ਕੈਨੇਡਾ ‘ਚ ਕੁੜੀਆਂ ਦੀ ਵੇਸਵਾਗਮਨੀ!

ਸਾਹਿਬ ਸਿੰਘ

 (ਸਮਾਜ ਵੀਕਲੀ) ਰੌਲ਼ਾ ਖੌਰੂ ਲਾਸ਼ਾਂ ਤੇ ਹੋਰ ਕਿਨਾ ਕੁੱਝ !!

  ਕੁੱਝ ਦੇਰ ਤੋਂ ਕੈਨੇਡਾ ਨੂੰ ਦੇਖ ਰਿਹਾ ਹਾਂ …ਮਿਲ ਗਿਲ਼ ਰਿਹਾ ਹਾਂ …ਬਹੁਤ ਸਾਰੇ ਲੋਕਾਂ ਨੂੰ ..ਏਥੋਂ ਦੇ ਰੇਡੀਓ ਟੈਲੀਵਿਜ਼ਨ ਕੀ ਕਹਿੰਦੇ ਨੇ, ਸੁਣ ਵੀ ਰਿਹਾ ਹਾਂ ..ਹਿੱਸਾ ਵੀ ਬਣ ਰਿਹਾ ਹਾਂ ..ਪੰਜਾਬੀਆਂ ਦੀ ਜ਼ਿੰਦਗੀ ਦੇਖਣ ਸਮਝਣ ਲਈ ਪਾਰਕਾਂ ਗਲ਼ੀਆਂ ਪਲਾਜ਼ਿਆਂ ਸਟੋਰਾਂ ਦੇ ਚੱਕਰ ਵੀ ਮਾਰੇ..ਕੁੱਝ ਬਹੁਤ ਵਧੀਆ ਹੈ..ਕੁੱਝ ਵਧੀਆ ਹੈ..ਕੁੱਝ ਮਾੜਾ ਹੈ..ਕੁੱਝ ਬਹੁਤ ਮਾੜਾ ਹੈ..ਪਰ ਇਕ ਚਰਚਾ ਅੱਜ ਕੱਲ ਜ਼ੋਰਾਂ ‘ਤੇ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਏਥੇ ਗੰਦ ਪਾ ਦਿਤਾ ਹੈ..ਗੁਜ਼ਾਰਾ ਔਖਾ ਹੈ.ਕੁੜੀਆਂ ਵੇਸਵਾਗਮਨੀ ਕਰਨ ਲੱਗ ਪਈਆਂ ਹਨ..ਘਰ ਨਹੀਂ ਬਣਨੇ ਹੁਣ..ਆਦਿ ਆਦਿ….
                    ਸੰਕਟ ਹੈ..ਇਹ ਮੰਨ ਲੈਣਾ ਚਾਹੀਦਾ ..ਸੰਕਟ ਇਕਹਿਰਾ ਨਹੀਂ ..ਇਹ ਸਮਝ ਲੈਣਾ ਚਾਹੀਦਾ ..ਸੰਕਟ ਦਿਨੋ ਦਿਨ ਗਹਿਰਾ ਹੋ ਰਿਹੈ..ਇਹ ਮੰਨ ਲੈਣਾ ਚਾਹੀਦਾ ..ਸੰਕਟ ਪੈਦਾ ਕਿਉਂ ਹੋਇਆ ,ਕੌਣ ਕੌਣ ਕਾਰਨ ਹਨ..ਇਹ ਸਮਝ ਲੈਣਾ ਚਾਹੀਦਾ ..ਜਦ ਪੰਜਾਬ ਤੋਂ ਆਇਆ ਕੋਈ ਗੱਭਰੂ ਦਸਾਂ ਦਿਨਾਂ ‘ਚ ਲਾਸ਼ ਬਣ ਜਾਂਦੈ ਤਾਂ ਸੰਕਟ ਬਹੁਤ ਦੁਖਦਾਈ ਬਣ ਜਾਂਦੈ..ਦਸ ਦਿਨ ‘ਚ ਕਿਸੇ ਨਵੀਂ ਬਿਮਾਰੀ ਦਾ ਉਭਰਨਾ ਬਹੁਤ ਮੁਸ਼ਕਿਲ ਹੈ..ਅਰਥਾਤ ਬੀਮਾਰੀ ਪਿੱਛੋਂ ਨਾਲ ਚੱਲ ਕੇ ਆਈ ਹੈ..ਅਜਿਹਾ ਕਿਉਂ ਹੋ ਗਿਐ..ਸਮਝਣ ਦੀ ਲੋੜ ਹੈ..ਪਰ ਅਫਸੋਸ ਕਿ ਅਸੀਂ ਹਵਾ ‘ਚ ਤਲਵਾਰਾਂ ਮਾਰਨ ਦੀ ਆਦਤ ਛੱਡਣ ਨੂੰ ਤਿਆਰ ਨਹੀਂ !
