ਜੇਲ੍ਹ ਪ੍ਰਵੇਸ਼

ਜਸਪਾਲ ਜੱਸੀ

(ਸਮਾਜ ਵੀਕਲੀ)

ਕਾਂਡ- ਦੂਜਾ
ਜੇਲ੍ਹ ਪ੍ਰਵੇਸ਼ ਦਾ ਅਗਲਾ ਭਾਗ।
(ਕੜੀ ਜੋੜਨ ਲਈ ਪਿਛਲਾ ਭਾਗ ਪੜ੍ਹੋ ਜੀ)

ਜੇਲ੍ਹ ਦੇ ਕਾਇਦੇ-ਕਨੂੰਨ ਬੜੇ ਅਨੋਖੇ ਹੁੰਦੇ ਹਨ, ਇਸ ਗੱਲ ਦਾ ਪਤਾ, ਐਂਟਰੀ ਗੇਟ ‘ਤੇ ਹੀ ਲੱਗਣਾ ਸ਼ੁਰੂ ਹੋ ਗਿਆ ਸੀ। ਜੇਲ੍ਹ ਅੰਦਰੋਂ ਅਜੇ ਵੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਬਹੁਤ ਉੱਚੀ ਉੱਚੀ ਲੱਗ ਰਹੇ ਸਨ। ਇਹ ਨਾਹਰੇ ਅੰਮ੍ਰਿਤਸਰ ਵਾਲੇ ਸਾਥੀਆਂ ਦੇ ਸਨ, ਜੋ ਸਾਡੇ ਤੋਂ ਇੱਕ ਦਿਨ ਪਹਿਲਾਂ ਗਰਿਫ਼ਤਾਰੀ ਦੇ ਕੇ ਆਏ ਸਨ। ਉਹਨਾਂ ਦੇ ਨਾਹਰਿਆਂ ਨੇ ਸਾਡਾ ਹੌਂਸਲਾ ਹੋਰ ਵਧਾ‌ ਦਿੱਤਾ ਸੀ ਤੇ ਸਾਡੇ ਖ਼ਤਮ ਹੁੰਦੇ ਜੋਸ਼ ਨੂੰ ਨਵੇਂ ਸਿਰਿਓਂ ਅਗਨੀ ਦੇ ਦਿੱਤੀ ਸੀ। ਅਸੀਂ ਵੀ ਉਹਨਾਂ ਦੇ ਨਾਅਰਿਆਂ ਦਾ ਜਵਾਬ ਡਿਓਢੀ ‘ਚੋ ਹੀ, ਗੱਜ ਕੇ ਦੇ ਰਹੇ ਸਾਂ। ਭਾਵੇਂ ਉਨ੍ਹਾਂ ਜੇਲ੍ਹੀ ਅਧਿਆਪਕ ਸਾਥੀਆਂ ‘ਚੋਂ ਅਜੇ, ਕੋਈ ਵੀ ਨਜ਼ਰ ਨਹੀਂ ਸੀ ਆ ਰਿਹਾ।

ਤਲਾਸ਼ੀ ਗੇਟ ਤੋਂ ਅੱਗੇ ਇੱਕ ਲੋਹੇ ਦਾ ਵੱਡਾ ਦਰਵਾਜ਼ਾ ਹੋਰ ਸੀ । ਜਿਸ ਦੀ ਇੱਕ ਬਾਰੀ ‘ਤੇ ਦੋ ਸਿਪਾਹੀ, ਸੰਤਰੀ ਡਿਊਟੀ ਖੜ੍ਹੇ ਸਨ। ਅਸਲ ਵਿਚ ਇਹ ਹੀ ਡਿਓਢੀ ਸੀ, ਜਿਸ ਦੇ ਖੱਬੇ ਪਾਸੇ ਪੁਲਿਸ ਲਈ ਇੱਕ ਰਿਟਾਇਰਿੰਗ ਰੂਮ ਸੀ ਤੇ ਸੱਜੇ ਹੱਥ ਜੇਲ੍ਹ ਸੁਪਰਡੈਂਟ ਡੀ.ਆਈ.ਜੀ. ਸ਼ਰਮਾ ਸਾਹਿਬ ਦਾ ਦਫ਼ਤਰ। ਇੱਥੇ ਹੀ ਇੱਕ ਮੁਲਾਕਾਤੀ ਕਮਰਾ ਸੀ, ਜਿੱਥੇ ਮੁਲਾਕਾਤੀਆਂ ਵੱਲੋਂ ਆਪਣੇ ਸੱਜਣਾਂ, ਮਿੱਤਰਾਂ,ਪਿਆਰਿਆਂ ਤੇ ਰਿਸ਼ਤੇਦਾਰਾਂ ਲਈ ਲਿਆਂਦਾ ਵਰਤੋਂ ਦਾ ਸਮਾਨ , ਚੈੱਕ ਹੋਣ ਲਈ ਰੱਖਿਆ ਜਾਂਦਾ ਸੀ।

ਤਿੰਨ-ਚਾਰ ਹੌਲਦਾਰਾਂ ਅਤੇ ਸਿਪਾਹੀਆਂ ਨੇ ਆਪਣਾ ਤਲਾਸ਼ੀ ਦਾ ਕੰਮ, ਅੱਧੇ ਕੁ ਘੰਟੇ ਵਿਚ ਹੀ ਨਿਬੇੜ ਲਿਆ । ਹੁਣ ਅਸੀਂ ਖੁੱਲ੍ਹੇ ਹਰੇ, ਭਰੇ ਗਰਾਂਊਂਡ ਵਿਚ ਸਾਂ । ਜਿੱਥੇ ਜੇਲ੍ਹ ਦੀਆਂ ਬੈਰਕਾਂ ਨੂੰ ਆਉਣ ਤੇ ਜਾਣ ਲਈ, ਪੱਕਾ ਰਸਤਾ ਬਣਿਆ ਹੋਇਆ ਸੀ। ਓਸੇ ਵਨ ਵੇ ਦੇ ਵਿਚਕਾਰ ਇੱਕ ਵਧੀਆ ਕਿਆਰੀ ਬਣੀ ਹੋਈ ਸੀ। ਜਿੱਥੇ ਜੇਲ੍ਹ ਸੁਪਰਡੈਂਟ ਆਪਣਾ ਆਰਜ਼ੀ ਦਫ਼ਤਰ ਲਗਾਉਂਦੇ ਸਨ।

ਏਡਿਡ ਸਕੂਲ ਜੱਥੇਬੰਦੀ ਦੇ ਸਟੇਟ ਪ੍ਰਧਾਨ ਸਰਦਾਰ ਤੇਜਾ ਸਿੰਘ ਕਿਉਂਕਿ ਪਹਿਲੇ ਜੱਥੇ ਨਾਲ ਗਰਿਫ਼ਤਾਰੀ ਦੇ ਕੇ ਆ ਗਏ ਸਨ, ਇਸ ਨਾਲ ਸਾਡਾ ਹੌਂਸਲਾ ਹੋਰ ਵੀ ਬੁਲੰਦ ਹੋ ਗਿਆ। ਅਸੀਂ ਸੀ ਵੀ, ਪਹਿਲੇ ਜੱਥੇ ਨਾਲੋਂ ਗਿਣਤੀ ਵਿਚ ਜ਼ਿਆਦਾ। ਬੈਰਕ ਦੇ ਅੰਦਰੋਂ ਅਜੇ ਵੀ ਅੰਮ੍ਰਿਤਸਰ ਵਾਲੇ ਅਧਿਆਪਕ ਸਾਥੀਆਂ ਦੇ ਲਗਦੇ ਨਾਹਰੇ ਸਾਡਾ ਸਵਾਗਤ ਕਰ ਰਹੇ ਸਨ।

“ਪੰਜਾਬ ਰਾਜ ਮਾਨਤਾ ਪ੍ਰਾਪਤ ਏਡਿਡ ਸਕੂਲ ਯੂਨੀਅਨ, ਜ਼ਿੰਦਾਬਾਦ ” ਦਾ ਜਵਾਬ ਅਸੀਂ ਜ਼ਿੰਦਾਬਾਦ ਜ਼ਿੰਦਾਬਾਦ ਕਹਿ ਕੇ ਦੇ ਰਹੇ ਸਾਂ।
ਪੁਲਿਸ ਮੁਲਾਜ਼ਮਾਂ ਨੇ ਸਾਡੀ ਤਲਾਸ਼ੀ ਤੋਂ ਬਾਅਦ ਸਾਨੂੰ ਲਾਈਨ ਵਿਚ ਖੜ੍ਹਿਆਂ ਨੂੰ ਹੀ ਇੱਕ ਇੱਕ ਥਾਲੀ, ਚੱਮਚ ਤੇ ਗਿਲਾਸ ਦੇ ਦਿੱਤਾ ਤੇ ਨਾਲ ਹੀ ਦੋ ਦੋ ਕੰਬਲ ਉੱਤੇ ਲੈਣ ਲਈ ਤੇ ਦੋ ਦੋ ਦਰੀਆਂ ਥੱਲੇ ਵਿਛਾਉਣ ਲਈ, ਰਿੱਛਾਂ ਦੇ ਵਾਲਾਂ ਜਿਹੀਆਂ ਦਿੱਤੀਆਂ। ਇੱਕ ਇੱਕ ਚਿੱਟੀ ਚਾਦਰ ਵੀ ਉਹਨਾਂ ਨਾਲ ਹੀ ਦਿੱਤੀ। ਅਸੀਂ ਸਾਰਾ ਸਮਾਨ ਤੇ ਆਪਣਾ ਆਪਣਾ ਬੈਗ ਲੈ ਕੇ ਗੇਟ ਤੋਂ 600 ਕੁ ਗਜ਼ ਦੇ ਫ਼ਾਸਲੇ ‘ਤੇ ਬਣੀ ਬੈਰਕ ਵੱਲ ਪਹੁੰਚੇ ਤਾਂ, ਗੇਟ ‘ਤੇ ਖੜ੍ਹੇ ਇੱਕ ਵਿਅਕਤੀ ਨੇ ਗੇਟ ਖੋਲ੍ਹਿਆ। ਗੇਟ ‘ਤੇ ਅੰਮ੍ਰਿਤਸਰ ਵਾਲੇ ਸਾਥੀ ਪ੍ਰੇਮ ਜੀ, ਭਾਟੀਆ ਜੀ, ਸੰਜੇ ਜੀ ਆਦਿ ਸਾਡੇ ਸੁਆਗਤ ਲਈ ਖੜ੍ਹੇ ਸਨ ।

ਅਸੀਂ ਭਾਵੇਂ ਅੰਮ੍ਰਿਤਸਰ ਵਾਲੇ ਸਾਥੀਆਂ ਨੂੰ ਜਾਣਦੇ ਨਹੀਂ ਸਾਂ ਪਰ ਇੱਕ ਸੋਚ, ਇੱਕ ਸ਼ੰਘਰਸ ਸਾਡਾ ਸਾਂਝਾ ਸੀ। ਅਸੀਂ ਇੱਕ ਦੂਜੇ ਦੇ ਗਲ ਲੱਗ ਕੇ ਇਸ ਤਰ੍ਹਾਂ ਮਿਲੇ ਜਿਵੇਂ ਚਿਰਾਂ ਦੇ ਵਿਛੜੇ ਹੁੰਦੇ ਹਾਂ। ਉਹਨਾਂ ਸਾਰਿਆਂ ਵਿਚੋਂ ਕੇਵਲ ਸਰਦਾਰ ਤੇਜਾ ਸਿੰਘ ਪ੍ਰਧਾਨ ਜੀ ਦੀ ਸ਼ਕਲ ਹੀ ਜਾਣੀ ਪਹਿਚਾਣੀ ਸੀ।‌ ਪ੍ਰਧਾਨ ਜੀ ਸ਼੍ਰੀ ਓਮ ਪ੍ਰਕਾਸ਼ ਵਰਮਾ ਜੀ ਨਾਲ ਗੱਲਾਂ ਕਰਦੇ ਰਹੇ।

ਅਸੀਂ ਵੀ ਆਪਣੇ-ਆਪਣੇ ਅੰਮ੍ਰਿਤਸਰ ਵਾਲੇ ਸਾਥੀਆਂ ਨਾਲ ਹੀ, ਓਸੇ ਬੈਰਕ ‘ਚ ਜਾ ਡੇਰੇ ਲਾਏ। ਸਾਰੇ ਅਧਿਆਪਕ ਆਪਣੇ ਆਪਣੇ ਬਿਸਤਰੇ ਸੈੱਟ ਕਰਨ ਲੱਗ ਪਏ। ਅੱਧੇ ਕੁ ਘੰਟੇ ਬਾਅਦ ਰਾਤ ਦੇ ਸਾਢੇ ਨੌਂ ਕੁ ਵਜੇ, ਦੋ ਬੰਦੇ ਟੋਕਰੇ ‘ਚ ਰੋਟੀਆਂ ਅਤੇ ਬਾਲਟੀ ‘ਚ ਦਾਲ ਲੈ ਕੇ ਆ ਗਏ। ਗਿਣ ਗਿਣ ਕੇ ਸਾਨੂੰ ਦੋ-ਦੋ ਤਿੰਨ-ਤਿੰਨ ਫੁਲਕੇ ਦਿੱਤੇ ਤੇ ਦਾਲ ਪਾ ਕੇ ਚਲੇ ਗਏ। ਮੁੜ ਉਨ੍ਹਾਂ ਸਾਨੂੰ ਦਰਸ਼ਨ ਨਾ ਦਿੱਤੇ। ਪ੍ਰਧਾਨ ਜੀ ਨੇ ਹੌਸਲਾ ਦਿੱਤਾ ਅੱਜ ਰਾਤ ਏਸੇ ਨਾਲ ਸਾਰੋ, ਕੱਲ੍ਹ ਸ਼ਾਮ ਤੱਕ ਹਿੰਮਤ ਕਰ ਕੇ ਆਪਣਾ ਖਾਣਾ ਆਪ ਹੀ ਤਿਆਰ ਕਰਿਆ ਕਰਾਂਗੇ। ਕਈ ਮੇਰੇ ਵਰਗੇ ਸੋਚਣ, ਜੇ ਰੋਟੀ ਦਾ ਅੱਜ ਵਰਗਾ ਹੀ ਹਾਲ ਰਿਹਾ ਤਾਂ ਦਿਨਾਂ ਵਿਚ ਹੀ ਬੰਸਰੀਆਂ ਵੱਜ ਜਾਣਗੀਆਂ, ਪਰ ਪੁਰਾਣੇ ਘੁਲਾਟੀਆਂ ਨੇ ਦੱਸਿਆ,”ਘਬਰਾਓ ਨਾ! ਇੱਕ ਦੋ ਦਿਨਾਂ ‘ਚ ਸਭ ਠੀਕ ਹੋ ਜਾਵੇਗਾ। ਨਵੇਂ ਨਵੇਂ ਆਏ ਹੋ, ਹਰੇਕ ਜਗ੍ਹਾ ਓਪਰੀ ਲੱਗਦੀ ਹੀ ਹੈ। ਇਹ ਤਾਂ ਜੇਲ੍ਹ ਹੈ।”

ਜੇ ਇੱਥੇ ਸਭ ਕੁਝ ਖੁੱਲ੍ਹਾ ਹੋਵੇ ਤਾਂ ਲੋਕ ਇਥੋਂ ਜਾਣ ਹੀਂ ਕਿਉਂ ?

ਰੋਟੀ ਖਾ ਕੇ ਪਾਣੀ ਪੀਤਾ ਤੇ ਸੋਚਿਆ ਚਲੋ ਥੋੜ੍ਹਾ ਚਿਰ ਬੈਰਕ ਦੇ ਬਾਹਰ ਹੀ ਘੁੰਮ ਲਈਏ । ਘੁੰਮਣਾ ਤਾਂ ਕਿਹੜਾ ਸੀ, ਬੀੜੀ,ਸਿਗਰਟ ਵਾਲੇ ਨੂੰ ਰੋਟੀ ਤੋਂ ਬਾਅਦ ਭਲ ਜ਼ਰੂਰ ਉਠਦੀ ਹੈ ਤੇ ਸਾਡੇ ਗਰੁੱਪ ਵਿੱਚ ਤਾਂ ਸੁੱਖ ਨਾਲ 10 ਕੁ ਬੰਦੇ ਅਜਿਹੇ ਸਨ ਜਿਹੜੇ ਬੀੜੀ,ਸਿਗਰਟ ਪੀਂਦੇ ਸਨ। ਇੱਕ ਦੋ ਨੇ ਤਾਂ ਬਿਨਾਂ ਸੰਗ ਸ਼ਰਮ ਬੈਰਕ ‘ਚ ਹੀ ਸਿਰਗਟ ਸੁਲਗਾ ਲਈ ਤੇ ਮੈਂ ਸੰਗਾਂ, ਕਿਉਂਕਿ ਬੈਰਕ ‘ਚ ਕਈ ਬਜ਼ੁਰਗ ਤੇ ਬੀਬੀਆਂ ਦਾੜੀਆਂ ਵਾਲੇ ਵੀ ਸਨ, ਉਹ ਕੀ ਕਹਿਣਗੇ। ਆਪਣੇ ਮਨੀ ਰਾਮ ਨੇ ਇਜਾਜ਼ਤ ਨਾ ਦਿੱਤੀ। ਮੈਂ ਸਾਥੀ ਪਵਨ ਸ਼ਰਮਾ ਨਾਲ ਬੈਰਕ ਤੋਂ ਬਾਹਰ ਆ ਗਿਆ। ਬੈਰਕ ਤੋਂ ਬਾਹਰ ਦਾ ਜਾਇਜਾ ਲੈਣਾ ਸ਼ੁਰੂ ਕੀਤਾ, ਪਾਣੀ ਕਿੱਥੇ ਹੈ, ਘੁੰਮਣ ਨੂੰ ਥਾਂ ਕਿੰਨਾ ਕੁ ਹੈ, ਪਰ ਰਾਤ ਨੂੰ ਕਿੱਥੇ ਪਤਾ ਲੱਗਦੈ ।

