HOME **ਪੰਜਾਬ **

**ਪੰਜਾਬ **

ਰਿਤੂ ਵਾਸੂਦੇਵ
(ਸਮਾਜ ਵੀਕਲੀ) 
ਤੂੰ ਪੰਜਾਂ ਦਰਿਆਵਾਂ ਵਾਲ਼ਾ
ਲਿਖਦਾ ਇਬਨ-ਬਤੂਤਾ
ਆਪਣੀ ਵਾਅ ਵੱਲ ਤੱਕਣ ਵਾਲ਼ਾ
ਜਾਵੇਂ ਨਿਗਲ ਸਬੂਤਾ
ਤੂੰ ਸੰਤਾਲ਼ੀ ਦੇ ਨਾਲ਼ ਲੜਿਆ
ਸਿਰ ‘ਤੇ ਵੰਡ ਹੰਢਾਈ
ਗਲ਼ ਵਿਚ ਪਿਆ ਮੰਡਾਸਾ ਤੇਰੇ
ਜਦੋਂ ਚੌਰਾਸੀ ਆਈ
ਤੂੰ ਆਇਆ ਮੁਗ਼ਲਾਂ ਨਾਲ ਲੜਦਾ
ਸੀਨੇ ਟੱਕ ਲਵਾਏ
ਤੂੰ ਨਾਦਰ, ਅਬਦਾਲੀ ਸਾਂਭੇ
ਪਰਬਤ ਚੜ੍ਹ ਕੇ ਆਏ
ਤੈਨੂੰ ਫਾਹੇ ਲਾ ਨੀ ਸਕਿਆ
ਕੋਈ ਜ਼ਕਰੀਆ, ਯਾਹੀਆ
ਤੇਰੇ ਹੱਥਾਂ ਦੇ ਵਿੱਚ ਬਰਕਤ
ਹਰਿਮੰਦਰ ਦੇ ਰਾਹੀਆ
ਤੂੰ ਝੱਲੇ ਨੇ ਘੱਲੂਘਾਰੇ,
ਸਾਕੇ ਅਤੇ ਤਬਾਹੀਆਂ
ਤੇਰੇ ਨਕਸ਼ੇ ਉਤੇ ਬਾਬਾ
ਫਿਰਨ ਨੀ ਦੇਂਦਾ ਸਿਆਹੀਆਂ
ਦੀਪ ਸਿੰਘ, ਮਹਿਤਾਬ
ਤੇ ਨਲੂਏ ਵਰਗੇ ਯੋਧੇ ਤੇਰੇ
ਤੇਰੇ ਹੀ ਜਰਨੈਲਾਂ
ਖ਼ੈਬਰ ਤੀਕ ਟਿਕਾਣੇ ਘੇਰੇ
ਤੇਰੇ ਸ਼ਾਮ ਅਟਾਰੀ ਵਾਲ਼ੇ
ਮਾਝੇ ਨੂੰ ਚਮਕਾਇਆ
ਤੇਰੇ ਗੁਰੂ ਦੇ ਘਰ ਨੂੰ ਵੇਖਣ
ਕਿਹੜਾ ਦੇਸ਼ ਨੀ ਆਇਆ
ਤੂੰ ਮਿੱਟੀ ਨਾਲ਼ ਮਿੱਟੀ ਹੋਇਆ
ਅਣਖਾਂ ਦੇ ਮੂੰਹ ਧੋਤੇ
ਤੇਰੇ ਜਾਏ ਸਰਹੱਦਾਂ ‘ਤੇ
ਪਹਿਰਾ ਦੇਣ ਖਲੋਤੇ
ਤੂੰ ਨੰਗੇ ਸਿਰ ਛਾਂਵਾਂ ਕਰੀਆਂ
ਤੂੰ ਡਿੱਗੇ ਗਲ਼ ਲਾਏ
ਨਾਨਕ ਦੇ ਵਿਰਸੇ ਦਾ ਵਾਰਸ
ਭੁੱਖੇ ਢਿੱਡ ਰਜਾਏ
ਤੂੰ ਹਾਕਮ ਦੀ ਚੌਧਰ ਢਾਹੀ
ਦਿੱਲੀ ਦੇ ਵਿੱਚ ਡਟਿਆ
ਤੂੰ ਖੇਤਾਂ ਦਾ ਰਾਜਾ
ਦਾਣੇ ਵੰਡਣ ਤੋਂ ਨਾ ਹਟਿਆ
ਲਹਿੰਦੇ ਨੇ ਵੀ ਨਾਲ਼ ਤੇਰੇ ਹੈ
ਭਾਈਆਂ ਵਾਲ਼ੀ ਕੀਤੀ
ਤਖ਼ਤਾਂ ਦੇ ਵੀ ਸਮਝ ਨਾ ਆਈ
ਤਕਸੀਮਾਂ ਦੀ ਨੀਤੀ
ਤੇਰੇ ਚੋਬਰ ਲਾ ਦਿੰਦੇ ਨੇ
ਦਰਿਆਵਾਂ ਨੂੰ ਨੱਕੇ
ਤੈਨੂੰ ਡੁੱਬਦਾ ਵੇਖਣ ਵਾਲ਼ੇ
ਰਹਿ ਗਏ ਹੱਕੇ-ਬੱਕੇ
ਔਕੜਾਂ ਵਾਲ਼ੀ ਖਾਲ਼ੀ ਟੱਪ ਜਾ
ਹੰਭਲ਼ਾ ਮਾਰ ਕੇ ਜੱਟਾ
ਤੇਰੇ ਲਈ ਇਹ ਆਫ਼ਤ ਜੀਕਣ
ਅੱਖ ‘ਚ ਪੈ ਜਾਏ ਘੱਟਾ
ਤੂੰ ਤੇ ਇਕ ਦਿਨ ਉੱਠ ਪਵੇਂਗਾ
ਕਰ ਕੇ ਜਰਾ ਦਲੇਰੀ
ਐਪਰ ਹਰ ਇਕ ਰਾਜ ਦੇ ਅੰਦਰ
ਗੱਲ ਹੋਊਗੀ ਤੇਰੀ
ਸ਼ਾਲਾ! ਲੰਮੀਆਂ ਉਮਰਾਂ ਮਾਣੇ
ਤੇਰਾ ਭਾਈਚਾਰਾ
ਤੈਨੂੰ ਤਾਂ ਦਰਵੇਸ਼ਾ!
ਆਪਣਾ ਹਰ ਫ਼ਰਜ਼ੰਦ ਪਿਆਰਾ
ਜ਼ਖਮਾਂ ਉੱਤੇ ਸਬਰ ਲਗਾ ਲੈ!
ਵੱਡਾ ਕਰ ਲੈ ਜੇਰਾ
ਮਾਰ ਦਹਾੜ! ਤੇ ਸਾਂਭ ਲੈ ਆਪਣਾ
ਜੰਗਲ਼ ਮੁੜ ਤੋਂ ਸ਼ੇਰਾ!
~ ਰਿਤੂ ਵਾਸੂਦੇਵ
Previous articleਜੀਵਨ-ਜਾਚ ਨੂੰ ਸੂਤਰਬੱਧ ਕਰਦਾ ਖ਼ੂਬਸੂਰਤ ਕਾਵਿ: ਵੰਝਲੀ
Next article5 things that stood out for us in Jolly LLB 1 & 2 – Now we can’t wait for Jolly LLB 3