼-ਵਿਦੇਸ਼ ਦੇ ਸਿੱਖਾਂ ਦੀ ਇੱਕ ਸਾਲ ਅਤੇ ਦਸ ਮਹੀਨੇ ਦੀ ਅਣਥੱਕ ਘਾਲਣਾ ਅਤੇ ਸ਼ਹਾਦਤਾਂ ਨੂੰ ਜੋ ਬਿਆਨ ਕੀਤਾ ਹੈ ਉਸ ਨਾਲ ਸ਼ਹੀਦਾਂ ਦੇ ਸਤਿਕਾਰ ਵਜੋਂ ਪਾਠਕਾਂ ਦਾ ਸਿਰ ਲਾਜ਼ਮੀ ਝੁਕੇਗਾ। ਪਰ ਜੈਤੋਂ ਦੇ ਇੰਨੇ ਵੱਡੇ ਮੋਰਚੇ ਦੇ ਕਾਰਣ ਅਤੇ ਨਾਭੇ ਦਾ ਰਾਜ-ਪਾਟ ਦਾ ਸਵਾਲ ਇਸ ਲੇਖ ਦੇ ਅੰਤ ਵਿੱਚ ਪਾਠਕ ਨੂੰ ਜ਼ਰੂਰ ਬਹੁਤ ਕੁਝ ਸੋਚਣ ਤੇ ਮਜਬੂਰ ਵੀ ਕਰੇਗਾ। ਚਾਬੀਆਂ ਦਾ ਮੋਰਚਾ ਲੇਖ ਪੜ ਕੇ ਪਾਠਕਾਂ ਨੂੰ ਸਮਝ ਆਏਗਾ ਕਿ ਸਿੱਖ ਕੌਮ ਦੀ ਹੋਂਦ ਦੀ ਲੜਾਈ ਹੁਣ ਦੀ ਨਹੀਂ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ। ਬੱਸ ਖਾਲਸਾ ਰਾਜ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਖੜੋਤ ਸਿੱਖਾਂ ਦੇ ਖੁਦ ਦੇ ਦੋਹਰੇ ਮਾਪਦੰਡ ਕਰਕੇ ਆਈ ਹੈ। ਸਾਕਾ ਨਨਕਾਨਾ ਸਾਹਿਬ ਪੜ ਕੇ ਪਾਠਕ ਕੌਮ ਦੇ ਗੱਦਾਰਾਂ ਨੂੰ ਜੇਕਰ ਲਾਹਨਤਾਂ ਨਾ ਪਾਵੇ ਤਾਂ ਸ਼ਾਇਦ ਉਸ ਨੇ ਇਸ ਕਿਤਾਬ ਨੂੰ ਸਮਝਿਆ ਹੀ ਨਹੀਂ। ਲੇਖਕ ਇਸ ਕਿਤਾਬ ਰਾਹੀਂ ਜੋ ਸੁਨੇਹਾ ਅੱਜ ਦੀ ਪੀੜੀ ਨੂੰ ਦੇਣਾ ਚਾਹੁੰਦਾ ਹੈ ਉਹ ਸ਼ਾਇਦ ਪਾਠਕ ਇਸ ਲੇਖ ਤੱਕ ਆਉਂਦਿਆਂ ਤੱਕ ਸਮਝ ਜਾਵੇਗਾ। ਗੁਰਦੁਆਰਾ ਸਾਹਿਬ ਲਹਿਰ ਅਤੇ ਗੁਰੂ ਕੇ ਬਾਗ ਦਾ ਮੋਰਚਾ ਲੇਖ ਵਿੱਚ ਸਿੰਘਾ ਦਾ ਕੌਮੀ ਜਜ਼ਬਾ, ਸ਼ਹਾਦਤਾਂ ਦਾ ਨਸ਼ਾ ਅਤੇ ਸੇਵਾ ਭਾਵਨਾ ਬਾਰੇ ਪੜਣ ਨੂੰ ਮਿਲਦਾ ਹੈ। ਸਰਦਾਰ ਕਰਤਾਰ ਸਿੰਘ ਸਰਾਭਾ ਜੀ ਬਾਰੇ ਲਿਖਦਾ ਹੋਇਆ ਲੇਖਕ ਇਹ ਸਪੱਸ਼ਟ ਕਰ ਰਿਹਾ ਹੈ ਕਿ ਉਨਾਂ ਦਾ ਸੰਘਰਸ਼ ਅਤੇ ਗੱਦਰੀ ਬਾਬਿਆਂ ਦਾ ਸੰਘਰਸ਼ ਦੇਸ਼ ਪੰਜਾਬ ਨੂੰ ਅਜ਼ਾਦ ਕਰਵਾਉਣਾ ਸੀ, ਨਾ ਕਿ ਭਾਰਤ ਨੂੰ। ਸਰਦਾਰ ਭਗਤ ਸਿੰਘ ਲੇਖ ਅਤੇ ਸਰਦਾਰ ਉੱਧਮ ਸਿੰਘ ਲੇਖ ਵਿੱਚ ਲੇਖਕ ਨੇ ਨੋਜਵਾਨਾਂ ਦੇ ਅੰਦਰ ਵੱਧ ਰਹੀ ਨਸ਼ੇ ਦੀ ਲੱਤ ਨੂੰ ਲਾਹਨਤ ਪਾਉਂਦੇ ਹੋਏ ਸਿੱਖ ਕੌਮ ਦੀ ਆਜ਼ਾਦੀ ਲਈ ਜਜ਼ਬਾ ਪੈਦਾ ਕਰਣ ਦੀ ਕੋਸ਼ਸ਼ ਕੀਤੀ ਹੈ। ਪੰਜਾਬ ਦਾ ਬਟਵਾਰਾ ਲੇਖ ਵਿੱਚ ਲੇਖਕ ਸਾਫ ਅਤੇ ਸਪੱਸ਼ਟ ਸ਼ਬਦਾਂ ਵਿੱਚ ਦੱਸ ਰਿਹਾ ਹੈ ਕਿ ਕਿਸ ਤਰਾਂ 1947 ਵਿੱਚ ਹਿੰਦੋਸਤਾਨ ਪਾਕਿਸਤਾਨ ਦੋ ਦੇਸ਼ ਨਹੀਂ ਸਨ ਅਜ਼ਾਦ ਹੋਏ, ਬਲਕਿ ਪੰਜਾਬ ਦੇਸ਼ ਨੂੰ ਕਿਸ ਤਰਾਂ ਦੋ ਹਿੱਸਿਆਂ ਵਿੱਚ ਵੰਡ ਕੇ ਸਿੱਖ ਕੌਮ ਨੂੰ ਦੋਹਾਂ ਦੇਸ਼ਾਂ ਨਾ ਗੁਲਾਮ ਬਣਾਇਆਂ ਗਿਆ ਸੀ। ਪੰਜਾਬੀ ਸੂਬਾ ਮੋਰਚਾ ਲੇਖ ਵਿੱਚ ਲੇਖਕ ਨੇ ਘੱਟ ਸ਼ਬਦਾਂ ਵਿੱਚ ਪੰਜਾਬ, ਪੰਜਾਬੀ ਬੋਲੀ ਅਤੇ ਸਿੱਖੀ ਨੂੰ ਖਤਮ ਕਰਣ ਦੀਆਂ ਹਿੰਦੂਤਵੀਆਂ ਦੀਆਂ ਸਾਜ਼ਿਸ਼ਾਂ ਨੂੰ ਸਿੱਧੇ ਤੌਰ ਤੇ ਸਬੂਤਾਂ ਸਮੇਤ ਉਜਾਗਰ ਕੀਤਾ ਹੈ। ਪਾਣੀਆਂ ਦਾ ਮੁੱਦਾ ਲੇਖ ਬਾਰੇ ਜੇਕਰ ਮੈਂ ਕਹਾਂ ਕਿ ਲੇਖਕ ਨੇ ਤਾਂ ਸਰਕਾਰਾਂ ਦੇ ਪੰਜਾਬ ਦੇਸ਼ ਨੂੰ ਮੁੱਢ ਤੋਂ ਖਤਮ ਕਰਣ ਦੇ ਮਨਸੂਬਿਆਂ ਨੂੰ ਬਿਲਕੁਲ ਨੰਗਾ ਕਰਕੇ ਰੱਖ ਦਿੱਤਾ ਹੈ ਤਾਂ ਕੋਈ ਅੱਤਕੱਥਣੀ ਨਹੀਂ ਹੋਵੇਗੀ। ਲੇਖਕ ਨੇ ਪਾਣੀਆਂ ਦੀ ਤਕਲੀਫ ਸਿਰਫ ਸਿਆਸੀ ਪੱਖੋਂ ਨਹੀ ਉਜਾਗਰ ਕੀਤੀ, ਬਲਕਿ ਜੋ ਬਚਪਨ ਤੋਂ ਲੈ ਕੇ ਹੁਣ ਤੱਕ ਉਸਨੇ ਜੋ ਪਾਣੀ ਦੀ ਗਿਰਾਵਟ ਨੂੰ ਆਪਣੇ ਘਰ, ਆਪਣੇ ਦੇਸ਼ ਪੰਜਾਬ ਵਿੱਚ ਖੁਦ ਹੱਡੀਂ ਹੰਡਾਇਆ ਹੈ ਉਸ ਦੇ ਅਧਾਰਿਤ ਹੀ ਬਿਆਨ ਕੀਤਾ ਹੈ। ਐਮਰਜੈਂਸੀ ਲੇਖ ਵਿੱਚ ਤਾਂ ਇੰਦਰਾ ਗਾਂਧੀ ਦਾ ਪੋਸਟਮਾਰਟਮ ਡਾ.ਸਾਹਿਬ ਨੇ ਤਸੱਲੀ ਨਾਲ ਕੀਤਾ ਹੈ। ਸਿਰਫ ਇੰਦਰਾ ਗਾਂਧੀ ਹੀ ਨਹੀਂ ਬਲਕਿ ਭਾਰਤ ਸਰਕਾਰ ਦੇ ਹਰ ਕਨੂੰਨ ਦਾ ਵੀ ਚੀੜ-ਫਾੜ ਕਰਕੇ ਰੱਖ ਦਿੱਤਾ ਹੈ। ਲੇਖਕ ਸਰਲ ਭਾਸ਼ਾ ਵਿੱਚ ਸਮਝਾ ਰਿਹਾ ਹੈ ਕਿ ਕਿਸ ਤਰਾਂ ਇੱਥੋਂ ਦੀ ਜਨਤਾ ਨੂੰ ਗੁਲਾਮ ਬਨਾਉਣ ਲਈ ਸਵਿਧਾਨ ਨੂੰ ਹੀ ਵਰਤਿਆ ਜਾ ਰਿਹਾ ਹੈ। ਸਾਰਾ ਚਿੱਠਾ ਹੀ ਖੋਲ ਕੇ ਲੇਖਕ ਨੇ ਪਾਠਕਾਂ ਅੱਗੇ ਰੱਖ ਦਿੱਤਾ ਹੈ। 1978 ਦਾ ਸਾਕਾ ਲੇਖ ਵਿੱਚ ਲੇਖਕ ਨੇ ਅੱਜ ਦੀ ਸਿੱਖ ਪੀੜੀ ਨੂੰ ਸਮਝਾਉਣ ਦੀ ਕੋਸ਼ਸ਼ ਕੀਤੀ ਹੈ ਕਿ ਕਿਸ ਤਰਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮਿਲਕੇ ਸਿੱਖ ਧਰਮ ਨੂੰ ਖਤਮ ਕਰਣ ਲਈ ਸਮੇਂ-ਸਮੇਂ ਤੇ ਯੋਜਨਾਬੱਧ ਸਾਜ਼ਿਸ਼ਾਂ ਰੱਚ ਕੇ ਸ਼ਰੇਆਮ ਸਿੱਖਾਂ ਦਾ ਕਤਲ ਕਰਦੇ ਅਤੇ ਕਰਵਾਉਂਦੇ ਰਹੇ ਹਨ। ਨਿਰੰਕਾਰੀ ਮੁਖੀ ਦਾ ਕਤਲ ਲੇਖ ਅਤੇ ਧਰਮ ਯੁੱਧ ਮੋਰਚਾ ਕਿਉਂ? ਲੇਖ ਵਿੱਚ ਲੇਖਕ ਨੇ ਸਿੱਖ ਕੌਮ ਦਾ ਜੋ ਕਤਲੇਆਮ ਸਰਕਾਰ ਅਤੇ ਪੁਲਿਸ ਅਤੇ ਫੌਜ ਵੱਲੋਂ ਕੀਤਾ ਗਿਆ, ਬਹੁਤ ਹੀ ਘੱਟ ਸ਼ਬਦਾਂ ਅਤੇ ਸਪੱਸ਼ਟ ਭਾਸ਼ਾ ਵਿੱਚ ਦੱਸਿਆ ਹੈ। “ਸਵਾ ਲਾਖ ਸੇ ਏਕ ਲੜਾਉਂ” ਲੇਖ ਵਿੱਚ ਲੇਖਕ ਕੌਮ ਨੂੰ ਸਮਝਾਉਣਾ ਚਾਹੁੰਦਾ ਹੈ ਕਿ ਦਸਮ ਪਾਤਸ਼ਾਹ ਦੇ ਬਚਨ ਇਸ ਲਈ ਸੀ ਕਿ ਉਹ ਆਪਣੇ ਹਰ ਸਿੰਘ ਨੂੰ ਇਸ ਤਰਾਂ ਤਿਆਰ ਕਰ ਰਹੇ ਸਨ ਕੀ ਜੰਗ ਵਿੱਚ ਇੱਕਲਾ ਸਿੰਘ ਵੀ ਕਈ ਸੈਨਿਕਾਂ ਤੇ ਭਾਰੂ ਪਏ। ਬੇਸ਼ੱਕ ਉਸ ਸਮੇਂ ਹੋਇਆ ਵੀ ਇਸ ਤਰਾਂ ਹੀ ਅਤੇ ਅੱਜ ਵੀ ਇਹ ਵਰਤਾਰਾ ਗੁਰੂ ਦੀ ਲਾਡਲੀ ਫੌਜ ਵਿੱਚ ਝਲਕਦਾ ਹੈ। ਇਸ ਲਈ ਹੀ ਜ਼ਾਲਮ ਸਰਕਾਰਾਂ ਅਤੇ ਪ੍ਰਸ਼ਾਸਨ ਸਿੱਖ ਕੌਮ ਨੂੰ ਨਿਸ਼ਾਨਾ ਬਨਾਉਣ ਲਈ ਪਹਿਲਾਂ ਉਸਨੂੰ ਇੱਕਲਾ ਕਰਦੀ ਹੈ, ਫਿਰ ਹਜ਼ਾਰਾਂ ਦੀ ਤਾਦਾਦ ਵਿੱਚ ਸਿੱਖਾਂ ਦਾ ਸ਼ਿਕਾਰ ਕਰਦੀ ਹੈ। ਇੱਥੇ ਇੱਕਲਾ ਕਰਣ ਤੋਂ ਮੇਰਾ ਭਾਵ ਸਿੱਖ ਕੌਮ ਵਿੱਚ ਇੱਕਜੁੱਟਤਾ ਦਾ ਨਾ ਹੋਣਾ ਅਤੇ ਆਪਣੇ ਖਾਲਿਸਤਾਨ ਦੇਸ਼ ਲਈ ਸੰਘਰਸ਼ਸ਼ੀਲ ਨਾ ਹੋਣਾ ਹੈ। ਤੀਜਾ ਘੱਲੂਘਾਰਾ ਲੇਖ ਵਿੱਚ ਬੇਸ਼ੱਕ ਉਹ ਹੀ ਲਿਖਿਆ ਹੈ ਜੋ ਸਾਨੂੰ ਸਭ ਨੂੰ ਪਤਾ ਹੀ ਹੈ। ਪਰ ਪੜ ਕੇ ਰੂਹ ਜਰੂਰ ਤੜਫਦੀ ਹੈ ਅਤੇ ਭਾਰਤ ਸਰਕਾਰ ਨਾਲ ਨਫਰਤ ਹੋ ਜਾਂਦੀ ਹੈ। ਜਿੱਥੇ ਸ਼ਰੇਆਮ ਸਿਰਫ ਸਿੱਖਾਂ ਦਾ ਘਾਨ ਕੀਤਾ ਗਿਆ ਅਤੇ ਅਜੇ ਤੱਕ ਸਿੱਖ ਕੌਮ ਗੁਲਾਮ ਹੈ। ਅਬਦਾਲੀ ਦੀ ਰੂਹ ਲੇਖ ਵਿੱਚ ਲੇਖਕ ਦੱਸਦਾ ਹੈ ਕਿ ਇੱਕ ਅਫਗਾਨੀ ਬਜ਼ੁਰਗ ਕਹਿੰਦਾ ਹੈ ਕਿ ਇੰਦਰਾ ਅਬਦਾਲੀ ਦਾ ਹੀ ਦੂਸਰਾ ਜਨਮ ਸੀ। ਮੈਂ ਵੀ ਇਸ ਗੱਲ ਨੂੰ ਮੰਨਦੀ ਹਾਂ ਕਿ ਰੂਹਾਂ ਮੁੜ ਧਰਤੀ ਤੇ ਜਨਮ ਲੈਂਦੀਆਂ ਹਨ ਅਤੇ ਪਿਛਲੇ ਜਨਮ ਦੇ ਅਧੂਰੇ ਕੰਮ ਅਗਲੇ ਜਨਮ ਵਿੱਚ ਪੂਰੇ ਕਰਦੀਆਂ ਹਨ।
31 ਅਕਤੂਬਰ ਨੂੰ ਯੂਰਪ ਵਿੱਚ ਹੈਲੋਵਿਨ ਡੇ ਕਿਉਂ ਮਨਾਉਂਦੇ ਨੇ ਮੈਂਨੂੰ ਨਹੀ ਸੀ ਪਤਾ, ਪਰ ਡਾ.ਸਾਹਿਬ ਨੇ ਬਦੀ ਦਾ ਅੰਤ ਲੇਖ ਵਿੱਚ ਸਮਝਾ ਦਿੱਤਾ ਹੈ। ਡਾ.