ਜਦੋਂ ਅਸੀਂ ਬੈਰਕ ਦੇ ਉੱਤੋਂ ਦੀ ਗੇੜਾ ਲਾ ਕੇ ਆਏ ਤਾਂ ਬੈਰਕ ਦਾ ਗੇਟ ਬੰਦ ਸੀ। ਮੈਂ ਤੇ ਪਵਨ ਗੇਟ ਖੜਕਾਈ ਜਾਈਏ। ਅਸੀਂ ਸੋਚਿਆ ਕਿਤੇ ਅੰਦਰੋਂ ਬੰਦ ਕਰ ਲਿਆ। ਕੁੰਡਾ ਕਿਤੇ ਨਾ ਲੱਭੇ। ਕੁੰਡਾ ਦੋ ਫੁੱਟ ਅੱਗੇ ਕਰ ਕੇ ਇੱਕ ਪੱਥਰ ਜਿਹੇ ਵਿਚ ਜਗ੍ਹਾ ਬਣਾ ਕੇ ਦੋ ਕਿਲੋ ਪੱਕੇ ਦਾ ਜੰਦਰਾ ਮਾਰਿਆ ਹੋਇਆ ਸੀ। ਅਸੀਂ ਆਵਾਜ਼ਾਂ ਮਾਰੀਏ , ” ਭਰਾਵੋ ! ਸਾਨੂੰ ਤਾਂ ਬੈਰਕ ਅੰਦਰ ਕਰੋ।” ਅੰਦਰ ਵਾਲੇ ਸਾਥੀ ਕਹਿਣ,‌” ਹੁਣੇ ਹੌਲਦਾਰ ਜੰਦਰਾ ਬਾਹਰੋਂ ਲਾ ਕੇ ਗਿਐ, ਦੋ ਚਾਰ ਮਿੰਟ ਰੁਕੋ, ਦੂਜੀ ਬੈਰਕ ਨੂੰ ਜੰਦਰਾ ਲਾਣ ਗਿਆ ਹੋਵੇਗਾ।”

ਚੰਗੀ ਬਿਪਤਾ ‘ਚ ਫਸੇ। ਜ਼ਿੰਦਗੀ ‘ਚ ਪਹਿਲੀ ਵਾਰੀ ਜੇਲ੍ਹ ਦਾ ਮਾਹੌਲ ਦੇਖਿਆ, ਉਹ ਵੀ ਰਾਤ ਨੂੰ। ਕੋਈ ਨਵੀਂ ਬਿਪਤਾ ਹੀ ਖੜ੍ਹੀ ਨਾ ਹੋ ਜਾਵੇ। ਕਿਤੇ ਕੋਈ ਪੁਲਸੀਆ ਆ ਕੇ ਕਹੇ – ਚਲੋ ਲਾਓ, ਸੌ ਸੌ ਡੰਡ ਬੈਠਕਾਂ। ਅਗਾਂਹ ਸਰੀਰ ਵੀ ਕਿਤਾਬਾਂ ਦੇ ਭੰਨੇ ਹੋਏ।

ਚਲਦਾ …..

ਜਸਪਾਲ ਜੱਸੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian-origin COP26 president denies ‘bullying’ civil servants
Next articleਗ਼ਜ਼ਲ