” ਸੁਫਨਿਆਂ ਨੂੰ ਸਾਕਾਰ ਕਰਦੀ ਸ਼ਾਇਰਾ -ਐਡਵੋਕੇਟ ਹਰਸਿਮਰਤ ਕੌਰ “

ਹਰਸਿਮਰਤ ਕੌਰ

(ਸਮਾਜ ਵੀਕਲੀ)

“ਨਾਮ ਦੇ ਅਨੁਸਾਰ ਹੀ ਹਰਿ ਦੇ ਨਾਮ ਦਾ ਸਿਮਰਨ ਕਰਨ ਵਾਲੀ ਹਰਸਿਮਰਤ ਕੌਰ ਕਹਿੰਦੀ ਕਿ ਉਹ ਪਾਠ ਪੂਜਾ ਨਹੀਂ ਕਰਦੀ,ਪਰ ਇੱਕ ਅਪਰਮਪਾਰ ਸ਼ਕਤੀ ਨੂੰ ਪ੍ਰਣਾਮ ਕਰਦੀ ਹੈ ਜੋ ਇਸ ਸਮੁੱਚੀ ਸ਼੍ਰਿਸ਼ਟੀ ਨੂੰ ਚਲਾ ਰਹੀ ਹੈ।ਉਸ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਤੇ ਕਰਮ ਦੀ ਥਿਊਰੀ ਉੱਪਰ ਵਿਸ਼ਵਾਸ਼ ਰੱਖਦੀ ਹੈ ਅਤੇ ਆਪਣੇ ਰਾਹ ਤੁਰੀ ਜਾ ਰਹੀ ਹੈ।ਹਰਸਿਮਰਤ ਕੌਰ ਐਡਵੋਕੇਟ ਸ਼ਾਇਰਾ,ਸਮਾਜ ਸੇਵਿਕਾ,ਅਤੇ ਕੁਦਰਤ ਨੂੰ ਪਿਆਰ ਕਰਨ ਵਾਲੀ ਵਿਲੱਖਣ ਸਖਸ਼ੀਅਤ ਹੈ।ਜਿਸ ਦੀ ਝਲਕ ਉਸਦੇ ਕਿਰਦਾਰ ਅਤੇ ਉਸਦੀਆਂ ਕਵਿਤਾਵਾਂ ਵਿੱਚੋਂ ਵੇਖਣ ਨੂੰ ਮਿਲਦੀ ਹੈ ।ਮੈਂ ਕੁੱਝ ਸਮਾਂ ਪਹਿਲਾਂ ਹੀ ਉਸਨੂੰ ਉਸਦੀਆਂ ਕਵਿਤਾਵਾ ਰਾਹੀਂ ਜਾਨਣ ਲੱਗਿਆ।

ਜਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਪਿਤਾ ਸ.ਗੁਰਮੁੱਖ ਸਿੰਘ ਅਤੇ ਮਾਤਾ ਦਰਸ਼ਨ ਕੌਰ ਦੇ ਘਰ ਜਨਮੀ ਹਰਸਿਮਰਤ ਕੌਰ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਮਾਣਾ ਸਿੰਘ ਰੋਡ ਵਿੱਚ ਹਾਸਲ ਕੀਤੀ ਹੈ ।ਜਿੱਥੇ ਉਸਦੀ ਮਾਤਾ ਬਤੌਰ ਅਧਿਆਪਕਾ ਸੇਵਾ ਨਿਭਾ ਰਹੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿੰਤਸਰ ਤੋਂ ਲਾਅ ਦੀ ਡਿਗਰੀ ਹਾਸਿਲ ਕਰਨ ਉਪਰੰਤ,ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੱਤਰਕਾਰਤਾ ਦਾ ਡਿਪਲੋਮਾ ਹਾਸਿਲ ਕੀਤਾ ਪੱਤਰਕਾਰਤਾ ਦੀ ਪੜਾਈ ਦੌਰਾਨ ਉਸਦਾ ਵਿਆਹ ਸ.ਦਰਸ਼ਨ ਸਿੰਘ ਜੋ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ,ਪੋਂਗ ਡੈਮ ਵਿੱਚ ਬਤੌਰ ਐੱਸ ਡੀ ਓ ਆਪਣੀਂ ਸੇਵਾਵਾਂ ਨਿਭਾਅ ਰਹੇ ਸਨ ,ਨਾਲ ਹੋਇਆ।ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਰਹਿਕੇ ਹਰਸਿਮਰਤ ਦੇ ਘਰ ਇੱਕ ਬੇਟੀ ਅਤੇ ਬੇਟੇ ਨੇ ਜਨਮ ਲਿਆ।

ਉਹ ਕਹਿੰਦੀ ਕਿ ਉਸਨੇ ਆਪਣੇ ਬੱਚਿਆਂ ਦੇ ਨਾਲ ਆਪਣੇ ਬਚਪਨ ਨੂੰ ਖੂਬ ਮਾਣਿਆ ਹੈ ।ਇਸੇ ਲਈ ਉਸਨੇ ਵਿਆਹ ਦੇ ਅੱਠ ਸਾਲ ਬਾਅਦ ਵਕਾਲਤ ਸ਼ੁਰੂ ਕੀਤੀ । ਜਿੰਦਗੀ ਦੇ ਹਰ ਪਲ ਨੂੰ ਰੱਜਕੇ ਮਾਣਨ ਵਾਲੀ ਹਰਸਿਮਰਤ ਕੌਰ ਸੂਖਮ ਬਿਰਤੀਆਂ ਵਾਲੀ ਸਖਸ਼ੀਅਤ ਦੀਆਂ ਅੱਖਾਂ ਝੱਟ ਹੀ ਕਿਸੇ ਦਾ ਦੁੱਖ ਦੇਖ ਨਮ ਹੋ ਜਾਂਦੀਆਂ ਹਨ, ਇਸੇ ਹੀ ਟੁੱਟ ਭੱਜ ਵਿਚੋਂ ਉਹ ਸਿਰਜਦੀ ਹੈ ਸਮਾਜ ਸੇਵੀ ਸੰਸਥਾ ਕਵਿਤਾ ਵਰਗੀਆਂ ਕਵਿਤਾਵਾਂ….
ਸਿਖਰ ਦੁਪਹਿਰੇ
ਵਿਹੜੇ ਦੇ
ਤਪਦੇ ਫਰਸ਼ ‘ਤੇ
ਨਿੱਕੇ ਨਿੱਕੇ ਹੱਥਾਂ ਨਾਲ
ਝਾੜੂ ਪੋਚਾ ਕਰਦੀ
ਮਾਂ ਨਾਲ ਆਂਦੀ
ਹੱਥ ਵਟਾਉਂਦੀ
ਪਾਰੋ….
ਦੇਖ ਮੈਨੂੰ ਤਰਸ ਆਂਦਾ
ਮੇਰੀਆਂ ਅੱਖਾਂ ਨਮ ਨੇਂ..;

ਏ.ਸੀ ਵਾਲਾ ਕਮਰਾ ਬਹੁਤ ਠੰਡਾ
ਆਪਣੀ ਧੀ ‘ਤੇ ਏਸੀ ਬਲੈਂਕੇਟ ਪਾਉਂਦੀ,

ਕੰਬਦਿਆ ਹੱਥਾਂ ਨਾਲ
ਲੀਰੋ ਲੀਰ
ਕਰਦੇਨੀ ਹਾਂ ਮੈਂ
ਆਪਣੀ ਸਮਾਜ ਸੇਵੀ
ਸੰਸਥਾ ਦਾ ਬੈਨਰ….!!”

ਹਰਮਸਿਮਰਤ ਸਮਾਜ ਦੀਆਂ ਇਨਾਂ ਵਧੀਕੀਆਂ ਅਤੇ ਕੁਰੀਤੀਆਂ ਨੂੰ ਪੇਸ਼ ਕਰਦੀ ਦੱਸਦੀ ਹੈ ਕਿ ਲਿਖਣਾ ਤਾਂ ਉਸਨੇ ਸਕੂਲ ਦੇ ਦਿਨਾਂ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ,ਪਰ ਕੁੱਝ ਸੰਭਾਲ਼ ਕੇ ਨਹੀਂ ਰੱਖਿਆ,ਕਾਪੀ ਦੇ ਅਖੀਰਲੇ ਪੰਨੇ ਉੱਪਰ ਲਿਖੀ ਕੋਈ ਕਵਿਤਾ ਜਾਂ ਸ਼ਾਇਰੀ ਵਾਲੀ ਕਾਪੀ,ਕਲਾਸ ਬਦਲਦਿਆਂ ਹੀ ਉਹ ਕਾਪੀ ਰੱਦੀ ਵਿੱਚ ਚਲੀ ਜਾਣੀ।ਨਾਂ ਹੀ ਉਹ ਕਦੇ ਕਿਸੇ ਸਾਹਿਤਕ ਪੰਨੇ,ਰਸਾਲੇ ਅਖਬਾਰ ਜਾਂ ਸਾਹਿਤਕ ਪੰਨਿਆਂ ਦਾ ਤੱਥ ਬਣੀ।ਉਹ ਦੱਸਦੀ ਕਿ ਉਹ ਆਪਣੀਆਂ ਕਵਿਤਾਵਾਂ ਆਪਣੇ ਵਕੀਲ ਸਾਥੀਆਂ ਨੂੰ ਸਾਲ ‘ਚ 2-3 ਕੁ ਵਾਰ ਸੁਣਾ ਦਿੰਦੀ।