                      ਜੇ ਅਸੀਂ ਇਹ ਧਾਰ ਹੀ ਲਿਆ ਹੈ ਕਿ ਉਧਰ ਨਹੀਂ ਰਹਿਣੈ..ਕੈਨੇਡਾ ਹੀ ਜਾਣੈ..ਤਾਂ ਫੇਰ ਜਿਵੇਂ ਕਿਸਾਨ ਖੇਤ ‘ਚ ਫਸਲ ਬੀਜਣ ਤੋਂ ਪਹਿਲਾਂ ਖੇਤ ਨੂੰ ਤਿਆਰ ਕਰਦੈ..ਉਵੇਂ ਹੀ ਆਪਣੇ ਬੱਚਿਆਂ ਨੂੰ ਤਿਆਰ ਕਰ ਕੇ ਭੇਜੋ..ਮੁੰਡਿਆਂ ਨੂੰ ਇਹ ਕਹਿ ਕੇ ਮੱਖਣੀਆਂ ਨਾ ਖੁਆਈ ਜਾਓ ਕਿ” ਖਾ ਲੈ ਪੁੱਤ..ਕੋਈ ਨਾ ਕਨੇਡਾ ਜਾ ਕੇ ਫੇਰ ਕੰਮ ਈ ਕਰਨੈ ਸਾਰੀ ਉਮਰ!”..ਉਸ ਮੁੰਡੇ ਨੂੰ ਉਥੇ ਕੰਮ ਸੱਭਿਆਚਾਰ ਵਲ ਤੋਰੋ..ਕੁੜੀਆਂ ਨੂੰ ਉਥੇ ਅਜ਼ਾਦੀ ਦਿਓ..ਇਹ ਨਾ ਹੋਵੇ ਕਿ ਥੋਡੀ ਬੱਚੀ ਨੂੰ ਤੁਸੀਂ ਲਹਿਰੇਗਾਗੇ ਤੋਂ ਸੁਨਾਮ ਵੀ ਕੱਲੀ ਜਾਣ ਤੋਂ ਘੂਰੀ ਜਾਵੋਂ ਤੇ ਫੇਰ ਅਚਾਨਕ ਟੋਰਾਂਟੋ ਦੇ ਜਹਾਜ਼ ਚੜ੍ਹਾ ਦੇਵੋੰ..ਤਬਦੀਲੀ ਨੂੰ ਸਹਿਜ ਢੰਗ ਨਾਲ ਵਾਪਰਨ ਦਿਓ!..ਪੰਜਾਬੀ ਬੱਚਿਆਂ ਨੇ ਏਥੇ ਆ ਕੇ ਕਮਾਲਾਂ ਕੀਤੀਆਂ ਨੇ..ਪੜ੍ਹੇ ਵੀ ਨੇ..ਕੰਮ ਵੀ ਕਰਦੇ ਨੇ..ਪਿਛੇ ਬੈਠੇ ਥੋੜ੍ਹਾ ਸਿਆਣੇ ਤੇ ਖੁੱਲ੍ਹਦਿਲੇ ਹੋਣ!
                       ਏਥੇ ਹਰ ਇਕ ਨੂੰ ਕੋਈ ਸਾਥ ਚਾਹੀਦੈ..ਜਿਸ ਕੋਲ ਹੈ..ਉਹਦੇ ਡੋਲਣ ਦਾ ਖਤਰਾ ਘੱਟ ਐ..ਪਰ ਡਰਨ ਜਾਂ ਡਰਾਉਣ ਦੀ ਜਮਾ ਲੋੜ ਨਹੀਂ ..ਜ਼ਿੰਦਗੀ ‘ਚੋਂ ਸੰਘਰਸ਼ ਨੂੰ ਅੱਡ ਕਿਵੇਂ ਕੀਤਾ ਜਾ ਸਕਦੈ..ਜੇ ਬੱਚੇ ਬੇਸਮੈੰਟਾਂ ‘ਚ 5/6 ਮਿਲ ਕੇ ਰਹਿੰਦੇ ਨੇ, ਤਾਂ ਏਹਦੇ ‘ਚ ਕੋਈ ਪਹਾੜ ਨਹੀਂ ਡਿਗ ਪਿਆ..ਹੈਰਾਨੀ ਤਾਂ ਉਦੋਂ ਹੁੰਦੀ ਐ ਜਦੋਂ ਕੋਈ ਲਿਖਦੈ ਕਿ ” ਕੁੜੀਆਂ ਬਜ਼ਾਰਾਂ ਕਲੱਬਾਂ ‘ਚ ਮੁੰਡਿਆਂ ਨਾਲ ਤੁਰੀ ਫਿਰਦੀਆਂ..ਵਿਗੜ ਗਈਆਂ !”..ਦੋਸਤੋ ਕੈਲੰਡਰ ਦੇਖਿਆ ਕਰੋ..2023 ਚਲ ਰਿਹੈ..1623 ਨਹੀਂ !..ਅਖੇ ਹਰ ਕੁੜੀ ਬੁਆਏ ਫ੍ਰੈਂਡ ਲਈ ਫਿਰਦੀ!..ਗਲਤ ਕੀ ਆ ਏਹਦੇ ‘ਚ!..ਮੁੰਡੇ ਵੀ ਤਾਂ ਗਰਲ ਫਰੈੰਡ ਲਈ ਫਿਰਦੇ!
                         ਕੋਈ ਸੱਜਣ ਲਿਖਦੈ ਕਿ ਕੁੜੀਆਂ ਵੇਸਵਾਗਿਰੀ ਕਰਦੀਆਂ !..ਪ੍ਰਤੀਸ਼ਤ ਏਨੀ ਜ਼ਿਆਦਾ ਦੱਸੀ ਜਾਂਦੀ ਐ ਕਿ ਬੰਦੇ ਦਾ ਸਿਰ ਚਕਰਾ ਜਾਏ…ਕੋਰਾ ਝੂਠ..ਕਿਸੇ ਕੁੰਠਾ ‘ਚੋਂ ਨਿਕਲੀ ਹੋਈ ਟਿੱਪਣੀ !..ਭਾਈ ਸਾਹਿਬ , ਕੈਨੇਡਾ ਕੋਈ ਸੰਸਾਰ ਤੋਂ ਵੱਖਰੈ?..ਹਰ ਮੁਲਕ ‘ਚ ਵੇਸਵਾਗਮਨੀ ਹੋ ਰਹੀ ਐ..ਹੁੰਦੀ ਰਹੂੰਗੀ..ਪਰ ਮਸਲੇ ਨੂੰ ਏਨੀ ਸਧਾਰਣ ਸਤਿਹ ‘ਤੇ ਲੈ ਜਾਣੈ ਸੁਆਦ ਲੈਣ ਤੋਂ ਵੱਧ ਕੁੱਝ ਨਹੀਂ !..ਇਕ ਗੱਲ ਸੋਚਿਓ..ਵੱਖਰੀ ਤਰ੍ਹਾਂ ਦੀ…ਕੀ ਵੇਸਵਾਗਿਰੀ ਕਰਨ ਵਾਲੀ ਔਰਤ ਲਈ ਏਨਾ ਹੀ ਆਸਾਨ ਐ..ਜਿਵੇਂ ਇਕ ਸੱਜਣ ਲਿਖਦੈ..ਕਹਿੰਦਾ ,” ਦਿਨ ਚ ਦੋ ਤਿੰਨ ਗਾਹਕ ਭੁਗਤਾ ਲਏ..250 ਡਾਲਰ ਬਣ ਗਏ..ਹੋਰ ਕੀ ਚਾਹੀਦੈ!”..ਇਸ ਸਤਰ ‘ਚ ਲਿਖਿਆ ‘ਹੋਰ ਕੀ ਚਾਹੀਦੈ’ ਬਹੁਤ ਪ੍ਰੇਸ਼ਾਨ ਕਰਦੈ..ਕੀ ਸਰੀਰਕ ਤੇ ਮਾਨਸਿਕ ਤੌਰ ‘ਤੇ ਏਨਾ ਹੀ ਆਸਾਨ ਐ ਦਿਨ ‘ਚ ਤਿੰਨ ਮਰਦਾਂ ਨਾਲ ਸੰਭੋਗ..ਉਹ ਵੀ ਮਰਜ਼ੀ ਦਾ ਨਹੀਂ ..ਖਰੀਦਿਆ ਹੋਇਆ ..ਜਿਥੇ ਮਰਦ ਮਾਲਕ ਦੀ ਤਰ੍ਹਾਂ ਵਰਤੇਗਾ..ਕੀ ਐਨਾ ਸੌਖਾ ਐ ਇਹ ਕਹਿਣੈ..ਹੋਰ ਕੀ ਚਾਹੀਦਾ!!..ਮੁਕਾਬਲਤਨ ਘੱਟ ਗਿਣਤੀ ‘ਚ ਵਾਪਰ ਰਹੇ ਵਰਤਾਰੇ ਨੂੰ ਏਨਾ ਸਰਲ ਬਣਾ ਕੇ ਪੇਸ਼ ਕਰਦਿਆਂ ਮਕਸਦ ਕੀ ਹੱਲ ਕਰਨਾ ਚਾਹੁੰਦੇ ਓ!..ਕਿਸੇ ਨੂੰ ਸਮਝਾਉਣ ਲਈ ਡਰਾਉਣਾ ਜ਼ਰੂਰੀ ਨਹੀਂ ਹੁੰਦਾ ..ਭਰੋਸੇ ‘ਚ ਲੈ ਕੇ ਪਿਆਰ ਨਾਲ ਸੱਚ ਪੱਲੇ ਪਾਓ!
