ਪੰਜਾਬ ਚੋਣਾਂ: ਰਾਹੁਲ ਗਾਂਧੀ ਕਰਨਗੇ ਚੋਣ ਪ੍ਰਚਾਰ ਦੀ ਸ਼ੁਰੂਆਤ

ਚੰਡੀਗੜ੍ਹ (ਸਮਾਜ ਵੀਕਲੀ):  ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਪੰਜਾਬ ‘ਚ ਅਗਾਮੀ ਚੋਣਾਂ ਲਈ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਦੌਰੇ ਦੀ ਤਾਰੀਖ਼ ਜਲਦ ਐਲਾਨੀ ਜਾਵੇਗੀ| ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਅੱਜ ਦਿੱਲੀ ਵਿਚ ਹੋਈ ਮੀਟਿੰਗ ਦੌਰਾਨ ਅਗਲੀਆਂ ਚੋਣਾਂ ਲਈ ਚੋਣ ਪ੍ਰਚਾਰ ਦੀ ਰਣਨੀਤੀ ਦਾ ਮੁਹਾਂਦਰਾ ਤਿਆਰ ਕੀਤਾ ਗਿਆ| ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਆਖ਼ਰੀ ਦਿਨ ਸੀ ਜਿਸ ਮਗਰੋਂ ਕਾਂਗਰਸ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਹਾਜ਼ਰ ਹੋਏ| ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਮੀਟਿੰਗ ਮਗਰੋਂ ਦੱਸਿਆ ਕਿ ਪੰਜਾਬ ਵਿਚ ਜਲਦ ਹੀ ਰਾਹੁਲ ਗਾਂਧੀ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਅਤੇ ਜਲਦ ਸਿਆਸੀ ਰੈਲੀ ਦੀ ਥਾਂ ਅਤੇ ਤਾਰੀਖ਼ ਬਾਰੇ ਦੱਸ ਦਿੱਤਾ ਜਾਵੇਗਾ|

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰਫ਼ੋਂ ਪੰਜ ਵਰ੍ਹਿਆਂ ਦੌਰਾਨ ਜੋ ਕੰਮ ਕੀਤੇ ਗਏ ਹਨ, ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਅੱਗੇ ਰੱਖਿਆ ਜਾਵੇਗਾ ਅਤੇ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਜਾਵੇਗਾ| ਸ੍ਰੀ ਜਾਖੜ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਅਤੇ ਚੋਣ ਪ੍ਰਚਾਰ ਲਈ ਹਰ ਮਾਧਿਅਮ ਦਾ ਸਹਾਰਾ ਲਿਆ ਜਾਵੇਗਾ| ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2017 ਵਿਚ ਕਾਂਗਰਸ ਨੂੰ ਦੋ ਤਿਹਾਈ ਬਹੁਮਤ ਨਾਲ ਜਿਤਾਇਆ ਸੀ ਜਿਸ ਕਰਕੇ ਲੋਕਾਂ ਨੂੰ ਸਾਰਾ ਲੇਖਾ ਜੋਖਾ ਦਿੱਤਾ ਜਾਵੇਗਾ| ਜਾਖੜ ਦੇ ਇਸ ਐਲਾਨ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਇਕੱਲੀ ਚੰਨੀ ਸਰਕਾਰ ਦੀ ਨਹੀਂ ਬਲਕਿ ਸਮੁੱਚੀ ਕਾਰਗੁਜ਼ਾਰੀ ਨੂੰ ਲੋਕਾਂ ਦੀ ਕਚਹਿਰੀ ਵਿਚ ਰੱਖੇਗੀ ਜਿਸ ਬਾਰੇ ਵਿਰੋਧੀ ਧਿਰਾਂ ਵੀ ਰੌਲਾ ਪਾ ਰਹੀਆਂ ਹਨ| ਜਾਣਕਾਰੀ ਅਨੁਸਾਰ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਇੱਕ ਦੋ ਸੰਸਦ ਮੈਂਬਰ ਵੀ ਹਾਜ਼ਰ ਨਹੀਂ ਸਨ|

ਸੰਸਦ ਮੈਂਬਰ ਪਰਨੀਤ ਕੌਰ ਵੀ ਨਹੀਂ ਆਏ ਹਨ ਜੋ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜਨ ਦਾ ਪਹਿਲਾਂ ਹੀ ਇਸ਼ਾਰਾ ਕਰ ਚੁੱਕੇ ਹਨ| ਪਤਾ ਲੱਗਾ ਹੈ ਕਿ ਮੀਟਿੰਗ ਵਿਚ ਚੋਣ ਪ੍ਰਚਾਰ ਕਮੇਟੀ ਨੇ ਸੰਸਦ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹੁਣ ਆਪੋ ਆਪਣੇ ਹਲਕੇ ਵਿਚ ਹਾਜ਼ਰ ਰਹਿਣ ਅਤੇ ਲੋਕਾਂ ਵਿਚ ਵਿਚਰਨ| ਸੰਸਦ ਮੈਂਬਰ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਕਮੇਟੀ ਦੀ ਮੀਟਿੰਗ ਵਿਚ ਸੰਸਦ ਮੈਂਬਰਾਂ ਤਰਫ਼ੋਂ ਆਪੋ ਆਪਣੇ ਮਸ਼ਵਰੇ ਰੱਖੇ ਗਏ ਹਨ ਅਤੇ ਚੋਣਾਂ ਨੂੰ ਲੈ ਕੇ ਪ੍ਰਚਾਰ ਲਈ ਹਰ ਪਹਿਲੂ ‘ਤੇ ਚਰਚਾ ਕੀਤੀ ਗਈ ਹੈ| ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ| ਚੋਣ ਪ੍ਰਚਾਰ ਕਮੇਟੀ ਨੇ ਅੱਜ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਵਿਚ ਮੀਟਿੰਗ ਕੀਤੀ ਜਿਸ ਵਿਚ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਕ੍ਰਿਸ਼ਨਾ ਅਲਾਵਰੂ, ਚੇਤਨ ਚੌਹਾਨ, ਮੰਤਰੀ ਪਰਗਟ ਸਿੰਘ, ਐੱਮਪੀ ਗੁਰਜੀਤ ਔਜਲਾ, ਜਸਵੀਰ ਸਿੰਘ ਡਿੰਪਾ, ਚੌਧਰੀ ਸੰਤੋਖ ਸਿੰਘ, ਐੱਮਪੀ ਮੁਨੀਸ਼ ਤਿਵਾੜੀ, ਰਵਨੀਤ ਬਿੱਟੂ, ਡਾ. ਅਮਰ ਸਿੰਘ, ਸ਼ਮਸ਼ੇਰ ਸਿੰਘ ਦੂਲੋ ਅਤੇ ਅਮਰਪ੍ਰੀਤ ਸਿੰਘ ਲਾਲੀ ਆਦਿ ਮੌਜੂਦ ਸਨ|

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਦੇ ਪੀਐੱਨਬੀ ਬੈਂਕ ’ਚ ਡਾਕਾ, 16 ਲੱਖ ਲੁੱਟੇ
Next articleਨਸ਼ਾ ਤਸਕਰੀ ਮਾਮਲਾ: ਮਜੀਠੀਆ ਵੱਲੋਂ ਅਗਾਊਂ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ; ਫੈਸਲਾ ਰਾਖਵਾਂ