HOME ਚੇਤਨਾ ਤੇ ਚਿੰਤਨ ਦੀ ਸ਼ਾਇਰੀ: ਅੱਖਰਾਂ ਦੇ ਸਰਚਸ਼ਮੇਂ

ਚੇਤਨਾ ਤੇ ਚਿੰਤਨ ਦੀ ਸ਼ਾਇਰੀ: ਅੱਖਰਾਂ ਦੇ ਸਰਚਸ਼ਮੇਂ

3
ਡਾ. ਗਗਨਦੀਪ ਸਿੰਘ ਸੰਧੂ
ਮੋਬਾ. 7888512802
   (ਸਮਾਜ ਵੀਕਲੀ)   ਅਮਰੀਕੀ ਮਨੋਵਿਗਿਆਨੀ ਵਿਲੀਅਮ ਜੇਮਜ਼ ਮਨੁੱਖੀ ਵਿਵਹਾਰ ਅਤੇ ਉਸਦੇ ਸੰਸਕਾਰਾਂ ਉਪਰ ਕੰਮ ਕਰ ਰਿਹਾ ਸੀ। ਉਹ ਮਨੁੱਖੀ ਦੀ ਕੰਡੀਸ਼ਨਿੰਗ ਨੂੰ ਉਸਦੇ ਵਿਅਕਤੀਤਵ ਦੇ ਆਧਾਰ ਤੱਤ ਵਜੋਂ ਲੈ ਰਿਹਾ ਸੀ। ਉਸਦਾ ਮਤ ਸੀ ਕਿ ਮਨੁੱਖ ਇਕ ਕੰਡੀਸ਼ਨ ਉਪਰ ਫਸਿਆ ਉਸ ਵਿਚ ਹੀ ਕੈਦ ਹੋ ਜਾਂਦਾ ਹੈ। ਉਸ ਨੇ ਇਕ ਦਫ਼ਾ ਅਪਣੇ ਸੰਬੋਧਨ ਦੌਰਾਨ ਦੇਖਿਆ ਕਿ ਇਕ ਫੌਜੀ ਆਂਡਿਆਂ ਜੀ ਟਰੇਅ ਲੈ ਕਿ ਚੱਲਿਆ ਆ ਰਿਹਾ ਸੀ। ਉਸਨੇ ਆਪਣੇ ਕੰਡੀਸ਼ਨਿੰਗ ਦੇ ਸਿਧਾਂਤ ਨੂੰ ਸਿੱਧ ਕਰਨ ਲਈ ਇਸ ਨੂੰ ਇਕ ਮੌਕੇ ਵਜੋਂ ਲਿਆ ਅਤੇ ਜ਼ੋਰ ਨਾਲ ਚਿੱਲਾਇਆ, “ਅਟੈਨਸ਼ਨ!” ਉਹ ਫੌਜੀ ਆਂਡਿਆਂ ਦੀ ਟਰੇਅ ਛੱਡ ਕਿ ਅਟੈਨਸ਼ਨ ਖੜਾ ਹੋ ਗਿਆ। ਸਾਰੇ ਦੇ ਸਾਰੇ ਅੰਡੇ ਜ਼ਮੀਨ ਉਪਰ ਡਿੱਗ ਕੇ ਟੁੱਟ ਗਏ। ਉਹ ਫੌਜੀ ਉਸ ਉਪਰ ਗੁੱਸੇ ਹੋਇਆ ਕਿ ਉਸਨੇ ਅੰਡੇ ਤੁੜਵਾ ਦਿੱਤੇ ਹਨ। ਵਿਲੀਅਮ ਜੇਮਜ਼ ਨੇ ਕਿਹਾ ਕਿ ਉਸਨੇ ਤੈਨੂੰ ਹੀ ਤਾਂ ਅਟੈਨਸ਼ਨ ਹੋਣ ਲਈ ਨਹੀਂ ਕਿਹਾ, ਪਰ ਤੇਰੀ ਕੰਡੀਸ਼ਨ ਜਿਸ ਵਿਚ ਤੂੰ ਲਗਾਤਾਰ 30-35 ਸਾਲ ਤੋਂ ਵਿਚਰ ਰਿਹਾ ਏ ਉਸ ਦੇ ਬਦੌਲਤ ਹੀ ਇਹ ਸਭ ਹੋਇਆ ਹੈ। ਕੁਝ ਇਸ ਢੰਗ ਨਾਲ ਉਹ ਅਪਣੇ ਕੰਡੀਸ਼ਨਿੰਗ ਦੇ ਸਿਧਾਂਤ ਨੂੰ ਸਿੱਧ ਕਰਦਾ ਹੈ। ਇਸ ਪ੍ਰਸੰਗ ਨੂੰ ਸਿਰਜਣ ਦਾ ਮੇਰਾ ਮਨੋਰਥ ਇਹ ਹੈ ਕਿ ਰਾਮਪਾਲ ਸ਼ਾਹਪੁਰੀ ਦੀ ਕਾਵਿ ਪੁਸਤਕ ‘ਅੱਖਰਾਂ ਦੇ ਸਰਚਸ਼ਮੇਂ’ ਕੇਵਲ ਅਟੈਨਸ਼ਨ ਦੀ ਸ਼ਾਇਰੀ ਨਹੀਂ ਇੱਥੇ ਮੇਰਾ ਅਟੈਨਸ਼ਨ ਤੋਂ ਭਾਵ ਚੇਤਨਾ ਤੋਂ ਹੈ। ਉਹ ਅਪਣੇ ਆਲੇ-ਦੁਆਲੇ ਦੇ ਵਰਤਾਰਿਆਂ ਪ੍ਰਤੀ ਚੇਤਨ ਹੈ ਪਰ ਉਸਦੇ ਚੇਤਨਾ ਉਪਰ ਵਰਣਿਤ ਫੌਜੀ ਦੇ ਅਟੈਨਸ਼ਨ ਜਿਹੀ ਹੀ ਨਹੀਂ ਹੈ ਬਲਕਿ ਉਹ ਇਸ ਆਲੇ-ਦੁਆਲੇ ਪ੍ਰਤੀ ਚਿੰਤਨਸ਼ੀਲ ਵੀ ਹੈ। ਉਸਦੀ ਚੇਤਨਾ ਅਤੇ ਚਿੰਤਨ ਦੋਵੇਂ ਹੀ ਇਸ ਕਾਵਿ ਸੰਗ੍ਰਹਿ ਵਿਚੋਂ ਬਾਖੂਬੀ ਪਛਾਣੇ ਜਾ ਸਕਦੇ ਹਨ।
ਰਾਮਪਾਲ ਚੇਤਨਾ ਤੋਂ ਚਿੰਤਨ ਦੇ ਰਾਹਾਂ ਦਾ ਪਾਂਧੀ ਬਣ ਸਮਝ ਅਤੇ ਸੋਚ ਦੇ ਪ੍ਰਵਚਨਾਂ ਸੰਗ ਤਬਦੀਲੀ ਦੀ ਅਭੀਲਾਸ਼ਾ ਪਾਲਦਾ ਹੈ। ਉਸਦੀ ਕਾਵਿ ਪੁਸਤਕ ਅੱਖਰਾਂ ਦੇ ਸਰਚਸ਼ਮੇਂ ਅੱਖਰਾਂ ਤੋਂ ਸ਼ਬਦ, ਸ਼ਬਦਾਂ ਤੋਂ ਵਾਕ, ਵਾਕਾਂ ਤੋਂ ਵਾਰਤਾਲਾਪ ਤੱਕ ਦੇ ਪੰਧ ਦੀ ਲਖਾਇਕ ਬਣਦੀ ਹੈ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਰਾਹੀਂ ਹੀ ਉਹ ਅਪਣੇ ਪੁੱਤਰ ਜ਼ਿੰਦਗੀ ਦੀ ਲੜਾਈ ਲਈ ਜਿੱਤ-ਹਾਰ ਤੋਂ ਦੂਰ ਹੋ ਲੜਨ ਲਈ ਪ੍ਰੇਰਦਾ ਹੈ। ਇਕ ਤਰ੍ਹਾਂ ਨਾਲ ਉਹ ਉਸਨੂੰ ਅਪਣੀ ਚੇਤਨਾ ਅਤੇ ਚਿੰਤਨ ਦੀ ਹੀ ਜੋਤ ਨੂੰ ਜਗਦੀ ਰੱਖਣ ਵਾਲੇ ਦੇ ਰੂਪ ਵਿਚ ਚਿਤਵਦਾ ਹੈ। ਇਸੇ ਚੇਤਨਾ ਅਤੇ ਚਿੰਤਨ ਨੂੰ ਰਿੜਕਦਿਆਂ ਉਹ ‘ਤੀਸਰਾ ਨੇਤਰ’ ਕਵਿਤਾ ਦੀ ਲਿਖਦਾ ਹੈ। ਇਹ ਤੀਸਰਾ ਨੇਤਰ ਉਸਦੀ ਚੇਤਨਾ ਅਤੇ ਚਿੰਤਨ ਦੀ ਪ੍ਰੋੜਤਾ ਦਾ ਹਮਾਇਤੀ ਬਣਦਾ ਹੈ। ਆਲੇ-ਦੁਆਲੇ ਨੂੰ ਨਿਹਾਰਨਾ ਉਸਦੀ ਚੇਤਨਾ ਅਤੇ ਉਸ ਪ੍ਰਤੀ ਅੰਤਰੀਵੀ ਵਿਚਾਰ-ਵਿਮਰਸ਼ ਉਸਦੇ ਚਿੰਤਨ ਦਾ ਧੁਰਾ ਹੈ ਜਿਸਨੂੰ ਉਹ ਤੀਸਰੇ ਨੇਤਰ ਦੇ ਮੈਟਾਫਰ ਰਾਹੀਂ ਉਜਾਗਰ ਕਰਦਾ ਹੈ। ਉਦਹਾਰਨ ਵਜੋਂ ਕਵਿਤਾ ਦੀਆਂ ਉਪਰੋਕਤ ਸਤਰ੍ਹਾਂ ਨੂੰ ਲਿਆ ਜਾ ਸਕਦਾ ਹੈ:-
ਜਦੋਂ ਹੱਥ ਵਿਚ
ਦ੍ਰਿੜਤਾ ਦਾ ਕਮੰਡਲ ਫੜ
ਇਕੱਲਤਾ ਦੀ ਗੋਦ ’ਚ ਬੈਠਦਾ ਹੈ
ਤਾਂ ਉਸਨੂੰ
ਪਹਾੜ, ਸੂਰਜ, ਚੰਨ, ਸਿਤਾਰੇ
ਸਾਰੇ ਦੇ ਸਾਰੇ
ਇਕਾਂਤ ਹੰਢਾਉਂਦੇ ਲਗਦੇ
ਜੋ ਆਪਣੇ ਅੰਦਰ
ਸੰਭਾਵਨਾਵਾਂ ਦੇ ਅਨੇਕਾਂ ਸੋਮੇ
ਤੇ ਅਜਿਹੇ ਰੰਗ ਸਾਂਭੀ ਬੈਠੇ ਹਨ
ਜੋ ਦਿਖਾਈ ਦਿੰਦੇ ਨੇ
ਸਿਰਫ ਤੀਸਰੇ ਨੇਤਰ ਨਾਲ। (ਪੰਨਾ ਨੰ. 14
‘ਜੀਵਨ ਅੰਮ੍ਰਿਤ’, ‘ਯੁੱਗ ਦਾ ਜਨਮ’, ‘ਜੰਜ਼ੀਰਾਂ’, ‘ਮੇਰਾ ਜੀਵਨ’ ਆਦਿ ਕਵਿਤਾਵਾਂ ਇਸੇ ਪ੍ਰਸੰਗ ਅਧੀਨ ਵਿਚਾਰੀਆਂ ਜਾ ਸਕਦੀਆਂ ਕਾਵਿ ਸੰਗ੍ਰਹਿ ਧਿਆਨ ਖਿੱਚਦੀਆਂ ਖੂਬਸੂਰਤ ਕਵਿਤਾਵਾਂ ਹਨ ਜਿੰਨ੍ਹਾਂ ਵਿਚੋਂ ਉਸਦੇ ਜੀਵਨ, ਉਸਦੇ ਆਲੇ-ਦੁਆਲੇ ਪ੍ਰਤੀ ਚਿੰਤਨ ਅਤੇ ਚੇਤਨਾ ਨੂੰ ਭਲੀ-ਭਾਂਤ ਪਛਾਣਿਆ ਜਾ ਸਕਦਾ ਹੈ।
ਉਹ ਅਪਣੀ ਕਵਿਤਾ ਦੇ ਵਿਕਲੋਤਰੇਪਣ ਵਿਚੋਂ ਅਪਣੀ ਪਛਾਣ ਨੂੰ ਲੱਭਣ ਦਾ ਆਹਰ ਵਿਚ ਹੈ ਪਰ ਪੂੰਜੀਵਾਦ ਨੇ ਮਨੁੱਖ ਨੂੰ ਮਨੁੱਖਤਾ ਦੇ ਤੱਤ ਤੋਂ ਕੋਹਾਂ ਦੂਰ ਕਰ ਦਿੱਤਾ ਹੈ। ਇਹ ਪੂੰਜੀਵਾਦ ਦਾ ਕਰੂਰ ਯਥਾਰਥ ਹੈ ਕਿ ਇਸਨੇ ਕਿਰਦਾਰ ਨਾਲੋਂ ਨਕਾਬ ਦੀ ਅਹਿਮੀਅਤ ਵਿਚ ਵਾਧਾ ਕੀਤਾ ਹੈ। ਨਕਾਬ ਪਹਿਣੀ ਭਾਉਂਦੀ ਭੀੜ ਵਿਚੋਂ ਆਪਣਿਆਂ ਦੀ ਤਲਾਸ਼ ਨਾਲ ਹੀ ਵਿਅਕਤੀ ਦੇ ਸਵੈ ਦੀ ਤਲਾਸ਼ ਜੁੜੀ ਹੋਈ ਹੈ। ਨਕਾਬ ਨੂੰ ਕਿਰਦਾਰ ਦੇ ਇਵਜ਼ ਵਿਚ ਰੱਖ ਕੇ ਦੇਖਦਿਆਂ ਉਹ ਬੰਦੇ ਦੇ ਅਨੇਕਾਂ ਰੂਪਾਂ ਵੱਲ ਇਸ਼ਾਰਾ ਕਰਦਾ ਹੈ। ਲੋੜ ਅਨੁਸਾਰ ਹਰ ਇਨਸਾਨ ਅਪਣੇ ਚਿਹਰਾ ਬਦਲ ਰਿਹਾ ਹੈ। ਇਹਨਾਂ ਬਦਲਦੇ ਚਿਹਰਿਆਂ ਦੀ ਨਿਸ਼ਾਨਦੇਹੀ ਉਹ ਅਨੇਕਾਂ ਬੰਦਿਆਂ ਦੇ ਵਾਸ ਰਾਹੀ ਕਰਦਿਆਂ ਲਿਖਦਾ  ਹੈ:-
ਬੰਦੇ ਅੰਦਰ ਵਸਦੇ ਨੇ
ਅਨੇਕਾਂ ਬੰਦੇ
ਇਨ੍ਹਾਂ ਦੀ ਵੱਖਰੀ ਦੁਨੀਆਂ
ਤੇ ਵੱਖਰਾ ਸੁਭਾਅ ਏ। (ਪੰਨਾ ਨੰ. 28
ਇਸ ਕਵਿਤਾ ਦੇ ਸਮੁੱਚ ਨੂੰ ਦੇਖੀਏ ਤਾਂ ਉਸਦੀ ਸਵੈ ਤਲਾਸ਼ ਵਿਭਿੰਨ ਨਕਾਬਾਂ ਦੇ ਘੜਮੱਸ ਵਿਚ ਆਪੋ-ਅਪਣੀ ਡਫਲੀ ਅਤੇ ਆਪੋ-ਅਪਣੇ ਰਾਗ ਦੀ ਆਪਾ-ਧਾਪੀ ਅੰਤਰਗਤ ਹੀ ਗੁੰਮ ਜਾਂਦੀ ਹੈ। ਇਉਂ ਉਸਦਾ ਚਿੰਤਨ ਸਵੈ ਤੋਂ ਵਿਕਾਸ ਕਰਦਿਆਂ ਸਮਾਜਕ ਪ੍ਰਤੀਬੱਧਤਾ ਨਾਲ ਜਾ ਜੁੜਦਾ ਹੈ। ਬੇਚਾਰਗੀ, ਪਾਂਧੀ ਅਤੇ ਬਾਰਬੀ ਸੰਸਾਰ ਕਵਿਤਾਵਾਂ ਵੀ ਅਜਿਹੇ ਹੀ ਭਾਵਾਂ ਦੀਆਂ ਲਖਾਇਕ ਬਣਦੀਆਂ ਹਨ। ਜਿੱਥੇ ਬੇਚਾਰਗੀ ਮਨੁੱਖ ਦੀ ਨਿਰੰਤਰ ਵਧ ਰਹੀ ਬੇਗਾਨਗੀ, ਪਾਂਧੀ ਉਸਦੇ ਅਮੁੱਕ ਸਫ਼ਰ ਅਤੇ ਬਾਰਬੀ ਸੰਸਾਰ ਰਿਸ਼ਤਿਆਂ ਵਿਚੋਂ ਘਟਦੇ ਨਿੱਘ ਸਦਕਾ ਮਨਫ਼ੀ ਹੋ ਰਹੇ ਮਨੁੱਖੀ ਤੱਤ ਦੀ ਬਾਤ ਪਾਉਂਦੀਆਂ ਹਨ। ਇਸ ਸਾਰੀ ਪੜਚੋਲ ਦੀ ਕਸ਼ਮਕਸ਼ ਵਿਚੋਂ ਕਵੀ ਮਨ ਅੰਦਰੋਂ ਕਿਸੇ ਡੂੰਘੇ ਪਛਤਾਵੇ ਦੀ ਧੁਨੀ ਉਪਜਦੀ ਹੈ ਜਿਸ ਬਦੌਲਤ ਕਵੀ ਰਾਮਪਾਲ ਕਿਧਰੇ  ਗਮਗ਼ੀਨ ਵੀ ਹੁੰਦਾ ਹੈ ਪਰ ਜਲਦ ਹੀ ਉਹ ਸਵੈ ਹਸਤੀ ਦੀ ਮੁੜ ਸਥਾਪਤੀ ਲਈ ਯਤਨਸ਼ੀਲ ਹੋ ਜਾਂਦਾ ਹੈ। ਕਵੀ ਮਨ ਦੇ ਇਹ ਗਮ ਅਤੇ ਗੁਆਚੇ ਨਕਸ਼ਾਂ ਦੇ ਫਿਕਰ ਕਿਧਰੇ ਉਸਦੀ ਕਾਵਿ ਸੰਵੇਦਨਾ ਵਿਚ ਗਹਿਰੀ ਉਪਰਾਮਤਾ ਉਗਮਾਉਂਦੇ ਹਨ ਅਤੇ ਕਿਧਰੇ ਕਾਵਿ ਪੈਰਾਡਾਇਮ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕਰਦੇ ਹਨ।
ਰਾਮਪਾਲ ਸ਼ਾਹਪੁਰੀ ਦੇ ਇਸ ਤੋਂ ਪਹਿਲਾਂ ਦੋ ਕਾਵਿ ਸੰਗ੍ਰਹਿ ਕ੍ਰਮਵਾਰ ਗੁਲਦਸਤਾ (2008) ਅਤੇ ਮਲਾਲ (2012) ਪ੍ਰਕਾਸ਼ਿਤ ਹੋ ਚੁੱਕੇ ਹਨ। ਅਪਣੇ ਇਸ ਤੀਸਰੇ ਕਾਵਿ ਸੰਗ੍ਰਹਿ ਤੱਕ ਆਉਂਦਿਆਂ ਉਸ ਦੀ ਕਾਵਿ ਚੇਤਨਾ ਦੀ ਰੂਪਾਕਾਰਕ ਅਤੇ ਵਸਤੂ ਵਿਵੇਕ ਵਿਚ ਇਕ ਨਿੰਰਤਰ ਪ੍ਰਵਾਹ ਨੂੰ ਲੈ ਕਿ ਚੱਲਦਾ ਹੈ। ਜਿਸ ਤੋਂ ਇਹ ਗੱਲ ਵੀ ਸਹਿਜੇ ਹੀ ਸਪੱਸ਼ਟ ਹੁੰਦੀ ਹੈ ਕਿ ਉਹ ਆਪਣੇ ਕਾਵਿ ਸਫ਼ਰ ਦੇ ਇਸ ਪੜਾਅ ਤੱਕ ਅੱਪੜਦਿਆਂ ਕਿਸੇ ਖਾਸ ਚੇਤਨਾ ਅਤੇ ਚਿੰਤਨ ਬਿਰਤੀ ਨਾਲ ਜੁੜਿਆ ਹੋਇਆ ਹੈ। ਉਸਦੀ ਚਿੰਤਨ ਬਿਰਤੀ ਦੇ ਥੀਮ ਹੋਰ ਵੀ ਕਈ ਪਾਸਾਰਾਂ ਵੱਲ ਅਗਰਸਰ ਹੁੰਦੇ ਹਨ। ਜਿੰਨ੍ਹਾਂ ਅੰਤਰਗਤ ਉਹ ਪਰਵਾਸ ਦੇ ਸੰਕਲਪ ਨੂੰ ਵੀ ਅਪਣੇ ਚਿੰਤਨ ਦਾ ਆਧਾਰ ਬਣਾਉਂਦਿਆਂ ਪਰਵਾਸ ਨੂੰ ਬੇਗਾਨਗੀ ਦੇ ਜਨਕ ਵਜੋਂ ਲੈਂਦਾ ਹੈ। ਪਰਵਾਸ ਜਿੱਥੇ ਅੱਜ ਮਹਿਜ ਰੋਜੀ-ਰੋਟੀ ਤੋਂ ਅਗਾਂਹ ਲੰਘ ਇਕ ਫੈਸ਼ਨ ਵਜੋਂ ਸਾਹਵੇਂ ਆ ਰਿਹਾ ਹੈ ਓਥੇ ਮੇਜ਼ਬਾਨ ਮੁਲਕ ਅੰਦਰ ਅਪਣੀ ਜਨਮ ਭੋਇ ਪ੍ਰਤੀ ਪਰਵਾਸੀ ਦੀ ਮਨੋ-ਬਿਰਤੀ ਨੂੰ ਉਹ ਆਪਣੀ ਕਵਿਤਾ ਅੰਤਰਗਤ ਸ਼ਾਬਦਿਕ ਜਾਮਾ ਪਹਿਨਾਉਂਦਾ ਹੈ। ਪਰਵਾਸ ਦੌਰਾਨ ਉਹ ਬੇਗਾਨਗੀ ਬੋਗਦਾ ਮੂਲ ਭੋਇ ਦੀਆਂ ਯਾਦਾਂ ਨੂੰਆਵਾਜ਼ਾਂ ਦੇ ਰੂਪ ਵਜੋਂ ਸੁਣਦਾ ਹੈ।
