ਰਾਜਪਾਲ ਦੀ ਹਾਜ਼ਰੀ ’ਚ ਗਰੇਵਾਲ ਨੇ ‘ੳ-ਅ’ ਗੀਤ ਨਾਲ ਕੀਲੇ ਦਰਸ਼ਕ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਿੱਖਿਆ, ਸਾਹਿਤ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਸਮਰਪਿਤ ਨੈਸ਼ਨਲ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਦੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦਿਆਂ, ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਵੀ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਬੀਤੇ ਦਿਨੀ ਮੋਹਾਲੀ ਵਿਖੇ ਆਯੋਜਿਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਸਨਮਾਨ ਮੌਕੇ ਗਰੇਵਾਲ ਵੱਲੋਂ ਸਿੱਖਿਆ, ਸਾਹਿਤ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ਼ ਲਬਰੇਜ ਵੀਡੀਓ ਵੀ ਦਿਖਾਈ ਗਈ। ਰਾਜਪਾਲ ਦੀ ਹਾਜ਼ਰੀ ਵਿੱਚ ਜਦੋਂ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬੀ ਵਰਨਮਾਲ਼ਾ ਦਾ ‘ੳ-ਅ’ ਗੀਤ ਗਾ ਕੇ ਸੁਣਾਇਆ ਤਾਂ ਹਾਜ਼ਰ ਪੰਡਾਲ ਨੇ ਤਾੜੀਆਂ ਦੀ ਗੂੰਜ ਵਿੱਚ ਭਰਵਾਂ ਹੁੰਗਾਰਾ ਦਿੱਤਾ। ਰਾਜਪਾਲ ਸ਼੍ਰੀ ਕਟਾਰੀਆ ਵੀ ਗਰੇਵਾਲ ਦੀ ਵੀਡੀਓ ਦੇਖ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਅਧਿਆਪਕ ਸਾਡੇ ਰਾਸ਼ਟਰ ਦਾ ਮਾਣ ਹਨ। ਵਰਨਣਯੋਗ ਹੈ ਕਿ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੂੰ ਅਧਿਆਪਕ ਰਾਸ਼ਟਰੀ ਪੁਰਸਕਾਰ, ਰਾਜ ਪੁਰਸਕਾਰ, ਭਾਸ਼ਾ ਰਤਨ ਅਵਾਰਡ, ਲੋਰੀ ਲਿਖਣ ਲਈ ਭਾਰਤ ਸਰਕਾਰ ਵੱਲੋਂ ਲੱਖ ਰੁਪਏ ਦਾ ਅਵਾਰਡ, ਪਹਿਲੀ ਬਾਲ ਗੀਤ ਪੁਸਤਕ ਨੂੰ ਸਰਵੋਤਮ ਬਾਲ ਪੁਸਤਕ ਅਵਾਰਡ ਵੀ ਮਿਲ਼ ਚੁੱਕੇ ਹਨ। ਗਰੇਵਾਲ ਨੇ ਭਾਰਤ ਦੀਆਂ 10 ਭਾਸ਼ਾਵਾਂ ਵਿੱਚ ਬੱਚਿਆਂ ਨਾਲ਼ ਮਿਲ਼ ਕੇ ਬਾਲ ਗੀਤ ਗਾਏ ਹਨ। ਇਨ੍ਹਾਂ ਦੀ ਬਣਾਈ ਬਾਲ ਫਿਲਮ ‘ਸਕਰੀਨ ਬੁਖਾਰ’ ਨੂੰ ਕੈਨੇਡਾ ਵਿੱਚ ਹੋਏ ਅੰਤਰਰਾਸ਼ਟਰੀ ਮਾਂ ਬੋਲੀ ਫਿਲਮ ਮੇਲੇ ਦੌਰਾਨ “ਵਧੀਆ ਸਮਾਜਿਕ ਫਿਲਮ” ਦਾ ਅਵਾਰਡ ਵੀ ਮਿਲਿਆ ਹੈ। ਇਨ੍ਹਾਂ ਦੀਆਂ 13 ਪੁਸਤਕਾਂ ਸਕੂਲ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀਆਂ ਲਈ ਪ੍ਰਵਾਨ ਹਨ। ਇਨ੍ਹਾਂ ਨੇ ਬੱਚਿਆਂ ਤੇ ਨੌਜਵਾਨਾਂ ਲਈ 800 ਦੇ ਕਰੀਬ ਵੀਡੀਓ ਵੀ ਬਣਾਏ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






