ਪੰਜਾਬੀ ਗੀਤਕਾਰੀ ਦਾ ਮਾਣ —- ਮੂਲ ਚੰਦ ਸ਼ਰਮਾ

  (ਸਮਾਜ ਵੀਕਲੀ)- ਪੰਜਾਬੀ ਗੀਤਕਾਰੀ ਵਿੱਚ ਅਜਿਹੇ ਗੀਤਕਾਰ ਬਹੁਤ ਘੱਟ ਹਨ ਜਿਹੜੇ ਤਵਿਆਂ ਦੇ ਯੁੱਗ ਤੋਂ ਸ਼ੁਰੂ ਹੋ ਕੇ , ਕੈਸਿਟਾਂ , ਸੀਡੀਜ਼ , ਪੈਨ ਡਰਾਈਵ ਅਤੇ ਯੂ ਟਿਊਬ ਚੈਨਲਾਂ ਰਾਹੀਂ ਹੁੰਦਾ ਹੋਇਆ ਅਜੋਕੇ ਸੋਸ਼ਲ ਮੀਡੀਆ ਟਰੈਂਡ ਤੱਕ ਬਾਖ਼ੂਬੀ ਆਪਣੀ ਮਸਤਾਨੀ ਤੋਰ ਕਾਮਯਾਬੀ ਨਾਲ਼ ਤੁਰ ਰਹੇ ਹਨ ਉਨ੍ਹਾਂ ਸਥਾਪਤ ਅਤੇ ਖ਼ੁਸ਼ ਕਿਸਮਤ ਗੀਤਕਾਰਾਂ ਵਿੱਚੋਂ ਇੱਕ ਨਾਂ ਹੈ ਮੂਲ ਚੰਦ ਸ਼ਰਮਾ ਪਿੰਡ ਰੰਚਣਾਂ
                                                               
        ਉਸ ਦਾ 1978 ਵਿੱਚ ਗੁਰਦਿਆਲ ਨਿਰਮਾਣ ਧੂਰੀ ਅਤੇ ਹਰਵਿੰਦਰ ਬੀਬਾ ਦੁਆਰਾ ਗਾਇਆ ਤਵਿਆਂ ਵਿੱਚ ਰਿਕਾਰਡ ਹੋਇਆ ਗੀਤ ” ਪਾਣੀ ਦਾ ਜੱਗ ਫੜਾ ਦੇ , ਕੌਲੀ ਵਿੱਚ ਸਬਜ਼ੀ ਪਾ ਦੇ ” ਜਿੱਥੇ ਅੱਜ ਵੀ ਬਾਦਸਤੂਰ ਸੁਣਿਆਂ ਸਲਾਹਿਆ ਜਾ ਰਿਹਾ ਹੈ ਓਥੇ ਹੀ 10 ਮਾਰਚ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ” ਪੁੱਤਰਾਂ ਨੂੰ ਦੁੱਧ ਪਿਲਾ ਕੇ ” ਵੀ ਧੜਾ ਧੜ ਲਾਈਕ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ” ਕੀ ਕਿਹਾ ਸੀ ਬਾਬੇ ਨਾਨਕ ਨੇ , ਯਾਰੋ ਮੈਂ ਇੱਕ ਜਗਦਾ ਦੀਵਾ ਹਾਂ ਅਤੇ ਪਹਿਲਾਂ ਟੋਭੇ ਸੁੱਕੇ ਫਿਰ ਖੂਹ ਸੁੱਕ ਗਏ , ਹੌਲ਼ੀ ਹੌਲ਼ੀ ਦਰਖ਼ਤ ਵੀ ਸੁੱਕ ਜਾਣਗੇ ” ਗੀਤ ਵੀ ਕਾਫ਼ੀ ਚਰਚਾ ਦਾ ਵਿਸ਼ਾ ਰਹੇ ਹਨ ।
          ਮੂਲ ਚੰਦ ਸ਼ਰਮਾ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਧੂਰੀ ਤਹਿਸੀਲ ਦੇ ਇੱਕ ਛੋਟੇ ਜਿਹੇ ਪਿੰਡ ਰੰਚਣਾਂ ( ਜਿਸ ਦਾ ਸਰਕਾਰੀ ਰਿਕਾਰਡ ਵਿੱਚ ਨਾਉਂ ਰਾਜਿੰਦਰਾ ਪੁਰੀ ਹੈ ) ਵਿਖੇ ਹੋਇਆ ਸੀ । ਮਾਤਾ ਪਿਤਾ ਅਨਪੜ੍ਹ ਅਤੇ ਖੇਤੀਬਾੜੀ ਦੇ ਕਿੱਤੇ ਨਾਲ਼ ਜੁੜੇ ਹੋਣ ਦੇ ਬਾਵਜੂਦ ਉਹ ਡਰਾਇੰਗ ਦੇ ਵਿਸ਼ੇ ਦਾ ਸਰਕਾਰੀ ਸਕੂਲ ਅਧਿਆਪਕ ਬਣਿਆਂ ਅਤੇ ਲਗਭਗ ਸਾਢੇ ਉਨਤਾਲੀ ਸਾਲ ਅਧਿਆਪਨ ਦਾ ਕਾਰਜ ਕਰਨ ਤੋਂ ਬਾਅਦ ਸੇਵਾ ਮੁਕਤ ਹੋ ਚੁੱਕਾ ਹੈ ।
        ਉਸ ਦੀ ਗੀਤਕਾਰੀ ਦੀ ਸ਼ੁਰੂਆਤ ਭਾਵੇਂ ਨੌਵੀਂ ਜਮਾਤ ਵਿੱਚ ਪੜ੍ਹਦਿਆਂ ਹੀ ਹੋ ਗਈ ਸੀ , ਉਸ ਦੇ ਪ੍ਰੇਰਨਾ ਸਰੋਤ ਭਾਵੇਂ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲ਼ੇ ਸਨ ਲੇਕਿਨ 1973 ਵਿੱਚ ਉਹ ਉਸਤਾਦ ਗੀਤਕਾਰ ਹਰਨੇਕ ਸੋਹੀ ਬਨਭੌਰੀ ਰਾਹੀਂ ਪੰਜਾਬੀ ਸਾਹਿਤ ਸਭਾ ਧੂਰੀ ਨਾਲ਼ ਜੁੜਿਆ ਜਿੱਥੇ ਸੋਹੀ ਤੋਂ ਇਲਾਵਾ ਮਹਿੰਦਰ ਸਿੰਘ ਮਾਨਵ , ਰਾਮ ਲਾਲ ਪ੍ਰੇਮੀ ਅਤੇ ਹੋਰ ਸੀਨੀਅਰ ਮੈਂਬਰਾਂ ਤੋਂ ਇਕੱਲੀ ਗੀਤਕਾਰੀ ਹੀ ਨਹੀਂ ਸਗੋਂ ਸਾਹਿਤ ਦੀਆਂ ਸਾਰੀਆਂ ਹੀ ਵਿਧਾਵਾਂ ਦੀਆਂ ਬਾਰੀਕੀਆਂ ਸਿੱਖਣ ਅਤੇ ਸਮਝਣ ਦਾ ਭਰਪੂਰ ਮੌਕਾ ਮਿਲਿਆ ਜਦੋਂ ਕਿ ਅਜੇ ਤੱਕ ਵੀ ਜਾਰੀ ਹੈ । ਇਸ ਦੀ ਬਦੌਲਤ ਉਸ ਨੇ ਗੀਤਾਂ ਤੋਂ ਇਲਾਵਾ ਕਵਿਤਾਵਾਂ , ਕਹਾਣੀਆਂ , ਗ਼ਜ਼ਲਾਂ ਅਤੇ ਕਾਵਿ ਟੁਕੜੀਆਂ ਲਿਖਣ ਵਿੱਚ ਵੀ ਹੱਥ ਅਜ਼ਮਾਈ ਕੀਤੀ , ਉਸ ਦੀਆਂ ਰਚਨਾਵਾਂ ਦੇ ਵਿਸ਼ੇ ਵੀ ਬਦਲਦੇ ਗਏ ਅਤੇ ਲੇਖਣੀ ਵਿੱਚ ਵੀ ਪਕਿਆਈ ਆਉਂਦੀ ਗਈ । ਉਸ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਬਖ਼ਸ਼ਣ ਵਾਲ਼ੇ ਗਾਇਕ ਗਾਇਕਾਵਾਂ ਵਿੱਚ ਗੁਰਦਿਆਲ ਨਿਰਮਾਣ , ਲਵਲੀ ਨਿਰਮਾਣ , ਅਨੀਤਾ ਸਮਾਣਾ , ਜੱਸੀ ਲੌਂਗੋਵਾਲੀਆ , ਹਰਵਿੰਦਰ ਬੀਬਾ , ਜਸਵੰਤ ਕੌਰ ਗਿੱਲ , ਬਲਜੀਤ ਬੱਲੀ , ਤਰਸੇਮ ਸੇਮੀ , ਮਨਿੰਦਰ ਪ੍ਰੀਤ ਧੂਰੀ , ਸੁਖਵੀਰ ਸੁੱਖੀ , ਗੁਰਮੀਤ ਪ੍ਰੇਮੀ , ਹੈਰੀ ਬਾਠ , ਜੱਸ ਕੌਰ , ਬਲਵਿੰਦਰ ਬੱਬੀ , ਕੌਰ ਪੂਜਾ ਅਤੇ ਵੰਦਨਾ ਸਿੰਘ ਦੇ ਨਾਂ ਵਿਸ਼ੇਸ਼ ਵਰਨਣ ਯੋਗ ਹਨ ।
         ਹੁਣ ਤੱਕ ਉਸ ਦੇ ਪੂਰੇ ਤਰਤਾਲੀ਼ ਗੀਤ ਚਰਨਜੀਤ ਆਹੂਜਾ , ਕੇਸਰ ਸਿੰਘ ਨਰੂਲਾ, ਵਰਿੰਦਰ ਬਚਨ , ਸੁਰਿੰਦਰ ਬਚਨ ਅਤੇ ਕੇ . ਪੰਨਾਂ ਲਾਲ ਜਿਹੇ ਉਸਤਾਦ ਸੰਗੀਤਕਾਰਾਂ ਦੁਆਰਾ ਤਿਆਰ ਕੀਤੇ ਸੰਗੀਤ ਵਿੱਚ ਰਿਕਾਰਡ ਹੋ ਕੇ ਤਵਿਆਂ , ਕੈਸਿਟਾਂ , ਸੀਡੀਜ਼ ਅਤੇ ਯੂ ਟਿਊਬ ਚੈਨਲਾਂ ਰਾਹੀਂ ਪੰਜਾਬੀ ਸੰਗੀਤ ਜਗਤ ਦੀ ਝੋਲੀ਼  ਪਏ ਅਤੇ ਸਰੋਤਿਆਂ ਵੱਲੋਂ ਪ੍ਰਵਾਨ ਵੀ ਕੀਤੇ ਗਏ । ਇਸ ਤੋਂ ਇਲਾਵਾ ਆਪਣੀ ਇਸ ਕਲਾ ਦੀ ਬਦੌਲਤ ਉਹ ਦੂਰਦਰਸ਼ਨ ਜਲੰਧਰ , ਅਕਾਸ਼ਬਾਣੀ ਜਲੰਧਰ ਅਤੇ ਪਟਿਆਲਾ ਦੇ ਨਾਲ਼ ਨਾਲ਼ ਵੱਖੋ ਵੱਖ ਪ੍ਰਾਈਵੇਟ ਚੈਨਲਾਂ ਦੇ ਪ੍ਰੋਗਰਾਮਾਂ ਵਿੱਚ ਵੀ ਦਰਜਨਾਂ ਵਾਰੀ ਭਾਗ ਲੈ ਚੁੱਕਾ ਹੈ । ਦਿੱਲੀ ਸੰਯੁਕਤ ਕਿਸਾਨ ਮੋਰਚਾ ਲੱਗਿਆ ਸੀ, ਬਾਪੂ ਮੂਲ ਚੰਦ ਜੀ ਨੇ ਯੋਧਿਆਂ ਦਾ ਹੌਸਲਾ ਵਧਾਉਣ ਲਈ ਕੋਈ ਡੇਢ ਸੌ ਬੋਲੀਆਂ ਲਿਖੀਆਂ ਸਨ ਜੋ ਕਿ ਦਿੱਲੀ ਧਰਨੇ ਵਿੱਚ ਢੋਲ ਢਮੱਕੇ ਨਾਲ ਹਰ ਰੋਜ਼ ਪੇਸ਼ ਕੀਤੀਆਂ ਜਾਂਦੀਆਂ ਸਨ ਜਿਸ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਮੁਖੀਆਂ ਨੇ ਬਹੁਤ ਪਸੰਦ ਕੀਤਾ ਬੋਲੀਆਂ ਪੇਸ਼ ਕਰਨ ਵਾਲੇ ਗਾਇਕ ਰੋਮੀ ਘੜਾਮੇ ਵਾਲੇ ਨੂੰ ਸਨਮਾਨਿਤ ਵੀ ਕੀਤਾ ਸੀ।
       ਅਖ਼ਬਾਰਾਂ ਰਸਾਲਿਆਂ ਅਤੇ 12  ਸਾਂਝੀਆਂ ਸੰਪਾਦਿਤ ਪੁਸਤਕਾਂ ਵਿੱਚ ਛਪਣ ਤੋਂ ਬਾਅਦ 2014 ਵਿੱਚ ਉਸ ਦਾ ਪਲੇਠਾ ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਸੀ ਜਿਸ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ( ਲੁਧਿਆਣਾ ) ਨੇ 2014 ਵਿੱਚ ਛਪੀਆਂ ਕਾਵਿ ਪੁਸਤਕਾਂ ਦੇ ਕਰਵਾਏ ਮੁਕਾਬਲੇ ਵਿੱਚ ਸਰਵੋਤਮ ਕਿਤਾਬ ਦਾ ਦਰਜਾ ਦਿੰਦਿਆਂ 15 ਮਾਰਚ 2015 ਨੂੰ ਉਸ ਦਾ ” ਜਸਵੰਤ ਸਿੰਘ ਧਮੋਟ ਯਾਦਗਾਰੀ ਐਵਾਰਡ ਦੇ ਕੇ ਸਨਮਾਨ ਵੀ ਕੀਤਾ ਸੀ ।
          ਅੱਜ ਕੱਲ੍ਹ ਉਹ ਸੱਭਿਆਚਾਰਕ ਅਤੇ ਜੁਝਾਰੂ ਗੀਤਾਂ ਤੋਂ ਇਲਾਵਾ ਚਾਰ ਚਾਰ , ਅੱਠ ਅੱਠ ਸਤਰਾਂ ਦੀਆਂ ਕਾਵਿ ਟੁਕੜੀਆਂ ਰਾਹੀਂ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਪੂਰੀ ਤਰ੍ਹਾਂ ਛਾਇਆ ਹੋਇਆ ਹੈ ਭਾਵੇਂ ਕਿ ਹਰ ਵਿਸ਼ੇ ਬਾਰੇ ਨਿੱਠ ਕੇ ਲਿਖ ਰਿਹਾ ਹੈ ਪਰੰਤੂ ਜ਼ਿਆਦਾ ਚਰਚਿਤ ਉਹ ਸਮਾਜਿਕ ਅਤੇ ਰਾਜਨੀਤਕ ਰਚਨਾਵਾਂ ਕਾਰਨ ਹੈ ।
