ਜੇਲ੍ਹ ਪ੍ਰਵੇਸ਼

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ ‌- ਦੂਜਾ, ” ਜੇਲ੍ਹ ਪ੍ਰਵੇਸ਼”
ਦਾ ਅੰਤਿਮ ਭਾਗ ( ਕੜੀ ਜੋੜਨ ਲਈ ਪਿਛਲਾ ਭਾਗ ਪੜ੍ਹੋ ਜੀ)

ਮੈਂ ਤੇ ਪਵਨ ਇਹਨਾਂ ਸੋਚਾਂ ਵਿਚ ਹੀ ਸਾਂ ਕਿ ਇੱਕ ਮੋਟੀ ਜੀ ਗੋਗੜ ਵਾਲਾ ਹੌਲਦਾਰ ਆ ਗਿਆ। ਹੱਥ ਵਿੱਚ ਭਾਰੀ ਭਰਕਮ ਚਾਬੀਆਂ ਦਾ ਗੁੱਛਾ, ਤੇ ਤੁਰੇ ਇਸ ਤਰ੍ਹਾਂ ਜਿਵੇਂ ਕੋਈ ਹਥਣੀ ਸੂਣ ਵਾਲੀ ਹੁੰਦੀ ਐ-
ਮੈਂ ਆਪਣੇ ਮਨ ‘ਚ ਹੀ ਗਾਲ ਕੱਢੀ,” ਦੇਖ ! ਕਿਵੇਂ ਜੇਲ੍ਹ ਦਾ ਅਨਾਜ ਖਾ ਕੇ ਢਿੱਡ ਵਧਾਇਐ !”

ਮਾਸਟਰ ਜੀ ! ਮਾਸਟਰ ਜੀ ! ਤੁਸੀ ਕੱਥਾਂਹ ਘੂਮਤੇ ਫ਼ਿਰ ਰਹੇ ਹੋ ? ਜਾਹ ਜੇਲ੍ਹ ਹਾ। ਉਸ ਦੀ ਅਵਾਜ਼ ਬੜੀ ਮਿੱਠੀ ਕੁੜੀਆਂ ਵਰਗੀ ਤੇ ਨਿਮਰਤਾ ਭਰਪੂਰ ਸੀ। ਮੈਨੂੰ ਲੱਗਿਆ ਮੈਂ ਉਸ ਬਾਰੇ ਕੁਝ ਜ਼ਿਆਦਾ ਹੀ ਗ਼ਲਤ ਸੋਚ ਗਿਆ ਸਾਂ। ਉਸ ਨੇ ਸਾਡੇ ਤੇ ਤਾਂ ਕੀ ਭਾਰ ਪਾਉਣੈਂ, ਉਹ ਤਾਂ ਵਿਚਾਰਾ, ਆਪ ਹੀ ਢਿੱਡ ਦੇ ਭਾਰ ਨਾਲ ਮਰਿਆ ਪਿਐ – ਤੁਰਿਆ ਵੀ ਚੱਜ ਨਾਲ ਨਹੀਂ ਸੀ ਜਾਂਦਾ। ਉਸ ਨੇ ਸਾਨੂੰ ਜੇਲ੍ਹ ਦੇ ਕੁਝ ਕਾਇਦੇ-ਕਨੂੰਨ ਦੱਸੇ ਤੇ ਸਾਨੂੰ ਬੈਰਕ ਦੇ ਅੰਦਰ ਕਰ ਕੇ ਬਾਹਰੋਂ ਜੰਦਰਾ ਮਾਰ ਕੇ ਚਲਾ ਗਿਆ। ਅਸੀਂ ਸੁੱਖ ਦਾ ਸਾਹ ਲਿਆ। ਆਪਣੇ ਬਿਸਤਰੇ ਵਗੈਰਾ ਕਾਇਮ ਕਰ ਕੇ ਗੱਲਾਂ ਬਾਤਾਂ ਕਰਨ ਲੱਗੇ। ਮੈਂ, ਪਵਨ, ਪਰਮਜੀਤ, ਸ੍ਰੀ ਓਮ ਪ੍ਰਕਾਸ਼ ਵਰਮਾ ਜੀ (ਸਟੇਟ ਵਾਈਸ ਪ੍ਰੈਜ਼ੀਡੈਂਟ) ਪ੍ਰਿੰਸੀਪਲ ਸਰਦਾਰ ਹਰਨੇਕ ਸਿੰਘ ਸਿੱਧੂ (ਖ਼ਾਲਸਾ ਸਕੂਲ ਬਠਿੰਡਾ) ਤੇ‌ ਕੁਝ ਖ਼ਾਲਸਾ ਸਕੂਲ ਦੇ ਅਧਿਆਪਕ ਇੱਕ ਲਾਈਨ ਵਿੱਚ।

ਸਾਡੇ ਦੂਸਰੇ ਅਧਿਆਪਕ ਸਾਥੀ ਸਿਰਾਂ ਵਾਲੇ ਪਾਸੇ ਦੂਜੀ ਲਾਈਨ ਵਿਚ, ਕਿਉਂਕਿ ਬਾਹਰ ਜਾ ਕੇ ਬੰਦਾ ਉਸ ਨਾਲ ਸੌਣ ਦੀ ਸਾਂਝ ਕਰਦੈ, ਜਿਸ ਨਾਲ ਪਹਿਲਾਂ ਰਿਹਾ ਹੋਵੇ, ਕਿਉਂਕਿ ਮੈਂ ਤੇ ਪਰਮਜੀਤ ਸਿੰਘ ਤਾਂ ਛੜੇ ਹੁੰਦੇ ਵੀ ਇੱਕ ਕਮਰੇ ‘ਚ ਪੰਜ, ਛੇ ਸਾਲ ਇਕੱਠੇ ਰਹੇ ਸਾਂ ਤੇ ਪਵਨ ਅਕਸਰ ਹੀ ਸਾਡੇ ਕੋਲ ਆ ਜਾਇਆ ਕਰਦਾ ਸੀ ਤੇ ਵਰਮਾ ਜੀ ਬੜੇ ਸੋਸ਼ਲ ਤੇ ਦੁੱਖ-ਸੁੱਖ ਦੇ ਸੀਰੀ। ਰਿਸ਼ਤੇਦਾਰੀ ‘ਚ ਵੀ ਵੱਡੇ ਥਾਂ ਲੱਗਦੇ ਸਨ , ਭਾਵੇਂ ਉਹ ਉਮਰ ਵਿਚ ਰਿਟਾਇਰਮੈਂਟ ਦੇ ਨੇੜੇ ਸਨ ਪਰ ਦਿਲ 18 ਸਾਲ ਦੇ ਮੁੰਡੇ ਤੋਂ ਵੀ ਵੱਧ ਜਵਾਨ। ਹੌਂਸਲਾ ਐਨਾ ਕਿ ਮੁਰਦੇ ‘ਚ ਵੀ ਜਾਨ ਪਾ ਦੇਣ – ਉਹਨਾਂ ਦਾ ਬਿਸਤਰਾ ਬਿਲਕੁੱਲ ਸਾਡੇ ਨਾਲ ਸੀ।

ਰਾਤੀਂ , ਕੁਝ ਸਮਾਂ ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਤੇ ਅੰਮ੍ਰਿਤਸਰ ਵਾਲੇ ਸਾਥੀਆਂ ਨਾਲ ਗੱਲਾਂ ਕਰਦੇ ਰਹੇ। ਉਹਨਾਂ ਨੂੰ ਬਠਿੰਡੇ ਜਿਲ੍ਹੇ ਦੀਆਂ ਸਾਰੀਆਂ ਯੂਨੀਅਨ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਅਰਥੀ ਸਾੜ ਮੁਜ਼ਾਹਰੇ ‘ਚ ਐੱਸ.ਪੀ. ਨਾਲ ਕਿਵੇਂ ਖਹਿਬੜ ਪਏ ਤੇ ਸਰਕਾਰ ਦਾ ਲਾਡਲਾ ਡੀ.ਐਸ.ਪੀ. ਕਿਵੇਂ ਅਰਥੀ ਸਾੜ ਮੁਜ਼ਾਹਰੇ ‘ਚ ਫੂਕੇ ਜਾਂਦੇ ਅਖ਼ਬਾਰਾਂ ਨੂੰ ਹੀ ਇਕੱਠਾ ਕਰ ਕੇ ਬੁਝਾਉਦਾ ਫ਼ਿਰੇ, ਬਾਰੇ ਵੀ ਬਹੁਤ ਕੁਝ ਪੁੱਛਿਆ ਕਿਉਂਕਿ ਉਹ ਸਾਰੀ ਘਟਨਾ ਅਖ਼ਬਾਰਾਂ ਰਾਹੀਂ ਪੜ੍ਹ ਚੁੱਕੇ ਸਨ।

ਰਾਤੀਂ 12 ਵਜੇ ਨਵਾਂ ਸੰਤਰੀ ਡਿਊਟੀ ‘ਤੇ ਆ ਗਿਆ ਸੀ। ਉਸਨੇ ਆਉਂਦਿਆਂ ਹੀ ਪਹਿਲਾ ਕੰਮ, ਲਾਈਟਾਂ ਬੰਦ ਕਰਨ ਦਾ ਕੀਤਾ ਕਿਉਂਕਿ ਅੰਦਰਲੀਆਂ ਲਾਈਟਾਂ ਦੇ ਸਵਿੱਚ ਬਾਹਰ ਵੀ ਸਨ । ਕੇਵਲ ਇੱਕ ਲਾਈਟ ਲੈਟਰਿਨ ਤੇ ਬਾਥਰੂਮ ਦੀ ਚਾਲੂ ਰੱਖੀ। ਮੈਂ ਉਸ ਦੀ ਲਾਈਟ ਬੰਦ ਕਰਨ ਦੀ ਕਾਰਵਾਈ ਤੋਂ 101% ਵਾਕਿਫ਼ ਸਾਂ। ਕਿਉਂਕਿ ਰਾਤ ਵਾਲਾ ਸੰਤਰੀ ਹਮੇਸ਼ਾਂ, ਹਨੇਰੇ ‘ਚ ਖੜ੍ਹ ਕੇ ਡਿਊਟੀ ਕਰਦਾ ਹੈ। ਮੈਨੂੰ ਲਾਈਟ ਬੰਦ ਹੋਣ ਤੋਂ ਤੁਰੰਤ ਬਾਅਦ ਆਪਣੇ ਪਿਤਾ ਜੀ ਯਾਦ ਆ ਗਏ ਕਿਉਂਕਿ ਉਹਨਾਂ ਆਪਣੀ ਪੁਲਿਸ ਜ਼ਿੰਦਗੀ ਦੀ ਸੰਤਰੀ ਡਿਊਟੀ ਸਮੇਂ ਦੀ ਘਟਨਾ ਕੋਈ ਵੀਹ,ਪੱਚੀ ਸਾਲ ਪਹਿਲਾਂ ਸੁਣਾਈ ਸੀ। ਉਸ ਸਮੇਂ ਪੰਜਾਬ ਹਰਿਆਣਾ ਇਕੱਠਾ ਸੀ। ਮੇਰੇ ਪਿਤਾ ਜੀ ਲੁਹਾਰੂ ਥਾਣੇ ਵਿਚ( ਅੱਜ ਕੱਲ੍ਹ ਹਰਿਆਣਾ) ਰਾਤ ਨੂੰ ਬਾਹਰ, ਹਨ੍ਹੇਰੇ ਵਿਚ ਸੰਤਰੀ ਡਿਊਟੀ ‘ਤੇ ਖੜ੍ਹੇ ਸਨ।

ਰਾਤ ਨੂੰ ਬਾਰਾਂ ਕੁ ਵਜੇ ਇੱਕ ਐਸ.ਪੀ. ਰੈਂਕ ਦਾ ਅਫ਼ਸਰ ਥਾਣਾ ਚੈੱਕ ਕਰਨ ਆ ਗਿਆ। ਪਿਤਾ ਜੀ ਉਸ ਸਮੇਂ ਹਨੇਰੇ ‘ਚ ਸਿਗਰੇਟ ਪੀ ਰਹੇ ਸਨ। ਐਸ.ਪੀ.ਸਾਹਿਬ ਨੂੰ ਦੂਰੋਂ ਹੀ ਦੇਖ ਕੇ ਪਿਤਾ ਜੀ ਨੇ ਆਪਣੀ ਪੀਤੀ ਜਾ ਰਹੀ ਇਕੋ ਇੱਕ ਅਖ਼ੀਰੀ ਸਿਗਰਟ, ਥਰ੍ਹੀ ਨਟ ਥਰ੍ਹੀ ਦੀ ਬੰਦੂਕ ਦੀ ਪਾਈਪ ਵਿੱਚ ਸੁੱਟ ਦਿੱਤੀ। ਸਲੂਟ ਦੇਣ ਤੋਂ ਬਾਅਦ, ਮੇਰੇ ਪਿਤਾ ਜੀ ਨੇ, ਅਫ਼ਸਰ ਦੀ ਸ਼ਨਾਖਤ ਮੰਗੀ-ਕਿਉਂਕਿ ਉਨ੍ਹਾਂ ਸਮਿਆਂ ਵਿਚ ਡਾਕੂ ਅਕਸਰ ਹੀ ਪੁਲੀਸ ਵਰਦੀ ਪਾ ਕੇ, ਥਾਣੇ ‘ਚੋਂ ਅਸਲਾ ਲੁੱਟ ਕੇ ਲੈ ਜਾਂਦੇ ਸਨ । ਸ਼ਨਾਖ਼ਤ ਸਹੀ ਹੋਣ ਤੋਂ ਬਾਅਦ ਮੇਰੇ ਪਿਤਾ ਜੀ ਨੇ ਐੱਸ. ਪੀ. (ਉਦੋਂ ਦੇ ਜ਼ਿਲ੍ਹਾ ਪੁਲਿਸ ਮੁਖੀ) ਨੂੰ ਇੱਕ ਸੈਲੂਟ ਹੋਰ ਦਿੱਤਾ – ਸੈਲੂਟ ਤੋਂ ਤੁਰੰਤ ਬਾਅਦ ਐੱਸ. ਪੀ. ਸਾਹਿਬ ਕੜਕਦੀ ਆਵਾਜ਼ ‘ਚ ਬੋਲੇ, ” ਜੁਆਨ ! ਤੂੰ ਡਿਊਟੀ ‘ਤੇ ਸਿਗਰਟ ਪੀ ਕੇ, ਡਿਊਟੀ ਦੀ ਕੁਤਾਹੀ ਕਰ ਰਿਹਾ ਸੈਂ।

ਮੇਰੇ ਪਿਤਾ ਜੀ ਦੇ ਮੂੰਹੋਂ ਇੱਕ ਦਮ ਨਾਂਹ ਨਿਕਲ ਗਈ। ਬਸ ਫੇਰ ਕੀ ਸੀ – ਉਹਨਾਂ ਦੀ ਤਲਾਸ਼ੀ ਲਈ ਗਈ – ਜਿੱਥੇ ਡਿਊਟੀ ‘ਤੇ ਖੜ੍ਹੇ ਸਨ, ਉੱਥੋਂ ਸਿਗਰਟ ਦੇ ਟੋਟੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਕੁਝ ਹੱਥ ਪੱਲੇ ਨਾ ਪਿਆ – ਕਿਉਂਕਿ ਉਹਨਾਂ ਕੋਲ ਸਿਗਰੇਟ ਵੀ ਇੱਕੋ ਹੀ ਸੀ ਤੇ ਪੀਤੀ ਵੀ ਉਹ ਪਹਿਲੀ ਹੀ ਸੀ ਤੇ ਉਸ ਦਾ ਟੋਟਾ ਵੀ ਬੁਝਾ ਕੇ ਬੰਦੂਕ ਦੀ ਬੈਰਲ ਵਿਚ ਸੁੱਟ ਦਿੱਤਾ ਸੀ – ਉਹ ਬੋਲੇ,” ਜੁਆਨ! ਤੂੰ ਡਿਊਟੀ ‘ਤੇ ਕੁਤਾਹੀ ਤਾਂ ਕੀਤੀ ਹੀ ਹੈ ਨਾਲ਼ ਝੂਠ ਵੀ ਬੋਲਿਐ – ਮੈਂ ਤੈਨੂੰ ਅੱਜ ਤਾਂ ਮੁਆਫ਼ ਕਰ ਦਿੰਦਾ ਹਾਂ ਤੇ ਤੈਨੂੰ ਇੱਕ ਗੱਲ ਸਮਝਾਣਾਂ – ਜਿੱਥੇ ਹਨੇਰੇ ‘ਚ ਖੜ੍ਹ ਕੇ ਤੂੰ ਸਿਗਰਟ ਪੀ ਰਿਹਾ ਸੈਂ – ਉਸ ਸਮੇਂ ਤੂੰ ਸਿਗਰੇਟ ਦੀ ਲਾਈਟ ਕਰ ਕੇ, ਦੁਸ਼ਮਣ ਦੇ ਨਿਸ਼ਾਨੇ ‘ਤੇ ਸੈਂ – ਕੋਈ ਵੀ ਤੈਨੂੰ ਮਾਰ ਕੇ ਥਾਣੇ ਦੇ ਅਸਲੇ ਖਾਨੇ ‘ਚੋਂ ਅਸਲਾ ਲੁੱਟ ਕੇ ਲੈ ਜਾ ਸਕਦਾ ਸੀ। ਅੱਗੇ ਤੋਂ ਧਿਆਨ ਰੱਖੀਂ।

ਮੇਰੇ ਪਿਤਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਮੁੜ ਕੇ ਸਿਗਰਟ ਨਾ ਪੀਤੀ – । ਸੰਤਰੀ ਮੈਨੂੰ ਡਿਊਟੀ ਦਾ ਪਾਬੰਦ ਲੱਗਿਆ। ਅਤੀਤ ਦੀ ਘਟਨਾ ‘ਚੋਂ ਜਦੋਂ ਮੈਂ ਬਾਹਰ ਨਿਕਲਿਆ, ਪ੍ਰਧਾਨ ਜੀ ਹੋਰੀਂ ਅਜੇ ਵੀ ਨਵੇਂ ਸਾਥੀਆਂ ਨਾਲ ਗੱਲਾਂ ਕਰ ਰਹੇ ਸਨ। ਭਾਵੇਂ ਮੈਂ ਉਨ੍ਹਾਂ ਨੂੰ ਇੱਕ, ਦੋ ਵਾਰ ਪਹਿਲਾਂ ਵੀ ਦੇਖ ਚੁੱਕਿਆ ਸੀ, ਪਰ ਐਨੀ ਨਜ਼ਦੀਕ ਤੋਂ ਗੱਲਾਂ ਕਰਨ ਦਾ ਮੌਕਾ, ਪਹਿਲੀ ਵਾਰ ਕੀ ਮਿਲਿਆ। ਉਹ ਸਾਡੇ ਹੌਸਲੇ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਅੱਧੀ ਕੁ ਰਾਤ ਮੱਛਰਾਂ ਨਾਲ ਲੜਦੇ ਝਗੜਦੇ ਪਤਾ ਨਹੀਂ ਕਦੋਂ ਅੱਖ਼ ਲੱਗ ਗਈ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ-ਪਾਕਿਸਤਾਨ ਸਰਹੱਦ ਉੱਤੇ
Next articleਈਦ ਦਾ ਤਿਉਹਾਰ ਮੁਸਲਮਾਨ ਭਾਈਚਾਰੇ ਦਾ ਸਭ ਤੋਂ ਮੱਤਵਪੂਰਨ ਤਿਉਹਾਰ