ਲਾਹੌਰ (ਸਮਾਜ ਵੀਕਲੀ): ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਪੰਜਾਬ ਸੂਬੇ ਦੇ ਰਾਜਪਾਲ ਚੌਧਰੀ ਸਰਵਰ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ ਜਦੋਂਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਅੱਗੇ ਪੈ ਗਈ ਹੈ। ਸਰਵਰ ਦੀ ਥਾਂ ਉਮਰ ਸਰਫ਼ਰਾਜ਼ ਨੂੰ ਨਵਾਂ ਰਾਜਪਾਲ ਥਾਪਿਆ ਗਿਆ ਹੈ। ਕੌਮੀ ਅਸੈਂਬਲੀ ਦੇ ਹੀ ਨਕਸ਼ੇ ਕਦਮ ’ਤੇ ਤੁਰਦਿਆਂ ਪੰਜਾਬ ਅਸੈਂਬਲੀ ਦੇ ਡਿਪਟੀ ਸਪੀਕਰ ਸਰਦਾਰ ਦੋਸਤ ਮੁਹੰਮਦ ਮਜ਼ਾਰੀ ਨੇ ਇਮਰਾਨ ਖ਼ਾਨ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਪਿੱਛੇ ‘ਕੌਮਾਂਤਰੀ ਸਾਜ਼ਿਸ਼’ ਦੇ ਹਵਾਲੇ ਨਾਲ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੀ ਚੋਣ ਕਰਵਾਉਣ ਤੋਂ ਨਾਂਹ ਕਰ ਦਿੱਤੀ। ਮਜ਼ਾਰੀ ਨੇ ਪੰਜਾਬ ਅਸੈਂਬਲੀ ਦਾ ਇਜਲਾਸ 6 ਅਪਰੈਲ ਤੱਕ ਮੁਲਤਵੀ ਕਰ ਦਿੱਤਾ।
ਮਗਰੋਂ ਸਪੀਕਰ ਦੇ ਦਫ਼ਤਰ ਨੇ ਕਿਹਾ ਕਿ ਸਦਨ ਵਿੱਚ ਜਾਰੀ ਹੁੱਲੜਬਾਜ਼ੀ ਕਰਕੇ ਮੁੱਖ ਮੰਤਰੀ ਦੀ ਚੋਣ ਦੇ ਅਮਲ ਨੂੰ ਅੱਗੇ ਪਾਉਣ ਦਾ ਫੈਸਲਾ ਕੀਤਾ ਗਿਆ ਹੈ। ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਗੱਠਜੋੜ ਵੱਲੋਂ ਚੌਧਰੀ ਪਰਵੇਜ਼ ਇਲਾਹੀ ਤੇ ਵਿਰੋਧੀ ਧਿਰ ਵੱਲੋਂ ਹਮਜ਼ਾ ਸ਼ਹਿਬਾਜ਼ ਮੁੱਖ ਮੰਤਰੀ ਦੇ ਉਮੀਦਵਾਰ ਹਨ। ਹਮਜ਼ਾ ਸ਼ਹਿਬਾਜ਼, ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਤੇ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਦਾ ਪੁੱਤਰ ਹੈ। ਸਰਵਰ ਨੇ ਮਗਰੋਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਕਿ ਉਸ ਕੋਲ ‘ਇਮਰਾਨ ਖ਼ਾਨ ਦੇ ਕਈ ਰਾਜ਼ ਹਨ।’ ਸਰਵਰ ਨੇ ਕਿਹਾ ਕਿ ਵਿਰੋਧ ਦੇ ਬਾਵਜੂਦ ‘ਅਯੋਗ ਮੁੱਖ ਮੰਤਰੀ ਉਸਮਾਨ ਬੁਜ਼ਦਾਰ’ ਦੀ ਚੋਣ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly