ਪ੍ਰਨੀਤ ਕੌਰ ਕਾਂਗਰਸ ’ਚੋਂ ਮੁਅੱਤਲ

ਪਟਿਆਲਾ (ਸਮਾਜ ਵੀਕਲੀ) : ਕਾਂਗਰਸ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ ਅੱਜ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ’ਚ ਜਵਾਬ ਮੰਗਿਆ ਗਿਆ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਨੀਤ ਕੌਰ ਖਿਲਾਫ਼ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਤਾਰਿਕ ਅਨਵਰ ਨੇ ਦੱਸਿਆ ਕਿ ਪ੍ਰਨੀਤ ਕੌਰ ਖ਼ਿਲਾਫ਼ ਵੜਿੰਗ ਸਮੇਤ ਕਈ ਹੋਰ ਆਗੂਆਂ ਨੇ ਸ਼ਿਕਾਇਤ ਕੀਤੀ ਸੀ ਅਤੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਉਨ੍ਹਾਂ ਨੂੰ ਮੁਅੱਤਲ ਕਰਕੇ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਪੰਜਾਬ ’ਚ ਪਿਛਲੀ ਸਰਕਾਰ ਸਮੇਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਗਿਆ ਸੀ, ਉਦੋਂ ਤੋਂ ਹੀ ਪ੍ਰਨੀਤ ਕੌਰ ਵੱਲੋਂ ਪਾਰਟੀ ਵਿਰੁੱਧ ਭੁਗਤਿਆ ਜਾ ਰਿਹਾ ਹੈ। ਪਤੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਪੀਐੱਲਸੀ ਲਈ ਵੀ ਪ੍ਰਨੀਤ ਕੌਰ ਵੱਲੋਂ ਸਰਗਰਮੀਆਂ ਕੀਤੀਆਂ ਜਾਂਦੀਆਂ ਰਹੀਆਂ ਸਨ। ਬਾਅਦ ’ਚ ਕੈਪਟਨ ਅਤੇ ਉਨ੍ਹਾਂ ਦੀ ਧੀ ਜੈਇੰਦਰ ਕੌਰ ਭਾਜਪਾ ’ਚ ਸ਼ਾਮਲ ਹੋ ਗਏ ਅਤੇ ਹੁਣ ਪ੍ਰਨੀਤ ਕੌਰ ਭਗਵਾ ਪਾਰਟੀ ਲਈ ਕੰਮ ਕਰ ਰਹੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਪੀਐੱਲਸੀ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਕੈਪਟਨ ਨੇ ਪਟਿਆਲਾ ਤੋਂ ਚੋਣ ਲੜਨ ਸਮੇਂ ਸ਼ਹਿਰ ਵਿਚ ਰੋਡ ਸ਼ੋਅ ਕੱਢਿਆ ਸੀ ਤਾਂ ਪ੍ਰਨੀਤ ਕੌਰ ਨੇ ਭਾਜਪਾ ਨੇਤਾ ਰਾਜਨਾਥ ਸਿੰਘ ਨਾਲ ਮੰਚ ਸਾਂਝਾ ਕੀਤਾ ਸੀ। ਉਦੋਂ ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਇਹ ਮੁੱਦਾ ਚੁੱਕਣ ਦੇ ਬਾਵਜੂਦ ਹਾਈਕਮਾਨ ਨੇ ਚੁੱਪੀ ਧਾਰੀ ਰੱਖੀ ਸੀ। ਪਾਰਟੀ ਨੇ ਅੱਜ ਅਚਾਨਕ ਹੀ ਕਾਰਵਾਈ ਕਰਦਿਆਂ ਪ੍ਰਨੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।

ਪਟਿਆਲਾ ਤੋਂ ਚਾਰ ਵਾਰ ਦੇ ਸੰਸਦ ਮੈਂਬਰ ਨੇ ਪ੍ਰਨੀਤ ਕੌਰ

ਪ੍ਰਨੀਤ ਕੌਰ ਐਤਕੀਂ ਪਟਿਆਲਾ ਤੋਂ ਚੌਥੀ ਵਾਰ ਕਾਂਗਰਸ ਤਰਫ਼ੋਂ ਸੰਸਦ ਮੈਂਬਰ ਬਣੇ ਹਨ। ਉਹ  1999,  2004, 2009 ’ਚ ਲਗਾਤਾਰ ਤਿੰਨ ਵਾਰ ਸੰਸਦ ਮੈਂਬਰ ਰਹੇ। ਉਹ ਵਿਦੇਸ਼ ਰਾਜ ਮੰਤਰੀ ਦੇ ਅਹੁਦੇ ’ਤੇ ਵੀ ਰਹੇ ਪਰ 2014 ’ਚ ‘ਆਪ’ ਦੇ ਡਾ. ਧਰਮਵੀਰ ਗਾਂਧੀ ਤੋਂ ਚੋਣ ਹਾਰ ਗਏ ਸਨ। ਇਸ ਦੌਰਾਨ ਪਟਿਆਲਾ ਸ਼ਹਿਰ ਦੀ ਜ਼ਿਮਨੀ ਚੋਣ ਜਿੱੱਤ ਕੇ ਉਹ ਵਿਧਾਇਕ ਵੀ ਬਣੇ ਸਨ। ਸਾਲ 2019 ’ਚ ਉਹ ਮੁੜ ਸੰਸਦ ਮੈਂਬਰ ਚੁਣੇ ਗਏ।

 

Previous articleਝਾਰਖੰਡ ਹਾਈ ਕੋਰਟ ਵੱਲੋਂ ਰਾਹੁਲ ਗਾਂਧੀ ਨੂੰ ਰਾਹਤ
Next articleED doubts Saket Gokhale’s claim of Rahul Gandhi’s aide paying cash