ਅੰਮ੍ਰਿਤਸਰ (ਸਮਾਜ ਵੀਕਲੀ): ਸ਼ਹਿਰ ਵਿੱਚ ਨਸ਼ਾ ਤਸਕਰਾਂ, ਵਾਹਨ ਚੋਰਾਂ, ਲੁੱਟਾਂ-ਖੋਹਾਂ ਕਰਨ ਵਾਲਿਆਂ ਅਤੇ ਭਗੌੜਿਆਂ ਦੀ ਗ੍ਰਿਫਤਾਰੀ ਲਈ ਪੁਲੀਸ ਵੱਲੋਂ ਚਲਾਈ ਸਰਚ ਮੁਹਿੰਮ ਤਹਿਤ ਅੱਜ ਥਾਣਾ ‘ਸੀ’ ਡਿਵੀਜ਼ਨ ਅਤੇ ਸੁਲਤਾਨਵਿੰਡ ਦੇ ਇਲਾਕੇ ਵਿੱਚ ਪੁਲੀਸ ਵੱਲੋਂ ਘਰ-ਘਰ ਜਾਂਚ ਕੀਤੀ ਗਈ। ਇਸ ਦੌਰਾਨ 35 ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿਛ ਕੀਤੀ ਗਈ।
ਇਹ ਜਾਂਚ ਮੁਹਿੰਮ ਡੀਸੀਪੀ ਰਛਪਾਲ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਜਿਸ ਦੀ ਅਗਵਾਈ ਏਡੀਸੀਪੀ ਨਵਜੋਤ ਸਿੰਘ ਅਤੇ ਏਸੀਪੀ ਹਰਜਿੰਦਰ ਕੁਮਾਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਥਾਣਾ ਸੁਲਤਾਨਵਿੰਡ ਅਤੇ ‘ਸੀ’ ਡਿਵੀਜ਼ਨ ਦੇ ਇਲਾਕੇ ਗੁਜਰਪੁਰਾ, ਪੱਤੀ 15, ਪੱਤੀ ਸੁਲਤਾਨ ਦੀ, ਪੱਤੀ ਦਾਦੂ ਜਿਲਾ, ਪੱਤੀ ਮਨਸੂਰੀ, ਪੱਤੀ ਭੈਣੀਵਾਲ, ਪੱਤੀ ਸ਼ਾਹੂ ਵਿੱਚ ਘਰ-ਘਰ ਜਾਂਚ ਕੀਤੀ ਗਈ। ਇਹ ਜਾਂਚ ਤੜਕਸਾਰ ਸ਼ੁਰੂ ਕੀਤੀ ਗਈ ਜਿਸ ਵਿੱਚ ਵੱਖ ਵੱਖ ਥਾਣਿਆਂ ਦੇ ਮੁਖੀ, ਚੌਕੀ ਇੰਚਾਰਜ, ਐਕਸਾਈਜ਼ ਅਮਲਾ, ਐਂਟੀ ਨਾਰਕੋਟਿਕਸ ਸੈੱਲ ਦੇ ਅਮਲੇ ਸਣੇ 80 ਕਰਮਚਾਰੀ ਸ਼ਾਮਲ ਸਨ। ਘਰਾਂ ਵਿਚ ਦਾਖਲ ਹੋ ਕੇ ਪੁਲੀਸ ਨੇ ਸਾਮਾਨ ਦੀ ਤਲਾਸ਼ੀ ਲਈ ਅਤੇ ਵਾਹਨਾਂ ਦੀ ਮਲਕੀਅਤ ਬਾਰੇ ਜਾਂਚ ਕੀਤੀ। ਇਸ ਮੌਕੇ ਸ਼ੱਕੀ ਵਿਅਕਤੀਆਂ ਦੀਆਂ ਫੋਟੋਆਂ ਖਿੱਚ ਕੇ ਅਪਰਾਧੀਆਂ ਦੀਆਂ ਤਸਵੀਰਾਂ ਨਾਲ ਮਿਲਾ ਕੇ ਦੇਖਿਆ ਗਿਆ। ਪੁਲੀਸ ਨੇ ਲਗਪਗ 35 ਸ਼ੱਕੀ ਵਿਅਕਤੀਆਂ ਕੋਲੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly