ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ )-ਪੰਜਾਬ ਚ ਹੜਾਂ ਰੂਪੀ ਆਈ ਕੁਦਰਤੀ ਕਰੋਪੀ ਦੇ ਦੈਂਤ ਦੀ ਅਣਕਿਆਸੀ ਆਮਦ ਦਾ ਸ਼ਿਕਾਰ ਹੋਏ ਦਰਿਆਈ ਖੇਤਰਾਂ ਨੇੜੇ ਵੱਸਦੇ ਹਜ਼ਾਰਾਂ ਪਰਿਵਾਰਾਂ ਦੀ ਮਾਨਸਿਕ ਪੀੜ ਵੰਡਾਉਣ ਦੀ ਕਸਕ ਕਾਰਨ ਦੁਨੀਆਂ ਦੀ ਹਰੇਕ ਨੁਕਰੇ ਵੱਸਦੇ ਪੰਜਾਬੀਆਂ ਦੇ ਧੁਰ ਅੰਦਰੋਂ ਚੀਸ ਰੂਪੀ ‘ਲਾਵਾ’ ਫੁੱਟਣਾ ਸੁਭਾਵਿਕ ਹੈ| ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੀਆਂ ਪਾਰਕਾਂ ਚ ਦਿਨ ਢਲੇ ਸੱਥਾਂ ਰੂਪੀ ਜੁੜਦੀਆਂ ਬਜ਼ੁਰਗਾਂ ਦੀਆਂ ਟੋਲੀਆਂ ਚ ਚੱਲਦੀ ’ਚੁੰਝ ਚਰਚਾ’ ਦੀ ਮੁੱਖ ਸੂਈ ਹੜਾਂ ਦੀ ਤਬਾਹੀ ਦੇ ਦੁਆਲੇ ਘੁੰਮਦੀ ਮਹਿਸੂਸ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਬਹੁਗਿਣਤੀ ਪ੍ਰਵਾਸੀ ਚਿਹਰਿਆਂ ਤੇ ਮਾਯੂਸੀ ਦਾ ਆਲਮ ਸਾਫ ਝਲਕਦਾ ਵੇਖਿਆ ਜਾ ਸਕਦਾ ਹੈ| ਭਾਵੇਂ ਕਿ ਪੰਜਾਬ ਸਰਕਾਰ ਦੇ ਸਮੁੱਚੇ ਪ੍ਰਸ਼ਾਸਨਿਕ ਅਮਲੇ ਤੋਂ ਇਲਾਵਾ ਕੁਝ ਹੋਰਨਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੜੀ ਤਨਦੇਹੀ ਨਾਲ ਹੜਾਂ ਦੀ ਮਾਰ ਚੱਲ ਰਹੇ ਅਭਾਗੇ ਲੋਕਾਂ ਦੀ ਬਾਂਹ ਫੜਨ ਲਈ ਵਿੱਢੇ ਯਤਨ ਸ਼ਲਾਘਾਯੋਗ ਗਿਣੇ ਜਾ ਰਹੇ ਹਨ ਪ੍ਰੰਤੂ ਭਾਰਤ ਪਾਕਿਸਤਾਨ ਕੌਮੰਤਾਰੀ ਸਰਹੱਦ ਨੇੜਿਓਂ ਸੱਪ ਦੀ ਚਾਲ ਵਾਂਗ ਵਲੇਵੇ ਖਾਂਦੇ ਰਾਵੀ ਦਰਿਆ ਦੇ ਬੇਕਾਬੂ ਹੋਏ ਛੂਕਦੇ ਪਾਣੀਆਂ ਦੇ ਉਬਾਲ ਚ ਘਿਰੇ ਬੇਵਸ ਲੋਕਾਂ ਦੀ ਮਦਦ ਕਰਨ ਲਈ ਪਿਛਲੇ ਕੁਝ ਦਿਨਾਂ ਤੋਂ ਆਪਣੀ ਟੀਮ ਨਾਲ ਜੁਟੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਮੈਡਮ ਸਾਕਸੀ ਸਾਹਨੀ ਅਤੇ ਅੰਮ੍ਰਿਤਸਰ (ਦਿਹਾਤੀ) ਦੇ ਐਸ ਐਸ ਪੀ ਮਨਿੰਦਰ ਸਿੰਘ ਵੱਲੋਂ ਆਪਣੇ ਸਰਕਾਰੀ ਰੁਤਬੇ ਦੀ ਠਾਠ ਬਾਠ ਛੱਡ ਕੇ ਵਰਦੇ ਮੀਹ ਅਤੇ ਬਦਬੂਦਾਰ ਪਾਣੀ ਚ ਆਮ ਲੋਕਾਂ ਨਾਲ ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਡੂੰਘੇ ਪਾਣੀਆਂ ਚ ਘਿਰੇ ਲੋਕਾਂ ਦੀ ਸਾਰ ਲੈਣ ਲਈ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਜ਼ਿਕਰ ਵਿਦੇਸ਼ੀ ਬਾਪੂਆਂ ਦੀ ਖੁੰਢ ਚਰਚਾ ਚ ਸੁਣਨ ਨੂੰ ਮਿਲਦਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਆਂ ਅਜਿਹੀਆਂ ਕੁਦਰਤੀ ਆਫਤਾਂ ਮਗਰੋਂ ਕੁਝ ਕੁ ਅਧਿਕਾਰੀਆਂ ਵੱਲੋਂ ਉਪਰੋਂ ਆਏ ਆਰਡਰਾਂ ਨੂੰ ਹੇਠਾਂ ‘ਫਾਰਵਡ’ ਕਰਨ ਤੀਕ ਨਿਭਾਈ ਜਾਂਦੀ ਸੀਮਤ ਜਿੰਮੇਵਾਰੀ ਵਾਲਾ ਵਰਤਾਰਾ ਕਿਸੇ ਤੋਂ ਗੁੱਝਾ ਨਹੀਂ|
ਪੰਜਾਬ ਚ ਆਏ ਹੜਾਂ ਕਾਰਨ ਪ੍ਰਵਾਸੀ ਚਿਹਰੇ ਵੀ ਮਾਯੂਸ ! ਅੰਮ੍ਰਿਤਸਰ ਦੀ ਡੀਸੀ ਅਤੇ ਐਸਐਸਪੀ ਬਣੇ ਸ਼ਲਾਘਾ ਦੇ ਪਾਤਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