          ਉਸ ਦੇ ਰਚਨਾ ਸੰਸਾਰ ਦੀ ਕਦਰ ਕਰਦਿਆਂ ਭਾਵੇਂ ਉਸਨੂੰ ਸਾਹਿਤ ਅਤੇ ਸੱਭਿਆਚਾਰ ਨਾਲ਼ ਜੁੜੀਆਂ ਦਰਜਨਾਂ ਹੀ ਸਭਾ ਸੋਸਾਇਟੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ ਲੇਕਿਨ ਉਹ ਸਭ ਤੋਂ ਵੱਡਾ ਸਨਮਾਨ ਪਾਠਕਾਂ ਸਰੋਤਿਆਂ ਵੱਲੋਂ ਮਿਲੇ ਪਿਆਰ ਸਤਿਕਾਰ ਅਤੇ ਆਪਣੇ ਪਿੰਡ ਰੰਚਣਾਂ ਦੇ ਲੋਕਾਂ ਵੱਲੋਂ ਜਨਮਦਿਨ ਮਨਾ ਕੇ ਬਖ਼ਸ਼ੇ ” ਪਿੰਡ ਦਾ ਮਾਣ ਐਵਾਰਡ ” ਨੂੰ ਮੰਨਦਾ ਹੈ , ਇਸ ਤੋਂ ਇਲਾਵਾ ਉਸ ਦੇ ਸਾਥੀ ਲੇਖਕਾਂ ਦੀ ਬਦੌਲਤ ਉਹ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਮੀਤ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਅ ਰਿਹਾ ਹੈ । ਸ਼ਾਲਾ ਉਸ ਦੀ ਇਸ ਗੀਤਕਾਰੀ ਦੀ ਉਮਰ ਲੋਕਗੀਤਾਂ ਤੋਂ ਵੀ ਲੰਮੀ ਹੋਵੇ । ਅੰਤ ਵਿੱਚ ਉਸ ਦੇ ਇੱਕ ਹੋਰ ਗੀਤ ਦਾ ਮੁਖੜਾ ਵੇਖਣ ਯੋਗ ਹੈ ।
      ਸਾਨੂੰ ਤਪਸ਼ ਮਿਲੀ ਏ ਸੂਰਜ ਤੋਂ ,
      ਅਸੀਂ ਚੰਦਰਮਾ ਤੋਂ ਠੰਢ ਲਈ  ।
      ਅਸੀਂ ਪਵਣ ਗੁਰੂ ਤੋਂ ਤੇਜ਼ੀ ਲੈ  ,
      ਪਾਣੀ ਤੋਂ ਰਵਾਨੀ ਮੰਗ ਲਈ  ।
      ਤਾਈਓਂ ਦੁੱਖਾਂ ਵਿੱਚ ਵੀ ਰਖਦੇ ਹਾਂ,
      ਅਸੀਂ ਬੁੱਲ੍ਹਾਂ ‘ਤੇ ਮੁਸਕਾਨ ਕੁੜੇ  ।
      ਦੱਸ ਮੰਗਵੇਂ ਖੰਭਾਂ ਤੋਂ ਕੀ ਲੈਣਾ  ,
      ਸਾਡੀ ਹੌਂਸਲੇ ਨਾਲ਼ ਉਡਾਨ ਕੁੜੇ ।
       ਰਮੇਸ਼ਵਰ ਸਿੰਘ ਪਟਿਆਲਾ ‌‌ 
       ਸੰਪਰਕ-9914880392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦਨ ਸਿੰਘ ਲੋਹੀਆਂ ਯਾਦਗਾਰੀ ਪੁਰਸਕਾਰ ਕਰਮ ਸਿੰਘ ਜ਼ਖ਼ਮੀ ਨੂੰ
Next articleਸੋਹਣੇ ਰੰਗ ਹੋਲੀ ਦੇ