ਸਾਹਿਬ ਦੀ ਇਸ ਗੱਲ ਨਾਲ ਵੀ ਮੈਂ ਬਿਲਕੁਲ ਸਹਿਮਤ ਹਾਂ ਕਿ ਅਕਾਲ ਪੁਰਖ ਖੁਦ ਚੁਣਦਾ ਹੈ ਕਿ ਉਸ ਨੇ ਆਪਣੇ ਕਿਸ ਪਿਆਰੇ ਕੋਲ਼ੋਂ ਕੀ ਸੇਵਾ ਲੈਣੀ ਹੈ। ਜਿਸ ਤਰਾਂ 31 ਅਕਤੂਬਰ 1984 ਨੂੰ ਚਾਰ ਯੋਧਿਆਂ ਕੋਲ਼ੋਂ ਸੇਵਾ ਲਈ। ਆਪਰੇਸ਼ਨ ਵੁੱਡ ਰੋਜ਼ ਦਾ ਅਸਲ ਮਤਲਬ ਕੀ ਸੀ ਉਹ ਵੀ ਲੇਖਕ ਨੇ ਬਹੁਤ ਘੱਟ ਸ਼ਬਦਾਂ ਵਿੱਚ ਸਪੱਸ਼ਟ ਕੀਤਾ ਹੈ। ਸਿੱਖ ਨਸਲਕੁਸ਼ੀ ਨਵੰਬਰ 1984 ਲੇਖ ਵਿੱਚ ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਕਿਸ ਤਰਾਂ ਸਾਰੇ ਸਬੂਤ ਸਾਹਮਣੇ ਹੋਣ ਦੇ ਕਾਰਣ ਵੀ ਅੱਜ ਤੱਕ ਦਿੱਲੀ ਦੇ ਕਤਲੇਆਮ ਦੇ ਪੀੜਿਤ ਪਰਿਵਾਰਾਂ ਨੂੰ ਇਨਸਾਫ਼ ਨਾ ਮਿਲਣ ਦਾ ਅਸਲ ਕਾਰਣ ਕੀ ਹੈ। ਅਪ੍ਰੇਸ਼ਨ ਬਲੈਕ ਥੰਡਰ ਲੇਖ ਵਿੱਚ ਲੇਖਕ ਸਾਫ ਦੱਸਦਾ ਹੈ ਕਿ ਕਿਸ ਤਰਾਂ ਨਾਲ ਜ਼ਾਲਮ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਸਿੱਖ ਕੌਮ ਦਾ ਸ਼ਿਕਾਰ ਖੇਡਦੇ ਰਹੇ ਹਨ। ਜਰਨਲ ਵੈਦਿਆ ਕਤਲ ਕਾਂਡ ਦੀ ਰੂਪ ਰੇਖਾ ਬਦਲ ਕੇ ਜੋ ਅੱਜ ਕੱਲ ਦੇ ਸਰਕਾਰੀ ਪਾਲਤੂ ਕੁੱਤੇ ਭੌਂਕਦੇ ਹਨ, ਉਸਦੀ ਅਸਲ ਸੱਚਾਈ ਵੀ ਲੇਖਕ ਨੇ ਸਪੱਸ਼ਟ ਕੀਤੀ ਹੈ। ਬੇਅੰਤ ਸਿੰਹੁ ਕਤਲ ਕਾਂਡ ਵਿੱਚ ਕੌਮੀ ਯੋਧਿਆਂ ਦੀ ਦਲੇਰੀ ਤੇ ਕੁਰਬਾਨੀ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ। ਅੱਜ ਪੰਜਾਬ ਦੇ ਆਰਥਿਕ ਸੰਕਟ ਨੂੰ ਵੀ ਲੇਖਕ ਨੇ ਇਸ ਕਿਤਾਬ ਵਿੱਚ ਉਜਾਗਰ ਕੀਤਾ ਹੈ। ਮੈਂ ਸਮਝਦੀ ਹਾਂ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬ ਲਈ ਜਹਿਰੀਲੇ ਨਸ਼ੇ ਤੋਂ ਘੱਟ ਨਹੀਂ ਹੈ। ਜੋ ਕਿ ਪੰਜਾਬ ਦਾ, ਪੰਜਾਬਿਅਤ ਦਾ, ਪੰਜਾਬੀ ਵਿਰਸੇ ਦਾ ਅਤੇ ਪੰਜਾਬੀ ਭਾਸ਼ਾ ਦਾ ਘਾਣ ਕਰ ਰਹੇ ਹਨ। ਇਸ ਵਿਸ਼ੇ ਉੱਤੇ ਵੀ ਲੇਖਕ ਨੇ ਖੁੱਲ ਕੇ ਤੱਥਾਂ ਦੇ ਅਧਾਰ ਦੇ ਆਪਣੇ ਵਿਚਾਰ ਰੱਖੇ ਹਨ। ਸੰਤ ਜਰਨੈਲ ਸਿੰਘ ਖ਼ਾਲਸਾ ਜੀ ਬਾਰੇ ਸ਼ਾਇਦ ਹੀ ਕੋਈ ਸਿੱਖ ਹੋਵੇਗਾ ਜੋ ਨਹੀਂ ਜਾਣਦਾ, ਪਰ ਲੇਖਕ ਨੇ ਸੰਤਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਲਿਖਦੇ ਇੱਕ ਤੁੱਕ ਲਿਖੀ ਜੋ ਦਿਲ ਨੂੰ ਟੁੰਬਦੀ ਵੀ ਹੈ ਅਤੇ ਸਮੁੱਚੀ ਸਿੱਖ ਕੌਮ ਨੂੰ ਇੱਕ ਸੁਨੇਹਾ ਵੀ ਦਿੰਦੀ ਹੈ। ਉਹ ਤੁੱਕ ਹੈ “ਸੰਤ ਜੀ ਅੱਜ ਵੀ ਸਿੱਖ ਕੌਮ ਦੇ ਦਿਲਾਂ ਵਿੱਚ ਚੌਂਕੜਾ ਮਾਰ ਕੇ ਬੈਠੇ ਹਨ” ਇਹ ਸਿਰਫ ਇੱਕ ਤੁੱਕ ਨਹੀਂ ਇਹ ਇੱਕ ਬਹੁਤ ਵੱਡਾ ਇਸ਼ਾਰਾ ਹੈ। ਕਿਤਾਬ ਦੇ ਅੰਤ ਵੱਲ ਵੱਧਦੇ ਹੋਏ ਪਾਠਕਾਂ ਦੀ ਸੋਚ ਨੂੰ ਸਿੱਖ ਕੌਮ ਅਤੇ ਦੇਸ਼ ਪੰਜਾਬ ਦੀ ਹੋਂਦ ਨੂੰ ਬਚਾਉਣ ਵੱਲ ਇਸ਼ਾਰਾ ਕੀਤਾ ਹੈ। ਕਿਤਾਬ ਦੇ ਅੰਤ ਵਿੱਚ ਦੋ ਲੇਖ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਸ਼ਹੀਦ ਭਾਈ ਸ਼ਬੇਗ ਸਿੰਘ ਜੀ ਦੇ ਹਨ, ਜਿੰਨਾਂ ਨੇ ਆਪਣੀ ਜ਼ਿੰਦਗੀ ਸਮੁੱਚੀ ਸਿੱਖ ਕੌਮ ਦੀ ਚੜਦੀ ਕਲਾ ਲਈ ਕੁਰਬਾਨ ਕਰ ਦਿੱਤੀ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਪਾਠਕ ਇਸ ਕਿਤਾਬ ਨੂੰ ਪੜਦੇ ਸਮੇਂ ਜ਼ਰਾ ਜਿੰਨਾਂ ਵੀ ਬੋਰ ਨਹੀਂ ਹੋਣਗੇ ਅਤੇ ਇਸ ਕਿਤਾਬ ਨੂੰ ਇੱਕ ਸਾਰ ਹੀ ਪੜ੍ਹਦਾ ਜਾਣਗੇ। ਕਿਉਂਕਿ ਲੇਖਕ ਦਾ ਹਰ ਲੇਖ ਅੱਜ ਦੀ ਪੀੜੀ ਨੂੰ ਦੇਸ਼ ਪੰਜਾਬ ਦੇ ਅਤੇ ਸਿੱਖ ਇਤਿਹਾਸ ਦੇ ਪਿਛੋਕੜ ਨਾਲ ਮਿਲਾਉਂਦਾ ਹੈ, ਪਰ ਅੱਜ ਦੇ ਤੱਥਾਂ ਨੂੰ ਨਾਲ ਜੋੜਕੇ। ਜਿਸ ਨਾਲ ਪਾਠਕ ਨੂੰ ਇਹ ਬਹੁਤ ਆਸਾਨੀ ਨਾਲ ਸਮਝ ਆਏਗਾ ਕਿ ਅੱਜ ਦੀ ਪੀੜੀ ਜੋ ਵੀ ਮੁਸ਼ਕਿਲਾਂ ਨੂੰ ਝੇਲ ਰਹੀ ਹੈ, ਉਹ ਸਭ ਸੋਚੀ ਸਮਝੀ ਹਿੰਦੂਤਵੀ ਅਨਸਰਾਂ ਦੀ ਯੋਜਨਾ ਹੈ। ਹਿੰਦੂਤਵੀ ਅਨਸਰ ਜੋਕ ਵਾਂਗ ਪੰਜਾਬ ਅਤੇ ਸਿੱਖਾਂ ਨੂੰ ਝੰਬੜ ਚੁੱਕੇ ਹਨ। ਹਿੰਦੂਤਵੀ ਅਨਸਰ ਹੌਲੀ-ਹੌਲੀ ਖੂਨ ਨਹੀਂ ਚੂਸ ਰਹੇ ਬਲਕਿ ਹਰ ਸਦੀ ਵਿੱਚ ਨਵੇਂ ਹੱਥਕੰਡੇ ਅਪਣਾ ਕੇ ਦੇਸ਼ ਪੰਜਾਬ, ਪੰਜਾਬੀ ਵਿਰਸੇ ਅਤੇ ਸਿੱਖਾਂ ਦੀ ਹੋਂਦ ਨੂੰ ਖਤਮ ਕਰ ਰਹੇ ਹਨ। 75% ਤਾਂ ਕਾਮਯਾਬ ਹੋ ਚੁੱਕੇ ਹਨ, ਬੱਸ 25% ਡਾ. ਸੁਰਜੀਤ ਸਿੰਘ ਜਰਮਨੀ ਵਰਗੇ ਖੋਜਕਾਰ ਲੇਖਕ ਸਿੱਖ ਕੌਮ ਨੂੰ ਜਾਗਦੇ ਰਹੋ ਦਾ ਹੌਕਾ ਦੇ ਕੇ ਬਚਾ ਰਹੇ ਹਨ। ਇਸ ਕਿਤਾਬ ਰਾਹੀਂ ਲੇਖਕ ਨੇ ਇਹ ਸਾਫ ਕੀਤਾ ਹੈ ਕਿ ਜਿਹੜੀ ਵੀ ਹਿੰਦੂਤਵੀ ਜਮਾਤ ਸਰਕਾਰ ਵਿੱਚ ਕਾਬਜ਼ ਹੁੰਦੀ ਹੈ, ਉਸ ਦਾ ਮੰਤਵ ਸਿਰਫ ਤੇ ਸਿਰਫ ਲੋਕਤੰਤਰ ਨੂੰ ਛਿੱਕੇ ਟੰਗ ਕੇ ਆਪਣੇ ਗਿਣੇ-ਚੁਣੇ ਪਰਿਵਾਰਾਂ ਲਈ ਰਾਜ-ਪਾਟ ਕਾਇਮ ਕਰਣਾ ਹੈ ਅਤੇ ਬਾਕੀ ਦੇ ਸਾਰੇ ਧਰਮਾਂ ਨੂੰ ਆਪਣੇ ਗ਼ੁਲਾਮ ਬਣਾ ਕੇ ਰੱਖਣਾ ਹੈ। ਇੰਨਾਂ ਹਿੰਦੂਤਵੀ ਸਿਆਸੀ ਆਗੂਆਂ ਦਾ ਮਕਸਦ ਸਿਰਫ ਆਪਣੇ ਕੁਝ ਪਾਲਤੂ ਕੁੱਤੇ ਅਤੇ ਜੁੱਤੀ ਚੱਟ ਨੁਮਾਇੰਦਿਆਂ ਨੂੰ ਅਹੁੱਦੇਦਾਰੀਆਂ ਦੇ ਕੇ ਸਾਰੇ ਧਰਮਾਂ ਦੇ ਬਾਸ਼ਿੰਦਿਆਂ ਨੂੰ ਭੇਡਾਂ ਬਣਾ ਕੇ ਵਾੜੇ ਵਿੱਚ ਕੈਦ ਕਰ ਕੇ ਆਪਣੇ ਗੁਲਾਮ ਬਣਾ ਕੇ ਪੀੜੀ ਦਰ ਪੀੜੀ ਰਾਜ ਕਰਣਾ ਹੈ। ਡਾ.