ਕੁਰਾਲੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਨਿਆਸਰਿਆਂ ਲਈ ਆਸਰਾ ਵਜੋਂ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਦਾ ਹੋਰ ਵੀ ਬਹੁਤ ਸਾਰੇ ਲੋਕ ਪੱਖੀ ਕਾਰਜਾਂ ਵਿੱਚ ਅਹਿਮ ਤੇ ਵੱਡਮੁੱਲਾ ਯੋਗਦਾਨ ਰਹਿੰਦਾ ਹੈ। ਇਸੇ ਦੇ ਚਲਦਿਆਂ ਇਸਦੇ ਮੁੱਖ ਕੰਪਲੈਕਸ ਵਿਖੇ ਅੱਜ ਮੁਫ਼ਤ ਹੋਮਿਓਪੈਥਿਕ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿੱਥੇ ਸਵੇਰ ਤੋਂ ਹੀ ਮਰੀਜ਼ਾਂ ਨੇ ਬੜੇ ਉਤਸ਼ਾਹ ਨਾਲ਼ ਸ਼ਿਰਕਤ ਕੀਤੀ। ਸੰਸਥਾ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਡਾ. ਮਨਨੀਤ ਕੌਰ (ਬੀ.ਐੱਚ.ਐੱਮ.ਐੱਸ. ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਹੋਮਿਓਪੈਥਿਕ ਮੈਡੀਕਲ ਅਫ਼ਸਰ ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਕੁਰਾਲ਼ੀ ਨੇ 157 ਮਰੀਜਾਂ ਦਾ ਮੁਫ਼ਤ ਚੈੱਕਅੱਪ ਕੀਤਾ। ਜਿਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਬਿਲਕੁੱਲ ਮੁਫ਼ਤ ਦਿੱਤੀਆਂ ਗਈਆਂ। ਸਮਾਪਤੀ ਮੌਕੇ ਡਾ. ਮਨਨੀਤ ਕੌਰ ਨੇ ਸੁਨੇਹਾ ਦਿੰਦਿਆਂ ਕਿਹਾ ਕਿ ਖਾਣ-ਪੀਣ ਦੀ ਤਰਤੀਬ ਵਿੱਚ ਵਿਗਾੜ, ਮਸਾਲਿਆਂ ਤੇ ਮਿੱਠੇ ਦੀ ਲੋੜੋਂ ਵਧੇਰੀ ਵਰਤੋਂ ਅਤੇ ਕਸਰਤ ਜਾਂ ਹੱਥੀਂ ਕੰਮਕਾਜ ਨਾ ਕਰਨਾ ਬਿਮਾਰੀਆਂ ਦੇ ਮੁੱਖ ਕਾਰਨ ਹਨ। ਜਿੰਨ੍ਹਾ ਪ੍ਰਤੀ ਸੁਹਿਰਦ ਹੋਣ ਨਾਲ਼ ਹੀ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਦੇ ਕੈਂਪ ਦੇ ਰਹੇ ਅਨੁਭਵ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਲਈ ਪਹੁੰਚੇ ਤਕਰੀਬਨ ਹਰੇਕ ਮਰੀਜ ਨੇ ਇੱਛਾ ਜਾਹਿਰ ਕੀਤੀ ਕਿ ਪ੍ਰਭ ਆਸਰਾ ਵਿਖੇ ਅਜਿਹਾ ਕੈਂਪ ਹਰ ਮਹੀਨੇ ਲਗਾਇਆ ਜਾਵੇ। ਉਨ੍ਹਾਂ ਦੀ ਸਮੁੱਚੀ ਟੀਮ ਦਾ ਵੀ ਅੱਜ ਦਾ ਤਜਰਬਾ ਬਹੁਤ ਹੀ ਖੁਸ਼ਨੁਮਾ ਰਿਹਾ। ਸੋ ਜਲਦ ਹੀ ਸੰਸਥਾ ਦੇ ਪ੍ਰਬੰਧਕਾਂ ਨਾਲ਼ ਰਾਏ ਬਣਾ ਕੇ ਇਸ ਤਰ੍ਹਾਂ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly