ਰਾਜਨੀਤਕ ਜ਼ਹਿਰ

ਰਾਜਨਦੀਪ ਕੌਰ ਮਾਨ

  (ਸਮਾਜ ਵੀਕਲੀ)

ਸੁੱਖੀ ਅੱਜ ਲੰਬੇ ਅਰਸੇ ਬਾਅਦ ਪੇਕੇ ਪਿੰਡ ਮਿਲਣ ਗਿਲਣ ਲਈ ਗਈ ਸੀ।ਘਰ ਦੀ ਕਬੀਲਦਾਰੀ ਵਿੱਚ ਐਨੀ ਰੁੱਝੀ ਹੋਈ ਸੀ ਕਿ ਮਾਂ ਬਾਪ ਨੂੰ ਮਿਲੀ ਨੂੰ ਸਾਲ ਤੋਂ ਉੱਪਰ ਹੋ ਗਿਆ ਸੀ।ਰੋਜ਼ ਮਾਂ ਦੀ ਯਾਦ ਆਉਂਦੀ ਤਾਂ ਅੰਦਰ ਵੜ ਕੇ ਰੋ ਲੈਂਦੀ। ਇਸ ਵਾਰ ਤਾਂ ਉਹ ਬੀਮਾਰ ਵੀ ਕਾਫੀ ਹੋ ਗਈ ਸੀ।ਸੋ ਪਤਾ ਲੈਣ  ਜਾਣਾ ਹੀ ਸੀ। ਪਿੰਡ ਗੇੜਾ ਵੱਜਿਆ ਤਾਂ ਦਿਲ ਕੀਤਾ ਆਂਢ ਗੁਆਂਢ ਨੂੰ ਵੀ ਮਿਲ ਲਵੇ। ਕਰੋਨਾ ਦੀ ਦਹਿਸ਼ਤ ਤੋਂ ਬਾਅਦ ਮਸਾਂ ਲੋਕ ਇਕ ਦੂਜੇ ਨੂੰ ਦੁਬਾਰਾ ਦੇਖ ਸਕੇ ਸਨ।

ਉਪਰੋਂ ਵੋਟਾਂ ਦਾ ਸਮਾਂ ਆ ਗਿਆ ਸੀ।ਉਸਨੂੰ ਤਾਂ ਵੋਟਾਂ ਬਾਰੇ ਕੋਈ ਦਿਲਚਸਪੀ ਵੀ ਨਹੀਂ ਸੀ।ਬੇਸ਼ਕ ਉਸਦੇ ਚਚੇਰੇ ਭਰਾ ਨੇ ਇੱਕ ਨਵੀਂ ਤੇ ਸੁਧਰੀ ਦਿੱਖ ਵਾਲੀ ਪਾਰਟੀ ਦਾ ਝੰਡਾ ਚੁੱਕਿਆ ਹੋਇਆ ਸੀ।ਪਰ ਉਹ ਤਾਂ ਧੀ ਧਿਆਣੀ ਸੀ।ਉਸਨੂੰ ਤਾਂ ਆਪਣੇ ਪਿੰਡ ਦੇ ਲੋਕਾਂ ਦਾ ਮੋਹ ਆਉਂਦਾ ਸੀ ਤਾਂ ਕਾਫੀ ਘਰਾਂ ਵਿੱਚ ਮਿਲ ਕੇ ਆਈ । ਇੱਕ ਰਾਤ ਮਾਂ ਨਾਲ ਦੁੱਖ ਸੁਖ ਕਰਕੇ ਅਗਲੇ ਦਿਨ ਸੁਵਖਤੇ ਹੀ ਉਹ ਆਪਣੇ ਘਰ ਪਰਤ ਆਈ।ਦਿਲ ਕੁਝ ਹਲਕਾ ਲੱਗਦਾ ਸੀ। ਆਪਣਿਆਂ ਨੂੰ ਮਿਲਣ ਦਾ ਹੌਸਲਾ ਹੀ ਅਨੋਖਾ ਹੁੰਦਾ।ਉਸਦੇ ਦਿਲ ਵਿਚੋਂ ਆਪਣੇ ਪਿੰਡ ਲਈ ਢੇਰ ਦੁਆਵਾਂ ਨਿਕਲ ਰਹੀਆਂ ਸਨ ।ਉਥੋਂ ਦੀਆਂ ਗਲੀਆਂ ਉਸਨੂੰ ਸਵਰਗ ਵਰਗੀਆਂ ਲੱਗੀਆਂ।

ਪਰ ਜਦੋਂ ਆਪਣੇ ਘਰ ਵਾਪਿਸ ਪਹੁੰਚੀ ਹੀ ਸੀ ਕਿ ਮਾਂ ਦਾ ਫੋਨ ਆ ਗਿਆ। ਮਾਂ ਕਹਿਣ ਲੱਗੀ ਕਿ ਪਿੰਡ ਦੇ ਕਿਸੇ ਹੋਰ ਰਾਜਨੀਤਕ ਪਾਰਟੀ ਦੇ ਆਗੂ ਨੇ ਘਰ ਆ ਕੇ ਉਲਾਂਭਾ ਦਿੱਤਾ ਕਿ ਤੁਹਾਡੀ ਕੁੜੀ ਪਿੰਡ ਵਿੱਚ ਚੋਣ ਪ੍ਰਚਾਰ ਕਰਕੇ ਗਈ ਹੈ।ਇਹ ਉਹੀ ਪੰਚਾਇਤ ਮੈਂਬਰ ਸੀ ਜਿਸ ਨੂੰ ਸੁੱਖੀ ਦੇ ਸਹੁਰਿਆਂ ਨਾਲ ਹੋਏ ਇੱਕ ਝਗੜੇ ਮੋਕੇ ਨਿਪਟਾਰੇ ਤੇ ਸੁਲਾਹ ਸਫਾਈ ਬੁਲਾਇਆ ਗਿਆ ਸੀ।ਜਿਸਦਾ ਕਿ ਉਸਨੇ ਬਹੁਤ ਵੱਡਾ ਅਹਿਸਾਨ ਵੀ ਜਿਤਾਇਆ।

ਉਸਦੀ ਮਾਂ ਨੇ ਦਸਿਆ ਕਿ ਉਹ ਬਹੁਤ ਗੁੱਸੇ ਵਿਚ ਇਹ ਗੱਲ ਕਹਿ ਰਿਹਾ ਸੀ ਕਿ ਤੁਹਾਡੀ ਕੁੜੀ ਦੇ ਪਰਿਵਾਰਕ ਝਗੜੇ ਮੌਕੇ ਅਸੀ ਤੁਹਾਡੇ ਕੰਮ ਆਏ ਸੀ ਤੇ ਹੁਣ ਜਿਸ ਪਾਰਟੀ ਨੂੰ ਅਸੀ ਕਹਾਂਗੇ ਉਸ ਨੂੰ ਹੀ ਵੋਟ ਪਾਓ।ਇਹ ਸੁਣਦੇ ਹੀ ਸੁਖੀ ਦਾ ਦਿਲ ਚੂਰ  ਚੂਰ ਹੋ ਗਿਆ। ਉਹ ਸੋਚ ਰਹੀ ਸੀ ਇਸ ਗੰਦੀ ਸਿਆਸਤ ਨੇ ਰਿਸ਼ਤਿਆਂ ਵਿੱਚ ਵੀ ਜ਼ਹਿਰ ਘੋਲ ਦਿੱਤੀ ਹੈ।ਹੁਣ ਪਿੰਡ ਵਿੱਚ ਆਈ ਕੋਈ ਧੀ ਧਿਆਣੀ ਵੀ ਇਹਨਾਂ ਨੂੰ ਚੋਣ ਪ੍ਰਚਾਰ ਕਰਦੀ ਹੀ ਦਿਖਾਈ ਦੇਣ ਲੱਗ ਗਈ ਹੈ।ਬੇੜਾ ਗ਼ਰਕ ਹੋਵੇ ਇਸ ਗੰਦੀ ਰਾਜਨੀਤੀ ਦਾ। ਮਾਂ ਮੈ ਹੁਣ ਕਦੇ ਪਿੰਡ ਵਿੱਚ ਕਿਸੇ ਨੂੰ ਨਹੀਂ ਮਿਲਣ ਜਾਣਾ,ਅੱਖਾਂ ਵਿੱਚ ਅੱਥਰੂ ਭਰਕੇ ਆਪਣੀ ਮਾਂ ਨੂੰ ਇਹ ਬੋਲਦੇ ਹੋਏ ਉਸਨੇ ਫੋਨ ਕੱਟ ਦਿੱਤਾ।

           ਰਾਜਨਦੀਪ ਕੌਰ
6239326166

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਣੀ ਮਾਰ ਪਰੈਣੀ
Next articleਗਰੀਬੀ