ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸੰਯੁਕਤ ਸਮਾਜ ਮੋਰਚੇ ਦੇ ਪੁਰਜ਼ੋਰ ਸਮਰਥਨ ਦਾ ਫ਼ੈਸਲਾ

ਗ਼ਜ਼ਲ-ਸੰਗ੍ਰਹਿ ‘ਬਲਦੇ ਜਜ਼ਬਾਤਾਂ ਦੀ ਲਾਟ’ ਹੋਇਆ ਲੋਕ ਅਰਪਣ -(ਸਮਾਜ ਵੀਕਲੀ)

ਸੰਗਰੂਰ (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ ਕਰਵਾਏ ਗਏ ਆਪਣਾ ਮਹੀਨੇਵਾਰ ਸਾਹਿਤਕ ਸਮਾਗਮ ਵਿੱਚ ਸਰਬਸੰਮਤੀ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਦੇ ਪੁਰਜ਼ੋਰ ਸਮਰਥਨ ਦਾ ਫ਼ੈਸਲਾ ਕੀਤਾ ਗਿਆ ਅਤੇ ਸਮੂਹ ਲੇਖਕ ਸਭਾਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਮੋਰਚੇ ਦੀ ਸਫ਼ਲਤਾ ਲਈ ਇੱਕਸੁਰ ਹੋ ਕੇ ਮੋਹਰੀ ਭੂਮਿਕਾ ਨਿਭਾਉਣ। ਇਸ ਸਮਾਗਮ ਵਿੱਚ ਉੱਚੇਚੇ ਤੌਰ ’ਤੇ ਸ਼ਾਮਲ ਹੋਏ ਉੱਘੇ ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਨੇ ਕੇਂਦਰ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਖ਼ਿਲਾਫ਼ ਜਨ-ਅੰਦੋਲਨ ਦਾ ਰੂਪ ਧਾਰਨ ਕਰਨ ਵਾਲੇ ਕਿਸਾਨ ਸੰਘਰਸ਼ ਦੌਰਾਨ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਅੰਦੋਲਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ-ਸ਼ਕਤੀ ਦੇ ਸਾਹਮਣੇ ਦੁਨੀਆ ਦੀ ਵੱਡੀ ਤੋਂ ਵੱਡੀ ਤਾਨਾਸ਼ਾਹੀ ਵੀ ਟਿਕ ਨਹੀਂ ਸਕਦੀ।

ਇਸ ਮੌਕੇ ਸਰਬਾਂਗੀ ਲੇਖਕ ਡਾ. ਮੀਤ ਖਟੜਾ ਦਾ ਗ਼ਜ਼ਲ-ਸੰਗ੍ਰਹਿ ‘ਬਲਦੇ ਜਜ਼ਬਾਤਾਂ ਦੀ ਲਾਟ’ ਲੋਕ ਅਰਪਣ ਕੀਤਾ ਗਿਆ। ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਖੋਜਪੂਰਨ ਪਰਚੇ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਡਾ. ਮੀਤ ਖਟੜਾ ਦੀ ਗ਼ਜ਼ਲ ਆਰਥਿਕ-ਸਮਾਜਿਕ ਵਿਸੰਗਤੀਆਂ ਦੇ ਮੁਕੰਮਲ ਖ਼ਾਤਮੇ ਅਤੇ ਲੁੱਟ-ਰਹਿਤ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਸ੍ਰੀ ਨਿਰੰਜਣ ਬੋਹਾ ਨੇ ਕਿਹਾ ਕਿ ਡਾ. ਮੀਤ ਖਟੜਾ ਦੀਆਂ ਗ਼ਜ਼ਲਾਂ ਵਿਚਲੇ ਬਲਦੇ ਜਜ਼ਬਿਆਂ ਦੀ ਇਹ ਲਾਟ ਇੱਕ ਵੱਡੇ ਇਨਕਲਾਬ ਲਈ ਪ੍ਰਤੀਬੱਧ ਦਿਖਾਈ ਦਿੰਦੀ ਹੈ। ਡਾ. ਮੀਤ ਖਟੜਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗ਼ਜ਼ਲਾਂ ਵਿਚਲਾ ਦਰਦ ਉਨ੍ਹਾਂ ਦਾ ਹੱਡੀਂ ਹੰਢਾਇਆ ਦਰਦ ਹੈ। ਉਨ੍ਹਾਂ ਨੇ ਆਪਣੀਆਂ ਕੁੱਝ ਚੋਣਵੀਆਂ ਗ਼ਜ਼ਲਾਂ ਵੀ ਸੁਣਾਈਆਂ ਅਤੇ ਸਰੋਤਿਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਠਰ੍ਹੰਮੇ ਨਾਲ ਦਿੱਤੇ। ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਪ੍ਰੋ. ਨਰਿੰਦਰ ਸਿੰਘ ਨੇ ਕਿਹਾ ਕਿ ਡਾ. ਮੀਤ ਖਟੜਾ ਨੇ ਸਮਾਜਿਕ ਸਰੋਕਾਰਾਂ, ਤਿੜਕਦੇ ਰਿਸ਼ਤਿਆਂ, ਬੇਇਨਸਾਫ਼ੀਆਂ ਸਮੇਤ ਲੋਕ-ਰੋਹ ਤੋਂ ਕਿਸਾਨ ਸੰਗਰਾਮ ਤੱਕ ਦਾ ਯਥਾਰਥਕ ਬਿਰਤਾਂਤ ਸਿਰਜਿਆ ਹੈ। ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਕਿ ਲੋਕਾਂ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦਾ ਸਾਹਿਤ ਹੀ ਅਸਲ ਵਿੱਚ ਲੋਕ ਸਾਹਿਤ ਹੁੰਦਾ ਹੈ।

