ਤੁਹਾਥੋਂ ਮੈਂ ਕੀ ਆਸ ਕਰਾਂ

ਡਾ ਮੇਹਰ ਮਾਣਕ

(ਸਮਾਜ ਵੀਕਲੀ)

ਤੁਹਾਥੋਂ ਮੈਂ ਕੀ ਆਸ ਕਰਾਂ
ਮਰ ਗਈ ਮੱਤ ਦੇ ਸਰ੍ਹਾਣੇ
ਕਿਉਂ ਜਿਗਰ ਦਾ ਤੇਲ ਪਾ
ਚਾਨਣ ਦੇ ਪਸਾਰੇ ਖਾਤਰ
ਅੰਨਿਆਂ ਲਈ ਦੀਵੇ ਧਰਾਂ?
ਕਿਉਂ ਨਾ ਹਨੇਰੀਆਂ ਰਾਤਾਂ ਵਿੱਚ
ਜਾਗਦੀਆਂ ਨਜ਼ਰਾਂ ਸੰਗ
ਜਾ ਖੜ੍ਹਾਂ
ਤੇ ਉਨ੍ਹਾਂ ਦਾ ਹੱਥ ਫੜਾਂ।

ਸਿਰ ਤੇ ਕਲਗ਼ੀ ਸਜਾ
ਤੁਸੀਂ ਜਿਸ ਨੂੰ ਤਖ਼ਤ ਤੇ
ਬਠਾਅ ਆਏ ਹੋ
ਤੇ ਉਸ ਦੇ ਪੈਰਾਂ ਚ
ਮੁਫਾਦਾਂ ਨਾਲ ਲੱਦੀ
ਜ਼ਮੀਰ ਲਟਾ ਆਏ ਹੋ
ਉਹ ਤੁਹਾਡੀ ਕਿਉਂ
ਪਰਵਾਹ ਕਰੇਗਾ
ਤੇ ਤੁਹਾਨੂੰ ਪਲਕਾਂ ਤੇ
ਕਿਉਂ ਧਰੇਗਾ ?
ਤਖ਼ਤਾਂ ਨੂੰ ਪਤਾ ਹੁੰਦਾ ਹੈ
ਕਿ ਭੀੜਾਂ ਦਾ ਕੋਈ ਭਰੋਸਾ ਨਹੀਂ ਹੁੰਦਾ
ਬਸ ਇਨ੍ਹਾਂ ਨੂੰ ਘੜਨ ਤੇ ਪੜ੍ਹਨ ਦਾ
ਵੱਲ ਆਉਣਾ ਚਾਹੀਦਾ ਹੈ
ਤੇ ਇਨ੍ਹਾਂ ਨੂੰ ਵਾਹੁੰਣਾ ਚਾਹੀਦਾ ਹੈ
ਨੱਕ ਚ ਨਕੇਲ ਪਾ
ਤਾਂ ਕਿ ਫ਼ਸਲ ਉੱਗਦੀ ਰਹੇ
ਸ਼ਾਸਕ ਕੁੱਝ ਵੀ ਕਹੇ
ਨਸ਼ੇ ਚ ਭੀੜ ਦੌੜਦੀ ਰਹੇ
ਤੇ ਇਹੋ ਗੱਲ ਕਹੇ
ਸ਼ਹਿਨਸ਼ਾਹ ਮਹਾਨ ਹੈ
ਨਾਬਰ ਸ਼ੈਤਾਨ ਹੈ
ਗੁਲਾਮੀ ਹੀ ਜੰਨਤ ਹੈ
ਇਹੋ ਰੂਹਾਂ ਦੀ ਮੰਨਤ ਹੈ
ਜਦੋਂ ਇਹ ਸਭ ਕੁੱਝ
ਤੁਹਾਨੂੰ ਪ੍ਰਵਾਨ ਹੈ
ਫਿਰ ਮੈਂ ਤੁਹਾਥੋਂ
ਕੀ ਆਸ ਕਰਾਂ?
ਕਿਉਂ ਨਾਂ ਦੂਰ ਖੜ੍ਹਾਂ?

ਡਾ ਮੇਹਰ ਮਾਣਕ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਗੁਰੂ ਤੇਗ ਬਹਾਦਰ ਜੀ ਦੇ ਬ੍ਰਹਿਮੰਡੀ ਨਜ਼ਰੀਏ ਨੂੰ ਸਮਰਪਿਤ ਹੋਣ: ਡਾ. ਇਕਬਾਲ ਸਿੰਘ ਸਕਰੌਦੀ
Next articleਜਗਤ ਤਮਾਸ਼ਾ