                ਕੋਈ ਸ਼ੱਕ ਨਹੀਂ ਕਿ ਘਰ ਬਣਾਉਣੇ ਹੁਣ ਸੌਖੇ ਨਹੀਂ ਰਹੇ..ਵਿਆਜ਼ ਦਰ ਵਧ ਗਈ ਏ..ਮਹਿੰਗਾਈ ਛਾਲ਼ਾਂ ਮਾਰ ਰਹੀ ਐ..ਪਰ ਕੀ ਕਦੇ ਸੰਸਾਰ ਨੇ ਹੁਣ ਤਕ  ਪਿੱਛੇ ਨੂੰ ਕਦਮ ਪੁੱਟਿਆ!..ਕਦੇ ਵੀ ਨਹੀਂ ..ਸੰਕਟ ਹੈ ਤਾਂ ਹੱਲ ਵੀ ਨਿਕਲਣਗੇ..ਇਤਿਹਾਸ ‘ਤੇ ਝਾਤ ਮਾਰੋ..ਵੱਡੇ ਸੰਕਟਾਂ ‘ਚੋਂ ਨਵੇਂ ਰਾਹ ਵੀ ਨਿਕਲੇ ਨੇ..ਚੜ੍ਹਦੀ ਕਲਾ ‘ਚ ਰਿਹਾ ਕਰੋ..ਜੇ ਖੁੱਲ੍ਹ ਕੇ ਲਾਹਣਤ ਪਾਉਣ ਨੂੰ ਜੀਅ ਕਰਦੈ ਤਾਂ ਆਓ ਮਿਲ ਕੇ ਉਹਨਾਂ ਤੋਂ ਸਵਾਲ ਪੁੱਛੀਏ ਜਿਹਨਾਂ ਪੰਜਾਬ ਨੂੰ ਸਵਿਟਜ਼ਰਲੈਂਡ ਪੈਰਿਸ ਬਣਾਉਣ ਦੇ ਲਾਰੇ ਲਾ ਕੇ ਪੰਜਾਬ ਨੂੰ ਪੰਜਾਬ ਵੀ ਨਹੀਂ ਰਹਿਣ ਦਿਤਾ..ਪੰਜਾਬ ਰਹਿੰਦੇ ਮਾਪਿਆਂ ਤੇ ਬੱਚਿਆਂ ਨਾਲ ਸੰਵਾਦ ‘ਚ ਪਈਏ, ਵਿਵਾਦ ‘ਚ ਨਹੀਂ !..ਮਨੁੱਖੀ ਜੂਨ ਭਾਈਚਾਰਕ ਸਾਂਝ ਦੇ ਵਿਲੱਖਣ ਗੁਣ ਕਰ ਕੇ ਉਤਮ ਹੈ..ਉਸ ਗੁਣ ਨੂੰ ਬਚਾ ਕੇ ਰੱਖੋ..
            ਅਸੀਂ ਪੰਜਾਬੀ ਕੁੱਝ ਪ੍ਰਬੰਧ ਦੇ ਧੱਕੇ ਧਕਾਏ..ਕੁੱਝ ਆਪਣੀ ਮੂਰਖਤਾ ਕਾਰਣ ਟੋਏ ‘ਚ ਛਾਲ ਮਾਰ ਚੁਕੇ ਹਾਂ ..ਫਿਰ ਕੁੱਛੜ ਚੁਕੇ ਜੁਆਕ ਦੇ ਵੀ ਸੱਟਾਂ ਤਾਂ ਲੱਗਣੀਆਂ ਹੀ ਸੀ..ਆਓ ਸੱਟਾਂ ‘ਤੇ ਮੱਲਮ ਲਾਈਏ..ਨਾ ਰੋੰਦੂ ਬਣੀਏ ਨਾ ਲਾਹਣਤੀ..ਜ਼ਿੰਦਗੀ ਦੇ ਸੰਘਰਸ਼ ਨੂੰ ਸਿੱਧਾ ਹੋ ਕੇ ਟੱਕਰੀਏ!
ਚੜ੍ਹਦੀ ਕਲਾ’ਚ
ਸਾਹਿਬ  ਸਿੰਘ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਗਰੀਬ ਦੇ ਨਾ ਰਿਸ਼ਤੇ ਹੁੰਦੇ ਆ ਨਾ ਹੀ ਰਿਸ਼ਤੇਦਾਰ(ਇੱਕ ਸੱਚੀ ਕਹਾਣੀ )