(ਸਮਾਜ ਵੀਕਲੀ)
ਆਹ ਲ਼ੈ ਮੈਂ ਬੰਨ੍ਹਤੀ ਰੋਟੀ
ਪੂਰੇ ਤਿੰਨ ਡੰਗਾਂ ਦੀ
ਹਾਕਮ ਤੋਂ ਹੱਕ ਵੇ ਮੰਗਣੇ
ਜਾਇਜ਼ ਮੰਗ ਮੰਗਾਂ ਦੀ
ਆਪੇ ਮੈਂ ਸਾਭੂੰ ਨਿਆਣੇ
ਕੱਟੀ ਤੇ ਕੱਟਾ ਵੇ
ਕਰਲੈ ਤੂੰ ਜਾਣ ਦੀ ਤਿਆਰੀ
ਧਰਨੇ ਤੇ ਜੱਟਾ ਵੇ
ਲੋਟੂ ਨੇ ਇਹ ਸਰਕਾਰਾਂ
ਹੁਣ ਤੱਕ ਨੇ ਲੁੱਟਦੀਆਂ ਆਈਆਂ
ਕਿਰਤੀ ਨੇ ਹੱਡ ਗਾਲ਼ਤੇ
ਕਰ ਕਰ ਕੇ ਸਖ਼ਤ ਕਮਾਈਆਂ
ਗਲੋਂ ਨਾ ਲਹੇ ਗਰੀਬੀ
ਪੀੜ੍ਹੀ ਦਰ ਪੀੜ੍ਹੀ ਨੀ
ਜੱਟਾਂ ਦੀ ਜ਼ਿੰਦਗੀ ਬੱਲੀਏ
ਗੰਨੇ ਜਿਉਂ ਪੀੜੀ ਨੀ
ਤੇਰੇ ਤੋਂ ਜਿੰਦ ਵਾਰ ਦਿਆਂ
ਸਿਰ ਦੇ ਮੇਰੇ ਸਾਈਆਂ ਵੇ
ਤੇਰੇ ਮੈਂ ਖੜ੍ਹਾਂ ਬਰਾਬਰ
ਇਸ ਮਿੱਟੀ ਦੀ ਜਾਈਆਂ ਵੇ
ਅਣਖਾਂ ਨਾਲ ਜਿਉਣਾ ਸਿਖਿਆ
ਢੋਇਆ ਪਰ ਘੱਟਾ ਵੇ
ਕਰਲੈ ਤੂੰ ਜਾਣ ਦੀ ਤਿਆਰੀ
ਧਰਨੇ ਤੇ ਜੱਟਾ ਵੇ
ਆਪਣਿਆਂ ਨੇ ਦੇ ਦੇ ਧੋਖਾ
ਸਾਡੇ ਨਾਲ ਦਗ਼ਾ ਕਮਾਇਆ
ਲੋਕਾਂ ਵਿੱਚ ਪਾ ਪਾ ਵੰਡੀਆਂ
ਸਾਨੂੰ ਨੀ ਕ਼ਤਲ ਕਰਾਇਆ
ਪੰਥ ਦੀਆਂ ਵੋਟਾਂ ਮੰਗ ਕੇ
ਕਰਲੀ ਸੈਟ ਪੀੜ੍ਹੀ ਨੀ
ਜੱਟਾਂ ਦੀ ਜ਼ਿੰਦਗੀ ਬੱਲੀਏ
ਗੰਨੇ ਜਿਉਂ ਪੀੜੀ ਨੀ
ਜੀਤ ਕਿਉਂ ਗਲ਼ ਵਿੱਚ ਰੱਸਾ
ਪਾਉਣਾ ਹੁਣ ਆਪਾਂ ਨੇ
ਕਰ ਲੈ ਹੁਣ ਕਿਰਤੀ ਕੱਠੇ
ਮੰਗਣੇ ਹੱਕ ਆਪਾਂ ਨੇ
ਜਾਨ ਦੀ ਬਾਜ਼ੀ ਲਾ ਕੇ
ਚੱਕਣਾ ਸਭ ਰੱਟਾ ਵੇ
ਕਰ ਲੈ ਤੂੰ ਜਾਣ ਦੀ ਤਿਆਰੀ
ਧਰਨੇ ਤੇ ਜੱਟਾ ਵੇ
ਨਮੋਲ਼ ਤਾਂ ਹੋ ਜਾਊ ਕੱਠਾ
ਸਾਰਾ ਨੀ ਪਿੰਡ ਬੱਲੀਏ
ਪਾ ਲ਼ੈ ਤੂੰ ਬੈਗ ਚ ਕੱਪੜੇ
ਧਰਨੇ ਤੇ ਆਪਾਂ ਚੱਲੀਏ
ਸਾਂਭ ਲਉ ਸੀਰੀ ਸਭ ਕੁਝ
ਸਾਂਝ ਬੜੀ ਪੀਡੀ ਨੀ
ਜੱਟਾਂ ਦੀ ਜ਼ਿੰਦਗੀ ਬੱਲੀਏ
ਗੰਨੇ ਜਿਉਂ ਪੀੜੀ ਨੀ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly