ਨਕੋਦਰ (ਸਮਾਜ ਵੀਕਲੀ) (ਚੰਦੀ)-ਅੱਜ ਇਥੇ ਇਲਾਕੇ ਅੰਦਰ ਲੰਮੇ ਸਮੇਂ ਤੋਂ ਬੇਜ਼ਮੀਨੇ ਮਜ਼ਦੂਰਾਂ/ ਦਲਿਤਾਂ ਦੇ ਹੱਕਾਂ ਹਿੱਤਾਂ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਭਵਨ ਵਿਖੇ ਕਾਡਰ ਚੇਤਨਾ ਕੈਂਪ ਵਿਚ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਗਿਆਨ ਸੈਦਪੁਰੀ ਨੇ ਜਥੇਬੰਦੀਆਂ ਦੇ ਮੁਹਰਲੀ ਪਰਤ ਦੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ ਉਲਟਾ ਪੰਜਾਬ ਸਰਕਾਰ ਪੁਲਿਸ ਬਲ ਦੇ ਜੋਰ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨਾਂ ਪੰਜਾਬ ਸਮੇਤ ਇਲਾਕੇ ਅੰਦਰ ਹੋ ਰਹੀਆਂ ਲੁੱਟਾਂ ਖੋਹਾਂ, ਕਤਲਾਂ ਅਤੇ ਨਸ਼ਿਆਂ ਦੀ ਖੁਲ੍ਹੇਆਮ ਵਰਤੋਂ ਤੇ ਵਿੱਕਰੀ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਇਹ ਸਭ ਕੁਝ ਸਰਕਾਰ ਤੇ ਪੁਲਿਸ ਦੀ ਮਿਲੀ ਭੁਗਤ ਤੋਂ ਬਗੈਰ ਸੰਭਵ ਨਹੀਂ। ਉਨਾਂ ਕਈ ਪਿੰਡਾਂ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਆਮ ਲੋਕਾਂ ਨਾਲ ਹੋ ਰਹੇ ਧੱਕੇ ਧੋੜੇ ਦੇ ਕੇਸਾਂ ਵਿੱਚ ਪੁਲੀਸ ਸੁਣਵਾਈ ਨਹੀਂ ਕਰਦੀ ਤੇ ਲੋਕ ਮਹੀਨਿਆਂ ਬੱਧੀ ਖੱਜਲ ਖੁਆਰ ਹੋ ਕੇ ਬਹਿ ਜਾਂਦੇ ਹਨ। ਉਨਾਂ ਕਿਹਾ ਕਿ ਸਿਆਸੀ ਅਸਰ ਰਸੂਖ ਵਾਲੇ ਲੋਕ ਗਰੀਬਾਂ ਅਤੇ ਉਨਾਂ ਦੇ ਆਗੂਆਂ ਤੇ ਝੂਠੇ ਪਰਚੇ ਦਰਜ ਕਰਵਾ ਰਹੇ ਹਨ। ਆਗੂਆਂ ਨੇ ਕਿਹਾ ਕਿ ਅਜਿਹੇ ਮਾਹੌਲ ਵਿਚ ਗ਼ਰੀਬ ਲੋਕ ਨਪੀੜੇ ਜਾ ਰਹੇ ਹਨ ਪਰ ਸਰਕਾਰ ਚੁੱਪ ਧਾਰੀ ਬੈਠੀ ਹੈ। ਉਨਾਂ ਆਪਣੇ ਕਾਡਰ ਨੂੰ ਸੱਦਾ ਦਿੱਤਾ ਕਿ ਇਸ ਮਾਹੌਲ ਨੂੰ ਸਿਰਫ ਤੇ ਸਿਰਫ ਜਥੇਬੰਦ ਲੋਕ ਲਹਿਰ ਹੀ ਬਦਲ ਸਕਦੀ ਹੈ ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਪੂਰੇ ਇਲਾਕੇ ਅੰਦਰ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਲੋਕ ਮਸਲਿਆਂ ‘ਤੇ ਸਾਂਝਾ ਸੰਘਰਸ਼ ਤੇਜ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸਾਥੀ ਹਰਪਾਲ ਬਿੱਟੂ, ਹੰਸਰਾਜ ਪੱਬਵਾ, ਪਰਮਜੀਤ ਸਿੰਘ ਰੰਧਾਵਾ, ਸਿਕੰਦਰ ਸਿੰਘ, ਨਿਰਮਲ ਮਲਸੀਆਂ, ਸੁਖਜਿੰਦਰ ਲਾਲੀ ਅਤੇ ਗੁਰਪ੍ਰੀਤ ਸਿੰਘ ਚੀਦਾ ਆਦਿ ਹਾਜ਼ਰ ਸਨ।
ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਚੇਤਨਾ ਕੈਂਪ ਚ’ ਦਿੱਤਾ ਸਮਾਜਿਕ ਤੇ ਸਰਕਾਰੀ ਜਬਰ ਵਿਰੁੱਧ ਲੋਕ ਲਹਿਰ ਉਸਾਰਨ ਦਾ ਸੱਦਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



