ਸੰਗਰੂਰ, (ਸਮਾਜ ਵੀਕਲੀ) ( ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਸੇਖੋਂ ਦੇ ਸੱਦੇ ’ਤੇ ਲੇਖਕ ਭਵਨ ਸੰਗਰੂਰ ਵਿਖੇ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਸਾਹਿਤਕਾਰ ਡਾ. ਮੀਤ ਖਟੜਾ ਨੇ ਕੀਤੀ। ਸਮਾਗਮ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਦੱਸਿਆ ਕਿ ਪਿਛਲੇ ਦਿਨੀਂ ਸਭਾ ਵੱਲੋਂ ਸ਼ਹਿਰ ਦੇ ਨਿੱਜੀ ਅਦਾਰਿਆਂ ਦੇ ਨਾਵਾਂ ਵਾਲੇ ਬੋਰਡ ਪੰਜਾਬੀ ਵਿੱਚ ਲਿਖਵਾਉਣ ਲਈ ਕਿਰਤ ਵਿਭਾਗ ਸੰਗਰੂਰ ਨੂੰ ਮੰਗ-ਪੱਤਰ ਦਿੱਤਾ ਗਿਆ ਸੀ, ਜਿਸ ਦੇ ਬਹੁਤ ਹੀ ਅਸਰਦਾਰ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ। ਕਿਰਤ ਵਿਭਾਗ ਵੱਲੋਂ ਕੁੱਝ ਦੁਕਾਨਦਾਰਾਂ ਨੂੰ ਬੋਰਡਾਂ ’ਤੇ ਪੰਜਾਬੀ ਨਾ ਲਿਖਵਾਉਣ ਲਈ ਜ਼ੁਰਮਾਨਾ ਵੀ ਕੀਤਾ ਗਿਆ ਹੈ। ਸ਼ਹਿਰ ਦੇ ਸੰਘਰਸ਼ੀ ਸਾਹਿਤਕਾਰ ਰਮੇਸ਼ਵਰ ਸਿੰਘ ਵੱਲੋਂ ਬਿਜਲੀ ਬੋਰਡ ਵੱਲੋਂ ਜਾਰੀ ਕੀਤੇ ਜਾਂਦੇ ਬਿੱਲਾਂ ਨੂੰ ਪੰਜਾਬੀ ਵਿੱਚ ਕਰਵਾਉਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮਾਲਵਾ ਲਿਖਾਰੀ ਸਭਾ ਸੰਗਰੂਰ ਮਾਂ-ਬੋਲੀ ਪੰਜਾਬੀ ਨੂੰ ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਲਈ ਹਰ ਸੰਭਵ ਯਤਨ ਕਰਦੀ ਰਹੇਗੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਮਾਂ-ਬੋਲੀ ਨੂੰ ਭੁੱਲਣ ਜਾਣ ਵਾਲੇ ਲੋਕ ਗਲੀਆਂ ਦੇ ਕੱਖਾਂ ਵਾਂਗ ਰੁਲ ਜਾਂਦੇ ਹਨ। ਉੱਘੇ ਲੇਖਕ ਅਮਰ ਗਰਗ ਕਲਮਦਾਨ ਨੇ ਆਪਣੇ ਖੋਜਪੂਰਨ ਪਰਚੇ ਵਿੱਚ ਕਿਹਾ ਕਿ ਮਾਂ-ਬੋਲੀ ਪੰਜਾਬੀ ਉਦੋਂ ਤੱਕ ਸਹੀ ਅਰਥਾਂ ਵਿੱਚ ਪ੍ਰਫੁੱਲਤ ਨਹੀਂ ਹੋ ਸਕਦੀ, ਜਦੋਂ ਤੱਕ ਇਸ ਦੀ ਆਪਣੀ ਲਿੱਪੀ ਗੁਰਮੁਖੀ ਨੂੰ ਲਾਜ਼ਮੀ ਨਹੀਂ ਕੀਤਾ ਜਾਂਦਾ। ਨਾਮਵਰ ਸਾਹਿਤਕਾਰ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਮਾਂ-ਬੋਲੀ ਨਾਲੋਂ ਟੁੱਟਿਆ ਵਿਅਕਤੀ ਦੁਨੀਆ ਦੀ ਕਿਸੇ ਵੀ ਬੋਲੀ ਵਿੱਚ ਮੁਹਾਰਤ ਹਾਸਲ ਨਹੀਂ ਕਰ ਸਕਦਾ। ਇਸ ਮੌਕੇ ਆਪਣੀ ਮਾਂ-ਬੋਲੀ ਨੂੰ ਲਾਗੂ ਕਰਵਾਉਣ ਲਈ ਹਕੂਮਤੀ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਬੰਗਾਲੀ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਸ ਮੌਕੇ ਸੁਰਿੰਦਰਪਾਲ ਸਿੰਘ ਸਿਦਕੀ ਦੀ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦੇਣ ਵਾਲੀ ਬੇਹੱਦ ਪਿਆਰੀ ਕਵਿਤਾ ਨਾਲ ਸ਼ੁਰੂ ਹੋਏ ਸ਼ਾਨਦਾਰ ਕਵੀ ਦਰਬਾਰ ਵਿੱਚ ਪਵਨ ਕੁਮਾਰ ਹੋਸ਼ੀ, ਬਹਾਦਰ ਸਿੰਘ ਧੌਲਾ, ਮੀਤ ਸਕਰੌਦੀ, ਜਗਜੀਤ ਸਿੰਘ ਲੱਡਾ, ਜੰਗੀਰ ਸਿੰਘ ਰਤਨ, ਜੱਗੀ ਮਾਨ, ਸਰਬਜੀਤ ਸੰਗਰੂਰਵੀ, ਭੁਪਿੰਦਰ ਨਾਗਪਾਲ, ਪਰਮਿੰਦਰ ਸਿੰਘ, ਪੰਮੀ ਫੱਗੂਵਾਲੀਆ, ਰਣਬੀਰ ਸਿੰਘ ਪ੍ਰਿੰਸ, ਡਾ. ਮੀਤ ਖਟੜਾ, ਅਮਰ ਗਰਗ ਕਲਮਦਾਨ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਸੁਰਜੀਤ ਸਿੰਘ ਮੌਜੀ, ਲਾਭ ਸਿੰਘ ਝੱਮਟ, ਜਸਵੀਰ ਸਿੰਘ ਅਤੇ ਏਕਮਦੀਪ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ। ਪੁਰਾਤਨ ਕਵੀਆਂ ਦੇ ਸ਼ਿਅਰਾਂ ਦੇ ਹਵਾਲਿਆਂ ਨਾਲ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



