(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- 1978 ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਿਰੰਕਾਰੀਆਂ ਵੱਲੋਂ ਰੱਖੇ ਹੋਏ ਸਮਾਗਮ ਦੌਰਾਨ ਜੋ ਕੁਝ ਹੋਇਆ ਉਹ ਸਭ ਨੂੰ ਪਤਾ ਹੀ ਹੈ ਉਸ ਤੋਂ ਬਾਅਦ ਫਿਰ ਪੰਜਾਬ ਵਿੱਚ ਸ਼ੁਰੂ ਹੋਈ ਚੰਗਿਆੜੀ ਨੇ ਲੰਮਾ ਸਮਾਂ ਕੀ ਕੁਝ ਕੀਤਾ ਕਿੰਨਾ ਨੁਕਸਾਨ ਹੋਇਆ ਇਹ ਵੀ ਸਭ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ। ਉਝ ਤਾਂ ਪੰਜਾਬ ਦੇ ਵੱਡੇ ਛੋਟੇ ਸ਼ਹਿਰਾਂ ਕਸਬਿਆਂ ਦੇ ਵਿੱਚ ਨਿਰੰਕਾਰੀਆਂ ਦੇ ਸੈਂਟਰ ਬਣੇ ਹੋਏ ਹਨ ਜਿੱਥੇ ਹਰ ਐਤਵਾਰ ਨੂੰ ਉਹ ਧਾਰਮਿਕ ਸਮਾਗਮ ਕਰਦੇ ਹਨ। ਪਰ ਹੁਣ ਨਿਰੰਕਾਰੀਆਂ ਵੱਲੋਂ ਗੱਦੀ ਉੱਤੇ ਬਿਰਾਜਮਾਨ ਉਹਨਾਂ ਦੀ ਮਾਤਾ ਦੇ ਸਮਾਗਮ ਪੰਜਾਬ ਵਿੱਚ ਕਰਵਾਉਣ ਦੇ ਪ੍ਰੋਗਰਾਮ ਸਾਹਮਣੇ ਆਏ ਹਨ। ਇਸ ਸਬੰਧੀ ਸਭ ਤੋਂ ਪਹਿਲਾਂ ਜਿਲਾ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੇ ਉਸ ਤੋਂ ਬਾਅਦ ਜਿਲਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਵਿੱਚ ਇਹ ਸਮਾਗਮ ਹੋਣ ਦਾ ਪ੍ਰੋਗਰਾਮ ਸਾਹਮਣੇ ਆਇਆ ਹੈ। ਨਿਰੰਕਾਰੀਆਂ ਵੱਲੋਂ ਪ੍ਰੋਗਰਾਮਾਂ ਦੀ ਰੂਪ ਰੇਖਾ ਦੇ ਲਈ ਜਿੱਥੇ ਸੋਸ਼ਲ ਮੀਡੀਆ ਉੱਪਰ ਪ੍ਰੋਗਰਾਮ ਦਿੱਤੇ ਜਾ ਰਹੇ ਹਨ ਉੱਥੇ ਹੀ ਫਲੈਕਸ ਬੋਰਡ ਆਦਿ ਲਗਾ ਕੇ ਵੀ ਇਹਨਾਂ ਪ੍ਰੋਗਰਾਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਨਿਰੰਕਾਰੀ ਸਮਾਗਮਾਂ ਦੇ ਵਿਰੋਧ ਦੇ ਵਿੱਚ ਆਵਾਜ਼ਾਂ ਉੱਠਣੀਆਂ ਵੀ ਸ਼ੁਰੂ ਹੋ ਗਈਆਂ ਹਨ ਸਭ ਤੋਂ ਪਹਿਲਾਂ ਤਾਂ ਮੰਡੀ ਗੋਬਿੰਦਗੜ੍ਹ ਦੇ ਵਿੱਚ ਜੋ ਨਿਰੰਕਾਰੀ ਸਮਾਗਮ ਇੱਕ ਸਕੂਲ ਦੇ ਵਿੱਚ ਹੋਣਾ ਦੱਸਿਆ ਜਾ ਰਿਹਾ ਹੈ ਉਸ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਨੇਕਾਂ ਜਥੇਬੰਦੀਆਂ ਨੇ ਮੰਗ ਪੱਤਰ ਦਿੱਤੇ ਹਨ ਕਿ ਅਜਿਹਾ ਪ੍ਰੋਗਰਾਮ ਇੱਥੇ ਨਾ ਹੋਣ ਦਿੱਤਾ ਜਾਵੇ। ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਨਿਰੰਕਾਰੀਆਂ ਦਾ ਸਮਾਗਮ ਪ੍ਰੋਗਰਾਮ ਹੋਣਾ ਹੈ ਉਸ ਦੇ ਸਬੰਧ ਵਿੱਚ ਵੀ ਸੋਸ਼ਲ ਮੀਡੀਆ ਉੱਪਰ ਵਿਰੋਧ ਦੀਆਂ ਪੋਸਟਾਂ ਪੈ ਰਹੀਆਂ ਹਨ ਖਾਸ ਕਰ ਮਾਨ ਦਲ ਵਾਲਿਆਂ ਨੇ ਇਹਨਾਂ ਪ੍ਰੋਗਰਾਮਾਂ ਨੂੰ ਇਜਾਜਤ ਨਾ ਦੇਣ ਦੇ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤੇ ਹਨ। ਇਹ ਸਭ ਕੁਝ ਜੋ ਹੋ ਰਿਹਾ ਹੈ ਪੰਜਾਬ ਦੇ ਹਿੱਤ ਵਿੱਚ ਨਹੀਂ ਹੋਵੇਗਾ ਕਿਉਂਕਿ ਜੇਕਰ ਕੋਈ ਵੀ ਸਮਾਗਮ ਨਿਰੰਕਾਰੀਆਂ ਦਾ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਤਾਂ ਉਸ ਦਾ ਵਿਰੋਧ ਕਰਨ ਵਾਲੇ ਵੀ ਅੱਗੇ ਆਉਣੇ ਸ਼ੁਰੂ ਹੋ ਗਏ ਹਨ ਇਸ ਲਈ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਬਹੁਤ ਹੀ ਬਾਰੀਕੀ ਦੇ ਨਾਲ ਇਹ ਸਾਰਾ ਮਸਲਾ ਨਿਬੇੜਨਾ ਚਾਹੀਦਾ ਹੈ ਇਹ ਨਾ ਹੋਵੇ ਕਿ ਕੱਲ ਨੂੰ ਕੋਈ ਹੋਰ ਨਵੀਂ ਤੇ ਗਲਤ ਗੱਲਬਾਤ ਪੰਜਾਬ ਦੇ ਮੱਥੇ ਉੱਤੇ ਲੱਗ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



