HOME ਜੀਵਨ-ਜਾਚ ਨੂੰ ਸੂਤਰਬੱਧ ਕਰਦਾ ਖ਼ੂਬਸੂਰਤ ਕਾਵਿ: ਵੰਝਲੀ

ਜੀਵਨ-ਜਾਚ ਨੂੰ ਸੂਤਰਬੱਧ ਕਰਦਾ ਖ਼ੂਬਸੂਰਤ ਕਾਵਿ: ਵੰਝਲੀ

ਕਰਮ ਸਿੰਘ ਜ਼ਖ਼ਮੀ

  (ਸਮਾਜ ਵੀਕਲੀ)  ਇਸ ਗ਼ਜ਼ਲ-ਸੰਗ੍ਰਹਿ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਅਮਨਦੀਪ ਦਰਦੀ ਦਾ ਪਲੇਠਾ ਗ਼ਜ਼ਲ-ਸੰਗ੍ਰਹਿ ‘ਅਲਫ਼ਾਜ਼’ ਅਤੇ ਇੱਕ ਕਾਵਿ-ਸੰਗ੍ਰਹਿ ‘ਗੱਲ ਪਤੇ ਦੀ’ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਸਾਂਝੇ-ਸੰਗ੍ਰਹਿਆਂ ਵਿੱਚ ਵੀ ਉਨ੍ਹਾਂ ਦੀ ਰਚਨਾਵਾਂ ਸੁਸ਼ੋਬਿਤ ਹਨ ਅਤੇ ਨਾਮਵਰ ਸਾਹਿਤਕ ਪਰਚਿਆਂ ਜਾਂ ਅਖ਼ਬਾਰਾਂ ਵਿੱਚ ਵੀ ਉਹ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਹਾਜ਼ਰ ਰਹਿੰਦੇ ਹਨ। ਉਨ੍ਹਾਂ ਦੇ ਹੱਥਲੇ ਗ਼ਜ਼ਲ-ਸੰਗ੍ਰਹਿ ‘ਵੰਝਲੀ’ ਦਾ ਆਨੰਦ ਪਾਠ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੇ ਮਨ ਵਿੱਚ ਸਮੁੱਚੀ ਮਾਨਵਤਾ ਲਈ ਪਿਆਰ ਅਤੇ ਸਤਿਕਾਰ ਦਾ ਅਥਾਹ ਜਜ਼ਬਾ ਉੱਸਲਵੱਟੇ ਲੈ ਰਿਹਾ ਹੈ। ਸਾਡੇ ਮਹਾਨ ਰਹਿਬਰਾਂ ਦੀ ਪੈੜ ਵਿੱਚ ਪੈਰ ਰੱਖਦਿਆਂ ਉਹ ਇੱਕ ਅਜਿਹੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨੀ ਲੋਚਦੇ ਹਨ, ਜਿੱਥੇ ਨਾ ਕੋਈ ਲੁੱਟਿਆ ਜਾਣ ਵਾਲਾ ਹੋਵੇ ਅਤੇ ਨਾ ਹੀ ਲੁੱਟਣ ਵਾਲਾ, ਜਿੱਥੇ ਸੰਸਾਰ ਦਾ ਹਰ ਛੋਟੇ ਤੋਂ ਛੋਟਾ ਵਿਅਕਤੀ ਵੀ ਸਹੀ ਅਰਥਾਂ ਵਿੱਚ ਜੀਵਨ ਦਾ ਆਨੰਦ ਮਾਣ ਸਕੇ। ਉਨ੍ਹਾਂ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿੱਚ ਬਹੁਤ ਸਾਰੇ ਅਜਿਹੇ ਸੂਤਰ ਵੀ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਲੜ ਬੰਨ੍ਹ ਕੇ ਹਰ ਵਿਅਕਤੀ ਆਪਣੀ ਜੀਵਨ-ਜਾਚ ਨੂੰ ਸਫ਼ਲ ਅਤੇ ਸੁਚੱਜੇ ਢੰਗ ਨਾਲ ਜਿਊਂ ਸਕਦਾ ਹੈ।

ਅਮਨਦੀਪ ਦਰਦੀ ਦੀ ਨਜ਼ਰ ਵਿੱਚ ਮੁਹੱਬਤ ਕੇਵਲ ਦੋ ਜਿਸਮਾਂ ਦਾ ਮੇਲ ਹੀ ਨਹੀਂ ਹੈ ਬਲਕਿ ਭਗਤੀ ਦੇ ਇੱਕ ਅਜਿਹੇ ਭਾਵ ਦਾ ਸਿਖ਼ਰ ਹੈ, ਜਿਸ ਵਿੱਚ ਉਸ ਨੂੰ ਭਗਵਾਨ ਦਾ ਦਰਜਾ ਪ੍ਰਾਪਤ ਹੁੰਦਾ ਹੈ। ਪ੍ਰੇਮੀ-ਪ੍ਰੇਮਿਕਾ ਹੋਣ ਜਾਂ ਫਿਰ ਪਤੀ-ਪਤਨੀ, ਹਰੇਕ ਰਿਸ਼ਤੇ ਲਈ ਹੀ ਅਜਿਹਾ ਹੋਣਾ ਲਾਜ਼ਮੀ ਹੁੰਦਾ ਹੈ, ਨਹੀਂ ਤਾਂ ਉਹ ਕੇਵਲ ਇੱਕ ਦੂਜੇ ਦੀਆਂ ਆਰਥਿਕ ਜਾਂ ਸਰੀਰਕ ਲੋੜਾਂ ਪੂਰੀਆਂ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਆਪਣੇ ਇਸ ਸ਼ਿਅਰ ਵਿੱਚ ਉਹ ਸ਼ਾਇਦ ਅਜਿਹਾ ਹੀ ਕੁੱਝ ਕਹਿਣਾ ਚਾਹੁੰਦੇ ਹਨ:
‘ਦਰਦੀ’ ਇਹ ਇੱਕ ਐਸੀ ਭਗਤੀ,
ਹੋਵੇ ਵਿੱਚ ਭਗਵਾਨ ਮੁਹੱਬਤ।
ਅਮਨਦੀਪ ਦਰਦੀ ਦੀ ਇਹ ਧਾਰਨਾ ਹੈ ਕਿ ਭਾਰਤ ਦਾ ਨੁਕਸਾਨ ਉਨਾ ਵਿਦੇਸ਼ੀ ਹਮਲਾਵਰਾਂ ਨੇ ਨਹੀਂ ਕੀਤਾ, ਜਿੰਨਾ ਇਸ ਦੇ ਅਸਲੀ ਸਪੂਤ ਅਖਵਾਉਣ ਵਾਲੇ ਰਾਜਨੀਤਕ ਲੋਕਾਂ ਨੇ ਕੀਤਾ ਹੈ। ਜਾਤਾਂ ਅਤੇ ਧਰਮਾਂ ਦੇ ਨਾਂ ’ਤੇ ਲੋਕਾਂ ਵਿੱਚ ਫੁੱਟ ਪਾ ਕੇ ਉਨ੍ਹਾਂ ਨੂੰ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਾ ਦੇਣ ਵਾਲੇ ਇਹ ਕੁਰਸੀ ਦੇ ਭੁੱਖੇ ਲੋਕ ਕੇਵਲ ਸਵਾਰਥ ਸਿੱਧ ਕਰਨਾ ਹੀ ਆਪਣਾ ਟੀਚਾ ਸਮਝਦੇ ਹਨ। ਵੋਟਰ ਹਰ ਵਾਰ ਚੋਣਾਂ ਦੌਰਾਨ ਦਿੱਤੇ ਜਾਣ ਵਾਲੇ ਇਨ੍ਹਾਂ ਦੇ ਲੋਕ-ਲੁਭਾਊ ਲਾਰਿਆਂ ਨਾਲ ਠੱਗਿਆ ਗਿਆ ਮਹਿਸੂਸ ਕਰਦੇ ਹਨ:
ਸੋਨ ਚਿੜੀ ਹੈ ਦੇਸ਼ ਬਣਾਉਣਾ ਹੁਣ ਆਪਾਂ,
ਕਹਿ ਕੇ ਨੇਤਾ ਵੋਟ ਵਟੋਰੇ ਅੱਜਕੱਲ੍ਹ ਜੀ।
