ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) :- ਪਿਛਲੇ ਸਮੇਂ ਤੋਂ ਲਗਾਤਾਰ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ 35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਪਿੰਡ ਭਲੂਰ ਵਿਖੇ ਸਾਹਿਤਕ ਸਮਾਗਮ ਅਤੇ ਵਿਰਾਸਤੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ , ਜੋ ਕਿ ਬਹੁਤ ਹੀ ਸ਼ਲਾਘਾਯੋਗ ਤੇ ਖ਼ੂਬਸੂਰਤ ਕਾਰਜ ਹਨ। ਪਿਛਲੇ ਦਿਨੀਂ ਪਿੰਡ ਭਲੂਰ ਦੇ ਵੱਡੇ ਖੂਹ ਉੱਪਰ ਕਰਵਾਏ ਗਏ ਵਿਰਾਸਤੀ ਗਾਇਕੀ ਨੂੰ ਸਮਰਪਿਤ ਪ੍ਰੋਗਰਾਮ ਦੇ ਸਬੰਧ ਵਿੱਚ ਬੋਲਦਿਆਂ ਮੌਜੂਦ ਗ੍ਰਾਮ ਪੰਚਾਇਤ ਭਲੂਰ ਦੇ ਸੀਨੀਅਰ ਪੰਚਾਇਤ ਮੈਂਬਰ ਗਿੰਦਰਪਾਲ ਅਤੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਆਪਣੀ ਵਿਰਾਸਤ ਨੂੰ ਸੰਭਾਲਣ ਦਾ ਯਤਨ ਕਰਨਾ ਹਰੇਕ ਪੰਜਾਬੀ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਕੱਚ- ਘਰੜ ਦਾ ਬੋਲਬਾਲਾ ਵਧੇਰੇ ਹੋਣ ਕਰਕੇ ਸਾਡੇ ਲੋਕ ਆਪਣੇ ਵਿਰਾਸਤੀ ਰੰਗਾਂ ਤੋਂ ਅਣਜਾਣ ਵੀ ਹਨ ਤੇ ਲਾਪ੍ਰਵਾਹ ਵੀ ਹਨ। ਪੰਚ ਗਿੰਦਰਪਾਲ ਅਤੇ ਸਰਪੰਚ ਵਿਰਕ ਨੇ ਕਿਹਾ ਕਿ ਆਪਣੀ ਵਿਰਾਸਤ ਨੂੰ ਸੰਭਾਲਣ ਵਾਲੀਆਂ ਕੌਮਾਂ ਹੀ ਧਰਤੀ ‘ਤੇ ਤਾਰਿਆਂ ਵਾਂਗ ਚਮਕਦੀਆਂ ਹਨ। ਇਸੇ ਤਰ੍ਹਾਂ ਐਨ ਆਰ ਆਈਜ਼ ਭਰਾਵਾਂ ਸ਼ੀਲਾ ਸਿੰਘਾਪੁਰ ਤੇ ਦੀਪੂ ਸਿੰਘਾਪੁਰ ਨੇ ਆਖਿਆ ਕਿ ਉਹ ਅਜਿਹੇ ਵਿਰਾਸਤੀ ਪ੍ਰੋਗਰਾਮਾਂ ਨੂੰ ਲੈ ਕੇ ਬਹੁਤ ਉਤਸ਼ਾਹ ਵਿਚ ਹਨ, ਉਹ ਅਜਿਹੇ ਕਾਰਜਾਂ ਲਈ ਆਪਣੇ ਪਿੰਡ ਵਾਸੀਆਂ ਦੇ ਨਾਲ ਖੜ੍ਹੇ ਹਨ ਅਤੇ ਆਪਣੀ ਵਿਰਾਸਤ ਨੂੰ ਬਚਾਈ ਰੱਖਣ ਲਈ ਤਤਪਰ ਹਨ। ਸ਼ੀਲਾ ਸਿੰਘਾਪੁਰ ਅਤੇ ਦੀਪੂ ਸਿੰਘਾਪੁਰ ਨੇ ਆਖਿਆ ਕਿ ਜਿਵੇਂ ਨੌਜਵਾਨ ਸਾਹਿਤ ਸਭਾ ਭਲੂਰ’ ਨੇ ਗ੍ਰਾਮ ਪੰਚਾਇਤ ਭਲੂਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਰਾਸਤੀ ਗਾਇਕੀ ਦਾ ਖੁੱਲ੍ਹਾ ਅਖਾੜਾ ਕਰਵਾਉਣ ਦਾ ਖੂਬਸੂਰਤ ਉਪਰਾਲਾ ਕਰਕੇ ਨਵੀਂ ਪਿਰਤ ਪਾਈ ਹੈ, ਇਸੇ ਤਰ੍ਹਾਂ ਹੋਰਾਂ ਪਿੰਡਾਂ ਨੂੰ ਵੀ ਇਹ ਉਪਰਾਲੇ ਕਰਨ ਦੀ ਲੋੜ ਹੈ। ਇੱਥੇ ਦੱਸ ਦੇਈਏ ਕਿ ਵਿਰਾਸਤੀ ਗਾਇਕੀ ਨੂੰ ਸਮਰਪਿਤ ਟੀਮ ਗਗਨ ਭਲੂਰੀਆ ਨੇ ਖ਼ੂਬ ਰੰਗ ਬੰਨ੍ਹਦਿਆਂ ਲੋਕਾਂ ਦੇ ਮਨ ਮੋਹ ਲਏ ਅਤੇ ਭੰਡ ਕਲਾਕਾਰ ਅਵਤਾਰ ਚੜਿੱਕ ਤੇ ਸਾਥੀ ਵੱਲੋਂ ਕੀਤੀ ਗਈ ਪੇਸ਼ਕਾਰੀ ਨੇ ਲੋਕਾਂ ਨੂੰ ਚਾਅ ਮਲਾਰ ਨਾਲ ਭਰਪੂਰ ਕਰ ਦਿੱਤਾ। ਇਸ ਮੌਕੇ ਲਾਇਵ ਪ੍ਰੋਗਰਾਮ ਦੀ ਜ਼ਿੰਮੇਵਾਰੀ ਹਰਮਨ ਫੋਟੋਗ੍ਰਾਫਰ ਭਲੂਰ ਵੱਲੋਂ ਬਾਖੂਬੀ ਨਿਭਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



