(ਪ੍ਰਿੰਸ ਹੋਟਲ ਅਤੇ ਹੋਰਨਾਂ ਨੂੰ ਕਾਨੂੰਨੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਸਾਰੀਆਂ ਨਜ਼ਾਇਜ ਉਸਾਰੀਆਂ ਨੂੰ ਗਿਰਾ ਦਿੱਤਾ ਜਾਵੇਗਾ : ਕਾਰਜ ਸਾਧਕ ਅਫ਼ਸਰ)
ਮਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਪੰਜਾਬ ਸਰਕਾਰ ਵੱਲੋਂ ਚਾਹੇ ਕਿੰਨੀਆਂ ਵੀ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੋਣ ਪਰ ਸਥਾਨਕ ਨਗਰ ਕੌਂਸਲ ਅੰਦਰ ਪਰਨਾਲਾ ਉੱਥੇ ਦਾ ਉੱਥੇ ਜਾਪਦਾ ਨਜ਼ਰ ਆ ਰਿਹਾ ਹੈ ? ਆਖਿਰ ਮਲੇਰਕੋਟਲਾ ਦੇ ਵਿੱਚ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਅਣਗਿਣਤ ਨਜਾਇਜ਼ ਉਸਾਰੀਆਂ ਕਿਸ ਦੀ ਸ਼ਹਿ ਤੇ ਹੋ ਰਹੀਆਂ ਹਨ,ਇਹ ਮਾਮਲਾ ਜਾਂਚ ਦਾ ਗੰਭੀਰ ਵਿਸ਼ਾ ਬਣ ਚੁੱਕਾ ਹੈ। ਕਈ ਵਾਰ ਤਾਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਵੀ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਖਾਨਾ ਪੂਰਤੀ ਲਈ ਨੋਟਿਸ ਵੀ ਜਰੂਰ ਜਾਰੀ ਕਰ ਦਿੱਤੇ ਜਾਂਦੇ ਹਨ, ਪਰ ਉਸ ਸਬੰਧੀ ਵੀ ਅਸਲ ਕਾਨੂੰਨੀ ਕਾਰਵਾਈ ਨੂੰ ਠੰਡੇ ਬਸਤੇ ਵਿੱਚ ਹੀ ਰੱਖ ਦਿੱਤਾ ਜਾਂਦਾ ਹੈ ਅਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਜਿਸਦੇ ਚਰਚੇ ਸੁਨਣ ਨੂੰ ਮਿਲੇ ਹਨ ਕਿ ਨੋਟਿਸ ਜਾਰੀ ਕਰਕੇ ਕੇ ਉਕਤ ਬਿਲਡਿੰਗ ਮਾਲਕਾਂ ਨੂੰ ਡਰਾ ਧਮਕਾ ਕੇ ਜਾ ਮਿਲੀਭੁਗਤ ਕਰਕੇ ਉਨ੍ਹਾਂ ਕੋਲੋਂ ਸਾਇਦ ਮੋਟੀ ਰਕਮ ਜਰੂਰ ਵਸੂਲ ਕੀਤੀ ਜਾਂਦੀ ਹੈ ?
ਇਸੇ ਤਰ੍ਹਾਂ ਦੀ ਇੱਕ ਮਿਸਾਲ ਪ੍ਰਿੰਸ ਹੋਟਲ ਧੂਰੀ ਰੋਡ ਮਲੇਰਕੋਟਲਾ ਵਿਖੇ ਦੇਖਣ ਨੂੰ ਉਦੋਂ ਮਿਲੀ ਜਦ ਹੋਟਲ ਮਾਲਕਾਂ ਨੇ ਸਰਕਾਰੀ ਜਮੀਨ ਤੇ ਨਜਾਇਜ਼ ਕਬਜ਼ਾ ਕਰਦੇ ਹੋਏ ਹੋਲੀ-2 ਸਾਈਡਾਂ ਵਾਲੀਆਂ ਕੰਧਾਂ ਨੂੰ ਵੀ ਚੱਕਣਾ ਸ਼ੁਰੂ ਕਰ ਦਿੱਤਾ ? ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਮਲੇਰਕੋਟਲਾ ਦੀ ਇੱਕ ਦਲੇਰ ਇੰਸਪੈਕਟਰ ਸ਼ਹਿਨਾਜ਼ ਅਬਦਾਲੀ ਵੱਲੋਂ ਪ੍ਰਿੰਸ ਹੋਟਲ ਦੇ ਮਾਲਕਾ ਵੱਲੋਂ ਕੀਤੀ ਗਈ ਨਜਾਇਜ਼ ਉਸਾਰੀ ਤੇ ਪੀਲਾ ਪੰਜਾ ਚਲਾ ਕੇ ਨਜਾਇਜ਼ ਕਬਜ਼ਾ ਵੀ ਖਤਮ ਕਰ ਦਿੱਤਾ ਗਿਆ ਸੀ। ਪਰ ਉਸ ਤੋਂ ਬਾਅਦ ਪਤਾ ਨਹੀਂ ਹੋਟਲ ਮਾਲਕਾਂ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਕਿਹੜੀ ਸੰਜੀਵਨੀ ਬੂਟੀ ਸੁੰਘਾਈ ਜਿਸ ਦੇ ਨਸ਼ੇ ਵਿੱਚ ਉਹ ਮਦਹੋਸ਼ ਹੋ ਕੇ ਨਜਾਇਜ਼ ਕਬਜ਼ੇ ਨੂੰ ਦੇਖਣ ਦੀ ਖੇਚਲ ਹੀ ਨਹੀਂ ਕਰ ਰਹੇ ?
ਪਰ ਦੱਸਣਾ ਬਣਦਾ ਹੈ ਕਿ ਮੀਡੀਆ ਵੱਲੋਂ ਹੱਕ ਸੱਚ ਨੂੰ ਪ੍ਰਕਾਸ਼ਿਤ ਕਰਨਾ ਅਤੇ ਸੰਵਿਧਾਨ ਦੇ ਚੌਥੇ ਸਤੰਭ ਨੂੰ ਮਜਬੂਤ ਰੱਖਣ ਦੀ ਡਿਊਟੀ ਨਿਭਾਉਂਦੇ ਹੋਏ ਮੀਡੀਆ ਵੱਲੋਂ ਚਰਚਾਵਾਂ ਦਾ ਬਾਜ਼ਾਰ ਗਰਮ ਸੁਣ ਕੇ ਆਪਣੇ ਤੌਰ ਤੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਅਤੇ ਚਰਚਾਵਾਂ ਨੂੰ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਪ੍ਰਕਾਸ਼ਿਤ ਵੀ ਕੀਤਾ ਜਾਂਦਾ ਹੈ। ਅਗਰ ਚਰਚਾਵਾਂ ਸੱਚ ਸਾਬਿਤ ਹੋ ਜਾਂਦੀਆਂ ਹਨ, ਤਾਂ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਣ ਤੋਂ ਬਚਾਇਆ ਜਾਂਦਾ ਹੈ, ਜੇਕਰ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ ਹੋਵੇ ਤਾਂ ? ਪਰ ਅਗਰ ਜਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਨਹੀਂ ਆਉਂਦਾ ਤਾਂ ਮਜਬੂਰਨ ਅਦਾਰਾ ਮੀਡੀਆ ਵੱਲੋਂ ਮਾਨਯੋਗ ਉੱਚ ਅਦਾਲਤ ਦੇ ਵਿੱਚ ਇਹਨਾਂ ਹੋ ਰਹੀਆਂ ਨਜਾਇਜ਼ ਉਸਾਰੀਆਂ ਸਬੰਧੀ ਅਤੇ ਚੱਲ ਰਹੀਆਂ ਧਾਂਦਲੀਆਂ ਸਬੰਧੀ ਪੀ.ਆਈ.ਐਲ ਫਾਈਲ ਜਰੂਰ ਕੀਤੀ ਜਾ ਸਕਦੀ ਹੈ। ਕੀ ਨਗਰ ਕੌਂਸਲ ਦੇ ਅਧਿਕਾਰੀ ਇਹ ਦੱਸਣ ਦੀ ਖੇਚਲ ਕਰ ਸਕਦੇ ਹਨ, ਕਿ ਪ੍ਰਿੰਸ ਹੋਟਲ ਧੂਰੀ ਰੋਡ ਮਲੇਰਕੋਟਲਾ ਦਾ ਨਕਸ਼ਾ ਕਿੰਨੀ ਹਦੂਦ ਦਾ ਪਾਸ ਕੀਤਾ ਗਿਆ ਹੈ ਅਤੇ ਹੋਟਲ ਮਾਲਕਾ ਵੱਲੋਂ ਕਿੰਨੀ ਹਦੂਦ ਨੂੰ ਕਵਰ ਕਰ ਲਿਆ ਗਿਆ ਹੈ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ?
