(ਸਮਾਜ ਵੀਕਲੀ)-ਸੱਜਣ ਸਿਉਂ ਦੀ ਪੋਤੀ ਸਰਗੁਣ ਸਾਰੇ ਘਰ ਦੀ ਰੌਣਕ ਅਤੇ ਦਾਦਾ ਦਾਦੀ ਦੀ ਜਾਨ ਸੀ, ਇਕਲੌਤੀ ਹੋਣ ਕਾਰਨ ਸਾਰੇ ਹੀ ਉਸਨੂੰ ਬਹੁਤ ਲਾਡ ਪਿਆਰ ਕਰਦੇ ਅਤੇ ਸਰਗੁਣ ਵੀ ਸਾਰਿਆਂ ਦੀ ਜੀ ਹਜੂਰੀ ਕਰਦੀ ਰਹਿੰਦੀ, ਉਸਦੀ ਮਾਤਾ ਨੇ ਵੀ ਉਸਨੂੰ ਨਿੱਕੇ ਹੁੰਦਿਆਂ ਤੋਂ ਇਹੋ ਸਿਖਾਇਆ ਸੀ ਕੇ ਪੁੱਤ ਘਰ ਦੇ ਬੁਜੁਰਗਾਂ ਵਿੱਚ ਰੱਬ ਵੱਸਦਾ ਹੈ ਅਤੇ ਉਹਨਾਂ ਦੀ ਟਹਿਲ ਸੇਵਾ ਤੋਂ ਕਦੇ ਅੱਕਣਾਂ ਥੱਕਣਾਂ ਨਹੀ ਚਾਹੀਦਾ, ਕਦੇ ਕਦੇ ਸਰਗੁਣ ਮਜ਼ਾਕੀਆ ਲਹਿਜੇ ਵਿੱਚ ਆਪਣੇ ਪਿਤਾ ਨੂੰ ਆਖਦੀ “ਪਾਪਾ ਜੀ ਏਨੀਂ ਗਿਆਨਵਾਨ ਮੰਮੀ ਤੁਸੀੰ ਕਿੱਥੋਂ ਲੱਭ ਕੇ ਲਿਆਂਦੀ ਹੈ!! ਸਾਰੇ ਉਸਦੀ ਇਹ ਗੱਲ ਸੁਣਕੇ ਹੱਸ ਪੈਂਦੇ, ਸਰਗੁਣ ਦਾ ਜਨਮਦਿਨ ਆਉਣ ਵਾਲਾ ਸੀ “ਓਹ ਰੋਜ ਹੀ ਸਾਰਿਆਂ ਨੂੰ ਪੁੱਛਦੀ ਰਹਿੰਦੀ ਕੇ ਦਾਦਾ ਜੀ ਮੇਰੇ ਉਪਹਾਰ ਬਾਰੇ ਕੀ ਸੋਚਿਆ, ਅਤੇ ਦਾਦਾ ਜੀ ਹੱਸਕੇ ਕਹਿੰਦੇ ਮੇਰੀ ਲਾਡੋ ਜਨਮਦਿਨ ਤਾਂ ਅਾ ਲੈਣਦੇ ਕੋਈ ਨਾ ਉਪਹਾਰ ਜਰੂਰ ਦੇਵਾਂਗੇ, ਉਸ ਦਿਨ ਦੀ ਉਡੀਕ ਮੁੱਕ ਗਈ ਸੀ ਅੱਜ ਉਸਦਾ ਜਨਮਦਿਨ ਸੀ ਉਸਦੇ ਦਾਦਾ ਦਾਦੀ ਨੇ ਉਸਨੂੰ ਬਹੁਤ ਸੋਹਣੀ ਸਾਈਕਲ ਉਪਹਾਰ ਵਿੱਚ ਦਿੱਤੀ ਅਤੇ ਉਸਦੇ ਪਿਤਾ ਜੀ ਨੇ ਉਸਨੂੰ ਸੋਹਣਾਂ ਜਿਹਾ ਇੱਕ ਸੂਟ ਲਿਆ ਕੇ ਦਿੱਤਾ, ਜਨਮਦਿਨ ਦੀ ਪਾਰਟੀ ਨੂੰ ਸ਼ਾਮ ਹੋ ਗਈ ਸੀ ਅਤੇ ਸਰਗੁਣ ਆਪਣੀ ਮਾਂ ਵੱਲੋਂ ਉਪਹਾਰ ਦੀ ਉਡੀਕ ਕਰ ਰਹੀ ਸੀ ਅਤੇ ਰਾਤ ਨੂੰ ਜਦੋਂ ਓਹ ਸੌਣ ਲੱਗੀ ਤਾਂ ਉਸਨੂੰ ਆਪਣੇ ਸਿਰਹਾਣੇ ਦੇ ਹੇਠਾਂ ਕੁਝ ਪਿਆ ਦਿਖਿਆ ਇੱਕ ਚਮਕੀਲੇ ਕਾਗਜ ਅੰਦਰ ਕੁਝ ਲਪੇਟਿਆ ਹੋਇਆ ਸੀ ਉਸਨੇ ਜਦ ਉਸਨੂੰ ਖੋਲਿਆ ਤਾਂ ਉਸ ਅੰਦਰ ਚਾਰ ਕਿਤਾਬਾਂ ਸਨ, ਸਰਗੁਣ ਵੇਖ ਕੇ ਹੈਰਾਨ ਹੋਈ ਅਤੇ ਥੋੜਾ ਗੁੱਸਾ ਵੀ ਹੋਈ ਅਤੇ ਭੱਜ ਕੇ ਆਪਣੀ ਮਾਂ ਕੋਲ ਗਈ ਅਤੇ ਪੁੱਛਿਆ ਮਾਂ ਤੁਸੀੰ ਮੈਨੂੰ ਕਿਤਾਬਾਂ ਹੀ ਉਪਹਾਰ ਵਿੱਚ ਕਿਓਂ ਦਿੱਤੀਆਂ? ਕਿਤਾਬਾਂ ਤਾਂ ਮੈੰ ਸਕੂਲ ਵਿੱਚ ਵੀ ਪੜ੍ਹਦੀ ਹਾਂ ਨਾ? ਫੇਰ! ਮਾਂ ਨੇ ਮੁਸਕੁਰਾ ਕੇ ਉਸਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਪੁੱਤ ਇਹ ਕਿਤਾਬਾਂ ਗਿਆਨ ਦਾ ਸਾਗਰ ਹਨ, ਇਹਨਾਂ ਨੂੰ ਪੜ੍ਹਕੇ ਤੇਰੇ ਵਿਚਾਰ ਸੱਚੇ ਅਤੇ ਉੱਚੇ ਹੋਣਗੇ, ਤੈਨੂੰ ਪਤਾ ਲੱਗੇਗਾ ਕਿਵੇਂ ਆਪਣੇ ਸਿੱਖ ਇਤਿਹਾਸ ਵਿੱਚ ਮਾਈ ਭਾਗੋ ਵਰਗੀਆਂ ਜੁਝਾਰੂ ਔਰਤਾਂ ਨੇ ਆਪਣੇ ਹੌਸਲੇ ਸਦਕਾ ਇੱਕ ਵਿਲੱਖਣ ਪਹਿਚਾਣ ਬਣਾਈ ਅਤੇ ਕਿਵੇਂ ਸਬਰ ਸੰਤੋਖ ਦੀਆਂ ਮੂਰਤਾਂ ਬੇਬੇ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ ਆਦਿ ਨੇ ਆਪਣੇ ਪੱਕੇ ਨੇਕ ਇਰਾਦਿਆਂ ਨਾਲ ਸਿੱਖ ਸਮਾਜ ਦਾ ਨਾਂ ਉੱਚਾ ਕੀਤਾ, ਪੁੱਤ ਆਪਣੇ ਸਿੱਖ ਇਤਿਹਾਸ ਨੂੰ ਪੜ੍ਹਕੇ ਤੈਨੂੰ ਮਾਣ ਮਹਿਸੂਸ ਹੋਵੇਗਾ ਅਤੇ ਹੌਂਸਲਾ ਮਿਲੇਗਾ ਇੱਕ ਵਧੀਆ ਸਖਸੀਅਤ ਬਣਨ ਦਾ, ਮਾਂ ਦੀਆਂ ਇਹ ਗੱਲਾਂ ਸੁਣ ਸਰਗੁਣ ਦੇ ਚਿਹਰੇ ਤੇ ਚਮਕ ਅਾ ਗਈ ਅਤੇ ਉਸਨੇ ਮਾਂ ਨਾਲ ਵਾਅਦਾ ਕੀਤਾ ਕੀ ੳਹ ਇਹਨਾਂ ਕਿਤਾਬਾਂ ਨੂੰ ਪੂਰੇ ਧਿਆਨ ਨਾਲ ਪੜ੍ਹੇਗੀ ਅਤੇ ਵਿਚਾਰੇਗੀ, ਬੇਟੀ ਦਾ ਇਹ ਫ਼ੈਸਲਾ ਸੁਣ ਮਾਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਸੀ।
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly