ਪਹਿਲਾਂ ਧਰਮ-ਪਰਿਵਰਤਨ ਫਿਰ ਆਰਥਿਕ ਵਿਕਾਸ ਜਾਂ ਪਹਿਲਾਂ ਆਰਥਿਕ ਵਿਕਾਸ ਫਿਰ ਧਰਮ- ਪਰਿਵਰਤਨ ? ……

ਪਹਿਲਾਂ ਧਰਮ-ਪਰਿਵਰਤਨ ਫਿਰ ਆਰਥਿਕ ਵਿਕਾਸ ਜਾਂ ਪਹਿਲਾਂ ਆਰਥਿਕ ਵਿਕਾਸ ਫਿਰ ਧਰਮ- ਪਰਿਵਰਤਨ ?
ਜਾਂ
ਪਹਿਲਾਂ ਰਾਜਨੀਤਿਕ ਵਿਕਾਸ ਫਿਰ ਸਮਾਜਿਕ ਵਿਕਾਸ ਜਾਂ ਪਹਿਲਾਂ ਸਮਾਜਿਕ ਵਿਕਾਸ ਫਿਰ ਰਾਜਨੀਤਿਕ ਵਿਕਾਸ ?

       ਇੰਜ:- ਵਿਸ਼ਾਲ ਖੈਰਾ

1) ਆਪੋ ਆਪਣੀ ਦਲੀਲ ਅਤੇ ਲਕੀਰ – ਇਸ ਵਿਸ਼ੇ ਸਬੰਧੀ ਹਰ ਵਿਆਕਤੀ ਦੀ ਆਪੋ-ਆਪਣੀ ਦਲੀਲ ਅਤੇ ਲਕੀਰ ਹੈ। ਕੁੱਝ ਲੋਕ ਸਮਝਦੇ ਹਨ ਪਰ ਉਨ੍ਹਾਂ ਦੀ ਦਲੀਲ ਜਾਂ ਰਾਏ ਹੋਰ ਹੈ ਅਤੇ ਬਹੁਤ ਘੱਟ ਹਨ ਜੋ ਇਸ ਦਲੀਲ ਅਤੇ ਲਕੀਰ ਤੇ ਚੱਲ ਵੀ ਰਹੇ ਹਨ। ਜਿਆਦਾਤਰ ਇਹ ਜਾਨਣ ਦੀ ਕੋਸ਼ਿਸ ਹੀ ਨਹੀਂ ਕਰ ਰਹੇ ਕਿ ਇਸ ਸਬੰਧੀ ਰਹਿਬਰਾਂ ਦੀ ਕੀ ਦਲੀਲ ਅਤੇ ਲਕੀਰ ਹੈ ਜੋ ਕਿ ਅੱਜ ਬਹਿਸ ਦਾ ਮੁੱਦਾ ਬਣ ਚੁੱਕਾ ਹੈ। ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਸਰੀਰਕ ਰੂਪ ਚੋਂ ਇਸ ਦੁਨੀਆ ਤੋਂ ਗਿਆਂ ਨੂੰ ਕਰੀਬ 67 ਸਾਲ ਦਾ ਸਮ੍ਹਾਂ ਹੋ ਗਿਆ ਹੈ ਪਰ ਜਿਹੜੀਂਆਂ ਦਲੀਲਾਂ ਉਹ ਆਪਣੇ ਜਿਉਂਦੇ ਜੀਅ ਆਪਣੇ ਭਾਸ਼ਣਾ ਵਿੱਚ ਅਤੇ ਲਿਖਤੀ ਕਿਤਾਬਾਂ/ਗ੍ਰੰਥਾਂ ਵਿੱਚ ਲਿੱਖ ਗਏ ਸਨ, ਉਹ ਅੱਜ ਵੀ ਉਸੇ ਤਰ੍ਹਾਂ ਹੀ ਲਿਖਤ ਉਸੇ ਰੂਪ ਵਿੱਚ ਜਿਆਦਾਤਰ ਬਰਕਰਾਰ ਤਾਂ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਉਨ੍ਹਾ ਦਲੀਲਾਂ ਤੇ ਜਿਵੇਂ ਚੱਲਣਾ ਚਾਹੀਦਾ ਸੀ, ਉਸ ਤਰ੍ਹਾਂ ਅਸੀਂ ਚੱਲ ਹੀ ਨਹੀ ਰਹੇ ਹਾਂ। ਮਤਲੱਬ ਸੱਭ ਦੀ ਆਪੋ-ਆਪਣੀ ਅਲੱਗ ਲਕੀਰ ਹੈ। ਇਹ ਹੀ ਕਾਰਨ ਹੈ ਕਿ ਅਸੀਂ ਅੱਜ ਆਪਣੀ ਮੰਜਿਲ ਤੇ ਨਹੀਂ ਪਹੁੰਚ ਸਕੇ ਅਤੇ ਦਰ- ਦਰ (ਵੱਖ 2 ਧਰਮਾਂ ਅਤੇ ਰਾਜਨੀਤਿਕ ਪਾਰਟੀਆਂ ਵਿੱਚ) ਠੋਕਰਾਂ ਖਾ ਰਹੇ ਹਾਂ। ਜੇਕਰ ਅਸੀਂ ਆਪਣੇ ਰਹਿਬਰਾਂ ਦੀ ਕਹਿ ਗਈ ਗੱਲ ਮੰਨ ਲਈ ਹੁੰਦੀ ਤਾਂ ਅੱਜ ਅਸੀਂ ਉਨ੍ਹਾਂ ਸੁਪਨਿਆ ਦੇ ਦੇਸ਼ (ਭਾਰਤ ਨੂੰ ਪ੍ਰਬੁੱਧ ਦੇਸ਼ ਅਤੇ ਸ਼ਾਸਕ ਕਰਤਾ ਜਮਾਤ ਬਣਾਉਣਾ) ਦਾ ਸੁੱਖ ਮਾਣ ਰਹੇ ਹੁੰਦੇ। ਕੁੱਝ ਹੇਠ ਲਿਖੇ ਅਨੁਸਾਰ ਮੈਂ ਕੁੱਝ ਸੰਗਠਨਾ ਅਤੇ ਪਾਰਟੀਆਂ ਤੇ ਸੰਖੇਪ ਵਿੱਚ ਚਰਚਾ ਕਰਾਂਗਾ ਜੋ ਆਪਣੀ-ਆਪਣੀ ਸਮਝ ਅਨੁਸਾਰ ਸਮਾਜ ਵਿੱਚ ਕੰਮ ਤਾਂ ਕਰ ਰਹੇ ਹਨ ਪਰ ਸਮਾਜਿਕ ਪੱਧਰ ਤੇ ਕੁੱਝ ਫਾਇਦਾ ਨਜਰ ਨਹੀਂ ਆ ਰਿਹਾ ਹੈ ਹਾਂ ਜੇਕਰ ਬਾਬਾ ਸਾਹਿਬ ਜੀ ਦੇ ਕਹੇ ਅਨੁਸਾਰ ਅਸੀਂ ਕੰਮ ਕੀਤਾ ਹੁੰਦਾ ਸ਼ਾਇਦ ਸਾਨੂੰ ਕੰਮ ਥੋੜਾ ਕਰਨਾ ਪੈਂਦਾ ਪਰ ਸਿੱਟੇ ਚੰਗੇ ਮਿਲਣੇ ਸੀ :-

