HOME **ਗਰਭ-ਜੂਨ****

**ਗਰਭ-ਜੂਨ****

ਰਿਤੂ ਵਾਸੂਦੇਵ
(ਸਮਾਜ ਵੀਕਲੀ)
ਸੱਭੇ ਵਿਅਰਥ ਕਿਤਾਬਚੇ,
ਬੇਮਤਲਬ. ਬਿਨ ਗਿਆਨ।
ਵੇਲ਼ੇ ਦੀ ਕੀਮਤ ਗਈ,
ਸਿਆਹੀ ਦਾ ਨੁਕਸਾਨ।
ਮੱਕਾ ਨੇੜੇ ਆ ਗਿਆ,
ਹਾਜੀ ਪਾਉਂਦੇ ਸ਼ੋਰ।
ਮੈਂ ਰਾਹਾਂ ਵਿੱਚ ਭਟਕਦੀ,
ਨੈਣਾਂ ਤੋਂ ਕਮਜ਼ੋਰ।
ਜਿਸ ਦੀ ਇੱਕ ਨੁਹਾਰ ਦੀ,
ਸਦੀਆਂ ਤੋਂ ਹੈ ਭਾਲ਼।
ਖ਼ਬਰੇ ਮੇਰੇ ਚਿੱਤ ਦੀ,
ਓਹੀ ਕਰੇ ਸੰਭਾਲ਼।
ਰੋਸ਼ਨੀਆਂ ਦੀ ਪੰਡ ਸਾਂ,
ਗਈ ਹਨੇਰੇ ਡੁੱਲ੍ਹ।
ਚੰਮ ਤਾਂ ਢੇਰੀ ਖ਼ਾਕ ਦੀ,
ਕੀ ਹੱਡਾਂ ਦੇ ਮੁੱਲ?
ਰੰਗ ਦੀ ਚੂਲ਼ੀ ਡੋਲ੍ਹ ਕੇ,
ਰੂਹ ਮੇਰੀ ਨੂੰ ਰੰਗ।
ਮੈਂ ਤਾਂ ਪੱਤੀ ਫੁੱਲ ਦੀ,
ਲੋਕੀਂ ਆਖਣ ਸੰਗ।
ਹਿੰਦੂ, ਮੁਸਲਿਮ ਦੋ ਜਣੇ,
ਇੱਕ ਦਰਗਾਹੇ ਢਹਿਣ।
ਜਾਣ ਖਿਡੌਣਾ ਰੱਬ ਨੂੰ,
ਆਪਣਾ-ਆਪਣਾ ਕਹਿਣ।
ਵਿੱਚ ਮਜੀਠ, ਕਸੁੰਭੜੇ,
ਸਿਰਫ਼ ਵਫ਼ਾ ਦਾ ਭੇਦ।
ਰੌਲ਼ਾ ਪਾਵੇ ਮਸਨਵੀ,
ਚੀਕਾਂ ਮਾਰਨ ਵੇਦ।
ਦੱਸ ਵੇ, ਮਨਾ! ਚਲੰਤਿਆ,
ਕਿੱਥੇ ਤੇਰੀ ਠਹਿਰ?
ਦੋ ਘੜੀਆਂ ਤੂੰ ਇਸ ਜਗ੍ਹਾ,
ਦੋ ਪਲ ਅਗਲੇ ਸ਼ਹਿਰ।
ਛੱਡ ਕੇ ਨੀਂਦਾਂ ਗੂੜ੍ਹੀਆਂ,
ਜਾਗ, ਵੇ ਝੱਲਿਆ ਜਾਗ।
ਇੱਕੇ ਤੱਕੜੀ ਤੁੱਲਦੇ,
ਖੁਸ਼ੀਆਂ ਅਤੇ ਵਿਰਾਗ।
ਪਾਣੀ, ਅੰਨ ਤਿਆਗ ਕੇ,
ਬਿਰਤ ਨ ਹੋਵਈ ਪਾਕਿ।
ਏਡਾ ਨਹੀਂ ਸੁਖਾਲੜਾ,
ਉਸ ਡਾਢੇ ਨਾਲ਼ ਸਾਕ।
ਵਿਛੜਨ ਦੇ ਰਾਹ ਪੈ ਗਏ,
ਇਕ-ਦੋ ਦਮ ਦੀ ਖੇਡ।
ਲੁਕ-ਲੁਕ ਖੇਡਾਂ ਖੇਡਦੀ,
ਹੋਣੀ ਸਾਹਿਬ ਜੇਡ।
ਤੇਰਾ ਜੋ ਵੀ ਬਖ਼ਸ਼ਿਆ,
ਲੈ ਲਾ ਸਹਿਜ ਸੁਭਾਅ।
ਅੜਿਆ! ਮੈਨੂੰ ਫਿਰ ਕਦੇ,
ਗਰਭ-ਜੂਨ ਨਾ ਪਾ।
~ ਰਿਤੂ ਵਾਸੂਦੇਵ
Previous articleਮਿਡਲ ਸਕੂਲ ਪ੍ਰਵੇਜ਼ ਨਗਰ ਵਿੱਚ ਸਿੱਖਿਆ ਅਧਿਕਾਰੀ “ਬਿਕਰਮਜੀਤ ਥਿੰਦ” ਵੱਲੋਂ ਵਿਭਾਗ ਵਿੱਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ
Next articleਗਰੀਬ ਹੋਵੇ