ਸੋਨੇ ਦੀ ਚਿੜੀ ਕਿਹਾ ਜਾਂਦਾ, ਭਰਵੇਂ ਜੁੱਸਿਆਂ ਵਾਲੇ ਗੱਭਰੂਆਂ ਵਾਲਾ ਪੰਜਾਬ ਜੋ ਕਦੇ ਬਹਾਦਰੀ ਦਾ ਲਖਾਇਕ ਹੋਇਆ ਕਰਦਾ ਸੀ ਅੱਜ ਨਸ਼ਿਆਂ ਦੀ ਦਲਦਲ ਵਿਚ ਗਲਤਾਨ ਹੈ। ਨਸ਼ਿਆਂ ਦਾ ਇਕ ਦਰਿਆ ਵਹਿ ਤੁਰਿਆ ਹੈ ਜਿਸ ਅੰਦਰ ਨਿੱਤ-ਰੋਜ ਕਿੰਨੇ ਹੀ ਨੌਜਵਾਨ ਮੌਤ ਦੇ ਮੂੰਹ ਜਾ ਡਿੱਗਦੇ ਹਨ। ਚਿੱਟਾ ਜਿਸ ਨੂੰ ਮੌਤ ਦਾ ਹੀ ਦੂਸਰਾ ਨਾਮ ਤਸੱਵਰ ਕੀਤਾ ਜਾ ਰਿਹਾ ਹੈ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਬਾਰੇ ਹੋਰ ਵੀ ਵੱਡੇ ਪੱਧਰ ਉਪਰ ਕਾਰਜਸ਼ੀਲ ਹੈ। ਅਧਿਆਪਨ ਦੇ ਕਿੱਤੇ ਨਾਲ ਵਾ-ਬਾਸਤਾ ਰਾਮਪਾਲ ਸ਼ਾਹਪੁਰੀ ਚਿੱਟੇ ਨਾਲ ਹੋ ਰਹੀਆਂ ਮੌਤਾਂ ਨੂੰ ਅਪਣੇ ਚਿੰਤਨ ਦਾ ਆਧਾਰ ਬਣਾਉਂਦਿਆਂ ਪਿੰਡ ਦੀ ਖੁੰਢ ਚਰਚਾ ਨੂੰ ਅਪਣੀ ਕਵਿਤਾ ਦਾ ਕਥਾ ਵਿਵੇਕ ਬਣਾਉਂਦਾ ਹੈ। ਉਹ ਚਿੱਟੇ ਦਾ ਕਹਿਰ ਦੁਆਰਾ ਖੋਹ ਲਈਆਂ ਚੇਹਰਿਆਂ ਦੀਆਂ ਲਾਲੀਆਂ ਦਾ ਜ਼ਿਕਰ ਇਸ ਪ੍ਰਕਾਰ ਕਰਦਾ ਹੈ:-
ਚਿੱਟੇ ਦਾ ਡੰਗ ਨੇ
ਇਹਨਾਂ ਦੇ
ਚਿਹਰਿਆਂ ਦਾ ਰੰਗ
ਜਾਮੁਨੀ ਤੋਂ
ਨੀਲਾ ਕਰ ਦਿੱਤਾ ਏ। (ਪੰਨਾ ਨੰ. 40)
ਉਪਰਲੀ ਪ੍ਰਸੰਗ ਅਧੀਨ ਕਵਿਤਾ ਰਾਹੀਂ ਜਿੱਥੇ ਉਹ ਕਾਵਿ ਵਿਵੇਕ ਦਾ ਰੁਖ ਪਿੰਡ ਦੀ ਸੱਥ ਵੱਲ ਕਰਦਾ ਹੈ ਉਥੇ ਉਹ ਕਾਵਿ ਸੰਗ੍ਰਹਿ ਵਿਚ ਇਸ ਤੋਂ ਅਗਲੀ ਹੀ ਕਵਿਤਾ ਜ਼ਰੀਏ ਪਿੰਡ ਦੀ ਦ੍ਰਿਸ਼ ਨੱਕਾਸੀ ਕਰਦਾ ਹੈ। ਪਿੰਡ ਦੇ ਦ੍ਰਿਸ਼ਾਂ ਦਾ ਵਰਣਨ ਉਹ ਪਿੰਡ ਛੱਡ ਕਿ ਬੇਗਾਨਗੀ ਭੋਗਦੇ ਪਰਵਾਸੀ ਜੋ ਕਿਧਰੇ ਅਪਣੇ ਹੀ ਮੁਲਕ ਅਤੇ ਕਿਧਰੇ ਬੇਗਾਨੇ ਮੁਲਕ ਦੇ ਸੰਦਰਭ ਵਿਚ ਨਜ਼ਰ ਆਉਂਦੀ ਹੈ। ਜਿਵੇਂ ਕਿ ਉਸਦੇ ਕਾਵਿ ਚਿੰਤਨ ਬਾਰੇ ਪਹਿਲਾਂ ਹੀ ਗੱਲ ਚੱਲ ਰਹੀ ਹੈ ਕਿ ਉਹ ਇਸ ਕਾਵਿ ਪੈਰਾਡਾਇਮ ਜ਼ਰੀਏ ਇਕ ਨਿਰੰਤਰ ਤਲਾਸ਼ ਵਿਚ ਵਿਚਰ ਰਿਹਾ ਹੈ। ਇੱਥੇ ਆ ਉਸਦੀ ਤਲਾਸ਼ ਸਿੱਧੇ ਰੂਪ ਵਿਚ ਸਵੈ ਨੂੰ ਪ੍ਰਣਾਉਂਦੀ ਹੈ। ਸਵੈ ਦੀ ਤਲਾਸ਼ ਸਵੈ-ਅਵਲੋਕਨ ਵੱਲ ਅਗਰਸਰ ਹੁੰਦੀ ਹੈ। ਉਸਦਾ ਸਵੈ-ਅਵਲੋਕਨ ਪਿੰਡ ਛੱਡ ਕਿ ਪਿੰਡ ਦੁਆਰਾ ਉਸਨੂੰ ਭੁਲਾਏ ਜਾਣ ਵਿਚ ਨਿਹਿਤ ਨਜ਼ਰ ਆਉਂਦਾ ਹੈ। ਉਹ ਪਿੰਡ ਦੀਆਂ ਗਲੀਆਂ, ਯਾਰਾਂ-ਦੋਸਤਾਂ, ਬਾਬਿਆਂ ਆਦਿ ਦੁਆਰਾ ਉਸ ਦੇ ਚਿਹਰੇ ਨੂੰ ਲੈ ਕਿ ਅਣਜਾਣ ਹੋਣ ਵਿਚੋਂ ਇਕ ਦਰਦ ਦੇ ਰੂਪ ਵਿਚ ਦ੍ਰਿਸ਼ਮਾਨ ਹੁੰਦਾ ਹੈ। ਉਹ ਲਿਖਦਾ ਹੈ:-
ਪਿੰਡ ਦੀ ਹਰ ਗਲੀ
ਹਰ ਮੋੜ
ਹਰ ਉਹ ਥਾਂ
ਜਿੱਥੇ ਖੇਡਦਿਆਂ
ਬਚਪਨ ਗੁਜ਼ਾਰਿਆ
ਬੱਚੇ, ਦੋਸਤ, ਬਾਬੇ, ਮਾਈਆਂ
ਜੋ ਸਿਰ ਪਲੋਸ ਕੇ
ਅਸੀਸਾਂ ਦਿੰਦੀਆਂ ਨਹੀਂ ਥੱਕਦੀਆਂ ਸਨ
ਸਭ ਮੇਰਿਆਂ ਚੇਤਿਆਂ ਚ ਵਸਦੇ ਨੇ
ਪਰ ਇਨ੍ਹਾਂ ਸਭ ਦੇ ਚੇਤਿਆਂ ਵਿਚੋਂ
ਮੈਂ ਮਨਫ਼ੀ ਹਾਂ। ( ਪੰਨਾ ਨੰ. 41
ਰਾਮਪਾਲ ਸ਼ਾਹਪੁਰੀ ਦੀ ਕਵਿਤਾ ਦਾ ਅਗਲਾ ਪਾਸਾਰ ਇਤਿਹਾਸਕ ਅਤੇ ਮਿਥਿਹਾਸਕ ਚੇਤਨਾ ਅਤੇ ਚਿੰਤਨ ਦਾ ਹੈ ਜਿਸ ਜ਼ਰੀਏ ਉਹ ਵਿਸ਼ਵ-ਮਨੁੱਖ ਨੂੰ ਮੁਖਾਤਿਬ ਹੁੰਦਾ ਹੈ। ਜਿਵੇ ਨਵ-ਇਤਿਹਾਸਵਾਦ ਅੰਤਰਗਤ ਦੇਖਦੇ ਹਾਂ ਕਿ, “ਐਂਟੀ-ਐਨਲਾਈਨਮੈਂਟ ਇਤਿਹਾਸਵਾਦ ਦੋ ਗੱਲਾਂ ਉਪਰ ਕੇਂਦਰਿਤ ਹੁੰਦਾ ਹੈ। ਪਹਿਲੀ, ਉਹ ਕਿਸੇ ਵੀ ਦਾਰਸ਼ਨਿਕ ਜਾਂ ਕਿਸੇ ਵੀ ਹੋਰ ਕਥਨ ਨੂੰ ਉਸਦੇ ਇਤਿਹਾਸਕ ਸੰਦਰਭ ਵਿਚ ਰੱਖ ਕੇ ਦੇਖਦਾ ਹੈ।  