(ੳ) ਆਰਥਿਕ ਵਿਕਾਸ :- ਉਹ ਕੁੱਝ ਵਿਚਾਰਧਾਰਕ/ਗੈਰ-ਵਿਚਾਰਧਾਰਕ ਸੰਗਠਨ ਹਨ ਜੋ ਸਮਾਜ ਨੂੰ ਵਪਾਰ ਕਰਨ ਲਈ, ਨਿੱਜੀ ਸਹੂਲਤਾਂ ਆਦਿ ਦੇਣ ਦੀ ਜਾਂ ਆਰਥਿਕ ਮਦਦ ਕਰਦੇ ਹਨ ਅਤੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਾਕੀ ਸੱਭ ਨਾਲੋਂ ਪਹਿਲਾਂ ਲੋਕਾਂ ਦਾ ਆਰਥਿਕ ਵਿਕਾਸ ਪਹਿਲ ਦੇ ਅਧਾਰ ਤੇ ਜਰੂਰੀ ਹੈ।

(ਅ) ਰਾਜਨੀਤਿਕ ਵਿਕਾਸ : ਉਹ ਕੁੱਝ ਵਿਚਾਰਧਾਰਕ/ਗੈਰ-ਵਿਚਾਰਧਾਰਕ ਸੰਗਠਨ ਜਾਂ ਰਾਜਨੀਤਿਕ ਪਾਰਟੀਆਂ ਜੋ ਰਾਜਨੀਤਿਕ ਅਹੁੱਦੇ ਲਈ ਜਿਵੇਂ ਸਰਪੰਚੀ/ਐਮ.ਐਲ਼.ਏ/ਐਮ.ਪੀ/ਸੀ.ਐਮ/ ਪੀ.ਐਮ ਅਹੁੱਦਿਆਂ ਲਈ ਚੋਣ ਲੜ ਰਹੇ ਹਨ ਅਤੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਾਕੀ ਸੱਭ ਨਾਲੋਂ ਪਹਿਲਾਂ ਰਾਜਨੀਤਿਕ ਵਿਕਾਸ ਪਹਿਲ ਦੇ ਅਧਾਰ ਤੇ ਜਰੂਰੀ ਹੈ।

(ੲ) ਸਮਾਜਿਕ ਵਿਕਾਸ – ਉਹ ਕੁੱਝ ਵਿਚਾਰਧਾਰਕ ਜਾਂ ਗੈਰ ਵਿਚਾਰਧਾਰਕ ਸੰਗਠਨ ਹਨ ਜੋ ਸਮਾਜ ਦੀ ਸਮਾਜਿਕ ਸੇਵਾ ਕਰਨ ਦੀ ਸੇਵਾ ਕਰਦੇ ਹੋਣ ਜਿਵੇਂ ਸਿਖਿਆ, ਸਮਾਜਿਕ ਸਹੂਲਤਾਂ ਜਾਂ ਕੁੱਝ ਸਮਾਜ ਨੂੰ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨਾਲ ਜੋੜਨਾ ਆਦਿ ਅਤੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਾਕੀ ਸੱਭ ਨਾਲੋਂ ਪਹਿਲਾਂ ਸਮਾਜਿਕ ਪ੍ਰੀਵਰਤਨ ਪਹਿਲ ਦੇ ਅਧਾਰ ਤੇ ਜਰੂਰੀ ਹੈ।

2) ਸਵਾਲ:- ਹੁਣ ਸਵਾਲ ਇਹ ਹੈ ਕਿ ਇਹ ਛੁਆਛਾਤ ਅਤੇ ਭੇਦ-ਭਾਵ ਦਾ ਵਿਤਕਰਾ ਅੱਜ ਤੋਂ ਹੈ ਜਾਂ ਸਦੀਆਂ ਪੁਰਾਣਾ ਤਾਂ ਜਵਾਬ ਹੋਵੇਗਾ ਕਿ ਜਦੋਂ ਤੋਂ ਆਰੀਆ ਲੋਕ ਭਾਰਤ ਵਿੱਚ ਆਏ ? ਜਾਂ ਸਦੀਆਂ ਪੁਰਾਣਾ। ਇੱਥੇ ਮੈਂ ਕੁੱਝ ਅਜਿਹੇ ਬਹੁਜਨ ਰਹਿਬਰ ਮਹਾਨ ਮਹਾਪੁਰਸ਼ਾਂ (ਜਿਨ੍ਹਾਂ ਨੂੰ ਮੈਂ ਆਪਣਾ ਗੂਰੂ ਵੀ ਮੰਨਦਾ ਹਾਂ) ਦੀਆਂ ਸੰਖੇਪ ਵਿੱਚ ਉਦਾਹਰਣਾ ਦੇਣੀਆਂ ਚਾਹਾਂਗਾ ਜਿਨ੍ਹਾ ਵਿੱਚ ਆਰਥਿਕ, ਸਮਾਜਿਕ, ਰਾਜਨੀਤਿਕ ਵਿਕਾਸ ਦੀ ਕੋਈ ਕਮੀਂ ਬਿਲਕੁੱਲ ਵੀ ਨਹੀਂ ਸੀ ਪਰ ਅਛੂਤ ਅਤੇ ਛੋਟੀ ਜਾਤੀ ਹੋਣ ਕਾਰਨ ਉਨ੍ਹਾ ਨਾਲ ਜਾਤੀਗਤ ਭੇਦਭਾਵ ਅਜੀਵਨ ਹੁੰਦਾ ਰਿਹਾ, ਜਿਸ ਦਾ ਮੁੱਖ ਕਾਰਨ ਉਸ ਸਮੇਂ ਦੇ ਧਰਮਾਂ ਦੀਆਂ ਗੈਰ ਮਨੁੱਖੀ ਕੁਰੀਤੀਆਂ ਸਨ।