ਸਾਡੀਆਂ ਹਕੂਮਤਾਂ ਚਾਹੁੰਦੀਆਂ ਹਨ ਕਿ ਦੇਸ਼ ਦੀ ਨੌਜਵਾਨੀ ਭੋਗ-ਵਿਲਾਸ ਦੇ ਚੱਕਰ ਵਿੱਚ ਇੰਨੀ ਮਦਹੋਸ਼ ਹੋ ਜਾਵੇ ਕਿ ਉਸ ਨੂੰ ਆਪਣੇ ਭਲੇ-ਬੁਰੇ ਦਾ ਖ਼ਿਆਲ ਹੀ ਨਾ ਰਹੇ। ਅਮਨਦੀਪ ਦਰਦੀ ਸਮਝਦੇ ਹਨ ਕਿ ਸਾਡੇ ਸਮਾਜ ਵਿੱਚ ਦਿਨ-ਬਦਿਨ ਅਮਰਵੇਲ ਵਾਂਗ ਵਧ ਰਿਹਾ ਨਸ਼ਿਆਂ ਅਤੇ ਲੱਚਰਤਾ ਦਾ ਰੁਝਾਨ ਇਸੇ ਤੱਥ ਦੀ ਸ਼ਾਹਦੀ ਭਰਦਾ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਇਸ ਵਰਤਾਰੇ ਨੂੰ ਲਾਹੇਵੰਦ ਸਮਝਦੀਆਂ ਰਹੀਆਂ ਹਨ, ਤਾਂ ਕਿ ਉਹ ਆਪਣਾ ਲੁੱਟ-ਖਸੁੱਟ ਦਾ ਸਿਲਸਿਲਾ ਧੜੱਲੇ ਨਾਲ ਜਾਰੀ ਰੱਖ ਸਕਣ:
ਬਸ ਕੁੜੀਆਂ ਦੇ ਜਿਸਮਾਂ ਦੀ ਹੀ ਗੱਲ ਕਰੇ,
ਉਹ ਗਾਉਣਾ ਵੀ ਦੱਸੋ ਕਾਹਦਾ ਗਾਉਣਾ ਹੈ।
ਖ਼ੁਸ਼ ਰਹਿਣ ਲਈ ਵਿਅਕਤੀ ਦਾ ਵਰਤਮਾਨ ਵਿੱਚ ਮੌਜੂਦ ਹੋਣਾ ਜ਼ਰੂਰੀ ਹੁੰਦਾ ਹੈ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਜਾਂ ਤਾਂ ਭੂਤਕਾਲ ਵਿੱਚ ਕੀਤੀਆਂ ਗਲਤੀਆਂ ਨੂੰ ਚੇਤੇ ਕਰ-ਕਰ ਕੇ ਪਛਤਾਉਂਦੇ ਰਹਿੰਦੇ ਹਾਂ ਅਤੇ ਜਾਂ ਭਵਿੱਖ ਵਿੱਚ ਕੁੱਝ ਮਾੜਾ ਵਾਪਰ ਜਾਣ ਦੇ ਡਰ ਕਾਰਨ ਚਿੰਤਾ-ਗ੍ਰਸਤ ਰਹਿੰਦੇ ਹਾਂ। ਇਨ੍ਹਾਂ ਦੋਵਾਂ ਹਾਲਤਾਂ ਵਿੱਚ ਹੀ ਸਾਡੇ ਮਨ ਦਾ ਸੁੱਖ-ਚੈਨ ਬਰਕਰਾਰ ਨਹੀਂ ਰਹਿ ਸਕਦਾ। ਅਸਲ ਵਿੱਚ ਬੀਤੇ ਸਮਿਆਂ ਦੇ ਵਰਤਾਰੇ ਤੋਂ ਸਬਕ ਸਿੱਖ ਕੇ ਹੀ ਅਸੀਂ ਆਪਣੇ ਸੁਨਹਿਰੇ ਭਵਿੱਖ ਦੀ ਉਸਾਰੀ ਕਰ ਸਕਦੇ ਹਾਂ:
ਹਾਸੇ ਚਾਨਣ ਦਾ ਸਿਰਨਾਵਾਂ,
ਹਾਸੇ ਹੀ ਲੈ ਆਉਣ ਸਵੇਰੇ।
ਸਾਡੀ ਭਾਰਤੀ ਸੰਸਕ੍ਰਿਤੀ ਵਿੱਚ ਔਰਤ ਕਦੇ ਵੀ ਭੋਗ-ਵਿਲਾਸ ਦੀ ਵਸਤੂ ਨਹੀਂ ਰਹੀ। ਜਿੱਥੇ ਉਸ ਨੂੰ ਸੀਤਾ ਅਤੇ ਸਵਿੱਤਰੀ ਵਾਲੇ ਪਿਆਰ ਅਤੇ ਸਮਰਪਣ ਦੇ ਰੂਪ ਵਿੱਚ ਸਤਿਕਾਰਿਆ ਜਾਂਦਾ ਹੈ, ਉੱਥੇ ਭਿਆਨਕ ਦੈਂਤਾਂ ਦਾ ਨਾਸ਼ ਕਰਨ ਵਾਲੀ ਸ਼ਕਤੀ ਦੁਰਗਾ ਦੇ ਵਿਕਰਾਲ ਰੂਪ ਵਿੱਚ ਵੀ ਉਭਾਰਿਆ ਗਿਆ ਹੈ। ਅਮਨਦੀਪ ਦਰਦੀ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਅਜਿਹੇ ਬੇਲਗਾਮ ਨਾਰੀਵਾਦ ਨੂੰ ਵੀ ਰੱਦ ਕਰਦੇ ਹਨ, ਜਿਸ ਦੇ ਮੁਤਾਬਿਕ ਵੱਧ ਤੋਂ ਵੱਧ ਅੰਗ ਪ੍ਰਦਰਸ਼ਨ ਕਰਨ ਨੂੰ ਹੀ ਸੁਤੰਤਰਾ ਸਮਝਿਆ ਜਾ ਰਿਹਾ ਹੈ:
ਗਿੱਧੇ ਵਿੱਚ ਗਿੱਧਿਆਂ ਦੀ ਰਾਣੀ,
ਜੰਗਾਂ ਵਿੱਚ ਘਮਸਾਨ ਹੈ ਨਾਰੀ।
ਸੁਖਮਨੀ ਸਾਹਿਬ ਵਿੱਚ ਗੁਰੂ ਸਾਹਿਬ ਨੇ ਬਹੁਤ ਹੀ ਪਿਆਰਾ ਸੂਤਰ ਦਿੱਤਾ ਹੈ ਕਿ ਜੇਕਰ ਵਿਅਕਤੀ ਆਪਣੇ ਮਨ ਵਿੱਚ ਦੂਜੇ ਦਾ ਬੁਰਾ ਨਹੀਂ ਲੋਚਦਾ, ਤਾਂ ਉਸ ਦੇ ਜੀਵਨ ਵਿੱਚ ਕਦੇ ਵੀ ਦੁੱਖ ਪ੍ਰਵੇਸ਼ ਨਹੀਂ ਕਰ ਸਕਦਾ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਜੋਕੇ ਜ਼ਮਾਨੇ ਦਾ ਮਨੁੱਖ ਕੇਵਲ ਮੌਕਾਪ੍ਰਸਤ ਹੀ ਨਹੀਂ ਹੋਇਆ ਸਗੋਂ ਆਪਣਾ ਉੱਲੂ ਸਿੱਧਾ ਕਰਨ ਲਈ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਅਮਨਦੀਪ ਦਰਦੀ ਇਸ ਸ਼ਰਮਨਾਕ ਵਰਤਾਰੇ ਨੂੰ ਬਾਖ਼ੂਬੀ ਬਿਆਨ ਕਰਦੇ ਹਨ:
ਲੋਕਾਂ ਦੇ ਘਰ ਕੰਡੇ ਬੀਜਣ,
ਆਪਣੇ ਫੁੱਲ ਉਗਾਵਣ ਲੋਕੀਂ।
ਅਮਨਦੀਪ ਦਰਦੀ ਮਹਿਸੂਸ ਕਰਦੇ ਹਨ ਕਿ ਪਦਾਰਥਵਾਦ ਦੀ ਅੰਨ੍ਹੀ ਦੌੜ ਨੇ ਸਾਡੇ ਸਮਾਜਿਕ ਤਾਣੇ-ਬਾਣੇ ਨੂੰ ਇਸ ਤਰ੍ਹਾਂ ਝਿੰਜੋੜ ਕੇ ਰੱਖ ਦਿੱਤਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਆਪਸੀ ਪਿਆਰ, ਸਦਭਾਵਨਾ ਅਤੇ ਅਪਣੱਤ ਨਾਮ ਦੀ ਕੋਈ ਝਲਕ ਦਿਖਾਈ ਨਹੀਂ ਦਿੰਦੀ। ਖ਼ੁਸ਼ੀਆਂ ਅਤੇ ਗ਼ਮੀਆਂ ਦੇ ਸਮਾਗਮ ਵੀ ਅੱਜਕੱਲ੍ਹ ਸਿਰਫ਼ ਰਸਮ ਬਣ ਕੇ ਰਹਿ ਗਏ ਹਨ। ਨਾ ਤਾਂ ਸਾਡੇ ਕੋਲ ਕਿਸੇ ਦੀਆਂ ਖ਼ੁਸ਼ੀਆਂ ਵਿੱਚ ਭੰਗੜੇ ਪਾਉਣ ਲਈ ਵਿਹਲ ਹੈ ਅਤੇ ਨਾ ਹੀ ਅਸੀਂ ਕਿਸੇ ਦੀ ਪੀੜਾ ਦਾ ਦਰਦ ਮਹਿਸੂਸ ਕਰਨ ਨੂੰ ਤਰਜੀਹ ਦਿੰਦੇ ਹਾਂ:
