ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਲਈ ਪੇਸ਼ਬੰਦੀ

ਨਵੀਂ ਦਿੱਲੀ (ਸਮਾਜ ਵੀਕਲੀ):  ਚੋਣ ਕਮਿਸ਼ਨ ਨੇ ਅੱਜ ਕੇਂਦਰੀ ਸਿਹਤ ਸਕੱਤਰ ਨਾਲ ਮੁਲਾਕਾਤ ਕੀਤੀ ਤੇ ਚੋਣਾਂ ਵਾਲੇ ਪੰਜ ਸੂਬਿਆਂ ਵਿਚ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ। ਕਮਿਸ਼ਨ ਨੇ ਆਈਟੀਬੀਪੀ, ਬੀਐੱਸਐਫ ਤੇ ਐੱਸਐੱਸਬੀ ਦੇ ਚੋਟੀ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਚੋਣਾਂ ਵਾਲੇ ਸਰਹੱਦੀ ਸੂਬਿਆਂ ਵਿਚ ਸਖ਼ਤ ਨਿਗਰਾਨੀ ਕਰਨ ਉਤੇ ਜ਼ੋਰ ਦਿੱਤਾ। ਜ਼ਿਕਰਯੋਗ ਹੈ ਕਿ ਪੰਜਾਬ ਤੇ ਉੱਤਰਾਖੰਡ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਸੂਬੇ ਹਨ। ਸੂਤਰਾਂ ਮੁਤਾਬਕ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਰੀਬ ਇਕ ਘੰਟਾ ਚੋਣ ਕਮਿਸ਼ਨ ਨੂੰ ਦੇਸ਼ ਵਿਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਚੋਣਾਂ ਵਾਲੇ ਸੂਬਿਆਂ ਉੱਤਰਾਖੰਡ, ਮਨੀਪੁਰ, ਗੋਆ, ਪੰਜਾਬ ਤੇ ਯੂਪੀ ਬਾਰੇ ਡੂੰਘਾਈ ਨਾਲ ਜਾਣਕਾਰੀ ਸਾਂਝੀ ਕੀਤੀ ਗਈ।

ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੁਲਤਵੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਚੋਣਾਂ ਵਾਲੇ ਸੂਬਿਆਂ ਵਿਚ ਓਮੀਕਰੋਨ ਦੇ ਫੈਲਣ ਬਾਰੇ ਵੀ ਸਿਹਤ ਸਕੱਤਰ ਭੂਸ਼ਣ ਨੇ ਕਮਿਸ਼ਨ ਨੂੰ ਜਾਣੂ ਕਰਾਇਆ। ਸਿਹਤ ਸਕੱਤਰ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਦੌਰਾਨ ਓਮੀਕਰੋਨ ਦੇ ਜ਼ਿਆਦਾ ਫੈਲਣ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਮੀਟਿੰਗ ਵਿਚ ਦੱਸਿਆ ਕਿ ਕੇਸ ਜਿਸ ਪ੍ਰਤੀਸ਼ਤ ਨਾਲ ਹੁਣ ਵਧ ਰਹੇ ਹਨ, ਅਗਲੇ ਕੁਝ ਮਹੀਨਿਆਂ ਦੌਰਾਨ ਰੋਜ਼ਾਨਾ ਕੇਸਾਂ ਵਿਚ 25 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਿਆ ਜਾ ਸਕਦਾ ਹੈ।

ਸਿਹਤ ਅਧਿਕਾਰੀਆਂ ਨੇ ਉਨ੍ਹਾਂ ਜ਼ਿਲ੍ਹਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਿੱਥੇ ‘ਆਰ’ ਵੈਲਿਊ ਵਧੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਬੈਠਕਾਂ ਜਾਣਕਾਰੀ ਇਕੱਤਰ ਕਰਨ ਲਈ ਸਨ। ਹੁਣ ਚੋਣ ਕਮਿਸ਼ਨ ਇਸ ਦੀ ਸਮੀਖਿਆ ਕਰ ਕੇ ਫ਼ੈਸਲਾ ਲਏਗਾ। ਸਿਹਤ ਸਕੱਤਰ ਨੇ ਕਮਿਸ਼ਨ ਨੂੰ ਕੋਵਿਡ ਨਾਲ ਜੁੜੀਆਂ ਤਾਜ਼ਾ ਹਦਾਇਤਾਂ ਬਾਰੇ ਵੀ ਦੱਸਿਆ। ਕਮਿਸ਼ਨ ਅਗਲੇ ਮਹੀਨੇ ਚੋਣਾਂ ਦੀਆਂ ਤਰੀਕਾਂ ਬਾਰੇ ਐਲਾਨ ਕਰ ਸਕਦਾ ਹੈ। ਭਲਕੇ ਚੋਣ ਕਮਿਸ਼ਨ ਦੇ ਅਧਿਕਾਰੀ ਯੂਪੀ ਦਾ ਦੌਰਾ ਕਰਨਗੇ ਤੇ ਤਿਆਰੀਆਂ ਦਾ ਜਾਇਜ਼ਾ ਲੈਣਗੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK coronavirus cases top 12mn
Next articleਕੇਂਦਰ ਵੱਲੋਂ ਰਾਜਾਂ ਅਤੇ ਯੂਟੀਜ਼ ਨੂੰ ਕੋਵਿਡ ਪ੍ਰਬੰਧਾਂ ਬਾਰੇ ਨਵੀਆਂ ਹਦਾਇਤਾਂ