(ੳ) ਕ੍ਰਾਂਤੀਕਾਰੀ ਜਗਤਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ – ਬਹੁਤ ਦੁੱਖ ਹੁੰਦਾ ਇਹ ਸੁਣਕੇ ਅਤੇ ਪੜ੍ਹ ਕੇ ਕਿ ਉਸ ਸਮੇਂ ਦੀਆਂ ਕੁਰੀਤੀਆਂ ਕਾਰਨ ਛੋਟੀ ਜਾਤ ਅਤੇ ਭੇਦ-ਭਾਵ ਦੇ ਨਜਰਿਏ ਤਹਿਤ ਉੱਚ ਜਾਤ ਦੇ ਹੰਕਾਰੀਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਨਾਲ ਬਹੁਤ ਜਿਆਦਾ ਭੇਦਭਾਵ ਕੀਤਾ ਜਾਂਦਾ ਸੀ ਜਿਸ ਕਾਰਨ ਆਪ ਨੇ ਕਰੀਬ 40 ਸ਼ਬਦਾਂ (ਅਤੇ ਹੋਰ ਬਾਣੀ) ਵਿੱਚ ਸਮਾਨਤਾ, ਸੁਤੰਤਤਰਤਾ ਅਤੇ ਭਾਈਚਾਰੇ (ਬੇਗਮਪੁਰੇ) ਦਾ ਸੁਨੇਹਾ ਦਿੱਤਾ।

(ਅ) ਮਹਾਤਮਾ ਜੋਤੀਰਾਓ ਫੂਲੇ ਜੀ- ਇੱਕ ਬ੍ਰਾਹਮਣ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਏ ਪਰ ਬਾਅਦ ਵਿੱਚ ਅਜਿਹਾ ਕਰਨ ਤੇ ਉਨ੍ਹਾਂ ਦੇ ਦੋਸਤ ਦੇ ਮਾਪਿਆਂ ਦੁਆਰਾ ਆਪ ਨੂੰ ਝਿੜਕਿਆ ਗਿਆ ਅਤੇ ਅਛੂਤ-ਨੀਚ ਕਹਿਕੇ ਬੇਇੱਜ਼ਤ ਕੀਤਾ ਗਿਆ ਅਤੇ ਕਿਹਾ ਕਿ ਉਸਨੂੱ ਸ਼ੂਦਰ ਜਾਤੀ ਤੋਂ ਹੋਣ ਕਰਕੇ ਇਸ ਰਸਮ ਤੋਂ ਦੂਰ ਰਹਿਣ ਦੀ ਸਮਝ ਹੋਣੀ ਚਾਹੀਦੀ ਸੀ।

(ੲ) ਭਾਰਤ ਦੀ ਪਹਿਲੀ ਮਹਿਲਾ ਅਧਿਆਪਿਕਾ ਮਾਤਾ ਸਵਿਤਰੀ ਬਾਈ ਫੂਲੇ – ਜਦੋਂ ਮਾਤਾ ਸਵਿਤਰੀ ਬਾਈ ਸਕੂਲ ਵਿੱਚ ਬੱਚਿਆਂ ਨੂੰ ਪੜਾਉਣ ਲਈ ਜਾਇਆ ਕਰਦੀ ਸੀ ਤਾਂ ਲੋਕ ਰਸਤੇ ਵਿੱਚ ਉਸ ਤੇ ਗੋਹਾ ਕੂੜਾ ਸੁਟਦੇ ਸੀ, ਕਿਉਕਿ ਜਾਤੀ ਹੰਕਾਰੀਆਂ ਨੂੰ ਪਤਾ ਸੀ ਜੇਕਰ ਔਰਤ ਪੜ੍ਹ ਲਿੱਖ ਗਈ ਤਾਂ ਇਹ ਭਵਿੱਖ ਵਿੱਚ ਆਪਣੇ ਹੱਕ ਅਤੇ ਅਧਿਕਾਰ ਦੀ ਗੱਲ ਕਰੇਗੀ ਅਤੇ ਜਿਸ ਨਾਲ ਸਮਾਜ ਚੋਂ ਵਿਗਿਆਨਕ ਸੋਚ ਪੈਦਾ ਹੋਵੇਗੀ ਤੇ ਪਾਖੰਡ ਤੇ ਚੋਟ ਲਗੇਗੀ। ਇਹ ਹੀ ਕਾਰਨ ਸੀ ਮਾਤਾ ਸਵਿਤਰੀ ਬਾਈ ਫੂਲੇ ਸਕੂਲ ਜਾਣ ਵਕਤ ਆਪਣੇ ਨਾਲ ੨ -੨ ਸਾੜੀਆ ਲੈ ਕੇ ਜਾਇਆ ਕਰਦੀ ਸੀ।