ਸ਼ਗਨ ਵਿਆਹ ਦਾ ਵੀ ਨੇ ਗੂਗਲ ਕਰ ਦਿੰਦੇ,
‘ਦਰਦੀ’ ਅੱਜਕੱਲ੍ਹ ਲੋਕ ਸਿਆਣੇ ਹੋਏ ਨੇ।
ਮਨੁੱਖੀ ਸਮਾਜ ਦਾ ਜੇਕਰ ਸਭ ਤੋਂ ਵੱਧ ਪੀੜਿਆ ਜਾਣ ਵਾਲਾ ਕੋਈ ਵਰਗ ਹੈ, ਤਾਂ ਬਿਨਾਂ ਸ਼ੱਕ ਉਹ ਮਜ਼ਦੂਰ ਵਰਗ ਹੀ ਹੈ ਪਰ ਇਹ ਵੀ ਸਾਡੇ ਸਮਿਆਂ ਦਾ ਦੁੱਖਾਂਤ ਹੀ ਕਿਹਾ ਜਾਵੇਗਾ ਕਿ ਉਹ ਕਿਸਾਨਾਂ ਅਤੇ ਮੁਲਾਜ਼ਮਾਂ ਵਾਂਗ ਜੱਥੇਬੰਦਕ ਰੂਪ ਵਿੱਚ ਕਿਤੇ ਵੀ ਸੰਘਰਸ਼ ਕਰਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਜਿਸ ਦਿਨ ਉਸ ਨੂੰ ਕੰਮ ਮਿਲਦਾ ਹੈ, ਉਸ ਦਿਨ ਹੀ ਉਸ ਦੇ ਘਰ ਵਿੱਚ ਚੁੱਲ੍ਹਾ ਬਲਦਾ ਹੈ। ਇਨਕਲਾਬ ਦੇ ਸੁਪਨੇ ਦਿਖਾਉਣ ਵਾਲੀਆਂ ਪਾਰਟੀਆਂ ਵੀ ਇਸ ਵਰਗ ਨੂੰ ਯੋਜਨਬੱਧ ਢੰਗ ਨਾਲ ਅਣਗੌਲਿਆ ਕਰਦੀਆਂ ਰਹੀਆਂ ਹਨ:
ਅੱਜ ਨਹੀਂ ਤਾਂ ਕੱਲ੍ਹ ਹੋਵੇਗੀ।
ਮਜ਼ਦੂਰਾਂ ਦੀ ਗੱਲ ਹੋਵੇਗੀ।
ਅਮਨਦੀਪ ਦਰਦੀ ਦੀ ਵੰਝਲੀ ਮੈਨੂੰ ਭਾਈ ਮਰਦਾਨੇ ਦੀ ਰਬਾਬ ਵਾਲਾ ਸੰਦੇਸ਼ ਦਿੰਦੀ ਪ੍ਰਤੀਤ ਹੁੰਦੀ ਹੈ ਕਿਉਂਕਿ ਭਾਈ ਮਰਦਾਨੇ ਦੀ ਰਬਾਬ ਦੀਆਂ ਧੁਨਾਂ ਵਿਚਲਾ ਸਰਬੱਤ ਦੇ ਭਲੇ ਦਾ ਕਲਿਆਣਕਾਰੀ ਫ਼ਲਸਫ਼ਾ ਉਨ੍ਹਾਂ ਦੀ ਵੰਝਲੀ ਨੇ ਵੀ ਕੇਂਦਰ ਵਿੱਚ ਰੱਖਿਆ ਹੋਇਆ ਹੈ। ਵੰਝਲੀ ਦੀ ਇਹ ਤਾਨ ਹਰੇਕ ਵਿਅਕਤੀ ਦੇ ਅੰਦਰੋਂ ਸਦੀਆਂ ਤੋਂ ਆਵਾਜ਼ਾਂ ਦੇ ਰਹੀ ਹੈ ਪਰ ਇੱਕ ਦੂਜੇ ਤੋਂ ਅੱਗੇ ਨਿੱਕਲਣ ਦੀ ਨਿੱਜਵਾਦੀ ਪਹੁੰਚ ਨੇ ਸਾਨੂੰ ਕਿਰਤ ਕਰੋ ਅਤੇ ਵੰਡ ਛਕੋ ਦਾ ਹੋਕਾ ਦੇਣ ਵਾਲੀ ਇਸ ਤਾਨ ਤੋਂ ਬੇਮੁੱਖ ਕਰ ਕੇ ਰੱਖ ਦਿੱਤਾ ਹੈ:
ਨਾ ਕੋਈ ਘਮਸਾਨ ਸੁਣ,
ਵੰਝਲੀ ਦੀ ਤਾਨ ਸੁਣ।
