ਲੋਕ ਦਿਖਾਵਾ

ਰਾਜਿੰਦਰ ਰਾਣੀ

(ਸਮਾਜ ਵੀਕਲੀ)

ਹਰ ਬੱਚਾ ਜਨਮ ਤੋਂ ਬਾਅਦ ਜਿਹੋ ਜਿਹੇ ਸਮਾਜ ਵਿੱਚ ਵਿਚਰਦਾ ਹੈ, ਉਹੋ ਜਿਹਾ ਉਸ ’ਤੇ ਰੰਗ ਚੜ੍ਹ ਜਾਂਦਾ ਹੈ। ਬੱਚਾ ਜੋ ਵੱਡਿਆਂ ਤੋਂ ਸਿੱਖਦਾ ਹੈ, ਉਹ ਸਦਾ ਉਸ ਦੇ ਨਾਲ ਚੱਲਦਾ ਹੈ। ਗੱਲ ਕਰ ਰਹੇ ਹਾਂ ਦਿਖਾਵੇ ਦੀ, ਚਾਹੇ ਉਹ ਕਿਸੇ ਵੀ ਪ੍ਰਕਾਰ ਦਾ ਹੋਵੇ, ਉਸ ਦਾ ਅਸਰ ਸਮੁੱਚੇ ਸਮਾਜ ’ਤੇ ਪੈਂਦਾ ਹੈ। ਜਿਵੇਂ ਇੱਕ ਛੋਟਾ ਬੱਚਾ ਹੈ, ਹਾਸੇ-ਮਜ਼ਾਕ ਨਾਲ ਕੁਝ ਵੀ ਕਹੋ ਉਹਨੂੰ ਸੱਚ ਲੱਗੇਗਾ ਕਿਉਂਕਿ ਉਸ ਨੂੰ ਵਿਸ਼ਵਾਸ ਹੁੰਦਾ ਹੈ ਕਿ ਵੱਡੇ ਜੋ ਕਰਦੇ ਨੇ, ਠੀਕ ਕਰਦੇ ਨੇ। ਇਸ ਕਰਕੇ ਉਹ ਉਨ੍ਹਾਂ ਚੀਜ਼ਾਂ ਨੂੰ ਵੀ ਅਪਨਾ ਲੈਂਦਾ ਜੋ ਉਸ ਦੇ ਹਿੱਤ ਵਿੱਚ ਨਾ ਹੋਣ।

ਲੋਕ-ਦਿਖਾਵਾ ਸਾਡੀਆਂ ਕਦਰਾਂ-ਕੀਮਤਾਂ ਨੂੰ ਤਾਂ ਖਾ ਹੀ ਚੁੱਕਾ ਹੈ ਤੇ ਹੁਣ ਇਨਸਾਨੀਅਤ ਨੂੰ ਵੀ ਖ਼ਤਮ ਕਰ ਰਿਹਾ ਹੈ ਜਿਹੜੀ ਥੋੜ੍ਹੀ-ਬਹੁਤੀ ਅਜੇ ਬਚੀ ਹੋਈ ਸੀ। ਦਿਖਾਵਾ ਤੇ ਹੰਕਾਰ ਸਾਡੇ ਚੰਗੇ ਕੰਮਾਂ ’ਤੇ ਉਲਟਾ ਅਸਰ ਪਾਉਂਦੇ ਨੇ। ਦਿਖਾਵਾ, ਹੰਕਾਰ ਪੈਦਾ ਕਰਦਾ ਹੈ ਤੇ ਹੰਕਾਰ, ਦਿਖਾਵੇ ਨੂੰ ਜਨਮ ਦਿੰਦਾ ਹੈ। ਅਸੀਂ ਹਰ ਰੋਜ਼ ਇਹੋ ਜਿਹੇ ਲੋਕਾਂ ਨੂੰ ਅਕਸਰ ਦੇਖਦੇ ਰਹਿੰਦੇ ਹਾਂ ਜੋ ਹਰ ਗੱਲ ’ਚ ਦਿਖਾਵਾ ਕਰਦੇ ਨੇ। ਬੱਸ ਗੱਡੀ ’ਚ ਸਫ਼ਰ ਕਰਦੇ ਤੁਹਾਡਾ ਵਾਹ ਇਹੋ ਜਿਹੇ ਲੋਕਾਂ ਨਾਲ ਬਹੁਤ ਵਾਰ ਪਿਆ ਹੋਵੇਗਾ। ਜੋ ਇੱਕ ਅਜਨਬੀ ਨੂੰ ਹੀ ਆਪਣਾ ਰੌਅਬ ਰੁਤਬਾ, ਪੈਸਾ ਦੱਸੀ ਜਾਣਗੇ, ਭਲਾ ਦੱਸੋ, ਬਈ ਅਗਲੇ ਨੇ ਤੁਹਾਡੇ ਕੋਲੋਂ ਕੀ ਲੈਣਾ। ਕੁਝ ਲੋਕ ਇੱਕ-ਦੋ ਸਾਲ ਕਿਸੇ ਬਾਹਰਲੇ ਮੁਲਕ ’ਚ ਲਾ ਕੇ ਜਦੋਂ ਵਾਪਸ ਆਉਂਦੇ ਨੇ ਤਾਂ ਤਰ੍ਹਾਂ-ਤਰ੍ਹਾਂ ਦੇ ਨਖਰੇ ਕਰਦੇ ਨੇ।