(ਸ) ਛਤਰਪਤੀ ਸ਼ਾਹੂ ਮਹਾਂਰਾਜ – ਸਨ 1894 ਵਿੱਚ ਜਦੋਂ ਛਤਰਪਤੀ ਸ਼ਾਹੂ ਮਹਾਂਰਾਜ ਜੀ, ਕੋਹਲਾਪੁਰ ਰਿਆਸਤ ਦੇ ਰਾਜਾ ਬਣੇ ਤਾਂ ਰਾਜ ਪੁਰੋਹਿਤ ਨੇ ਇਸ਼ਨਾਨ ਸਮੇਂ ਵੇਦ ਮੰਤਰਾਂ ਦਾ ਉੱਚਾਰਣ ਕਰਨ ਤੋਂ ਨਾਂਹ ਕਰ ਦਿੱਤੀ। ਮਹਾਂਰਾਜ ਨੇ ਪੁੱਛਿਆ, ਵੇਦ ਮੰਤਰ ਦਾ ਉਚਾਰਣ ਕਿਉਂ ਨਹੀਂ ਹੋ ਰਿਹਾ ?’ ਪੁਰੋਹਿਤ ਨੇ ਕਿਹਾ ‘ਤੁਸੀ ਅਛੂਤ ਹੋ ਇਸ ਲਈ ਤੁਹਾਨੂੰ ਵੇਦ ਮੰਤਰ ਸੁਣਨ ਦਾ ਅਧਿਕਾਰ ਨਹੀਂ ਹੈ”।

(ਹ) ਬੀ. ਆਰ. ਅੰਬੇਡਕਰ- ਬਾਬਾ ਸਾਹਿਬ ਜੀ ਨੂੰ ਅਛੂਤ ਹੋਣ ਕਾਰਨ ਸਕੂਲ ਵਿੱਚ ਖੁੱਦ ਪਾਣੀ ਪੀਣ ਦਾ ਹੱਕ ਹੀ ਨਹੀਂ ਸੀ।ਉੱਚੀ ਜਾਤ ਦਾ ਵਿਅਕਤੀ ਉੱਚਾਈ ਤੋਂ ਉਹਨਾਂ ਦੇ ਹੱਥਾਂ ‘ਤੇ ਪਾਣੀ ਪਾਉਂਦਾ ਸੀ ਅਤੇ ਉੱਚੀ ਜਾਤ ਦੇ ਬੱਚਿਆ ਨਾਲੋਂ ਅਲੱਗ ਬਠਾਇਆ ਜਾਂਦਾ ਸੀ। ਬਾਬਾ ਸਾਹਿਬ ਬੜੌਦਾ ਰਿਆਸਤ ਵਿੱਚ ਪਾਰਸੀ ਸਰਾਂ ਵਿੱਚ ਠਹਿਰੇ ਤਾਂ ਅਛੂਤ ਹੋਣ ਕਾਰਨ ਕੁੱਝ ਹਥਿਆਰਬੰਦ ਗੁਡਿਆਂ ਵੱਲੋਂ ਉਹਨਾਂ ਨੂੰ ਕਮਰੇ ਚੋਂ ਬਾਹਰ ਕੱਢਿਆ ਗਿਆ ਆਦਿ।

ਇਨ੍ਹਾ ਛੋਟੀਆਂ ਮਾਨਸਿਕਤਾਵਾਂ ਦੀਆਂ ਘਟਨਾਵਾਂ ਨੇ ਰਹਿਬਰਾਂ ਨੂੰ ਬਹੁੱਤ ਡੂੰਘਾ ਪ੍ਰਭਾਵਤ ਕੀਤਾ ਅਤੇ ਜਾਤ ਪ੍ਰਣਾਲੀ ਦੇ ਅੰਦਰਲੇ ਅਨਿਆਂ ਬਾਰੇ ਉਨ੍ਹਾਂ ਦੀ ਸਮਝ ਨੂੰ ਆਕਾਰ ਦਿੱਤਾ ਜਿਸ ਕਾਰਨ ਸੱਭ ਨੂੰ ਜਾਤ ਪਾਤ ਦੇ ਅਨਿਆ ਖਿਆਫ ਵਿਚਾਰਕ ਯੰਗ ਛੇੜਨੀ ਪਈ ਜਿਸ ਨਤੀਜੇ ਵੱਜੋਂ ਅਸੀਂ ਅੱਜ ਸੰਵਿਧਾਨਿਕ ਅਜਾਦੀ ਮਾਣ ਰਹੇ ਹਾਂ।

ਉਪਰੋਤਕ ਤੋਂ ਇਲਾਵਾ ਕੁੱਝ ਸਮਾਂ ਪਹਿਲਾਂ ਸੁਨਣ ਵਿੱਚ ਆਇਆ ਕਿ ਭਾਰਤ ਦੇ ਸਰਵਉੱਚ ਅਹੁੱਦਿਆ ਤੇ ਵਿਰਾਜਮਾਨ ਮਾਣਯੋਗ ਰਾਮ ਨਾਥ ਕੋਵਿੰਦ ਜੀ ਅਤੇ ਦ੍ਰੋਪਦੀ ਮੁਰਮੂ ਜੀ ਨੂੰ ਭਾਰਤ ਦੇ ਮਹਾਨ ਅਤੇ ਪ੍ਰਸਿੱਧ ਮੰਦਰਾਂ ਵਿੱਚ ਪ੍ਰਬੰਧਕਾਂ ਵੱਲੋਂ ਅੰਦਰ ਜਾਣ ਤੋਂ ਸਾਫ ਇੰਨਕਾਰ ਕਰ ਦਿੱਤਾ ਗਿਆ ਜਿਸ ਕਾਰਨ ਇਨ੍ਹਾ ਮਹਾਨ ਸਖਸ਼ਿਅਤਾਂ ਨੂੰ ਮੰਦਰ ਦੇ ਬਾਹਰ ਤੋਂ ਹੀ ਪੂਜਾ ਕਰਕੇ ਵਾਪਸ ਆਉਣ ਪਿਆ। ਹੁਣ ਸਵਾਲ ਇਹ ਕੀ ਇਨ੍ਹਾਂ ਮਹਾਨ ਸਖਸ਼ਿਅਤਾਂ ਦੇ ਆਰਥਿਕ /ਰਾਜਨੀਤਿਕ ਵਿਕਾਸ ਵਿੱਚ ਕੋਈ ਕਮੀ ਸੀ ?