ਸੁਰਜੀਤ ਸਿੰਘ ਜਰਮਨੀ ਵਰਗੇ ਨੋਜਵਾਨ ਲੇਖਕ ਸਮੇਂ-ਸਮੇਂ ਤੇ ਸਭ ਧਰਮਾਂ ਨੂੰ ਆਪਣੇ ਹੱਕ ਹਕੂਕਾਂ ਲਈ ਜਾਗਰੁਕ ਕਰਦੇ ਰਹਿੰਦੇ ਹਨ। ਬੇਸ਼ੱਕ ਇਸ ਕਿਤਾਬ ਵਿੱਚ ਸਿੱਖ ਕੌਮ ਦੀ ਨਸਲਕੁਸ਼ੀ ਅਤੇ ਦੇਸ਼ ਪੰਜਾਬ ਦੀ ਹੋਂਦ ਨੂੰ ਕਿਸ ਤਰਾਂ ਹਿੰਦੂਤਵੀਆ ਵੱਲੋਂ ਹੌਲੀ-ਹੌਲੀ ਖਤਮ ਕੀਤਾ ਜਾ ਰਿਹਾ ਦਰਸਾਇਆ ਗਿਆ ਹੈ, ਪਰ ਨਾਲ ਹੀ ਲੇਖਕ ਨੇ ਆਪਣੀ ਕਲਮ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਇੱਕਜੁੱਟ ਹੋ ਕੇ, ਸੰਜੀਦਗੀ ਨਾਲ ਆਪਣੀ ਹੋਂਦ, ਆਪਣੇ ਵਿਰਸੇ ਅਤੇ ਆਪਣੀ ਪਹਿਚਾਣ ਦੇਸ਼ ਪੰਜਾਬ ਨੂੰ ਬਚਾਉਣ ਲਈ ਵਿਚਾਰ ਕਰਣ ਲਈ ਹੋਕਾ ਵੀ ਦਿੱਤਾ ਹੈ। ਡਾ਼ ਸੁਰਜੀਤ ਸਿੰਘ ਜਰਮਨੀ ਦੀ ਕਿਤਾਬ “ਮੂਸੇਵਾਲਾ ਕੌਣ?” ਦੀ ਚਰਚਾ ਦੇਸ਼ਾਂ ਵਿਦੇਸ਼ਾਂ ਵਿੱਚ ਇਸ ਕਦਰ ਹੋਈ ਕਿ ਉਸ ਕਿਤਾਬ ਨੂੰ ਪਾਕਿਸਤਾਨ ਵਿੱਚ ਉਰਦੂ ਵਿੱਚ ਵੀ ਛਾਪਿਆ ਗਿਆ। ਡਾ਼ ਸੁਰਜੀਤ ਸਿੰਘ ਜਰਮਨੀ ਦੀ ਇਹ ਦੂਸਰੀ ਕਿਤਾਬ “ਪੰਜਾਬਨਾਮਾ” ਵੀ ਇੱਕ ਭਰਪੂਰ ਖਜਾਨਾ ਹੈ। ਦੁਆਵਾਂ ਇਸ ਨੋਜਵਾਨ ਪੰਜਾਬੀ ਖੋਜਕਾਰ ਲੇਖਕ ਨੂੰ ਅਤੇ ਇਸ ਤਰਾਂ ਦੀ ਹੀ ਧਮਾਕੇਦਾਰ ਅਗਲੀ ਕਿਤਾਬ ਦੀ ਮੈਂ ਡਾ਼ ਸੁਰਜੀਤ ਸਿੰਘ ਜਰਮਨੀ ਤੋਂ ਉਮੀਦ ਅਤੇ ਉਡੀਕ ਕਰਦੀ ਹਾਂ।
ਰਸ਼ਪਿੰਦਰ ਕੌਰ ਗਿੱਲ
ਸੰਸਥਾਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਮੈਗਜ਼ੀਨ, ਪਬਲੀਕੇਸ਼ਨ
+91-9888697078