ਸਤਵੰਤ ਸਿੰਘ ਖੰਡੇਬਾਦ ਨੇ ਕਿਹਾ ਕਿ ਚੇਤਨ ਕਲਮਾਂ ਵੱਲੋਂ ਰਚਿਆ ਗਿਆ ਸਾਹਿਤ ਹੀ ਲੋਕ ਲਹਿਰਾਂ ਉਸਾਰਨ ਦੇ ਸਮਰੱਥਾ ਰੱਖਦਾ ਹੈ। ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਕਿਹਾ ਕਿ ਇਤਿਹਾਸ ਲਿਖਣ ਦਾ ਕਾਰਜ ਵੀ ਇਤਿਹਾਸ ਸਿਰਜਣ ਜਿੰਨਾ ਹੀ ਮਹੱਤਵਪੂਰਨ ਹੁੰਦਾ ਹੈ। ਸਮਾਗਮ ਵਿੱਚ ਹੱਕ-ਸੱਚ ਦੀ ਮਸ਼ਾਲ ਨੂੰ ਬਲਦਾ ਰੱਖਣ ਲਈ ਪਾਏ ਵਡਮੁੱਲੇ ਯੋਗਦਾਨ ਲਈ ਡਾ. ਮੀਤ ਖਟੜਾ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸਤਵੰਤ ਸਿੰਘ ਖੰਡੇਵਾਦ ਨੂੰ ਸਨਮਾਨਿਤ ਵੀ ਕੀਤਾ ਗਿਆ। ਆਰੰਭ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਕਿਸਾਨ ਅੰਦੋਲਨ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਸਾਰੇ ਆਏ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ।

ਉਪਰੰਤ ਪ੍ਰੋ. ਨਿਸ਼ਾ ਭਾਟੀਆ ਵੱਲੋਂ ਗਾਈ ਖ਼ੂਬਸੂਰਤ ਗ਼ਜ਼ਲ ਨਾਲ ਸ਼ੁਰੂ ਹੋਏ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਬਲਬੀਰ ਕੌਰ ਰਾਏਕੋਟੀ, ਮੂਲ ਚੰਦ ਸ਼ਰਮਾ, ਧਰਮਵੀਰ ਸਿੰਘ, ਬਿੱਕਰ ਸਿੰਘ ਸਟੈਨੋ, ਗੋਬਿੰਦ ਸਿੰਘ ਤੂਰਬਨਜਾਰਾ, ਮੇਜਰ ਸਿੰਘ ਰਾਜਗੜ੍ਹ, ਸਰਬਜੀਤ ਸਿੰਘ ਸੰਧੂ, ਸਤਪਾਲ ਸਿੰਘ ਲੌਂਗੋਵਾਲ, ਰਜਿੰਦਰ ਸਿੰਘ ਰਾਜਨ, ਦੀਪ ਦਾਤੇਵਾਸ, ਜਸਪਾਲ ਸਿੰਘ ਸੰਧੂ, ਸਵਾਮੀ ਰਵਿੰਦਰ ਗੁਪਤਾ, ਸੁਖਵਿੰਦਰ ਸਿੰਘ ਫੁੱਲ, ਕਰਮ ਸਿੰਘ ਜ਼ਖ਼ਮੀ, ਰਾਮ ਕਿਮਾਰ, ਕੁਲਵੰਤ ਕਸਕ, ਚਮਕੌਰ ਸਿੰਘ ਚਮਨ, ਪਰਮਜੀਤ ਕੌਰ, ਨਿਰਮਲ ਸਿੰਘ ਬਟਰਿਆਣਾ, ਨਰੰਜਣ ਸਿੰਘ ਚਨਾਗਰਾ, ਗੁਰਮੀਤ ਸਿੰਘ ਸੋਹੀ, ਜਰਨੈਲ ਸਿੰਘ ਜਨਾਲ, ਗੁਰਮੇਲ ਸਿੰਘ ਜਨਾਲ, ਲੱਖਮੀ ਚੰਦ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਗੁਰਜੋਤ ਕੌਰ, ਹਰਪਾਲ ਕੌਰ, ਲਵਪ੍ਰੀਤ ਸਿੰਘ ਖੰਡੇਬਾਦ, ਪੰਥਕ ਕਵੀ ਲਾਭ ਸਿੰਘ ਝੱਮਟ, ਜੰਗੀਰ ਸਿੰਘ ਰਤਨ, ਈਸ਼ਮ ਸਿੰਘ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ..
Next articleChileans above 18 need Covid-19 booster to stay certifiably vaccinated: Health Ministry