ਹੁਣ ਇੱਥੇ ਧਿਆਨਯੋਗ ਇਹ ਹੈ ਕਿ ਬਹੁਜਨ ਸਮਾਜ ਦੇ ਸੰਗਠਨ/ਰਾਜਨੀਤਿਕ ਪਾਰਟੀਆਂ ਇਸ ਗੱਲ ਤੋਂ ਅਣਜਾਣ ਕਿਉਂ ਹਨ ਕਿ ਆਰਥਿਕ/ਰਾਜਨੀਤਿਕ/ਸਮਾਜਿਕ ਵਿਸ਼ੇ ਚੋਂ ਅਪਣਾਉਣਾ ਜਰੂਰੀ ਕੀ ਹੈ ? ਜਾਂ ਕਿਸ ਨੂੰ ਪਹਿਲ ਦੇਣੀ ਜਾਂ ਕਿਸ ਨੂੰ ਬਾਅਦ ਵਿੱਚ ਅਪਣਾਉਣਾ ? ਸ਼ਾਇਦ ਕੁੱਝ ਜਾਣਦੇ ਵੀ ਹੋਣਗੇ ਅਤੇ ਕੁੱਝ ਅਣਜਾਣ ਵੀ ਹੋ ਸਕਦੇ ਹੋਣਗੇ ਪਰ ਇਸ ਗੁੰਝਲਦਾਰ ਪਹੇਲੀ ਨੂੰ ਮੈਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਭਾਸ਼ਣ- ਮੁਕਤੀ ਕਿਸ ਰਸਤੇ ਤੇ..- (ਪੰਜਾਬੀ ਅਨੁਵਾਦ ਵੱਲੋਂ ਵਿਜੈ ਸ਼ੀਲ) ਰਾਹੀਂ ਸਪੱਸ਼ਟ ਕਰਨ ਦੀ ਕੋਸ਼ਿਸ ਕਰਾਂਗੇ ਹਾਂ, ਇਹ ਵੀ ਹੋ ਸਕਦਾ ਹੈ ਕਿ ਕਿਸੇ ਹੋਰ ਹਵਾਲੇ ਰਾਹੀਂ ਕੋਈ ਹੋਰ ਲੇਖਕ ਇਸ ਗੱਲ ਦਾ ਬਦਲ ਵੀ ਦੇਵੇ ਪਰ ਮੈਨੂੰ ਅੱਜ ਇਹ ਹਵਾਲਾ ਆਪਣੇ ਵਿਚਾਰਾਂ ਮੁਤਾਬਕ ਸਹੀ ਹੀ ਜਾਪਦਾ ਹੈ ਅਤੇ ਇਹ ਹੀ ਕਾਰਨ ਹੈ ਮੈਂ ਇਸ ਹਵਾਲੇ ਰਾਹੀਂ ਆਪ ਜੀ ਨੂੰ ਸਮਝਾਉਣ ਦੀ ਕੋਸ਼ਿਸ ।

(03) ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਵਿਸ਼ੇ ਸਬੰਧੀ ਵਿਚਾਰ –

ਪਹਿਲਾਂ ਧਰਮ-ਪਰਿਵਰਤਨ ਫਿਰ ਆਰਥਿਕ ਵਿਕਾਸ ਜਾਂ ਪਹਿਲਾਂ ਆਰਥਿਕ ਵਿਕਾਸ ਫਿਰ ਧਰਮ- ਪਰਿਵਰਤਨ ? ਜਾਂ ਪਹਿਲਾਂ ਰਾਜਨੀਤਿਕ ਵਿਕਾਸ ਫਿਰ ਸਮਾਜਿਕ ਵਿਕਾਸ ਜਾਂ ਪਹਿਲਾਂ ਸਮਾਜਿਕ ਵਿਕਾਸ ਫਿਰ ਰਾਜਨੀਤਿਕ ਵਿਕਾਸ ? ਇਸ ਪ੍ਰਸ਼ਨ ਦਾ ਉੱਤਰ ਜੇਕਰ ਮੈਨੂੰ ਦੇਣਾ ਹੀ ਹੈ ਤਾਂ ਮੈਂ ਪਹਿਲਾਂ ਧਰਮ-ਪਰਿਵਰਤਨ ਹੀ ਕਹਾਂਗਾ । ਸਮਾਜ ਦੀ ਉੱਨਤੀ ਅਤੇ ਵਿਕਾਸ ਲਈ ਕਈ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਸਾਰੇ ਸਾਧਨ ਆਪਣੀ-ਆਪਣੀ ਦ੍ਰਿਸ਼ਟੀ ਤੋਂ ਜ਼ਰੂਰੀ ਹੁੰਦੇ ਹਨ, ਉਨ੍ਹਾਂ ਵਿੱਚੋਂ ਫਲਾਣੀ ਇੱਕ ਚੀਜ਼ ਦਾ ਉਪਯੋਗ ਪਹਿਲਾਂ ਕਰਨਾ ਚਾਹੀਦਾ ਹੈ ਅਤੇ ਦੂਸਰੀ ਚੀਜ਼ ਦਾ ਉਪਯੋਗ ਬਾਅਦ ਵਿੱਚ ਕਰਨਾ ਚਾਹੀਦਾ ਹੈ, ਇਸ ਨੂੰ ਕ੍ਰਮਬੱਧ ਕਰਨਾ ਕਦੇ ਵੀ ਸੰਭਵ ਨਹੀਂ ਹੈ। ਪਰ ਜੇਕਰ ਇਸ ਤਰ੍ਹਾਂ ਦਾ ਕ੍ਰਮ ਰੱਖਣ ਦੀ ਨੌਬਤ ਆ ਹੀ ਜਾਵੇ, ਪਹਿਲਾਂ ਧਰਮ-ਪਰਿਵਰਤਨ ਜਾਂ ਪਹਿਲਾਂ ਆਰਥਿਕ ਉੱਨਤੀ ? ਇਸ ਪ੍ਰਸ਼ਨ ਦਾ ਉੱਤਰ ਜੇਕਰ ਮੈਨੂੰ ਦੇਣਾ ਹੀ ਹੈ ਤਾਂ ਮੈਂ ਪਹਿਲਾਂ ਧਰਮ-ਪਰਿਵਰਤਨ ਹੀ ਕਹਾਂਗਾ ਕਿਉਂਕਿ ਜਦੋਂ ਤੱਕ ਅਛੂਤਪਣ ਦਾ ਕਲੰਕ ਤੁਹਾਡੇ ਉੱਪਰ ਲੱਗਾ ਹੋਇਆ ਹੈ ਉਦੋਂ ਤੱਕ ਤੁਹਾਡਾ ਆਰਥਿਕ ਵਿਕਾਸ ਕਿਵੇਂ ਹੋਵੇਗਾ ? ਇਹ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਹੈ।

ਉਦਾਹਰਣ: –
(ੳ) ਦੁਕਾਨਦਾਰੀ ਕਰਨ ਦੇ ਉਦੇਸ਼ ਨਾਲ ਤੁਹਾਡੇ ਵਿੱਚੋਂ ਕਿਸੇ ਨੇ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਦੁਕਾਨ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਗ੍ਰਾਹਕਾਂ ਨੂੰ ਜੇਕਰ ਇਹ ਪਤਾ ਚੱਲ ਜਾਵੇ ਕਿ ਦੁਕਾਨਦਾਰ ਅਛੂਤ ਹੈ ਤਾਂ ਤੁਹਾਡੀ ਦੁਕਾਨ ਤੋਂ ਕੋਈ ਵੀ ਸੌਦਾ ਖਰੀਦਣ ਵਾਲਾ ਨਹੀਂ ਹੋਵੇਗਾ।

(ਅ) ਨੌਕਰੀ ਪਾਉਣ ਦੇ ਉਦੇਸ਼ ਤਹਿਤ ਜੇਕਰ ਕਿਸੇ ਨੂੰ ਨੌਕਰੀ ਦੇ ਲਈ ਆਵੇਦਨ ਕੀਤਾ ਅਤੇ ਉਮੀਦਵਾਰ ਅਛੂਤ ਹੈ, ਜੇਕਰ ਪਤਾ ਚੱਲ ਜਾਂਦਾ ਹੈ ਤਾਂ ਤੁਹਾਨੂੰ ਨੌਕਰੀ ਮਿਲਣ ਵਾਲੀ ਨਹੀਂ ਹੈ।

(ੲ) ਕਿਸੇ ਨੇ ਆਪਣਾ ਖੇਤ ਜਾਂ ਜ਼ਮੀਨ ਵੇਚਣੀ ਹੋਵੇ ਤੇ ਤੁਹਾਡੇ ਵਿੱਚੋਂ ਕਿਸੇ ਨੇ ਖਰੀਦਣੀ ਹੋਵੇ ਇਸ ਦੌਰਾਨ ਵੇਚਣ ਵਾਲੇ ਨੂੰ ਜੇਕਰ ਇਹ ਪਤਾ ਚੱਲ ਗਿਆ ਕਿ ਖਰੀਦਦਾਰ ਅਛੂਤ ਹੈ ਤਾਂ ਉਹ ਤੁਹਾਨੂੰ ਜ਼ਮੀਨ ਵੇਚਣ ਵਾਲਾ ਨਹੀਂ ਹੈ।

(ਸ) ਆਰਥਿਕ ਵਿਕਾਸ ਦੇ ਕਿਸੇ ਵੀ ਰਸਤੇ, ਅਛੂਤਪਨ ਦੇ ਕਲੰਕ ਕਾਰਨ, ਕਿਸੇ ਵੀ ਖੇਤਰ ਵਿੱਚ, ਤੁਹਾਨੂੰ ਸਫਲਤਾ ਪ੍ਰਾਪਤ ਹੋਣ ਵਾਲੀ ਨਹੀਂ ਹੈ। ਅਛੂਤਪਨ ਤੁਹਾਡੀ ਉੱਨਤੀ ਅਤੇ ਵਿਕਾਸ ਦੇ ਮਾਰਗ ਵਿੱਚ ਰੋੜਾ ਬਣਿਆ ਹੋਇਆ ਹੈ। ਉਸ ਰੋੜੇ ਨੂੰ ਹਟਾਉਣ ਤੋਂ ਬਿਨ੍ਹਾ ਤੁਹਾਡਾ ਰਸਤਾ ਅਸਾਨ ਹੋਣ ਵਾਲਾ ਨਹੀਂ ਹੈ ਤੇ ਬਿਨ੍ਹਾ ਧਰਮ ਪਰਿਵਰਤਨ ਕੀਤੇ ਇਹ ਰੋੜਾ ਹਟਣ ਵਾਲਾ ਜਾਂ ਨਸ਼ਟ ਹੋਣ ਵਾਲਾ ਨਹੀਂ ਹੈ।

