ਚੰਡੀਗੜ੍ਹ (ਸਮਾਜ ਵੀਕਲੀ) ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਮਨੁੱਖੀ ਅਧਿਕਾਰ ਦਿਵਸ ਤੇ 10 ਦਸੰਬਰ ਨੂੰ ਸਜ਼ਾ ਭੁਗਤ ਚੁੱਕੇ ਸਿਆਸੀ ਕੈਦੀਆਂ ਅਤੇ ਹੋਰ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਦੀ ਰਿਹਾਈ ਲਈ ਵਿਦਿਅਕ ਸੰਸਥਾਵਾਂ ਚ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਜਨਰਲ ਸਕੱਤਰ ਅਮਨਦੀਪ ਸਿੰਘ ਅਤੇ ਪ੍ਰੈਸ ਸਕੱਤਰ ਮੰਗਲਜੀਤ ਪੰਡੋਰੀ ਨੇ ਕਿਹਾ ਕਿ ਮੋਦੀ ਹਕੂਮਤ ਦੌਰਾਨ ਕੲੀ ਬੁੱਧੀਜੀਵੀਆਂ , ਲੇਖਕਾਂ, ਪੱਤਰਕਾਰਾਂ ਤੇ ਝੂਠੇ ਮੁੱਕਦਮੇ ਦਰਜ਼ ਕਰਕੇ ਜੇਲ੍ਹਾਂ ਚ ਬੇਵਜ੍ਹਾ ਬੰਦ ਕੀਤਾ ਗਿਆ ਹੈ ਤਾਂ ਜ਼ੋ ਹਰ ਉਸ ਵਿਰੋਧ ਦੀ ਅਵਾਜ਼ ਦਬਾਈ ਜਾ ਸਕੇ ਜ਼ੋ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ, ਸਮਾਜਿਕ ਪਾੜੇ ਨੂੰ ਵਧਾਉਣ ਵਾਲੇ ਫੈਸਲੇ, ਫਿਰਕਾਪ੍ਰਸਤੀ ਨੂੰ ਸ਼ਹਿ ਦੇਣ ਵਾਲੀਆਂ ਘਟਨਾਵਾਂ ਖਿਲਾਫ਼ ਉਠਦੀ ਹੈ। ਇਸ ਤੋਂ ਪਹਿਲਾਂ ਹਾਕਮਾਂ ਦੀ ਫਿਰਕੂ ਮਾਨਸਿਕਤਾ ਵਲੋਂ ਭੀਮਾ ਕੋਰੇਗਾਂਵ ਚ ਹਾਲਾਤ ਖਰਾਬ ਕੀਤੇ ਜਾਂਦੇ ਹਨ ਫਿਰ ਇਸ ਸਾਰੇ ਘਟਨਾਕ੍ਰਮ ਲੲੀ ਅਸਲ ਦੋਸ਼ੀਆਂ ਨੂੰ ਛੱਡ ਬੁੱਧੀਜੀਵੀਆਂ ਲੇਖਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਦਿੱਲੀ ਦੇ ਸਹੀਨ ਬਾਗ਼ ਚੱਲ ਰਹੇ ਅੰਦੋਲਨ ਖਿਲਾਫ਼ ਭੜਕਾਉਣ ਵਾਲੇ ਭਾਜਪਾ ਨੇਤਾਵਾਂ ਨੂੰ ਛੱਡ ਨਿਰਦੋਸ਼ ਲੋਕਾਂ ਨੂੰ ਝੂਠੇ ਕੇਸਾਂ ਚ ਫਸਾਇਆ ਗਿਆ।
ਯੂਨੀਅਨ ਆਪਣੀਆਂ ਮੰਗਾਂ ਕਿ ਸਿਆਸੀ ਕੈਦੀ ਜੋ ਸਜ਼ਾ ਭੁਗਤ ਚੁੱਕੇ ਹਨ ਅਤੇ ਜੋ ਝੂਠੇ ਕੇਸਾਂ ਚ ਫਸਾ ਕੇ ਜੇਲੀਂ ਬੰਦ ਕੀਤੇ ਹੋਏ ਹਨ ਤੁਰੰਤ ਰਿਹਾਅ ਕਰਵਾਉਣ ਲਈ 10 ਦਸੰਬਰ ਨੂੰ ਸੂਬੇ ਭਰ ਚ ਪ੍ਰਦਰਸ਼ਨ ਕਰੇਗੀ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਵਾਜ਼ ਬੁਲੰਦ ਕਰਨ। ਏਸੇ ਦੌਰਾਨ ਸ਼੍ਰੋਮਣੀ ਪੰਜਾਬੀ ਦਲ ਦੇ ਪੱਤਰਕਾਰ ਵਿੰਗ ਦੇ ਆਗੂਆਂ ਰਮੇਸ਼ ਸਰਸ਼ਾਰ, ਯਾਦਵਿੰਦਰ ਦੀਦਾਵਰ, ਪਰਮਿੰਦਰ ਪੁਰੂ ਬੜਾ ਪਿੰਡ, ਵਾਹਦ ਰੇਰੂ, ਰਉਂਦੀਪ, ਯਾਦ ਸੂਫ਼ੀ, ਬੀਬੀ ਸਾਰਾਹ ਰਾਓਵਾਲੀ ਨੇ ਏਸ ਐਕਸ਼ਨ ਦੀ ਹਮਾਇਤ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly