HOME ਸਿਆਸਤ ਅਤੇ ਖੇਡਾਂ ਦਾ ਰਹਿਨੁਮਾ ਸਨ – ਸੁਖਦੇਵ ਸਿੰਘ ਢੀਂਡਸਾ

ਸਿਆਸਤ ਅਤੇ ਖੇਡਾਂ ਦਾ ਰਹਿਨੁਮਾ ਸਨ – ਸੁਖਦੇਵ ਸਿੰਘ ਢੀਂਡਸਾ

7
ਢੀਂਡਸਾ ਸਾਹਿਬ ਦੇ ਜਾਣ ਨਾਲ ਇਕ ਯੁੱਗ ਦੀ ਹੋਈ ਸਮਾਪਤੀ 
  ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸੁਖਦੇਵ ਸਿੰਘ ਢੀਂਡਸਾ ਜ਼ਿੰਦਗੀ ਦੇ 9 ਦਹਾਕੇ ਦਾ ਸਮਾਂ ਭੋਗ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ।  ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਪੂਰੇ ਜੀਵਨ ਦਾ ਜੇਕਰ ਕਿਤੇ ਇੱਕ ਸਬਦ ਚ ਨਿਚੋੜ ਕੱਢਣਾ ਹੋਵੇ ਤਾਂ ਉਹ ਇਹ ਹੈ ਕਿ ਉਹ ਸਿਆਸਤ ਅਤੇ ਖੇਡ ਖੇਤਰ ਦੇ ਰਹਿਨੁਮਾ ਸਨ। ਸ੍ਰ: ਸੁਖਦੇਵ ਸਿੰਘ ਢੀਂਡਸਾ ਨਾਲ ਮੇਰਾ ਮੇਲ 15 ਮਾਰਚ 1999 ਨੂੰ ਅਕਾਲੀ ਆਗੂ ਸ੍ਰ: ਅਵਤਾਰ ਸਿੰਘ ਮੱਲਾ ਰਾਹੀਂ ਉਸ ਵੇਲੇ ਹੋਇਆ ਜਿਸ ਦਿਨ ਉਹਨਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਦੇ ਚੇਅਰਮੈਨ ਦੇ ਉਤੇ ਅਸਤੀਫ਼ਾ ਦਿੱਤਾ ਸੀ। ਮੈਂ ਉਸ ਵਕਤ ਅਦਾਰਾ ਅਜੀਤ ਅਖਬਾਰ ਦੇ ਵਿੱਚ ਕੰਮ ਕਰਦਾ ਸੀ। ਤਾਂ ਮੈਂ ਸਿਡਨੀ ਓਲੰਪਿਕ ਖੇਡਾਂ ਸਾਲ 2000 ਬਾਰੇ ਸ੍ਰ: ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਇੱਕ ਵਿਸ਼ਾਲ ਇੰਟਰਵਿਊ ਕੀਤਾ ਸੀ ਜੋ ਓਸ ਵਕਤ ਪੂਰੀ ਦੁਨੀਆਂ ਵਿੱਚ ਚਰਚਿਤ ਹੋਇਆ ਸੀ। ਉਸ ਤੋਂ ਬਾਅਦ ਸਾਡੀ ਪਰਿਵਾਰਿਕ ਦੋਸਤੀ ਸ਼ੁਰੂ ਹੋਈ । ਉਹ ਮੇਰੇ ਪਰਿਵਾਰ ਦੇ ਹਰ ਦੁੱਖ ਸੁੱਖ ਦੇ ਵਿੱਚ ਆਏ ਅਤੇ  ਖਾਸ ਕਰਕੇ ਜਰਖੜ ਖੇਡਾਂ ਦੀ ਉਹਨਾਂ ਨੇ ਇੱਕ ਮਦਦ ਹੀ ਨਹੀਂ ਸਗੋਂ ਇੱਕ ਕਿਸਮ ਦੀ ਸਾਡੀ ਬਾਂਹ ਫੜੀ,  ਸੰਗਰੂਰ ਜ਼ਿਲ੍ਹੇ ਦੇ ਮੈਂਬਰ ਪਾਰਲੀਮੈਂਟ ਹੁੰਦਿਆਂ ਹੋਇਆਂ ਵੀ ਜਰਖੜ ਸਟੇਡੀਅਮ ਲਈ 15 ਲੱਖ ਰੁਪਏ ਦੀ ਵਿੱਤੀ ਮਦਦ ਵੀ ਕੀਤੀ। ਜਿਸ ਦਾ ਮੈਂ ਹਮੇਸ਼ਾਂ ਰਿਣੀ ਹਾਂ। ਕਿਸੇ ਵੀ ਇਨਸਾਨ ਦਾ ਜਨਮ ਹੋਣਾ ਜਾਂ ਮੌਤ ਦਾ ਹੋ ਜਾਣਾ ਇਹ ਇਨਸਾਨ ਦੇ ਵੱਸ ਦੀ ਗੱਲ ਨਹੀਂ, ਇਹ ਕੁਦਰਤ ਦਾ ਵਰਤਾਰਾ ਹੁੰਦਾ ਹੈ, ਪਰ ਜਨਮ ਤੋਂ ਲੈ ਕੇ ਮੌਤ ਦੇ ਵਿਚਕਾਰ ਜੋ ਵਕਤ ਕਿਸੇ ਇਨਸਾਨ ਨੂੰ ਮਿਲਦਾ ਉਸਦੀ ਵਿਉਂਤਬੰਦੀ ਬਣਾਉਣਾ, ਜ਼ਿੰਦਗੀ ਨੂੰ ਉਸ ਮਿਲੇ ਵਕਤ ਵਿੱਚ ਕਿਵੇਂ ਚਲਾਉਣਾ, ਇਹ ਇਨਸਾਨ ਦੇ ਵੱਸ ਵਿੱਚ ਹੁੰਦਾ ਹੈ । ਵਾਕਿਆ ਹੀ ਸ੍ਰ: ਸੁਖਦੇਵ ਸਿੰਘ  ਢੀਂਡਸਾ ਹੋਰਾਂ ਨੂੰ ਜਨਮ ਤੋਂ ਲੈ ਕੇ ਮੌਤ ਤੱਕ ਜੋ ਸਮਾਂ ਮਿਲਿਆ ਉਸ ਦੀ ਉਹਨਾਂ ਨੇ ਜ਼ਿੰਦਗ਼ੀ ਦੀ ਵਿਉਂਤਬੰਦੀ ਬਹੁਤ ਵਧੀਆ ਬਣਾਈ । ਉਹਨਾਂ ਨੇ ਮੈਨੂੰ ਦੱਸਿਆ ਸੀ, ਕਿ ਉਹ ਕਾਲਜ ਸਮੇਂ ਹਾਕੀ ਦੇ ਬਹੁਤ ਵਧੀਆ ਖਿਡਾਰੀ ਸਨ। ਉਹ ਉਲੰਪੀਅਨ ਬਲਵੀਰ ਸਿੰਘ ਸੀਨੀਅਰ ਦੇ ਬਹੁਤ ਵੱਡੇ ਫੈਨ ਸਨ। ਨਾਲ ਹੀ ਉਹ ਕਾਲਜ ਦੇ ਜੋ ਸਟੂਡੈਂਟ ਯੂਨੀਅਨ ਸੀ ਉਸ ਦੇ ਆਗੂ ਸਨ। ਜਿੱਥੋਂ ਉਹਨਾਂ ਨੇ ਸਿਆਸਤ ਵੱਲ ਨੂੰ ਰੁੱਖ ਕੀਤਾ। ਸਿਆਸਤ ਦੇ ਵਿੱਚ ਉਹਨਾਂ ਨੇ ਇੱਕ ਚੇਅਰਮੈਨ ਤੋਂ ਲੈ ਕੇ ਕੇਂਦਰ ਦੇ ਖੇਡ ਮੰਤਰੀ ਤੱਕ ਸਿਆਸਤ ਮਾਣੀ । ਉਹ ਪੰਜਾਬ ਅਤੇ ਕੇਂਦਰ ਦੇ ਖੇਡ ਮੰਤਰੀ ਵੀ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਲੰਬਾ ਸਮਾਂ ਪ੍ਰਧਾਨ ਰਹੇ । ਪੰਜਾਬ ਦੇ ਵਿੱਚ ਪਹਿਲਾ ਖੇਡ ਸਟੇਟ ਅਵਾਰਡ ਉਹਨਾਂ ਨੇ ਸ਼ੁਰੂ ਕੀਤਾ। ਕੇਂਦਰੀ ਖੇਡ ਮੰਤਰੀ ਹੁੰਦਿਆਂ ਉਹਨਾਂ ਨੇ ਕਈ ਵਧੀਆ ਖੇਡ ਸਕੀਮਾਂ ਲਿਆਂਦੀਆਂ, ਜੋ ਅਹਿਮ ਗੱਲ ਹੈ ਕਿ  ਉਹਨਾਂ ਨੇ ਪੰਜਾਬ ਦੇ ਅਣਗੌਲੇ ਕੀਤੇ 13 ਖਿਡਾਰੀਆਂ ਨੂੰ ਅਰਜਨਾ ਐਵਾਰਡ ਦਿਵਾਏ । ਸ੍ਰ: ਸੁਖਦੇਵ ਸਿੰਘ ਢੀਂਡਸਾ ਜਿਸ ਨਾਲ ਯਾਰੀ ਲਗਾ ਲੈਂਦੇ ਸਨ  ਉਹ ਪੂਰੀ ਨਿਭਾਉਂਦੇ ਸਨ। ਉਸਦਾ ਹਰ ਖਿਆਲ ਰੱਖਦੇ ਸਨ। ਉਹਨਾਂ ਨੇ ਆਪਣੇ ਬੇਟੇ ਪਰਮਿੰਦਰ ਸਿੰਘ ਢੀਡਸਾ ਨੂੰ ਜਿੱਥੇ ਵਧੀਆ ਸੰਸਕਾਰ ਦੇ ਕੇ ਪੜਾ ਲਿਖਾ ਕੇ  ਸਮਾਜ ਦਾ ਹਾਣੀ ਬਣਾਇਆ, ਉਥੇ ਆਪਣੇ ਵਰਗਾ ਇੱਕ ਇਮਾਨਦਾਰ, ਸਮਰਪਿਤ ਭਾਵਨਾ ਵਾਲਾ ਦਰਵੇਸ਼ ਸਿਆਸਤਦਾਨ , ਲੋਕ ਨੇਤਾ ਵੀ ਬਣਾਇਆ । ਅੱਜ ਪਰਮਿੰਦਰ ਢੀਡਸਾ ਜਿਸ ਵੀ ਮੁਕਾਮ ਤੇ ਹੈ ਉਹ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਕਰਕੇ ਹੀ ਹੈ। ਇਸੇ ਕਰਕੇ ਢੀਂਡਸਾ ਪਰਿਵਾਰ ਦੀ ਪੰਜਾਬ, ਖਾਸ ਕਰਕੇ ਸੰਗਰੂਰ ਜ਼ਿਲ੍ਹੇ ਦੀ ਸਿਆਸਤ ਵਿੱਚ ਬਹੁਤ ਵੱਡੀ ਦੇਣ ਹੈ। ਸ੍ਰ: ਸੁਖਦੇਵ ਸਿੰਘ ਢੀਂਡਸਾ ਹੋਰਾਂ ਬਾਰੇ ,ਉਹਨਾਂ ਦੀਆਂ ਪ੍ਰਾਪਤੀਆਂ ਬਾਰੇ, ਉਹਨਾਂ ਦੀ ਜੀਵਨ ਬਾਰੇ, ਉਹਨਾਂ ਦੇ ਰਾਜਨੀਤਿਕ ਸੰਘਰਸ਼ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ,ਬੋਲਿਆ ਜਾ ਸਕਦਾ ਕਿਉਂਕਿ ਉਹ ਸਿਆਸਤ ਅਤੇ ਖੇਡਾਂ ਦੇ ਇੱਕ ਰਹਿਨੁਮਾ ਸਨ ਪਰ ਉਹਨਾਂ ਦੇ ਬੇਵਕਤੇ ਚਲੇ ਜਾਣ ਨਾਲ ਇਕ ਸਿਆਸਤ ਤੇ ਖੇਡ ਯੁੱਗ ਸਮਾਪਤੀ ਹੋ ਗਈ । ਇਹ ਖਿਲਾਅ ਲੰਬੇ ਅਰਸੇ ਤੱਕ ਭਰ ਨਹੀਂ ਸਕੇਗਾ।