(ਹ) ਮੈਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ ਕਿ ਪੜ੍ਹਾਈ ਲਿਖਾਈ ਤੋਂ ਬਾਅਦ ਜੇਕਰ ਤੁਹਾਨੂੰ ਤੁਹਾਡੀ ਪੜ੍ਹਾਈ ਦੇ ਅਨੁਰੂਪ ਨੌਕਰੀ ਮਿਲਣ ਦਾ ਮਾਰਗ ਹੀ ਨਹੀਂ ਖੁੱਲ੍ਹਾ ਹੈ ਤਾਂ ਤੁਸੀਂ ਪੜ੍ਹ-ਲਿਖ ਕੇ ਕੀ ਕਰੋਗੇ ? ਇਸ ਸਮਾਜ ਵਿੱਚ ਪੜ੍ਹੇ-ਲਿਖੇ ਬਹੁਤ ਲੋਕ ਬੇਕਾਰ ਹਨ। ਇਸਦਾ ਕਾਰਨ ਕੀ ਹੈ ? ਮੇਰੀ ਦ੍ਰਿਸ਼ਟੀ ‘ਚ ਇਸ ਬੇਕਾਰੀ (unemployment) ਦਾ ਕਾਰਨ ਅਛੂਤਨ ਹੀ ਹੈ। ਅਛੂਤਪਨ ਦੇ ਕਾਰਨ ਹੀ ਤੁਹਾਡੇ ਲੋਕਾਂ ਨੂੰ ਚਪੜਾਸੀ ਤੱਕ ਦੀ ਨੌਕਰੀ ਨਹੀਂ ਮਿਲ ਸਕਦੀ। ਅਛੂਤਪਨ ਇਹ ਇੱਕ ਤਰ੍ਹਾਂ ਦਾ ਕਲੰਕ ਹੈ, ਜਿਸ ਨਾਲ ਤੁਸੀਂ ਪੀੜਤ ਹੋ | ਛੂਆ-ਛਾਤ ਅਤੇ ਛੂਆ-ਛਾਤ ਨੂੰ ਜਨਮ ਦੇਣ ਵਾਲੇ ਧਰਮ ਅਤੇ ਸਮਾਜ ਨੂੰ ਦਫਨ ਕਰਨਾ ਹੋਵੇਗਾ ”।

ਸਾਹਿਬ ਕਾਂਸ਼ੀ ਰਾਮ ਜੀ 2002 ਦੇ ਭਾਸ਼ਣ ਨਾਗਪੁਰ ਵਿੱਚ ਕਹਿ ਚੁੱਕੇ ਸਨ ਕਿ ਉਹ ਯੂ.ਪੀ ਵਿੱਚ ਦੋ ਕਰੋੜ ਚਮਾਰਾਂ ਨਾਲ ਧਰਮ ਪ੍ਰੀ-ਵਰਤਨ ਕਰਨਗੇ। ਹੁਣ ਕੀ ਅਸੀਂ ਆਪਣੇ ਰਹਿਬਰਾਂ ਨਾਲੋਂ ਜਿਆਦਾ ਬੁੱਧੀਮਾਨ ਹੋ ਗਏ ਹਾਂ ? ਜਾਂ ਸੁਆਰਥ ਦੀ ਭਾਵਨਾ ਨਾਲ ਆਪਣਾ ਆਪਣਾ ਮਿਸ਼ਨ ਚਲਾਉਂਦਾ ਜਰੂਰੀ ਹੈ ? ਜੇਕਰ ਇੱਕ ਪੱਲ ਲਈ ਮੰਨ ਵੀ ਲਿਆ ਜਾਵੇ ਕਿ ਅਸੀਂ ਆਪਣੇ ਰਹਿਬਰਾਂ ਨਾਲੋਂ ਜਿਆਦਾ ਬੁੱਧੀਮਾਨ ਹੋ ਗਏ ਹਾਂ ਫਿਰ ਰਾਜਨੀਤੀ ਤਰੱਕੀ ਅਤੇ ਆਰਥਿਕ ਵਿਕਾਸ, ਸਮਾਜਿਕ ਵਿਕਾਸ ਦਾ ਮਿਆਰ ਇਨ੍ਹਾਂ ਜਿਆਦਾ ਹੇਠਾਂ ਕਿਉਂ ਗਿਰ ਗਿਆ ਚੁੱਕਾ ਹੈ ? ਸਾਰੇ ਸੰਗਠਨ ਕੋਈ ਸਿੱਟਾ ਕਿਉਂ ਨਹੀ ਕੱਢ ਪਾ ਰਹੇ ਰਹੇ ਹਨ ? ਇਹ ਸਾਰੇ ਸਵਾਲ ਸਾਨੂੰ ਚੁੱਪ ਰਹਿਣ ਲਈ ਮਜਬੂਰ ਹੀ ਨਹੀਂ ਕਰ ਰਹੇ ਬਲਕਿ ਸਾਨੂੰ ਸ਼ਰਮਿੰਦਾ ਵੀ ਕਰ ਰਹੇ ਹਨ ਕਿਉਂਕਿ ਅਸੀਂ ਸੁਆਰਥੀ ਹੋ ਗਏ ਹਾਂ ਜਾਂ ਅਣਜਾਣ ਹਾਂ ? ਜਿਆਦਾ ਗੱਲਾਂ ਨਾ ਕਰਦੇ ਹੋਏ ਇਹ ਹੀ ਕਹਾਂਗਾ ਅੱਜ ਵੀ ਸਮਾਂ ਹੈ ਸੰਭਲ ਜਾਣਾ ਚਾਹਿਦਾ ਹੈ ਜੋ ਰਹਿਬਰਾਂ ਨੇ ਕਿਹਾ ਬਿਨ੍ਹਾ ਕਿੰਤੂ ਪ੍ਰੰਤੂ ਕੀਤੇ ਉਸ ਮਾਰਗ ਨੂੰ ਮੰਨ ਲੈਣਾ ਚਾਹਿਦਾ ਹੈ।ਸਾਹਿਬ ਕਾਂਸ਼ੀ ਰਾਮ ਜੀ ਨੇ ਸਪੱਸ਼ਟ ਕਿਹਾ ਹੈ ਸਾਡੇ ਰਹਿਬਰਾਂ ਨੇ ਜੋ ਕਿਹਾ ਹੈ ਸਾਨੂ ਉਸ ਤੇ ਕਿੰਤੂ-ਪ੍ਰੰਤੂ ਨਹੀਂ ਕਰਨੀ ਚਾਹਿਦੀ ਬਲਕਿ ਉਸ ਨੂੰ ਉਂਝ ਹੀ ਮੰਨ ਲੈਣਾ ਚਾਹਿਦਾ ਹੈ। ਇਸ ਚੋਂ ਹੀ ਸਾਡੀ ਭਲਾਈ ਹੈ।