ਇੱਕ ਜਦੋਂ ਨਵੇਂ ਸਾਲ ਦਾ ਕੋਈ ਪ੍ਰੋਗਰਾਮ ਹੁੰਦਾ ਤੇ ਦੂਸਰਾ ਲੋਹੜੀ ਦੇ ਮੌਕੇ।ਜਾਂ ਆਪਣੇ ਕਾਲਜ ਯੂਨੀਵਰਸਿਟੀ ਦੇ ਦੋਸਤਾਂ ਨਾਲ ਉਨ੍ਹਾਂ ਦੇ ਵਟਸਐਪ ਦੇ ਵਿੱਚ ਸਾਂਝੀਆਂ ਕਰ ਦਿੰਦੀ।ਇਸ ਤੋਂ ਪਹਿਲਾਂ ਉਸਦੀ ਕਲਮਬੱਧ ਇੱਕ ਕਹਾਣੀ ‘ਅੰਕਲ’ ਅਤੇ 2ਕਵਿਤਾਵਾਂ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਛਪੀ..ਪਰ ਕਛੂਏ ਦੀ ਚਾਲ ਤੁਰਦਾ ਕਛੂਆ ਜਿਵੇਂ ਰਾਹ ਵਿੱਚ ਹੀ ਸੌਂ ਗਿਆ ਹੋਵੇ,ਉਹ ਉਦਾਂ ਦੀ ਹੋ ਗਈ।ਹਰਸਿਮਰਤ ਦੱਸਦੀ ਕਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਪ੍ਰਕਾਸ਼ਕ ਸ਼੍ਰੀ ਸਤੀਸ਼ ਗੁਲਾਟੀ ਜੀ ਨੇ ਚੇਤਨਾ ਪ੍ਰਕਾਸ਼ਨ ਦਾ ਇੱਕ ਵੱਟਸਐਪ ਗਰੁੱਪ ਬਣਾਇਆ ਹੈ।

ਉਸ ਵਿੱਚ ਵੀ ਉਸਨੇ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ ।ਗਰੁੱਪ ਦੇ ਮੈਂਬਰਾਂ ਵਿੱਚ ਇੱਕ ਗੁਰਦੀਪ ਕੌਰ ਨੇ ਹਰਸਿਮਰਤ ਦੀ ਇੱਕ ਕਵਿਤਾ ਜੋ ਕਿਸਨ ਮੋਰਚੇ ਸਬੰਧੀ ਲਿਖੀ ਗਈ ਸੀ,ਜਸਵੀਰ ਰਾਣਾ ਕਹਾਣੀਕਾਰ ਨੂੰ ਭੇਜੀ ਤਾਂ ਉਸਨੇ ਕਵਿਤਾ ਦੀ ਸਰਾਹਨਾ ਕਰਦਿਆਂ ਇੱਕ ਲੰਬਾ ਚੌੜਾ ਮੈਸਜ ਹਰਸਿਮਰਤ ਨੂੰ ਭੇਜਿਆ।ਤੇ ਇਸ ਸਰਾਹਨਾ ਬਾਅਦ ਹਰਸਿਮਰਤ ਦੇ ਖੰਬਾਂ ਨੂੰ ਉੱਡਣ ਲਈ ਅਸਮਾਨ ਮਿਲ ਗਿਆ,ਉਹ ਅਕਸਰ ਆਪਣੀਆਂ ਕਵਿਤਾਵਾਂ ਜਸਵੀਰ ਰਾਣਾ ਜੀ ਨਾਲ ਸਾਂਝੀਆਂ ਕਰਦੀ ਤਾਂ ਇੱਕ ਲੰਬਾ ਚੌੜਾ ਮੈਸਜ ਉਸਦੀ ਸਰਾਹਨਾ ਲਈ ਜਸਵੀਰ ਰਾਣਾ ਜੀ ਵੱਲੋਂ ਭੇਜਿਆ ਜਾਂਦਾ।ਜੋ ਉਸਦੇ ਹੌਸਲਿਆਂ ਨੂੰ ਨਵੀਂ ਪਰਵਾਜ਼ ਦਿੰਦੀ ਹੈ।ਕਿਸਾਨ ਮੋਰਚੇ ਸਬੰਧ ਵਿੱਚ ਲਿਖਦਿਆਂ ਉਸਨੇ ਕਿਹਾ ਕਿ :-

” ਅੱਜ ਲੋਹੜੀ ਮਨਾਉਣ ਨੂੰ ਜੀਅ ਨਹੀਂ ਕਰਦਾ
ਅੱਜ ਭੰਗੜੇ ਪਾਉਣ ਨੂੰ ਜੀਅ ਨਹੀਂ ਕਰਦਾ
ਮੇਰਾ ਬਾਪੂ ਬੈਠਾ ਰੜੇ ਮੈਦਾਨ ‘ਚ
ਅੱਜ ਧੂਣੀ ਧੁਖਾਣ ਨੂੰ ਜੀਅ ਨਹੀਂ ਕਰਦਾ…;

ਕਦੇ ਫਾਹਾ ਲਾਕੇ,ਕਦੇ ਸਲਫਾਸ ਖਾਕੇ
ਕਦੇ ਕੁਰਕੀ ਕਰਾਕੇ,ਕਦੇ ਸਿਰ ਨਿਵਾਂ ਕੇ,
ਅੰਨ ਦਾਤਾ ਕਹਿਲਾਣ ਵਾਲੇ ਦਾ,
ਹੁਣ ਵੋਟਾਂ ਪਾਉਣ ਨੂੰ ਜੀਅ ਨਹੀਂ ਕਰਦਾ…;

ਕਦੇ ਅੱਤਵਾਦ ਦਾ ਸੰਤਾਪ ਹੰਢਾ ਕੇ
ਕਦੇ ਚਿੱਟੇ ਦੇ ਲੜ ਜਵਾਨੀ ਲਾਕੇ
ਕਦੇ ਹਿੰਦੂ ਮੁਸਲਿਮ ਦਾ ਰਾਗ ਗਵਾਕੇ
ਲੋਕਤੰਤਰ ਦੇ ਇਸ ਛੜਯੰਤਰ ਵਿੱਚ
ਹੁਣ ਗਿੱਧਾ ਪਾਉਣ ਨੂੰ ਜੀਅ ਨਹੀਂ ਕਰਦਾ ,
ਅੱਜ ਲੋਹੜੀ ਮਨਾਉਣ ਨੂੰ ਜੀਅ ਨਹੀਂ ਕਰਦਾ….!!”

ਇਸ ਤਰ੍ਹਾਂ ਕਵਿਤਾਵਾਂ ਉਹ ਅਕਸਰ ਲਿਖਦੀ ਅਤੇ ਸਮਾਜ ਦੇ ਇਸ ਹਾਸ਼ੀਏ ਨੂੰ ਅਕਸਰ ਆਪਣੇ ਲਫ਼ਜ਼ਾਂ ਰਾਹੀਂ ਬਿਆਨ ਕਰਦੀ।ਸਮੇਂ ਨੇ ਕਰਵਟ ਲਈ,ਤਾਂ ਜਸਵੀਰ ਰਾਣਾ ਦਾ ਫੋਨ ਆਇਆ ਕਿ 7ਮਾਰਚ,2021 ਨੂੰ ਤੁਸੀਂ ਪ੍ਰਧਾਨਗੀ ਮੰਡਲ ਵਿੱਚ ਬੈਠਣਾ ਹੈ।ਜਿਸ ਵਿੱਚ ਪੰਜਾਬੀ ਲੇਖਕ ਸਭਾ ਲੁਧਿਆਣਾ, ਅਤੇ ਪੰਜਾਬੀ ਸੱਥ ਮੈਲਬੋਰਨ ਵੱਲੋਂ ਸਾਂਝਾ ਨਾਰੀ ਕਾਵਿ ਸੰਗ੍ਰਹਿ ‘ਜਦੋਂ ਔਰਤ ਸ਼ਾਇਰ ਹੁੰਦੀ ਹੈ’ ਦਾ ਲੋਕ ਅਰਪਣ ਸਮਾਰੋਹ ਸੀ ।ਇਸ ਪ੍ਰੋਗਰਾਮ ਵਿੱਚ ਵੱਡੇ ਲੇਖਕਾਂ,ਕਵੀਆਂ ਨਾਲ ਹੋਈ ਮੁਲਾਕਾਤ ਅਤੇ ਜਸਵੀਰ ਰਾਣਾ ਜੀ ਦੀ ਹੌਂਸਲਾ ਅਫ਼ਜ਼ਾਈ ਬਾਦਲ ਲਿਖੀਆਂ ਕਵਿਤਾਂਵਾਂ ਦੀ ਡਾਇਰੀ ਜੋ ਉਸਨੇ ਸੰਭਾਲ ਕੇ ਰੱਖੀ ਸੀ,ਉਸਨੂੰ ਹਰ ਰੋਜ ਫੇਸਬੁੱਕ ਉੱਪਰ ਪੋਸਟ ਕਰਨ ਲੱਗੀ।

ਦਿਨਾਂ ਵਿੱਚ ਹੀ ਉਸਦੀ ਕਵਿਤਾ ਬਾਰਡਰ ਪਾਰ ਕਰ ਗਈ ਅਤੇ ਐੱਮ ਆਸਿਫ਼ ਵੱਲੋਂ ਕੱਢੇ ਜਾਂਦੇ ਰਸਾਲੇ ‘ਆਪਣੀ ਆਵਾਜ਼’ ਦਾ ਸ਼ਿੰਗਾਰ ਬਣੀ ।ਉਸਦੀ ਕਵਿਤਾ ਦੀ ਸਾਹਿਤਕ ਜਗਤ ਵਿੱਚ ਬਹੁਤ ਤਰੀਫ ਹੋਈ। ਉਸ ਸਮਾਜਿਕ ਰਿਸ਼ਤਿਆਂ ਦੀ ਗੱਲ ਕਰਦੀ ਲਿਖਦੀ ਤਾਂ ਮਾਂ ਸ਼ਬਦ ਉਸਦੀ ਕਲਮ ਚੋਂ ਉੱਕਰਿਆ ਪਹਿਲਾ ਸ਼ਬਦ ਹੁੰਦਾ।ਮਾਂਵਾਂ ਬਾਰੇ ਕਵਿਤਾ ਲਿਖਦੀ ਤਾਂ ਆਖਦੀ ….
– ਮਾਂ –

ਘਰ ਦੀ ਹਰ ਚੀਜ਼ ਦਾ
ਅਪਣਾ ਟਿਕਾਣਾ

ਨਾਲੇ ਪਾਉਣੀ
ਸੂਈ ਧਾਗਾ
ਨੇਲ ਕੱਟਰ
ਤੇਲ ਦੀ ਸ਼ੀਸ਼ੀ
ਕੈਂਚੀ
ਸਭ ਦੀ ਪੱਕੀ ਜਗ੍ਹਾ

ਕਦੇ ਕੋਈ ਚੀਜ਼
ਗਵਾਚਦੀ ਨਾ

ਓਹ ਕਹਿੰਦੀ……..
ਤੁਸੀਂ ਹੱਸਦੀਆਂ ਓ ਸ਼ੁਦੈਣੋ

ਪੱਕੀਆਂ ਥਾਂਵਾਂ ਦੇਖ……

ਵਕਤ ਖ਼ਰਾਬ ਨਹੀਂ ਹੁੰਦਾ
ਪੱਕੀ ਥਾਂ ਪਈ ਲੱਭ ਜਾਂਦੀ
ਹਰ ਚੀਜ਼…..

ਵਕਤ ਨੂੰ ਸੰਭਾਲਦੀ
ਪੱਕੀਆਂ ਥਾਂਵਾਂ ਬਣਾਉਂਦੀ

ਗਵਾਚ ਗਈ……..ਮਾਂ

ਪਰ….
ਨਾਲੇ ਪਾਉਣੀ
ਸੂਈ ਧਾਗਾ
ਨੇਲ ਕੱਟਰ
ਤੇਲ ਦੀ ਸ਼ੀਸ਼ੀ
ਕੈਂਚੀ

ਅੱਜ ਵੀ
ਉਸੇ ਜਗ੍ਹਾ ਨੇ
ਜਿਥੇ ਮਾਂ ਨੇ ਰੱਖੇ ਸੀ…!!

ਉਹ ਸੋਸਲ ਮੀਡੀਆ ਦਾ ਧੰਨਵਾਦ ਕਰਦੀ ਆਖਦੀ ਕਿ ਇਹ ਸੋਸਲ ਮੀਡੀਆ ਹੀ ਹੈ ਜਿਸਨੇ ਉਸਨੂੰ ਸਾਹਿਤਕ ਜਗਤ ਨਾਲ ਜੋੜਿਆ ਹੈ ।ਉਹ ਆਪਣੀ ਕਵਿਤਾਂਵਾਂ ਵਾਲੀ ਡਾਇਰੀ ਕੱਢਦੀ ਅਤੇ ਆਪਣੀ ਕਵਿਤਾਂਵਾਂ ਸਾਂਝੀਆਂ ਕਰਦੀ ਰਹਿੰਦੀ।।
ਰਸ਼ਕ

ਤੜੱਕ ਕਰਕੇ
ਟੁੱਟ ਗਈ
ਸੰਗਮਰਮਰ ਦੀ
ਸ਼ਵੇਤ ਮੂਰਤ

ਜਦ ਸੰਗਤਰਾਸ਼ ਨੇ
ਪਸੰਦ ਨਾ ਆਣ ਤੇ
ਠੇਡਾ ਮਾਰਿਆ

ਚੱਕਨਾਚੂਰ ਹੋਈ
ਧਰਾਤਲ ‘ਤੇ
ਖਿਲ੍ਹਰੀ ਪਈ ਏ

ਠੇਡੇ ਨੇ ਮੂਰਤ ਦਾ
ਅਸਤਿਤੱਵ ਹੀ ਖ਼ਤਮ ਕਰਤਾ

ਦੱਸ ਮੈਂ ਕੀ ਕਰਾਂ
ਮੈਂ ਰੋਜ਼
ਚਕਨਾਚੂਰ ਹੁੰਦੀ ਹਾਂ
ਜੁੜਦੀ ਹਾਂ
ਟੁੱਟਦੀ ਹਾਂ

ਮੈਨੂੰ ਰਸ਼ਕ ਹੈ
ਸੰਗਮਰਮਰ ਦੀ
ਮੂਰਤ ਨਾਲ

ਓਹ ਧਰਾਤਲ ‘ਤੇ ਪਈ
ਮਿੱਟੀ ਨਾਲ ਮਿੱਟੀ
ਹੋ ਗਈ

ਪਰ…….
ਮੇਰੇ ਟੁੱਕੜੇ
ਖੰਡਰ ਹੋ ਗਏ ।

ਇਹ ਕਵਿਤਾਵਾਂ ਸਮਾਜ ਦਾ ਸੱਚ ਬਿਆਨ ਕਰਦੀਆਂ ਹਨ,ਲੋਕਾਈ ਦਾ ਦਰਦ ਪੇਸ਼ ਕਰਦੀਆਂ ਹਨ। ਲੋਕ ਕਵਿਤਰੀ ਹਰਸਿਮਰਤ ਜਲਦ ਹੀ ਆਪਣੀ ਪਲੇਠੀ ਕਿਤਾਬ ਸਾਹਿਤ ਜਗਤ ਦੀ ਝੋਲੀ ਪਾਵੇਗੀ । ਉਸਦੀਆਂ ਕਵਿਤਾਵਾਂ ਰੋਮਾਂਸਵਾਦੀ ਨਾ ਹੋਕੇ ਯਦਾਰਥਵਾਦੀ ਹਨ,ਜੋ ਸਮੇ ਦਾ ਸੱਚ ਬਿਆਨ ਕਰਦੀਆਂ ,ਸਰਕਾਰਾਂ ਦੀਆਂ ਵਧੀਕੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੀਆਂ ,ਉਹ ਨੀਤੀ ਘਾੜਿਆਂ ਦੀਆਂ ਗਲਤ ਨੀਤੀਆਂ ਕਾਰਨ ਹੋ ਰਹੀ ਕੁਦਰਤ ਦੀ ਬਰਬਾਦੀ ਨੂੰ ਬਿਆਨ ਕਰਦੀ ਆਖਦੀ ਹੈ ਕਿ….

ਹਰੇ ਕਚੂਰ ਰੁੱਖ

ਗੱਡੀ ਜੋ ਕਦੇ
ਰੇਲ ਸੀ
ਅੱਜ ਪਟੜੀ ਤੋਂ
ਲਹਿ ਗਈ ਏ

ਸ਼ੋਰ ਸ਼ਰਾਬਾ ਸੀ

ਲੰਗੋਟਾਂ
ਨਿੱਕਰਾਂ
ਡੰਡਿਆਂ ਵਾਲੀਆਂ
ਸਵਾਰੀਆਂ ਦਾ

ਜਦ ਉਤਰੀਆਂ
ਤਾਂ………
ਚਿੱਟੇ ਕੁੜਤੇ ਪਜਾਮੇ
ਚਿੱਟੇ ਸਾਫੇ ਪਾ
ਉਤਰੀਆਂ

ਗੱਡੀ ਹੁਣ
ਪਟੜੀ ‘ਤੇ ਨਹੀਂ
ਸੜਕ ‘ਤੇ ਚੱਲ ਰਹੀ ਸੀ

ਹਰੇ ਕਚੂਰ ਰੁੱਖ
ਸੜਕ ਚੌੜੀ ਕਰਨ ਲਈ
ਕਟਵਾਏ ਜਾ ਰਹੇ ਨੇ …!!”