ਦੂਸਰਾ ਮਾਮਲਾ ਅਦਾਰਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਨਜ਼ਰ ਵਿੱਚ ਇਹ ਲਿਆਉਣਾ ਚਾਹੁੰਦਾ ਹੈ ਕਿ ਸਰਹੰਦੀ ਗੇਟ ਮਲੇਰਕੋਟਲਾ ਤੋਂ ਜਰਗ ਚੌਂਕ ਮਲੇਰਕੋਟਲਾ ਤੱਕ ਚੈੱਕ ਕੀਤਾ ਜਾਵੇ ਕਿ ਕਿੰਨੀਆਂ ਨਜਾਇਜ਼ ਉਸਾਰੀਆਂ ਬਿਨਾਂ ਨਕਸ਼ਾ, ਬਿਨਾਂ ਫਾਈਲ ਤੋਂ ਹੋ ਚੁੱਕੀਆਂ ਹਨ ਅਤੇ ਹੋ ਰਹੀਆਂ ਹਨ ? ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹੋਈਆਂ ਨਜਾਇਜ਼ ਉਸਾਰੀਆਂ ਜਾਂ ਜਿਹੜੀਆਂ ਹੋ ਰਹੀਆਂ ਹਨ ਉਹਨਾਂ ਦੇ ਪਿੱਛੇ ਕਿਸੇ ਸਿਆਸੀ ਰਸੂਖ ਰੱਖਣ ਵਾਲੇ ਵਿਅਕਤੀ ਦਾ ਹੱਥ ਵੀ ਹੋ ਸਕਦਾ ਹੈ ਅਤੇ ਭ੍ਰਿਸ਼ਟਾਚਾਰ ਵੀ ਇਸਦਾ ਕਾਰਨ ਹੋ ਸਕਦਾ ਹੈ, ਇਸ ਸਬੰਧੀ ਆਮ ਚਰਚਾ ਸੁਣਨ ਨੂੰ ਮਿਲ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਵੀ ਮੀਡੀਆ ਵੱਲੋਂ ਪ੍ਰਾਪਤ ਕੀਤੀ ਗਈ ਹੈ ਕਿ ਉਕਤ ਕੁਝ ਬਿਲਡਿੰਗਾਂ ਦਾ ਪ੍ਰਾਪਟੀ ਟੈਕਸ ਵੀ ਕਈ ਸਾਲਾਂ ਤੋਂ ਨਹੀਂ ਭਰਿਆ ਗਿਆ ਅਤੇ ਉਕਤ ਬਿਲਡਿੰਗਾਂ ਦੇ ਨੀਚੇ ਵਾਲੇ ਹਿੱਸੇ ਦਾ ਵੀ ਕਦੇ ਕੋਈ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ ? ਅਗਲਾ ਮਾਮਲਾ ਕਿਲਾ ਰਹਿਮਤਗੜ੍ਹ ਵਿਖੇ ਜਿਲ੍ਹਾ ਪ੍ਰਸ਼ਾਸਨ ਚੈੱਕ ਕਰਨ ਦੀ ਖੇਚਲ ਕਰੇ ਕਿ ਕਿੰਨੀਆਂ ਨਜਾਇਜ਼ ਉਸਾਰੀਆਂ ਹੋ ਚੁੱਕੀਆਂ ਹਨ ਅਤੇ ਕਿੰਨੀਆਂ ਹੋ ਰਹੀਆਂ ਹਨ ? ਨਗਰ ਕੌਂਸਲ ਅਧਿਕਾਰੀ ਅਤੇ ਜਿਲ੍ਹਾ ਪ੍ਰਸ਼ਾਸਨ ਕਿਰਪਾ ਕਰਕੇ ਹੋ ਰਹੇ ਚਰਚਿਆਂ ਦੀ ਜਾਂਚ ਕਰੇ ਕਿ ਡਿਫੈਂਸ ਟੇਲਰ ਕਿਲਾ ਰਹਿਮਤਗੜ੍ਹ ਨੇੜੇ ਕਿਹੜੀ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ ਕੀ ਉਸ ਬਿਲਡਿੰਗ ਦੇ ਮਾਲਕਾਂ ਨੇ ਕੋਈ ਨਕਸ਼ਾ ਪਾਸ ਕਰਵਾਇਆ ਜਾਂ ਕੋਈ ਫਾਈਲ ਭਰੀ? ਜਾਂ ਫਿਰ ਉਕਤ ਉਸਾਰੀ ਭਰਿਸ਼ਟਾਚਾਰ ਵਿੱਚ ਲਿਪਤ ਹੋ ਕੇ ਅੰਜਾਮ ਦਿੱਤੀ ਜਾ ਰਹੀ ਹੈ ? ਇਹ ਵੀ ਚੈੱਕ ਕੀਤਾ ਜਾਵੇ ਕਿ ਹਜਰਤ ਹਲੀਮਾ ਹਸਪਤਾਲ ਤੋਂ ਲੈ ਕੇ ਕਿਲਾ ਰਹਿਮਤਗੜ੍ਹ ਦੇ ਡਰੇਨ ਦੇ ਪੁਲ ਤੱਕ ਰੋਡ ਤੇ ਹੀ ਕਿੰਨੀਆਂ ਬਿਲਡਿੰਗਾਂ ਤੇ ਕਿੰਨੀਆਂ ਦੁਕਾਨਾਂ ਦੀਆਂ ਉਸਾਰੀਆਂ ਹੋਈਆਂ ਹਨ, ਉਹਨਾਂ ਦੇ ਨਕਸ਼ੇ ਚੈੱਕ ਕੀਤੇ ਜਾਣ ਅਤੇ ਚੈੱਕ ਕੀਤਾ ਜਾਵੇ ਕਿ ਸਰਕਾਰੀ ਖਜ਼ਾਨੇ ਨੂੰ ਕਿੰਨਾ ਚੂਨਾ ਨਗਰ ਕੌਂਸਲ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਲਗਾਇਆ ਜਾ ਚੁੱਕਾ ? ਇਹ ਵੀ ਚੈੱਕ ਕੀਤਾ ਜਾਵੇ ਕਿ ਪੀ.ਡਬਲਯੂ.ਡੀ ਦੀਆਂ ਹਦਾਇਤਾਂ ਮੁਤਾਬਕ ਕੀ ਹੋ ਰਹੀਆਂ ਉਕਤ ਉਸਾਰੀਆਂ ਜਾਂ ਹੋ ਚੁੱਕੀਆਂ ਕਿੰਨੀ ਜਗ੍ਹਾ ਰੋਡ ਤੋਂ ਪਾਸੇ ਛੱਡੀ ਗਈ ਹੈ ?