ਆਪਣੀ ਰਹਿਣੀ-ਬਹਿਣੀ ਤੇ ਬੋਲਣੀ ਦਾ ਦਿਖਾਵਾ ਕਰਦੇ ਨੇ। ਇਨ੍ਹਾਂ ਦੀ ਫ਼ਜ਼ੂਲ-ਖਰਚੀ ਜੋ ਕਿਸੇ ਵਿਆਹ ਮੰਗਣੇ ਜਾਂ ਕਿਸੇ ਤਿਉਹਾਰ ’ਤੇ ਹੁੰਦੀ ਹੈ, ਉਸ ਦਾ ਪ੍ਰਭਾਵ ਘੱਟ ਆਮਦਨ ਵਾਲੇ ਪਰਿਵਾਰ ’ਤੇ ਜ਼ਰੂਰ ਪੈਂਦਾ ਹੈ। ਜੇ ਬਾਹਰੋਂ ਆ ਕੇ ਇਹ ਵੱਡੀ ਸਾਰੀ ਕੋਠੀ ਪਾ ਲੈਂਦੇ ਨੇ ਤਾਂ ਸ਼ਰੀਕ ਇਨ੍ਹਾਂ ਤੋਂ ਵੀ ਚਾਰ ਉਂਗਲਾਂ ਵੱਧ ਉੱਚੀ ਕੋਠੀ ਪਾਉਣ ਦੀ ਸੋਚਦਾ ਹੈ, ਚਾਹੇ ਉਹਦਾ ਵਾਲ-ਵਾਲ ਕਰਜ਼ੇ ਨਾਲ ਵਿੰਨਿ੍ਹਆਂ ਜਾਵੇ। ਇਹੀ ਮੁਕਾਬਲਾ ਦਿਖਾਵਾ ਹੈ ਤੇ ਇਹਦੇ ਨਤੀਜੇ ਬਹੁਤ ਮਾੜੇ ਨਿਕਲਦੇ ਹਨ। ਇਹੀ ਬਾਹਰ ਵੱਸਦੇ ਲੋਕ ਜੇ ਇੱਧਰ ਆ ਕੇ ਆਪਣੇ ਪਿੰਡਾਂ, ਸ਼ਹਿਰਾਂ ਜਾਂ ਕਸਬਿਆਂ ਵਿੱਚ ਕਿਸੇ ਜਨਤਕ ਸਾਂਝੇ ਕੰਮ ’ਤੇ ਖਰਚ ਕਰਨ ਤਾਂ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਹੋ ਜਾਂਦਾ ਹੈ। ਬਹੁਤ ਸਾਰੇ ਪਰਵਾਸੀਆਂ ਨੇ ਇਹ ਕੰਮ ਕੀਤਾ ਵੀ ਹੈ। ਸਾਨੰ ਦੁੱਖ ਅੱਜ-ਕੱਲ੍ਹ ਆਪਣੇ ਦੁੱਖਾਂ ਕਰਕੇ ਨਹੀਂ ਬਲਕਿ ਦੂਜੇ ਦੇ ਸੁੱਖਾਂ ਕਰਕੇ ਹੁੰਦਾ ਹੈ।

ਸਾੜਾ ਸਾਡੇ ਮਨਾਂ ’ਚੋਂ ਜਾਂਦਾ ਹੀ ਨਹੀਂ। ਜਿਹੜੇ ਲੋਕਾਂ ਨੂੰ ਸਮਾਜ ਦੇ ਡਰੋਂ ਆਪਣੀ ਝੂਠੀ ਸ਼ਾਨ-ਸ਼ੌਕਤ ਪਿਆਰੀ ਹੁੰਦੀ ਹੈ, ਕੀ ਉਹ ਸਿਰਫ਼ ਇੱਕ-ਮਿੰਟ ਲਈ ਇਹ ਸੋਚਦੇ ਨੇ ਕਿ ਵਿਆਹ ਦੋ ਰੂਹਾਂ ਦਾ ਮੇਲ ਹੁੰਦਾ ਹੈ। ਇਸ ਲਈ ਵਿਚਾਰਾਂ ਦਾ ਮਿਲਣਾ ਜ਼ਰੂਰੀ ਹੈ। ਤੁਸੀਂ ਆਪਣੀ ਇੱਜ਼ਤ-ਖਾਤਰ, ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਪਸੰਦ ਦੇ ਉਲਟ ਵਿਆਹ ਕਰਨ ਲਈ ਮਾਨਸਿਕ ਤੌਰ ’ਤੇ ਤਿਆਰ ਤਾਂ ਕਰ ਲੈਂਦੇ ਹੋ ਪਰ ਜਦੋਂ ਉਨ੍ਹਾਂ ਪਤੀ ਜਾਂ ਪਤਨੀ ਨਾਲ ਨਿੱਤ ਦਾ ਕਲੇਸ਼ ਹੋਵੇਗਾ, ਆਪਸੀ ਸਾਂਝ ਨਾ ਹੋਵੇਗੀ ਤਾਂ ਕੀ ਤੁਸੀਂ ਆਪਣੇ ਬੱਚਿਆਂ ਨੂੰ ਦੁਖੀ ਦੇਖ ਕੇ ਖ਼ੁਸ਼ ਰਹਿ ਲਵੋਗੇ? ਇਹ ਸਭ ਚੀਜ਼ਾਂ ਸੋਚ ਕੇ ਦੇਖੋ। ਧੱਕੇ ਨਾਲ ਕਿਤੋਂ ਵੀ ਖ਼ੁਸ਼ੀ ਨਹੀਂ ਮਿਲਦੀ ਤੇ ਨਾ ਹੀ ਜਬਰਦਸਤੀ ਕਿਸੇ ਨੂੰ ਖ਼ੁਸ਼ ਕੀਤਾ ਜਾ ਸਕਦਾ ਹੈ ।

ਭੋਗ ਉੱਤੇ ਮਠਿਆਈਆਂ ਬਣਦੀਆਂ ਨੇ, ਸੋਨੇ ਦੇ ਗਹਿਣੇ-ਗੱਟੇ ਲਏ ਦਿੱਤੇ ਜਾਂਦੇ ਨੇ, ਖੇਸ, ਕੰਬਲ, ਸੂਟਾਂ ਦਾ ਅਦਾਨ-ਪ੍ਰਦਾਨ ਹੁੰਦਾ। ਕਈ ਵਾਰ ਇਨ੍ਹਾਂ ਗੱਲਾਂ ਵਿੱਚ ਘਾਟ-ਵਾਧ ਆ ਜਾਣ ’ਤੇ ਕਈ ਰਿਸ਼ਤੇਦਾਰ ਗੁੱਸੇ ਹੋ ਕੇ ਚਲੇ ਜਾਂਦੇ ਨੇ। ਇਹ ਸਭ ਲੋਕ-ਦਿਖਾਵਾ ਹੀ ਤਾਂ ਹੈ। ਜਿਉਂਦੇ ਜੀ ਬਜ਼ੁਰਗ ਦੀ ਕਦਰ ਨਹੀਂ ਕਰਦੇ। ਦਿਖਾਵਾ ਚਾਹੇ ਕਿਸੇ ਵੀ ਚੀਜ਼ ਦਾ ਹੋਵੇ, ਅਸਰ ਮਾੜਾ ਹੀ ਹੁੰਦਾ ਹੈ ਇਸ ਤੋਂ ਬਚਣ ਲਈ ਅਸੀਂ ਕਿਉਂ ਨਾ ਪਹਿਲਾਂ ਤੋਂ ਹੀ ਬੱਚਿਆਂ ਨੂੰ ਸਾਦਾ ਰਹਿਣੀ ਤੇ ਉੱਚੀ ਸੋਚਣੀ ਨੂੰ ਅਪਨਾਉਣ ਲਈ ਪ੍ਰੇਰਿਤ ਕਰਕੇ ਇਹ ਸਿਖਾਈਏ ਕਿਉਂਕਿ ਦਿਖਾਵਾ ਤੇ ਹੰਕਾਰ ਦੋਵੇਂ ਪੱਕੇ-ਮਿੱਤਰ ਹਨ, ਜਿੱਥੇ ਦੋਵੇਂ ਹੋਣ ਤਬਾਹੀ ਲਾਜ਼ਮੀ ਹੈ। ਇਸ ਕਰਕੇ ਲੋਕ ਦਿਖਾਵਾ ਜੋ ਇੱਕ ਸਮਾਜਿਕ ਬੁਰਾਈ ਹੈ ਇਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੀਏ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਥਾਂ ਦੀ ਬਗੀਚੀ ਅਖਾੜਾ ਫਿਲੌਰ ਵਿਖੇ ਨੌਜਵਾਨ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਪਹਿਲਵਾਨੀ ਦੀ ਮੁਫਤ ਟ੍ਰੇਨਿੰਗ
Next articleਪੰਜਾਬ ਤੇ ਹਰਿਆਣਾ ’ਚ ਧਰਤੀ ਹੇਠਲੇ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਡਿੱਗਿਆ: ਅਧਿਐਨ