ਲੋਕਤੰਤਰ ਬਾਰੇ ਅਸੀਂ ਕੀ ਕਰਨਾ ਹੈ, ਦੱਸਣ ਦੀ ਲੋੜ ਨਹੀਂ: ਰੁਚਿਰਾ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਹੈ ਕਿ ਭਾਰਤ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਲੋਕਤੰਤਰ ਬਾਰੇ ਉਸ ਨੇ ਕੀ ਕਰਨਾ ਹੈ। ਭਾਰਤ ਨੇ ਦਸੰਬਰ ਮਹੀਨੇ ਲਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਵੀਰਵਾਰ ਨੂੰ ਸੰਭਾਲੀ ਹੈ। ਭਾਰਤ ਇਸ ਦੌਰਾਨ ਅਤਿਵਾਦ ਦੇ ਟਾਕਰੇ ਸਮੇਤ ਹੋਰ ਵਿਸ਼ਿਆਂ ’ਤੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰੇਗਾ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਪਹਿਲੀ ਮਹਿਲਾ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਸੰਭਾਲੀ। ਉਨ੍ਹਾਂ ਸਲਾਮਤੀ ਕੌਂਸਲ ਦੇ ਪ੍ਰਧਾਨ ਵਜੋਂ ਪਹਿਲੇ ਦਿਨ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ ਮਾਸਿਕ ਪ੍ਰੋਗਰਾਮਾਂ ਦੇ ਸਬੰਧ ’ਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ।

ਭਾਰਤ ’ਚ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਸਬੰਧੀ ਇਕ ਸਵਾਲ ’ਤੇ ਉਨ੍ਹਾਂ ਕਿਹਾ,‘‘ਸਾਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਲੋਕਤੰਤਰ ਬਾਰੇ ਕੀ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਭਾਰਤ ਸ਼ਾਇਦ ਦੁਨੀਆ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ ਹੈ। ‘ਭਾਰਤ ’ਚ ਲੋਕਤੰਤਰ ਦੀਆਂ ਜੜ੍ਹਾਂ 2500 ਸਾਲ ਤੋਂ ਹਨ, ਅਸੀਂ ਹਮੇਸ਼ਾ ਤੋਂ ਲੋਕਤੰਤਰ ਪੱਖੀ ਰਹੇ ਹਾਂ। ਸਾਡੇ ਮੁਲਕ ’ਚ ਲੋਕਤੰਤਰ ਦੇ ਚਾਰੋਂ ਥੰਮ੍ਹ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਚੌਥਾ ਥੰਮ੍ਹ ਪ੍ਰੈੱਸ ਅਜੇ ਵੀ ਕਾਇਮ ਹਨ ਤੇ ਸੋਸ਼ਲ ਮੀਡੀਆ ਵੀ ਪੁਲਾਂਘਾਂ ਪੁੱਟ ਰਿਹਾ ਹੈ। ਇਸੇ ਕਰਕੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ।’ ਰੁਚਿਰਾ ਨੇ ਕਿਹਾ ਕਿ ਭਾਰਤ ’ਚ ਹਰੇਕ ਪੰਜ ਸਾਲਾਂ ’ਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਮਿਸਾਲ ਕਾਇਮ ਕਰਦਿਆਂ ਚੋਣਾਂ ਹੁੰਦੀਆਂ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਵੱਲੋਂ ਭਾਰਤ ’ਚ ਜੀ20 ਗਤੀਵਿਧੀਆਂ ਦੇ ਬਾਈਕਾਟ ਦਾ ਸੱਦਾ
Next articleਜੀ20 ਦੀ ਪ੍ਰਧਾਨਗੀ ਸੰਭਾਲਣ ’ਤੇ ਅਮਰੀਕਾ ਨੇ ਭਾਰਤ ਨੂੰ ਵਧਾਈ ਦਿੱਤੀ