ਲਿਹਾਜਾ ਮਾਲੇਰਕੋਟਲਾ ਵਾਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ, ਹਰਦੀਪ ਸਿੰਘ ਮੁੰਡੀਆਂ ਕੈਬਨਟ ਮੰਤਰੀ ਪੰਜਾਬ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅਪੀਲ ਹੈ ਕਿ ਇਹਨਾਂ ਹੋ ਰਹੇ ਚਰਚਿਆਂ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਨਜ਼ਾਇਜ਼ ਕਬਜ਼ਾਧਾਰੀਆਂ ਅਤੇ ਅਧਿਕਾਰੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ,ਤਾਂ ਹੀ ਮਾਨ ਸਰਕਾਰ ਦਾ ਭਰਿਸ਼ਟਾਚਾਰ ਮੁਕਤ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇਗਾ।
ਡੱਬੀ
(ਕੀ ਕਹਿਣਾ ਪ੍ਰਿੰਸ ਹੋਟਲ ਮਾਲਕ ਦਾ : ਜਦ ਪੱਤਰਕਾਰਾਂ ਨੇ ਹੋਟਲ ਮਾਲਕ ਨੂੰ ਉਹਨਾਂ ਦੇ ਮੋਬਾਈਲ ਨੰਬਰ 93643-49921 ਤੇ ਕਾਲ ਕਰਕੇ ਇਹ ਪੁੱਛਿਆ ਗਿਆ ਕਿ ਤੁਹਾਡੇ ਹੋਟਲ ਦੀ ਕੁਝ ਹਦੂਦ ਦੇ ਵਿੱਚ ਨਜਾਇਜ਼ ਉਸਾਰੀ ਨੂੰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਪਹਿਲਾਂ ਢਹਿ-ਢੇਰੀ ਕਰ ਦਿੱਤਾ ਗਿਆ ਸੀ,ਫਿਰ ਉਸ ਤੋਂ ਬਾਅਦ ਆਪ ਨੇ ਕਿਸ ਦੀ ਇਜਾਜ਼ਤ ਨਾਲ ਪੱਕੇ ਖੰਭੇ ਗੱਡ ਕੇ ਉੱਪਰ ਸ਼ੈਡ ਪਾ ਕੇ ਸਾਈਡਾਂ ਦੀਆਂ ਕੰਧਾਂ ਨੂੰ ਵੀ ਹੋਲੀ-ਹੌਲੀ ਉਪਰ ਚੱਕਣਾ ਕਿਉਂ ਸ਼ੁਰੂ ਕਰ ਦਿੱਤਾ ਹੈ ? ਤਾਂ ਹੋਟਲ ਦੇ ਮਾਲਕ ਪ੍ਰਿੰਸ ਵੱਲੋਂ ਇਹ ਕਹਿ ਕੇ ਗੱਲ ਨੂੰ ਗੋਲ-ਮੋਲ ਕਰ ਦਿੱਤਾ ਗਿਆ ਕਿ ਕੋਈ ਗੱਲ ਨਹੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ।)
ਡੱਬੀ
(ਕੀ ਕਹਿਣਾ ਨਗਰ ਕੌਸ਼ਲ ਦੇ ਕਾਰਜ ਸਾਧਕ ਅਫਸਰ ਦਾ : ਇਸ ਸਬੰਧੀ ਜਦ ਨਗਰ ਕੌਂਸਲ ਮਲੇਰਕੋਟਲਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਵਧਵਾ ਨਾਲ ਫੋਨ ਉਪਰ ਉਨ੍ਹਾਂ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਿੰਸ ਹੋਟਲ ਵਾਲਿਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਵੱਲੋਂ ਕੀਤੀ ਗਈ ਨਜ਼ਾਇਜ ਉਸਾਰੀ ਨੂੰ ਗਿਰਾ ਦਿੱਤਾ ਜਾਵੇਗਾ। ਹੁਣ ਦੇਖਦੇ ਹਾਂ ਨਗਰ ਕੌਂਸਲ ਅਧਿਕਾਰੀ ਆਪਣੀ ਕਹਿਣੀ ਤੇ ਕਥਨੀ ਨੂੰ ਕਦੋ ਸੱਚ ਸਾਬਤ ਕਰਕੇ ਲੋਕਾਂ ਦਾ ਵਿਸ਼ਵਾਸ ਜਿੱਤਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