ਉਸਨੇ ਲਾਲਸੀ ਨੀਤੀਆਂ ਤਹਿਤ ਕੁਦਰਤ ਦੇ ਕੀਤੇ ਗਏ ਘਾਣ ਉੱਪਰ ਸਖਤ ਸ਼ਬਦਾਂ ਰਾਹੀਂ ਆਪਣਾ ਤੰਜ ਕਸਿਆ ਹੈ।ਹਰਸਿਮਰਤ ਆਪਣੇ ਆਪ ਨੂੰ ਸ਼ਾਇਰ ਬਣਾਉਣ ਲਈ ਸੋਸ਼ਲ ਮੀਡੀਆ ਅਤੇ ਰਣਵੀਰ ਰਾਣਾ ਜੀ ਦਾ ਧੰਨਵਾਦ ਕਰਦਿਆਂ ਨਹੀਂ ਥੱਕਦੀ।

ਸ਼ਾਇਰਾ ਪੇਸ਼ੇ ਤੋਂ ਹੱਟਕੇ ਆਪਣੇ ਵਕੀਲ ਹੋਣ ਬਾਰੇ ਦੱਸਦੀ ਹਰਸਿਮਰਤ ਵਕੀਲੀ ਪੇਸ਼ੇ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ।ਅਤੇ ਬਹੁਤ ਸਾਰੀਆਂ ਗਰੀਬ ਕੁੜੀਆਂ ਦੇ ਕੇਸ ਉਹ ਅਕਸਰ ਮੁਫ਼ਤ ਲੜਦੀ ਹੈ।ਉਸਦੀ ਆਪਣੀ ਇੱਕ ਸਮਾਜ ਸੇਵੀ ਸੰਸਥਾ ਹੈ ਜਿਸਦਾ ਨਾਮ ‘ਮਿਰਾਜ ਫਾਊਂਡੇਸ਼ਨ’ ਹੈ ।

ਹਰਸਿਮਰਤ ਦੱਸਦੀ ਹੈ ਕਿ 2018 ‘ਚ ਜਿਲ੍ਹਾ ਕਨੂੰਨੀ ਸੇਵਾ ਅਥਾਰਟੀ ਨੇ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ ਥਰਡ ਜੈਂਡਰ ਬਾਰੇ ਇੱਕ ਪ੍ਰੋਗਰਾਮ ਕਰਵਾਇਆ।ਜਿਸ ਵਿੱਚ ਲੱਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੇ ਹਿੱਸਾ ਲਿਆ।ਉਸ ਵਿੱਚ ਇੱਕ ਥਰਡ ਜੈਂਡਰ ਪਰਸਨ ਭਾਵ ਇੱਕ ਹਿਜੜੇ ਨੇ ਸਟੇਜ ਉੱਪਰ ਭਾਸ਼ਣ ਦਿੰਦਿਆ ਕਿਹਾ ਕਿ ਤੁਸੀਂ ਲੋਕ ਜੋ ਇਹ ਪ੍ਰੋਗਰਾਮ ਕਰਵਾ ਰਹੇ ਜੋ,ਸਿਰਫ ਗੱਲਾਂ ਹੀ ਕਰਦੇ ਹੋ,ਰੋਂਦੇ ਹੋਏ ਉਸ ਹਿਜੜੇ ਨੇ ਕਿਹਾ ਕਿ ਤੁਹਾਡੇ ਵਿੱਚੋਂ ਕੋਈ ਵੀ ਸਾਨੂੰ ਗਲ ਨਾਲ ਨਹੀਂ ਲਾਵੇਗਾ ।

ਖਚਾ ਖਚ ਭਰੇ ਹੋਏ ਊਸ ਆਡੀਟੋਰੀਅਮ ਵਿਚੋਂ ਸਿਰਫ ਹਰਸਿਮਰਤ ਹੀ ਉੱਠੀ ਅਤੇ ਉਸਨੇ ਊਸ ਹਿਜੜੇ ਨੂੰ ਕਲਾਵੇ ਵਿੱਚ ਲਿਆ,ਅਤੇ ਅੱਜ ਜਿਲ੍ਹਾ ਲੁਧਿਆਣਾ ਵਿੱਚੋਂ ਜਦੋਂ ਵੀ ਕਿਸੇ ਹਿਜੜੇ ਉੱਪਰ ਕੋਈ ਮੁਸੀਬਤ ਆਉਂਦੀ ਹੈ,ਉਦੋਂ ਸਭ ਤੋਂ ਪਹਿਲਾਂ ਹਰਸਿਮਰਤ ਨੂੰ ਫੋਨ ਕਰਦੇ ਹਨ ।ਕਦੇ ਦੀਦੀ ,ਮੈਡਮ ਅਤੇ ਗੁਰੂਮਾਂ ਕਹਿ ਕੇ ਸੰਬੋਧਨ ਕਰਦੇ।ਊਸ ਦੱਸਦੀ ਹੈ ਕਿ ਗੰਗਾ ਫਾਊਂਡੇਸ਼ਨ ਅਤੇ ਮਨਸਾ ਫਾਉਂਡੇਸ਼ਨ ਜੋ ਕਿ ਥਰਡ ਜੈਂਡਰ ਲਈ ਕੰਮ ਕਰਦੀਆਂ ਹਨ,ਇਸ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਨਾਲ ਵੀ ਉਹ ਜੁੜੀ ਹੋਈ ਹੈ।ਜਿੱਥੇ ਬੈਠਕੇ ਹਿਜੜੇ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ,ਦੁੱਖ ਸਾਂਝੇ ਕਰਦੇ ਹਨ ਅਤੇ ਆਪਣੀਆਂ ਮੁਸੀਬਤਾਂ ਦਾ ਹੱਲ ਲੱਭਣ ਲਈ ਉਸ ਤੱਕ ਪਹੁੰਚ ਕਰਦੇ ਹਨ ।ਉਹ ਦੱਸਦੀ ਹੈ ਕਿ ਇਹੋ ਉਸਦਾ ਪਾਠ ਅਤੇ ਪੂਜਾ ਹੈ।

ਕਨੂੰਨ ਦਾਨ ਦੇ ਜੇ ਹੱਥ ਕਲਮ ਆ ਜਾਵੇ ਤਾਂ ਦੁਨੀਆਂ ਨੂੰ ਬਹੁਤ ਵੱਡੀ ਸੇਧ ਦੇ ਜਾਂਦੀ ਹੈ।ਇਹੋ ਕੁਝ ਹਰਸਿਮਰਤ ਕੌਰ ਦੀ ਕਲਮ ਵਿਚ ਹੈ ਇਸ ਦੀ ਕਵਿਤਾ ਲੇਖ ਕੋਈ ਵੀ ਸਮੱਗਰੀ ਹੋਵੇ ਜਨਤਾ ਨੂੰ ਸੇਧ ਤੇ ਸਿੱਖਿਆ ਦਿੰਦੀ ਹੈ।ਲੋੜਵੰਦਾਂ ਦੀ ਕਨੂੰਨੀ ਤੌਰ ਤੇ ਸਹਾਇਤਾ ਤਾਂ ਕਰ ਹੀ ਰਹੇ ਹਨ,ਹੁਣ ਸਾਹਿਤ ਦੀ ਸੇਵਾ ਨਾਲ ਜੋੜ ਕੇ “ਕਾਨੂੰਨ ਤੇ ਸਾਹਿਤ ਦਾ ਸੁਮੇਲ ਬਣ ਗਈ ਹੈ ਐਡਵੋਕੇਟ ਹਰਸਿਮਰਤ ਕੌਰ” ਦੋਨੋਂ ਸੇਵਾਵਾਂ ਬਹੁਤ ਸੋਹਣੇ ਤਰੀਕੇ ਨਾਲ ਨਿਭਾ ਰਹੀ ਹੈ ਆਸ ਕਰਦੇ ਹਾਂ ਇਹ ਲੜੀ ਜਾਰੀ ਰਹੇਗੀ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਆਬਾ ਕਬੱਡੀ ਲੀਗ ਅਤੇ ਵੱਡੀ ਕੁਸਤੀ ਦਾ ਮੁਕਾਬਲਾ 16 ਨੂੰ ਜੰਡਿਆਲਾ ਮੰਜਕੀ ਵਿਖੇ – ਜਤਿੰਦਰ ਜੌਹਲ
Next articleਐਸ ਐਸ ਪੀ ਕਪੂਰਥਲਾ ਸ਼ਾਨਦਾਰ ਸੇਵਾਵਾਂ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ ਐਵਾਰਡ ਨਾਲ ਅੱਜ ਹੋਣਗੇ ਸਨਮਾਨਿਤ