3) ਸੰਦੇਸ/ਅੰਤ – ਇਸ ਦੇਸ਼ ਵਿੱਚ ਬਹੁਜਨ ਮਹਾਪੁਰਸ਼ਾਂ ਤੋਂ ਇਲਾਵਾ ਹਜਾਰਾਂ ਸੰਤ, ਪੀਰ –ਪਗੰਬਰ ਹਲੇਰੀ ਵਾਗ ਆਏ ਅਤੇ ਗਏ ਅਤੇ ਆਪਣਾ-2 ਪ੍ਰਚਾਰ ਕਰਕੇ ਚਲੇ ਗਏ ਪਰ ਕਿਸੇ ਨੇ ਵੀ ਬਹੁਜਨ ਸਮਾਜ ਦੀ ਬਾਂਹ ਨਹੀ ਫੜੀ। ਇਸ ਲਈ ਸਾਡਾ ਇਹ ਪਹਿਲਾ ਫਰਜ ਇਹ ਬਣਦਾ ਹੈ ਕਿ ਸਾਨੂੰ ਸਾਡੇ ਵਿਗਿਆਨਕ ਸੋਚ ਦੇ ਹਰ ਰਹਿਬਰ ਦੀ ਗੱਲ ਬਿਨ੍ਹਾਂ ਕਿੰਤੂ ਪ੍ਰੰਤੂ ਕੀਤੇ ਮੰਨ ਲੈਣੀ ਚਾਹੀਦੀ ਹੈ। ਤੁਸੀਂ ਦੇਖਿਆ ਹੋਵੇਗਾ ਭਾਰਤ ਵਿੱਚ ਬਹੁਤ ਸਾਰੇ ਧਰਮਾਂ ਵਿੱਚ ਬੱਚੇ ਦੇ ਜਨਮ ਤੋਂ ਕੁੱਝ 4-5 ਸਾਲਾਂ ਦੇ ਵਿੱਚ ਹੀ ਧਰਮ ਗ੍ਰਹਿਣ ਕਰਨ ਲਈ ਸਬੰਧਤ ਧਾਰਮਿਕ ਸਥਲ ਤੇ ਲਿਜਾਇਆ ਜਾਂਦਾ ਹੈ ਅਤੇ ਉਸ ਧਰਮ ਦੀ ਧਾਰਮਿਕ ਮਰਿਆਦਾ ਅਨੁਸਾਰ ਉਸ ਬੱਚੇ ਨੂੰ ਧਾਰਮਿਕ ਬਣਾਇਆ ਜਾਂਦਾ ਹੈ। ਇਸੇ ਤਰ੍ਹਾ ਸਾਨੂੰ ਆਪਣੀ -2 ਅਜਿਹੀ ਦਲੀਲ ਨਹੀਂ ਦੇਣੀ ਚਾਹੀਦੀ ਕਿ ਬਲਕਿ ਧਾਰਮਿਕ ਪ੍ਰੀਵਰਤਨ ਮਤਲਬ ਬੁੱਧ ਧੰਮ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਪਹਿਲਾਂ ਅਛੂਤਪੁਣੇ ਦੇ ਕਲੰਕ ਨੂੰ ਲਾਹੀਆ ਜਾਵੇ ਤਾਂ ਹੀ ਸਮਾਜ ਵਿੱਚ ਆਰਥਿਕ ਵਿਕਾਸ, ਰਾਜਨੀਤੀ ਵਿਕਾਸ ਜਾਂ ਸਮਾਜਿਕ ਵਿਕਾਸ ਕਰਨਾ ਸੰਭਵ ਹੈ ਕਿਉਂਕਿ ਮਾਨ ਸੰਨਮਾਨ ਤੋਂ ਜਿਆਦਾ ਉੱਪਰ ਹੋਰ ਕੁੱਝ ਵੀ ਨਹੀਂ ਹੈ।

ਆਓ ਅੱਜ ਅਸੀਂ ਵੀ ਧਰਮ ਦੀ ਸਹੀ ਪ੍ਰੀਭਾਸ਼ਾ ਨੂੰ ਸਮਝਦੇ ਹੋਏ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੁਆਰਾ 14 ਅਕਤੁਬਰ, 1956 ਨੂੰ, ਅਸ਼ੋਕ ਵਿਜੈ ਦਸ਼ਮੀ ਦੇ ਦਿਨ (ਐਤਵਾਰ) ਸਮੇਤ 22 ਪ੍ਰਤਿਗਿਆਵਾਂ, ਕਰੀਬ 4 ਲੱਖ ਲੋਕਾਂ ਨਾਲ ਨਾਗਪੁਰ ਦੀ ਧਰਤੀ ਤੇ ਆਰੰਭੀ ਧੰਮ ਕ੍ਰਾਂਤੀ ਨੂੰ ਸਮਰਪਿਤ, ਅਪਣਾਏ ਵਿਗਿਆਨਕ ਮਾਰਗ ਤੇ ਚੱਲ ਕੇ ਬੁੱਧ ਧੰਮ ਦੀ ਸ਼ਰਨ ਵਿੱਚ ਜਾ ਕੇ ਆਪਣਾ ਜੀਵਨ ਸਫਲ ਬਣਾਈਏ ਅਤੇ ਇਸ ਦੇਸ਼ ਵਿੱਚ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਅਧਾਰਿਤ ਪ੍ਰਬੁੱਧ ਭਾਰਤ ਦਾ ਨਿਰਮਾਣ ਕਰੀਏ।

ਇੰਜ: ਵਿਸ਼ਾਲ ਖੈਹਿਰਾ 99889-13417 ਵਾਸਤਵਿਕ ਕਲਮ ਤੋਂ

Previous articleਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲੋੜਵੰਦਾਂ ਨੂੰ ਚੈੱਕ ਵੰਡੇ ਗਏ
Next article“ਰੋਸਾ”