8 ਜੂਨ 2025  ਨੂੰ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਅੰਤਿਮ ਅਰਦਾਸ ਹੋਵੇਗੀ ਉੱਥੇ ਵੱਖ ਵੱਖ ਰਾਜਨੀਤਕ ਆਗੂਆਂ ਵੱਲੋਂ ਵੱਡੇ ਪੱਧਰ ਦੀ ਓਨਾਂ ਬਾਰੇ ਉਸਾਰੂ ਬਿਆਨਬਾਜੀ ਹੋਵੇਗੀ, ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ । ਫੇਰ ਦੁਨੀਆਂ ਦਾਰੀ ਵਿੱਚ ਇੱਕ ਖਾਮੋਸ਼ੀ ਛਾ ਜਾਵੇਗੀ, ਪਰ ਜੋ ਲੋਕ ਢੀਂਡਸਾ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਹਨ ਉਹਨਾਂ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾਂ ਲਈ ਵੱਸਦੇ ਰਹਿਣਗੇ । ਆਸ ਕਰਦੇ ਕਿ ਸ੍ਰ: ਪਰਮਿੰਦਰ ਸਿੰਘ ਢੀਂਡਸਾ ਉਹਨਾਂ ਦੇ ਵਾਰਿਸ ਬਣ ਕੇ ਰਾਜਨੀਤਿਕ ਪਿੜ ਦੇ ਵਿੱਚ ਉਹਨਾਂ ਦੀ ਕਦਰਾਂ ਕੀਮਤਾਂ ਵਾਲੀ ਪਾਈ ਸਿਆਸਤੀ ਰਵਾਇਤ ਨੂੰ ਅੱਗੇ ਜਾਰੀ ਰੱਖਣਗੇ । ਵਾਹਿਗੁਰੂ ਢੀਂਡਸਾ ਸਾਹਿਬ ਪਰਿਵਾਰ ਤੇ ਭਲੀ ਕਰੇ ਅਤੇ ਉਹਨਾਂ ਨੂੰ ਹਮੇਸ਼ਾ ਵੱਡੀਆਂ ਤਰੱਕੀਆਂ ਬਖਸ਼ੇ ।ਅੰਤ ਵਿੱਚ ਮੈਂ ਜਰਖੜ ਖੇਡਾਂ ਦੇ ਸਮੂਹ ਅਹੁਦੇਦਾਰਾਂ ਅਤੇ ਸਮੂਹ ਖਿਡਾਰੀਆਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਵ: ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣਾ ਅਤੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਵਾਹਿਗੁਰੂ ਭਲੀ ਕਰੇ। ਰੱਬ ਰਾਖਾ !
ਜਗਰੂਪ ਸਿੰਘ ਜਰਖੜ  ਖੇਡ ਲੇਖਕ 
ਫੋਨ ਨੰਬਰ 9814300722
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਂ ਕੁਝ ਸਿੱਖਿਆ ਹੀ ਨਹੀਂ
Next articleਭਾਈ ਇੰਦਰਜੀਤ ਸਿੰਘ ਜੀ ਖ਼ਾਲਸਾ ਦਾ ਦੇਹਾਂਤ