ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਆਸ਼ਾ ਵਰਕਰ ਤੇ ਫੈਸੀਲੀਟੇਟਰ ਵਰਕਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸੇ ਸਬੰਧ ਵਿੱਚ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਮਹਾਂ ਸਿੰਘ ਰੌੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜਥੇਬੰਦੀ ਨੂੰ ਦਿੱਤੇ ਸਮੇਂ ਮੁਤਾਬਕ ਗੱਲਬਾਤ ਕਰਕੇ ਮੰਗਾਂ ਦਾ ਤੁਰੰਤ ਨਿਪਟਾਰਾ ਕਰੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮਹਾਂ ਸਿੰਘ ਰੌੜੀ ਨੇ ਦੱਸਿਆ ਕਿ ਬੀਤੀ 5 ਮਈ 2026 ਨੂੰ ਚੰਡੀਗੜ੍ਹ ਵਿਖੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਾਂ ਵੱਲੋਂ ਇਕ ਵਿਸ਼ਾਲ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ ਮੁੱਖ ਮੰਗਾਂ ਸਨ ਆਸ਼ਾ ਵਰਕਰਾਂ ਤੇ ਫੈਸੀਲੀਟੇਟਰਾਂ ਨੂੰ ਪੂਰਨ ਵਰਕਰ ਮੰਨ ਕੇ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ। ਜਦੋਂ ਤੱਕ ਰੈਗੂਲਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਚੋਣ ਵਾਅਦਿਆਂ ਮੁਤਾਬਕ ਮਾਣ-ਭੱਤਾ ਦੁੱਗਣਾ ਕੀਤਾ ਜਾਵੇ। ਮਤੇ ਦੇ ਨਾਲ ਨਿਯੁਕਤੀ ਪੱਤਰ ਦੇਣ ਸਮੇਂ ਜੋ ਇੰਸੈਂਟਿਵ ਦਿੱਤਾ ਗਿਆ ਸੀ, ਉਸ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾਵੇ। ਸਰਕਾਰ ਨੇ ਬਦਲਿਆ ਮੀਟਿੰਗ ਦਾ ਸਮਾਂ, ਜਥੇਬੰਦੀ ਵਿੱਚ ਰੋਸ ਸੀਟੂ ਆਗੂ ਨੇ ਦੱਸਿਆ ਕਿ ਚੰਡੀਗੜ੍ਹ ਧਰਨੇ ਦੌਰਾਨ ਸਿਹਤ ਵਿਭਾਗ ਦੇ ਡਾਇਰੈਕਟਰ ਮੈਡਮ ਬਲਵੀਰ ਕੌਰ ਨੇ ਮੰਗ ਪੱਤਰ ਲੈਂਦਿਆਂ ਆਸ਼ਾ ਵਰਕਰਾਂ ਨੂੰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਦੱਸਿਆ ਸੀ ਅਤੇ ਮਸਲਿਆਂ ਦੇ ਹੱਲ ਲਈ 13 ਮਈ 2026 ਦਾ ਸਮਾਂ ਦਿੱਤਾ ਸੀ। ਪਰ ਅਫ਼ਸੋਸ, ਸਰਕਾਰ ਨੇ ਆਪਣੀ ਪੁਰਾਣੀ ਆਦਤ ਮੁਤਾਬਕ ਮੀਟਿੰਗ ਦਾ ਸਮਾਂ ਬਦਲ ਦਿੱਤਾ, ਜਿਸ ਨਾਲ ਮੁਲਾਜ਼ਮਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਰਿਹਾ ਹੈ। ਹੁਣ ਸਰਕਾਰ ਵੱਲੋਂ ਜਥੇਬੰਦੀ ਨੂੰ 19 ਮਈ 2026 ਦਾ ਨਵਾਂ ਸਮਾਂ ਦਿੱਤਾ ਗਿਆ ਹੈ। ਮਹਾਂ ਸਿੰਘ ਰੌੜੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਿਯਤ ਸਮੇਂ ਤੇ ਸਰਕਾਰ ਸੁਹਿਰਦਤਾ ਨਾਲ ਗੱਲਬਾਤ ਕਰੇ ਕਿਉਂਕਿ ਮੰਗਾਂ ਦੇ ਨਿਪਟਾਰੇ ਵਿੱਚ ਹੀ ਸਰਕਾਰ, ਜਥੇਬੰਦੀ ਅਤੇ ਆਮ ਲੋਕਾਂ ਦਾ ਭਲਾ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਆਖਿਆ ਕਿ ਦੇਸ਼ ਪੱਧਰ ਤੇ ਸੀਟੂ ਇਨ੍ਹਾਂ ਸਕੀਮ ਵਰਕਰਾਂ ਦੇ ਨਾਲ ਖੜ੍ਹੀ ਹੈ ਅਤੇ ਜੇਕਰ ਇਸ ਵਾਰ ਵੀ ਕੋਈ ਸਕਾਰਾਤਮਕ ਹੱਲ ਨਾ ਨਿਕਲਿਆ, ਤਾਂ ਸੀਟੂ ਆਸ਼ਾ ਵਰਕਰਾਂ ਦੇ ਸੰਘਰਸ਼ ਵਿੱਚ ਪੂਰਾ ਸਹਿਯੋਗ ਕਰਦਿਆਂ ਤਿੱਖਾ ਅੰਦੋਲਨ ਸ਼ੁਰੂ ਕਰੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



