(ਸਮਾਜ ਵੀਕਲੀ)
ਕੋਈ ਬਹੁਤਾ ਔਖਾ ਵੀ ਕੰਮ ਹੈ ਨਈਂ,
ਦਾੜ੍ਹੀ- ਮੁੱਛਾਂ ਨੂੰ ਫੇਰ ਵਧਾ ਸਕਦਾਂ।
ਪੋਚ ਪੋਚ ਕੇ ਚਿਣ੍ਹਨ ਦੀ ਸਾਰ ਜਾਣਾ,
ਜਿਵੇਂ ਕਹੋ ਦਸਤਾਰ ਸਜਾ ਸਕਦਾਂ।
ਆਉਂਦੇ ਸਾ ਰੇ ਗਾ ਮਾ ਨਾਲੇ ਧਾ ਗੇ ਨਾ ਤੀ,
ਚਿਮਟਾ ਤਾਲ ਮਿਲਾ ਕੇ ਵਜਾ ਸਕਦਾਂ।
ਕਰ ਵਾਹ-ਗੁਰੂ, ਵਾਹ-ਗੁਰੂ, ਜੀਉ ਜੀਉ,
ਮਗਰ ਸੰਗਤਾਂ ਬਥੇਰੀਆਂ ਲਾ ਸਕਦਾਂ।
ਵਾਧੂ ਚਿਕਨੀਆਂ ਚੋਪੜੀਆਂ ਕਰ ਗੱਲਾਂ,
ਅਖਾਣਾ-ਅਖੌਤਾਂ ਦੀ ਪਾਣ੍ਹ ਚੜਾ ਸਕਦਾਂ।
ਕਿਸੇ ਹੋਰ ਵੀ ਧਰਮ ਦਾ ਨਹੀਂ ਔਖਾ,
ਕਾਂਡ, ਆਇਤਾਂ ਜਾਂ ਚੈਪਟਰ ਸੁਣਾ ਸਕਦਾਂ।
ਪਏ ਵੱਟ ਤੇ ਟੂਰ ਨੇ ਬਾਹਰ ਵਾਲੇ,
ਯੂਰੋ, ਪੌਂਡ ਜਾਂ ਡਾਲਰ ਕਮਾ ਸਕਦਾਂ।
ਜਿਹੜੇ ਮੁਲਕ ਦਾ ਚਾਹਾਂ ਵਸਨੀਕ ਹੋ ਜਾਂ,
ਨਾਲ ਟੱਬਰ ਵੀ ਸਾਰਾ ਟਿਕਾ ਸਕਦਾਂ।
ਐਪਰ ਪਤਾ ਹੈ ਨਾਲ ਇਨਸਾਨੀਅਤ ਹੀ,
‘ਸਾਂਝੀਵਾਲੁ’ ਹਾਂ ਸਭ ਨੂੰ ਸਦਾ ਸਕਦਾਂ।
ਬੇਸ਼ੱਕ ਖੜ੍ਹ ਸਕਦਾ ਨਾ ਕੰਧ ਬਣਕੇ,
ਚੌਂਕੀਦਾਰ ਦਾ ਹੋਕਾ ਤਾਂ ਲਾ ਸਕਦਾਂ।
ਮੀਂਹ ਵੱਸ ਦੀ ਗੱਲ ਜੇ ਨਾ ਅੱਗ ਉੱਤੇ,
ਐਪਰ ਚੁੰਝ ਕੁ ਪਾਣੀ ਤਾਂ ਪਾ ਸਕਦਾਂ।
ਤੱਕ ਇੰਦਰਾ, ਰਾਜੀਵ, ਟਾਈਟਲਰ.. ਸੱਜਣ ।
ਮੋਤੀ ਮਹਿਰਾ ਨਾ ਟੋਡਰ ਭੁਲਾ ਸਕਦਾਂ।
ਵਜੀਰ ਖਾਨ, ਫਰਖੁਸ਼ੀਅਰ ਲੱਖ ਭੈੜੇ,
ਭੁੱਲ ਗਨੀ, ਨਭੀ ਨਾ ਬੁੱਧੂ ਸ਼ਾਹ ਸਕਦਾਂ।
ਨਨਕਾਣਾ, ਚੂਨਾ ਮੰਡੀ ਰਹੇ ਵੱਸ ਵਿੱਚ ਨਾ,
ਵੀਜ਼ਾ ਪਟਨੇ, ਨਾਂਦੇੜ ਨਾ ਲਵਾ ਸਕਦਾਂ।
‘ਬੇਗਮਪੁਰਾ ਸਹਰ ਕੋ ਨਾਉ’ ਵਾਲੀ’,
ਬੱਸ ਅਲਖ ਹਾਂ ਐੱਥੇ ਹੀ ਜਗਾ ਸਕਦਾਂ।
ਨੀਂਦਰ ਮੌਤ ਦੀ ਘੜਾਮੇਂ ਸਰੀਰ ਸੌਂ ਜਏ,
ਐਪਰ ਮੂਲ ਨਾ ਜ਼ਮੀਰ ਸਵਾ ਸਕਦਾਂ।
ਰੋਮੀਆਂ ਸੋਨਾ, ਚਾਂਦੀ, ਹੀਰੇ, ਖੁਰਾਕ ਨਹੀਉਂ,
ਭੁੱਖ ਲੱਗੀ ਤੇ ਰੋਟੀ ਹੀ ਖਾ ਸਕਦਾਂ।
ਰੋਮੀ ਘੜਾਮੇਂ ਵਾਲ਼ਾ।
98552-81105
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly