(ਸਮਾਜ ਵੀਕਲੀ)
ਦੁਨੀਆਂ ਤੇ ਕੋਈ ਵੀ ਵਿਅਕਤੀ ਇਸ ਤਰਾਂ ਦਾ ਨਹੀਂ ਹੁੰਦਾ ਜਿਸ ਨੂੰ ਮੁਸੀਬਤਾਂ ਜਾਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ l
ਮੁਸੀਬਤਾਂ ਜਾਂ ਮੁਸ਼ਕਲਾਂ ਕੁੱਝ ਵਿਅਕਤੀਆਂ ਲਈ ਡਰ ਪੈਦਾ ਕਰਦੀਆਂ ਹਨ ਅਤੇ ਕੁੱਝ ਵਿਅਕਤੀਆਂ ਲਈ ਨਵੇਂ ਮੌਕੇ ਪ੍ਰਦਾਨ ਕਰਦੀਆਂ ਹਨ l
ਡਰ ਨੂੰ ਅੰਗਰੇਜ਼ੀ ਵਿੱਚ ਅਸੀਂ FEAR ਆਖਦੇ ਹਾਂ l ਜੇਕਰ FEAR ਨੂੰ ਤੋੜ ਕੇ ਦੇਖੀਏ ਤਾਂ ਇਸ ਦੇ ਦੋ ਵੱਖਰੇ ਵੱਖਰੇ ਅਰਥ ਨਿਕਲ ਸਕਦੇ ਹਨ l
FEAR :- Forget everything and run. ਭਾਵ ਸਭ ਕੁੱਝ ਭੁੱਲ ਕੇ ਮੁਸੀਬਤ ਤੋਂ ਡਰ ਕੇ ਨੱਠ ਪਵੋ l ਇਹ ਰਾਹ ਅਪਣਾਉਣ ਵਾਲੇ ਸਾਰੀ ਜ਼ਿੰਦਗੀ ਡਰਦੇ ਰਹਿੰਦੇ ਹਨ ਅਤੇ ਸਚਾਈਆਂ ਦਾ ਸਾਹਮਣਾ ਨਹੀਂ ਕਰ ਸਕਦੇ l ਉਹ ਡਰੂ ਸੁਭਾਅ ਵਾਲੇ ਬਣ ਜਾਂਦੇ ਹਨ l ਜਦੋਂ ਉਹ ਮੁਸੀਬਤਾਂ ਤੋਂ ਭੱਜਦੇ ਹਨ ਤਾਂ ਉਨ੍ਹਾਂ ਨੂੰ ਨਵੀਆਂ ਮੁਸੀਬਤਾਂ ਪੈ ਜਾਂਦੀਆਂ ਹਨ l ਦੂਜੇ ਲੋਕ ਵੀ ਉਨ੍ਹਾਂ ਨੂੰ ਅਕਸਰ ਡਰਾਉਂਦੇ ਰਹਿੰਦੇ ਹਨ l ਜਦੋਂ ਉਹ ਖੁਦ ਮੁਸੀਬਤਾਂ ਦਾ ਹੱਲ ਕਰਨ ਜੋਗੇ ਨਹੀਂ ਹੁੰਦੇ ਤਾਂ ਉਹ ਮਾੜੀ ਕਿਸਮਤ ਨੂੰ ਦੋਸ਼ ਦਿੰਦੇ ਹਨ ਜਾਂ ਰੱਬ ਨੂੰ ਦੋਸ਼ ਦਿੰਦੇ ਹਨ l ਉਹ ਵੱਖ ਵੱਖ ਥਾਵਾਂ ਤੇ ਮੱਥੇ ਟੇਕ ਕੇ, ਸੁੱਖਣਾ ਸੁੱਖ ਕੇ, ਪ੍ਰਾਰਥਨਾਵਾਂ ਕਰਵਾ ਕੇ, ਸਾਧਾਂ ਜਾਂ ਜੋਤਸ਼ੀਆਂ ਕੋਲ ਜਾ ਕੇ ਆਪਣੇ ਮਸਲਿਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ ਪਰ ਜਦੋਂ ਉਨ੍ਹਾਂ ਨੂੰ ਇਸ ਵਿੱਚ ਕਾਮਯਾਬੀ ਨਹੀਂ ਮਿਲਦੀ ਤਾਂ ਉਹ ਮਾਨਸਿਕ ਰੋਗੀ ਹੋ ਜਾਂਦੇ ਹਨ l ਫਿਰ ਮਾਨਸਿਕ ਰੋਗਾਂ ਦੇ ਹੱਲ ਵੀ ਉਹ ਇਸੇ ਤਰੀਕੇ ਨਾਲ ਲੱਭਦੇ ਹਨ l ਉਪਰੋਕਤ ਵਿਧੀ ਅਨੁਸਾਰ ਮਾਨਸਿਕ ਰੋਗਾਂ ਦੇ ਹੱਲ ਤਾਂ ਭਾਵੇਂ ਨਹੀਂ ਹੁੰਦੇ ਪਰ ਉਨ੍ਹਾਂ ਦਾ ਮਾਨਸਿਕ, ਸਰੀਰਕ ਤੇ ਆਰਥਿਕ ਸ਼ੋਸ਼ਣ ਜ਼ਰੂਰ ਹੁੰਦਾ ਹੈ l ਉਹ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਤੋਂ ਟੁੱਟੇ ਟੁੱਟੇ ਮਹਿਸੂਸ ਕਰਦੇ ਹਨ ਅਤੇ ਕਈ ਵਾਰੀ ਗੰਭੀਰ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ l
FEAR :- Face everything and Rise. ਇਸ ਦਾ ਮਤਲਬ ਹੈ ਕਿ ਹਰ ਹਾਲਤ ਵਿੱਚ ਮੁਸੀਬਤਾਂ ਦਾ ਸਾਹਮਣਾ ਕਰੋ ਅਤੇ ਆਪਣੇ ਆਪ ਨੂੰ ਉੱਪਰ ਚੁੱਕੋ l ਇਸ ਤਰਾਂ ਦੀ ਮਾਨਸਿਕਤਾ ਵਾਲਾ ਵਿਅਕਤੀ ਆਪਣੇ ਮਸਲਿਆਂ ਦਾ ਹੱਲ ਖੁਦ ਲੱਭਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਉਸ ਨੂੰ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ l ਉਹ ਕਿਸੇ ਰੱਬ ਅੱਗੇ ਹੱਥ ਨਹੀਂ ਜੋੜਦਾ, ਸੁੱਖਾਂ ਨਹੀਂ ਸੁੱਖਦਾ ਅਤੇ ਆਪਣੀਆਂ ਸਮੱਸਿਆਵਾਂ ਦਾ ਦੋਸ਼ ਦੂਜਿਆਂ ਸਿਰ ਨਹੀਂ ਮੜ੍ਹਦਾ l ਉਹ ਜਾਣ ਜਾਂਦਾ ਹੈ ਕਿ ਆਪਣੀਆਂ ਸਮੱਸਿਆਵਾਂ ਦਾ ਹੱਲ ਮੈਂ ਖੁਦ ਹੀ ਕਰਨਾ ਹੈ l ਇਸ ਤਰਾਂ ਦੇ ਲੋਕ ਹਰ ਮੁਸ਼ਕਲ ਜਾਂ ਮਸਲੇ ਨੂੰ ਕੀ, ਕਿਉਂ, ਕਿੱਦਾਂ, ਕਿਵੇਂ ਅਤੇ ਕਿੱਥੇ ਦੀ ਕਸੌਟੀ ਤੇ ਪਰਖਦੇ ਹਨ l ਇਸ ਤਰਾਂ ਦੀ ਸੋਚ ਰੱਖਣ ਵਾਲਿਆਂ ਨੂੰ ਤਰਕਸ਼ੀਲ ਜਾਂ ਵਿਗਿਆਨਿਕ ਸੋਚ ਵਾਲੇ ਕਿਹਾ ਜਾਂਦਾ ਹੈ l ਇਸ ਤਰਾਂ ਦੀ ਸੋਚ ਵਾਲੇ ਇਕੱਲਾ ਆਪਣੇ ਮਸਲੇ ਹੀ ਹੱਲ ਨਹੀਂ ਕਰਦੇ ਬਲਕਿ ਇਸ ਵਿਧੀ ਨਾਲ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਦੇ ਮਸਲੇ ਹੱਲ ਕਰਨ ਵਿੱਚ ਵੀ ਯੋਗਦਾਨ ਪਾਉਂਦੇ ਹਨ ਜਿਸ ਨੂੰ ਸਮਾਜ ਸੇਵਾ ਵੀ ਕਿਹਾ ਜਾਂਦਾ ਹੈ l ਸਮਾਜ ਸੇਵਾ ਦਾ ਇੱਕ ਵੱਖਰਾ ਹੀ ਸਰੂਰ ਹੁੰਦਾ ਹੈ ਜੋ ਉਨ੍ਹਾਂ ਨੂੰ ਕਦੇ ਵੀ ਥੱਕਣ ਨਹੀਂ ਦਿੰਦਾ l
ਆਓ ਮੁਸੀਬਤਾਂ ਤੋਂ ਡਰਨ ਦੀ ਬਜਾਏ ਉਨ੍ਹਾਂ ਦਾ ਹੱਲ ਕਰਨਾ ਸਿੱਖੀਏ ਅਤੇ ਨਵੇਂ ਮੌਕਿਆਂ ਦੀ ਭਾਲ ਕਰੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly