ਬਿਜਲੀ ਦਾ ਨਿੱਜੀਕਰਨ: ਐਮੀਨੈਂਟ ਪਾਵਰ ਨੇ ਦਿੱਤੀ ਸਭ ਤੋਂ ਉੱਚੀ 871 ਕਰੋੜ ਦੀ ਬੋਲੀ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬਿਜਲੀ ਸਪਲਾਈ ਦਾ ਸਾਰਾ ਪ੍ਰਬੰਧ ਨਿੱਜੀ ਕੰਪਨੀ ਦੇ ਹਵਾਲੇ ਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅੱਜ ਟੈਂਡਰ ਲਈ ਸ਼ਾਰਟਲਿਸਟ ਕੀਤੀਆਂ ਗਈਆਂ ਸੱਤ ਕੰਪਨੀਆਂ ਦੇ ਬਿੱਡ ਖੋਲ੍ਹੇ ਗਏ ਜਿਨ੍ਹਾਂ ਵਿੱਚੋਂ ਕੋਲਕਾਤਾ ਦੀ ਐਮੀਨੈਂਟ ਪਾਵਰ ਕੰਪਨੀ ਦੀ ਬੋਲੀ ਸਭ ਤੋਂ ਵੱਧ ਰਹੀ। ਇਸ ਕੰਪਨੀ ਨੇ 871 ਕਰੋੜ ਰੁਪਏ ਦੀ ਬੋਲੀ ਲਗਾਈ ਹੈ। ਇਸ ਕੰਪਨੀ ਨੇ ਟੌਰੈਂਟ ਪਾਵਰ, ਐੱਨਈਐੱਸਸੀਐੱਲ (ਐੱਨਟੀਪੀਸੀ), ਸਟੀਰਲਾਈਟ ਪਾਵਰ, ਰੀਨਿਊ ਵਿੰਗ ਐਨਰਜੀ, ਅਡਾਨੀ ਟਰਾਂਸਮਿਸ਼ਨ ਲਿਮਿਟਡ ਅਤੇ ਟਾਟਾ ਪਾਵਰ ਨੂੰ ਵੀ ਪਛਾੜ ਦਿੱਤਾ।

ਬਿਜਲੀ ਦੇ ਨਿੱਜੀਕਰਨ ਨੂੰ ਪ੍ਰਵਾਨਗੀ ਦੇਣ ਲਈ ਫਾਈਲ ਪਹਿਲਾਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਕੋਲ ਜਾਵੇਗੀ। ਉਨ੍ਹਾਂ ਤੋਂ ਪ੍ਰਵਾਨਗੀ ਮਿਲਣ ਉਪਰੰਤ ਇਹ ਫਾਈਲ ਪ੍ਰਵਾਨਗੀ ਲਈ ਕੇਂਦਰ ਸਰਕਾਰ ਕੋਲ ਭੇਜੀ ਜਾਵੇਗੀ। ਇਸ ਸਬੰਧੀ ਅੰਤਿਮ ਫ਼ੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ ਤੇ ਕੇਂਦਰ ਦੇ ਫ਼ੈਸਲੇ ਤੋਂ ਬਾਅਦ ਸ਼ਹਿਰ ਵਿੱਚ ਬਿਜਲੀ ਸਪਲਾਈ ਦਾ ਸਾਰਾ ਕੰਮ ਨਿੱਜੀ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ 175 ਕਰੋੜ ਰੁਪਏ ਮੁੱਲ ਤੋਂ ਟੈਂਡਰ ਸ਼ੁਰੂ ਕਰਨ ਦੀ ਸ਼ਰਤ ਰੱਖੀ ਸੀ ਪਰ ਕੋਲਕਾਤਾ ਦੀ ਕੰਪਨੀ ਨੇ 871 ਕਰੋੜ ਰੁਪਏ ਦਾ ਟੈਂਡਰ ਫਾਈਲ ਕਰ ਦਿੱਤਾ।

ਯੂਟੀ ਪ੍ਰਸ਼ਾਸਨ ਵੱਲੋਂ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਨ ਲਈ ਕਾਰਵਾਈ ਕਾਫੀ ਸਮਾਂ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਸੀ ਪਰ ਇਸ ਸਬੰਧੀ ਅਦਾਲਤੀ ਕੇਸ ਚੱਲਣ ਕਾਰਨ ਇਸ ਵਿਚ ਦੇਰੀ ਹੋਈ। ਹੁਣ ਸੁਪਰੀਮ ਕੋਰਟ ਤੋਂ ਰਾਹਤ ਮਿਲਣ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮੁੜ ਕਾਰਵਾਈ ਸ਼ੁਰੂ ਕੀਤੀ ਹੈ। ਇਸ ਦੌਰਾਨ 19 ਕੰਪਨੀਆਂ ਵੱਲੋਂ ਫਾਰਮਾਂ ਦੀ ਖਰੀਦ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਇਕ ਦਰਜਨ ਦੇ ਕਰੀਬ ਕੰਪਨੀਆਂ ਨੇ ਅਪਲਾਈ ਕੀਤਾ ਸੀ। ਪ੍ਰਸ਼ਾਸਨ ਵੱਲੋਂ ਕਾਗ਼ਜ਼ਾਂ ਦੀ ਪੜਤਾਲ ਦੌਰਾਨ ਸੱਤ ਕੰਪਨੀਆਂ ਦੇ ਕਾਗ਼ਜ਼ ਸਹੀ ਪਾਏ ਸਨ। ਇਹ ਟੈਂਡਰ ਬਿਜਲੀ ਵਿਭਾਗ ਦੀ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਮੈਂਬਰ ਅਤੇ ਵਿੱਤ ਸਕੱਤਰ, ਚੀਫ਼ ਇੰਜਨੀਅਰ, ਐਲਆਰ ਅਤੇ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਵਿਚ ਖੋਲ੍ਹੇ ਗਏ ਸਨ। ਦੱਸਣਯੋਗ ਹੈ ਕਿ ਸ਼ਹਿਰ ਵਿੱਚ 2.47 ਲੱਖ ਬਿਜਲੀ ਉਪਭੋਗਤਾ ਹਨ ਜਿਨ੍ਹਾਂ ਵਿੱਚੋਂ 2.14 ਲੱਖ ਘਰੇਲੂ ਉਪਭੋਗਤਾ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਬਨਿਟ ਵਜ਼ੀਰਾਂ ਵੱਲੋਂ ਮੁਤਵਾਜ਼ੀ ਜਥੇਦਾਰ ਅੱਗੇ ਪੇਸ਼ ਹੋਣ ਤੋਂ ਇਨਕਾਰ
Next articleਛੇ ਸੀਨੀਅਰ ਕਾਂਗਰਸੀ ਆਗੂਆਂ ਨੇ ਰਾਹੁਲ ਗਾਂਧੀ ਨੂੰ ਅਸਤੀਫ਼ਾ ਭੇਜਿਆ