
ਪ੍ਰਸਿੱਧ ਢਾਡੀ ਗੁਰਪ੍ਰਤਾਪ ਸਿੰਘ ਪਦਮ ਇੰਗਲੈਂਡ ਕਰ ਰਹੇ ਹਨ ਸਿੱਖੀ ਦਾ ਪ੍ਰਚਾਰ
*ਪਦਮ ਨੇ ਸਿੱਖ ਜਥੇਬੰਦੀਆਂ ਨੂੰ ਮਹਾਰਾਜਾ ਦਲੀਪ ਸਿੰਘ ਦੀਆਂ ਅਸਤੀਆਂ ਕਬਰ ਚੋਂ ਕੱਢ ਕੇ ਸਿੱਖ ਰਵਾਇਤਾਂ ਅਨੁਸਾਰ ਪੰਜਾਬ ਲਿਜਾ ਕੇ ਅੰਤਿਮ ਸੰਸਕਾਰ ਕੀਤੇ ਜਾਣ ਦੇ ਯਤਨ ਕਰਨ ਦੀ ਕੀਤੀ ਮੰਗ
ਸਮਾਜ ਵੀਕਲੀ ਯੂ ਕੇ
ਲੈਸਟਰ (ਇੰਗਲੈਂਡ),3 ਅਗਸਤ (ਸੁਖਜਿੰਦਰ ਸਿੰਘ ਢੱਡੇ)- ਬਹੁਤ ਹੀ ਬੇਬਾਕੀ ਨਾਲ ਸਮਾਜਿਕ ਬੁਰਾਈਆਂ ਤੇ ਚੋਟ ਕਰਨ ਵਾਲੇ ਪ੍ਰਸਿੱਧ ਢਾਡੀ ਗੁਰਪ੍ਰਤਾਪ ਸਿੰਘ ਪਦਮ ਇਹਨੀਂ ਦਿਨੀਂ ਇੰਗਲੈਂਡ ਦੌਰੇ ਤੇ ਹਨ। ਪ੍ਰਸਿੱਧ ਢਾਡੀ ਗੁਰਪ੍ਰਤਾਪ ਸਿੰਘ ਪਦਮ ਜਥੇ ਸਮੇਤ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਦਿਹਾੜੇ ਅਤੇ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਚ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਚ ਹੋ ਰਹੇ ਧਾਰਮਿਕ ਸਮਾਗਮਾਂ ਚ ਢਾਡੀ ਕਲਾ ਰਾਹੀਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ।ਢਾਡੀ ਗੁਰਪ੍ਰਤਾਪ ਸਿੰਘ ਪਦਮ ਨੇ ਜਿੱਥੇ ਸਿੱਖ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਾਇਆ ਉਥੇ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਸਿੱਖ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਕਬਰ ਚੋਂ ਕੱਢ ਕੇ ਉਨਾ ਦਾ ਸਿੱਖ ਰਵਾਇਤਾਂ ਅਨੁਸਾਰ ਪੰਜਾਬ ਲਿਜਾ ਕੇ ਅੰਤਿਮ ਸੰਸਕਾਰ ਕੀਤੇ ਜਾਣ ਦੇ ਉਪਰਾਲੇ ਕਰਨੇ ਚਾਹੀਦੇ ਹਨ ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਢਾਡੀ ਗੁਰਪ੍ਰਤਾਪ ਸਿੰਘ ਪਦਮ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਧੀਆਂ ਪੁੱਤਾਂ ਖਾਸ ਕਰਕੇ ਧੀਆਂ ਨੂੰ ਪੜ੍ਹਾਈ ਕਰਨ ਲਈ ਵਿਦੇਸ਼ ਭੇਜਣ ਤੋਂ ਪਹਿਲਾਂ ਬਹੁਤ ਵਾਰ ਸੋਚਣਾ ਚਾਹੀਦਾ ਹੈ,ਕਿਉਂਕਿ ਵਿਦੇਸ਼ਾਂ ਚ ਕੰਮ ਨਾ ਮਿਲਣ ਕਰਕੇ ਪੰਜਾਬ ਤੋਂ ਆਏ ਚੰਗੇ ਘਰਾਂ ਦੇ ਧੀਆਂ ਪੁੱਤ ਇਸ ਵੇਲੇ ਵਿਦੇਸ਼ਾਂ ਚ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਨੇ ਇੰਗਲੈਂਡ ਦੇ ਜੰਮਪਲ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਬਹੁਤ ਸਾਰੇ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਹਰੇਕ ਹਫਤੇ ਗੁਰੂ ਘਰ ਲੈ ਕੇ ਆਉਂਦੇ ਹਨ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਯਤਨ ਕਰਦੇ ਹਨ,ਜੋ ਕਿ ਬਹੁਤ ਹੀ ਸਲਾਹੁਣ ਯੋਗ ਹੈ। ਉਹਨਾਂ ਕਿਹਾ ਕਿ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਚ ਨਿਰੰਤਰ ਲੱਗਦੇ ਸਿੱਖੀ ਕੈਂਪ ਵੀ ਇੰਗਲੈਂਡ ਚ ਵੱਸਦੀ ਸਿੱਖਾਂ ਦੀ ਨਵੀਂ ਪੀੜੀ ਨੂੰ ਸਿੱਖੀ ਨਾਲ ਜੋੜਨ ਲਈ ਲੋੜਿੰਦਾ ਯੋਗਦਾਨ ਪਾ ਰਹੇ ਹਨ।