ਪਾਸ਼ ਨੇ ਕਿਹਾ ਸੀ ਕਿ ਸਭ ਤੋਂ ਬੁਰਾ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਕਿਉਂਕਿ ਜਿਹੋ ਜਿਹਾ ਸਾਡਾ ਸੁਪਨਾ ਹੋਵੇਗਾ, ਜਿਹੋ ਜਿਹਾ ਦ੍ਰਿਸ਼ਟੀਕੋਣ ਹੋਵੇਗਾ ਜਾਂ ਜਿਹੋ ਜਿਹੀ ਕਲਪਨਾ ਹੋਵੇਗੀ, ਉਹੋ ਜਿਹਾ ਹੀ ਸਾਡਾ ਜੀਵਨ ਬਣ ਜਾਵੇਗਾ। ਜੇਕਰ ਸਾਡਾ ਸੁਪਨਾ ਚੰਗਾ ਹੈ, ਤਾਂ ਜੀਵਨ ਵੀ ਜ਼ਰੂਰ ਚੰਗਾ ਹੋਵੇਗਾ ਕਿਉਂਕਿ ਸੁਪਨਾ ਵਿਅਕਤੀ ਦੇ ਭਵਿੱਖ ਦੇ ਜੀਵਨ ਦੀ ਭਵਿੱਖਬਾਣੀ ਹੁੰਦਾ ਹੈ। ਅਮਨਦੀਪ ਦਰਦੀ ਲਿਖਦੇ ਹਨ ਕਿ ਸੀਨੇ ਵਿੱਚ ਸੁਪਨੇ ਸਜਾ ਕੇ ਤੁਰਨ ਵਾਲਿਆਂ ਕਦਮਾਂ ਵਿੱਚ ਸਫ਼ਲਤਾਵਾਂ ਖ਼ੁਦ ਚੱਲ ਕੇ ਆਉਂਦੀਆਂ ਹਨ:
ਸਫ਼ਰਾਂ ਦੇ ਵਿੱਚ ਨਾ ਮੁਰਝਾ ਕੇ ਤੁਰਿਆ ਕਰ।
ਸੀਨੇ ਦੇ ਵਿੱਚ ਖ਼ਾਬ ਸਜਾ ਕੇ ਤੁਰਿਆ ਤਰ।
ਦਰਦੀ ਸਾਹਿਬ ਦੇ ਇਸ ਸ਼ਿਅਰ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਬਹੁਤ ਹੀ ਸਾਦੇ ਅਤੇ ਸਰਲ ਸ਼ਬਦਾਂ ਵਿੱਚ ਉਹ ਇੱਕ ਅਜਿਹਾ ਸੱਚ ਉਜਾਗਰ ਕਰ ਗਏ ਹਨ, ਜਿਸ ਨੂੰ ਕਹਿਣ ਦੀ ਉਮੀਦ ਹਰ ਕਿਸੇ ਤੋਂ ਨਹੀਂ ਰੱਖੀ ਜਾ ਸਕਦੀ। ਮੈਂ ਉਨ੍ਹਾਂ ਦੇ ਇਸ ਕਥਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਨਕਲਾਬ ਦੇ ਨਾਮ ’ਤੇ ਸਾਡੇ ਨਾਲ ਇੱਕ ਸ਼ਤਰੰਜੀ ਖੇਡ ਖੇਡੀ ਜਾਂਦੀ ਰਹੀ ਹੈ ਕਿਉਂਕਿ ਇਨਕਲਾਬ ਦੇ ਨਾਅਰੇ ਮਾਰਨ ਵਾਲੇ ਲੋਕ ਹੀ ਅਸਲ ਵਿੱਚ ਇਨਕਲਾਬ ਦੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਬਣੇ ਹੋਏ ਹਨ:
ਇਨਕਲਾਬ ਲੈ ਆਉਣਾ ਕੋਈ ਖੇਡ ਨਹੀਂ,
ਏਸ ਅਮਲ ਨੂੰ ਇੱਕ ਜ਼ਮਾਨਾ ਲੱਗਦਾ ਹੈ।
ਕੋਈ ਜ਼ਮਾਨਾ ਹੁੰਦਾ ਸੀ, ਜਦੋਂ ਲੋਕਾਂ ਦੀ ਕਹਿਣੀ ਅਤੇ ਕਰਨੀ ਵਿੱਚ ਇੱਕਸੁਰਤਾ ਦਿਖਾਈ ਦਿੰਦੀ ਸੀ, ਜਦੋਂ ਲੋਕ ਮਰਦੇ ਦਮ ਤੱਕ ਆਪਣੇ ਕੀਤੇ ਹੋਏ ਵਾਅਦੇ ਨੂੰ ਨਿਭਾਉਂਦੇ ਸਨ ਅਤੇ ਵਚਨ ਨੂੰ ਤੋੜ ਦੇਣਾ ਮਰਨ ਬਰਾਬਰ ਸਮਝਿਆ ਜਾਂਦਾ ਸੀ। ਅੱਜਕੱਲ੍ਹ ਤਾਂ ਸਾਡੇ ਲਈ ਇਹ ਜਾਣਨਾ ਵੀ ਮੁਸ਼ਕਿਲ ਹੋ ਗਿਆ ਹੈ ਕਿ ਸਾਡੇ ਸਾਹਮਣੇ ਬੈਠੇ ਵਿਅਕਤੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਜੋ ਕੁੱਝ ਕਿਹਾ ਜਾ ਰਿਹਾ ਹੁੰਦਾ ਹੈ, ਉਹ ਹੁੰਦਾ ਨਹੀਂ ਹੈ ਅਤੇ ਜੋ ਕੁੱਝ ਹੋ ਰਿਹਾ ਹੁੰਦਾ ਹੈ, ਉਹ ਤਾਂ ਕਦੇ ਕਿਹਾ ਹੀ ਨਹੀਂ ਗਿਆ ਹੁੰਦਾ:
ਕਹਿੰਦੇ ਹੋਰ ਤੇ ਕਰਦੇ ਹੋਰ,
ਲੋਕਾਂ ਦੇ ਵਰਤਾਰੇ ਦੇਖ।
ਅਕਸਰ ਕਿਹਾ ਜਾਂਦਾ ਹੈ ਕਿ ਜਿੱਥੇ ਨਾ ਪਹੁੰਚੇ ਰਵੀ, ਉੱਥੇ ਪਹੁੰਚੇ ਕਵੀ। ਪੰਜਾਬ ਵਿੱਚ ਤਾਂ ਕਵੀ ਦੀ ਅਹਿਮੀਅਤ ਹੋਰ ਵੀ ਵੱਧ ਮਹੱਤਵ ਰੱਖਦੀ ਹੈ ਕਿਉਂਕਿ ਵਿਸ਼ਵ ਦੇ ਮਹਾਨ ਰਹਿਬਰ ਗੁਰੂ ਨਾਨਕ ਸਾਹਿਬ ਵੀ ਆਪਣੇ ਆਪ ਨੂੰ ਸ਼ਾਇਰ ਅਖਵਾਉਣ ਵਿੱਚ ਮਾਣ ਮਹਿਸੂਸ ਕਰਦੇ ਹਨ। ਅੱਜ ਬੇਸ਼ੱਕ ਸਰਕਾਰੀ ਮਾਣ-ਸਨਮਾਨ ਦੀ ਝਾਕ ਵਿੱਚ ਬਹੁਤ ਸਾਰੇ ਸਾਹਿਤਕਾਰ ਤੋਤੇ ਬਣ ਕੇ ਰਹਿ ਗਏ ਹਨ ਪਰ ਅਜਿਹੀਆਂ ਚਿੰਤਾਜਨਕ ਪ੍ਰਸਥਿਤੀਆਂ ਵਿੱਚ ਵੀ ਅਮਨਦੀਪ ਦਰਦੀ ਆਪਣੀ ਆਸ਼ਾਵਾਦੀ ਸਮਝ ਦਾ ਪੱਲਾ ਨਹੀਂ ਛੱਡਦੇ:
ਯੁੱਗ ਪਲਟਾਉਣਾ ਜਾਣਦੇ ਨੇ ਕਲਮਾਂ ਵਾਲੇ।
ਭਲਾ-ਬੁਰਾ ਪਹਿਚਾਣਦੇ ਨੇ ਕਲਮਾਂ ਵਾਲੇ।
ਕਹਿਣ ਨੂੰ ਤਾਂ ਭਾਵੇਂ ਅੱਜ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸਾਹ ਲੈ ਰਹੇ ਹਾਂ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮੇਂ-ਸਮੇਂ ਦੀਆਂ ਹਕੂਮਤਾਂ ਆਪਣੇ ਵਿਰੋਧ ਵਿੱਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਲਈ ਹਰ ਜਾਇਜ਼ ਅਤੇ ਨਾਜਾਇਜ਼ ਢੰਗ ਅਪਣਾਉਂਦੀਆਂ ਰਹੀਆਂ ਹਨ। ਕਿੰਨੇ ਹੀ ਕਲਮਕਾਰ ਸੱਤ੍ਹਾ ਦੇ ਖ਼ਿਲਾਫ਼ ਸਿਰਫ਼ ਲਿਖਣ ਅਤੇ ਬੋਲਣ ਦੇ ਦੋਸ਼ ਵਿੱਚ ਹੀ ਨਜ਼ਰਬੰਦ ਹਨ। ਦਰਦੀ ਸਾਹਿਬ ਆਪਣੇ ਇਸ ਸ਼ਿਅਰ ਵਿੱਚ ਗੂੰਗੇ ਹੋ ਚੁੱਕੇ ਕਵੀਆਂ ਨੂੰ ਜ਼ੁਬਾਨ ਦੇਣ ਲਈ ਹਲੂਣਦੇ ਹਨ:
ਆਪਣੇ ਦਿਲ ਦੀ ਕਹਿਣਾ ਸਿੱਖ।
ਚੁੱਪ ਕਰ ਕੇ ਨਾ ਬਹਿਣਾ ਸਿੱਖ।
ਤਸੱਲੀ ਵਾਲੀ ਗੱਲ ਹੈ ਕਿ ਅਮਨਦੀਪ ਦਰਦੀ ਆਪਣੀ ਇਸ ਪੁਸਤਕ ਰਾਹੀਂ ਆਮ ਆਦਮੀ ਤੱਕ ਜਿਹੜਾ ਸੁਨੇਹਾ ਦੇਣਾ ਚਾਹੁੰਦੇ ਸਨ, ਉਸ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ। ਆਪਣੇ ਸਤਿਕਾਰਯੋਗ ਪਿਤਾ ਸਰਦਾਰ ਭਾਗ ਸਿੰਘ ਦਰਦੀ ਜੀ ਵਾਂਗ ਲੋਕ-ਹਿੱਤਾਂ ਲਈ ਅੱਗੇ ਹੋ ਕੇ ਸੰਘਰਸ਼ ਕਰਨ ਦੀ ਪ੍ਰਵਿਰਤੀ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਹੈ। ਉਨ੍ਹਾਂ ਦੀ ਗ਼ਜ਼ਲਕਾਰੀ ਵਿੱਚ ਵਰਤੀ ਗਈ ਸ਼ਬਦਾਵਲੀ ਇੰਨੀ ਸਰਲ ਅਤੇ ਸਪੱਸ਼ਟ ਹੈ ਕਿ ਪਾਠਕ ਇੱਕੋ ਬੈਠਕ ਵਿੱਚ ਹੀ ਪੂਰੀ ਦੀ ਪੂਰੀ ਪੁਸਤਕ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ। ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਦਾ ਨਾਂ ਪੰਜਾਬੀ ਦੇ ਸਮਰੱਥ ਕਵੀਆਂ ਵਿੱਚ ਮਾਣ ਨਾਲ ਲਿਆ ਜਾਵੇਗਾ। ਅਮਨਦੀਪ ਦਰਦੀ ਕੋਲੋਂ ਹੋਰ ਵਧੀਆ ਸਾਹਿਤਕ ਸਿਰਜਣਾ ਦੀ ਉਮੀਦ ਰੱਖਦਾ ਹੋਇਆ ਮੈਂ ਉਨ੍ਹਾਂ ਦੇ ਇਸ ਯਤਨ ਦਾ ਹਾਰਦਿਕ ਸਵਾਗਤ ਕਰਦਾ ਹਾਂ।
ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁਨਰਵਾਸ ਕਾਰਜਾਂ ਲਈ ਕੀਤੀ ਪਹਿਲ ਸ਼ਲਾਘਾਯੋਗ – ਕੁਲਵਿੰਦਰ ਸਿੰਘ ਬੈਨੀਪਾਲ
Next article**ਪੰਜਾਬ **