ਦੇਸ਼ਧ੍ਰੋਹ ਦੇ ਦੋਸ਼ ਹੇਠ ਪੁਲੀਸ ਨੇ ਪੰਜ ਕਿਸਾਨ ਜੇਲ੍ਹ ਭੇਜੇ

  • ਗ੍ਰਿਫ਼ਤਾਰੀ ਦੇ ਵਿਰੋਧ ’ਚ ਕਿਸਾਨਾਂ ਨੇ ਐੱਸਪੀ ਦਫ਼ਤਰ ਘੇਰਿਆ
  • ਸਿਰਸਾ ’ਚ ਮਿਨੀ ਸਕੱਤਰੇਤ ਦਾ ਭਲਕੇ ਕੀਤਾ ਜਾਵੇਗਾ ਘਿਰਾਓ

ਸਿਰਸਾ (ਸਮਾਜ ਵੀਕਲੀ): ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਬੀਤੇ ਦਿਨੀਂ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦੀ ਗੱਡੀ ਦੇ ਸ਼ੀਸ਼ੇ ਤੋੜੇ ਜਾਣ ਦੇ ਇਲਜ਼ਾਮ ਹੇਠ ਪੁਲੀਸ ਨੇ ਅੱਜ ਪੰਜ ਕਿਸਾਨਾਂ ਨੂੰ ਘਰਾਂ ’ਚ ਛਾਪੇ ਮਾਰ ਕੇ ਗ੍ਰਿਫ਼ਤਾਰ ਕੀਤਾ ਹੈ। ਆਪਣੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਪਹਿਲਾਂ ਬਾਬਾ ਭੂਮਣ ਸ਼ਾਹ ਚੌਕ ਅਤੇ ਬਾਅਦ ਵਿੱਚ ਐੱਸਪੀ ਦਫ਼ਤਰ ਦਾ ਘਿਰਾਓ ਕੀਤਾ। ਗੰਗਵਾ ਦੀ ਗੱਡੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਦੋ ਕਿਸਾਨ ਆਗੂਆਂ, 80 ਸਾਲ ਦੇ ਬਜ਼ੁਰਗ ਹਰਚਰਨ ਸਿੰਘ ਸਮੇਤ ਸੌ ਤੋਂ ਵੱਧ ਕਿਸਾਨਾਂ ਖ਼ਿਲਾਫ਼ ਦੇਸ਼ਧ੍ਰੋਹ ਅਤੇ ਕਈ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਬਾਬਾ ਭੂਮਣ ਸ਼ਾਹ ਚੌਕ ’ਤੇ ਇਕੱਠੇ ਹੋਏ ਕਿਸਾਨਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ ਹੈ। ਇਸ ਦੌਰਾਨ ਸਰਵ ਕਰਮਚਾਰੀ ਸੰਘ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਦੇ ਧਰਨੇ ਵਿੱਚ ਸ਼ਿਰਕਤ ਕੀਤੀ। ਧਰਨੇ ’ਚ ਕਿਸਾਨ ਆਗੂ ਲਖਵਿੰਦਰ ਸਿੰਘ ਲੱਖਾ, ਰੌਸ਼ਨ ਸੁਚਾਨ, ਪ੍ਰਹਿਲਾਦ ਸਿੰਘ ਭਾਰੂਖੇੜਾ, ਭਜਨ ਲਾਲ ਬਾਜੇਕਾਂ ਤੋਂ ਇਲਾਵਾ ਮੁਲਾਜ਼ਮ ਜਥੇਬੰਦੀਆਂ ਦੇ ਕਈ ਆਗੂ, ਕਰਮਚਾਰੀ ਅਤੇ ਕਿਸਾਨ ਵੱਡੀ ਗਿਣਤੀ ’ਚ ਮੌਜੂਦ ਸਨ।

ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ’ਚ ਸਾਹਿਬ ਸਿੰਘ ਵਾਸੀ ਖੈਰਪੁਰ, ਬਲਕਾਰ ਸਿੰਘ, ਨਿੱਕਾ ਸਿੰਘ ਤੇ ਬਲਕੌਰ ਸਿੰਘ ਵਾਸੀ ਪਿੰਡ ਫੱਗੂ ਅਤੇ ਦਲਜੀਤ ਸਿੰਘ ਵਾਸੀ ਪਿੰਡ ਰੰਗਾ ਸ਼ਾਮਲ ਹਨ। ਉਨ੍ਹਾਂ ਨੂੰ ਬਾਅਦ ’ਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ। ਪੁਲੀਸ ਬੁਲਾਰੇ ਨੇ ਕਿਹਾ ਕਿ 11 ਜੁਲਾਈ ਨੂੰ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਦੀ ਗੱਡੀ ’ਤੇ ਹਮਲਾ ਕਰਨ ਵਾਲੇ ਕਿਸਾਨਾਂ ਦੀ ਪਛਾਣ ਵੀਡੀਓ ਫੁਟੇਜ ਤੋਂ ਕੀਤੀ ਗਈ ਹੈ ਅਤੇ ਹੋਰਾਂ ਦੀ ਵੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਉਧਰ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਫੈਸਲਾ ਲਿਆ ਹੈ ਕਿ ਉਹ 16 ਜੁਲਾਈ ਨੂੰ ਹਰ ਪਿੰਡ ਵਿੱਚ ਸਰਕਾਰ ਦੇ ਪੁਤਲੇ ਫੂਕ ਕੇ ਕਿਸਾਨਾਂ ਨੂੰ ਇਕਜੁੱਟ ਕਰਨਗੇ।

ਪੂਰੇ ਸੂਬੇ ਦੇ ਕਿਸਾਨ 17 ਜੁਲਾਈ ਨੂੰ ਕਿਸਾਨਾਂ ’ਤੇ ਦਰਜ ਮੁਕੱਦਮਿਆਂ ਤੇ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਸਿਰਸਾ ’ਚ ਮਿਨੀ ਸਕੱਤਰੇਤ ਅੱਗੇ ਧਰਨਾ ਦੇਣਗੇ। ਕਿਸਾਨ ਆਗੂ ਲਖਵਿੰਦਰ ਸਿੰਘ ਲੱਖਾ ਅਤੇ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਕਿਹਾ ਕਿ ਜੋ ਵੀ ਵਿਅਕਤੀ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦਾ ਹੈ, ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਮਾਨਤ ਮਗਰੋਂ ਐਂਟੀਗਾ ਤੇ ਬਰਬੂਡਾ ਪੁੱਜਾ ਚੋਕਸੀ
Next articleThree MPs asked to respond on pleas for disqualification