ਦੂਜੇ ਪਾਸੇ ਇਹ ਕਿਸੇ ਖਾਸ ਕਾਲ ਦੀ ਲਿਖਤ ਵਿਚੋਂ ਉੱਭਰ ਕੇ ਆ ਰਹੇ ਹਿੱਤਾਂ ਅਤੇ ਵਿਰੋਧਤਾਵਾਂ ਦੀ ਛਾਣ-ਬੀਣ ਕਰਦਾ ਹੈ ਜਿਸ ਕਾਲ ਵਿਚ ਉਹ ਲਿਖਤ ਲਿਖੀ ਗਈ ਸੀ।” (ਡਾ, ਰਵਿੰਦਰ ਕੁਮਾਰ. ਔਰਤ ਤੇ ਦਲਿਤ ਹਾਸ਼ੀਆਗਤ ਪ੍ਰਵਚਨ: ਨਵ ਇਤਿਹਾਸਵਾਦੀ ਪਰਿਪੇਖ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2005, ਪੰਨਾ ਨੰ. 63) ਇਸੇ ਮੂਜਬ ਰਾਮਪਾਲ ਦੀ ਕਵਿਤਾ ‘ਵਰ’ ਨੂੰ ਵਿਚਾਰਦਿਆਂ ਪਾਉਂਦੇ ਹਾਂ ਕਿ ਉਹ ਆਪਣੀ ਚੇਤਨਾ ਅਤੇ ਚਿੰਤਨ ਨੂੰ ਨਵ-ਇਤਿਹਾਸਵਾਦੀ ਦ੍ਰਿਸ਼ਟੀ ਰਾਹੀਂ ਖਗੋਲਦਿਆਂ ਮਹਾਤਮਾ ਬੁੱਧ ਦੇ ਜੀਵਨ ਪ੍ਰਸੰਗ ਰਾਹੀਂ ਮਿਆਰਾਜ ਦੀ ਰਾਤ ਦੇ ਅਨੁਭਵ ਤੱਕ ਅੱਪੜਦਾ ਹੈ। ਇੱਥੇ ਉਹ ਦੋ ਵੱਖੋ-ਵੱਖਰੇ ਧਰਮਾਂ ਅਤੇ ਫਿਲਾਸਫੀਆਂ ਦੀ ਮਨੋਰਥ ਸਿੱਧੀ ਵੱਲ ਅਗਰਸਰ ਹੁੰਦਾ ਹੈ। ਇਉਂ ਉਸਦੀ ਚੇਤਨਾ ਭਾਰਤ ਦੇ ਬਹੁ-ਸਭਿਆਚਾਰਕ ਅਤੇ ਲੋਕਤੰਤਰੀ ਨਿਜ਼ਾਮੀ ਤਸਵੀਰ ਦੀ ਦ੍ਰਸ਼ਟਾ ਬਣਦੀ ਹੈ। ਮਸਲਨ, ਇਹਨਾਂ ਕਾਵਿ ਪੰਕਤੀਆਂ ਨੂੰ ਉਪਰੋਕਤ ਨੁਕਤਾ-ਨਿਗਾਹ ਦੀ ਸਿੱਧੀ ਲਈ ਵਰਤਿਆ ਜਾ ਸਕਦਾ ਹੈ:-
ਬੁੱਧ ਦੇ ਬੁੱਲ਼੍ਹਾਂ ਦੀ
ਮੁਸਕਰਾਹਟ
ਸਦੀਵੀ ਸੱਚ ਦੇ
ਸੁੱਚੇ ਅਰਥ ਦੱਸਦੀ
ਪੀੜਾਂ ਦੇ ਅਸਗਾਹ ਸਾਗਰ ਨੂੰ
ਡੀਕ ਲਾ ਕੇ ਪੀ ਜਾਂਦੀ
ਤੇ ਚੁਫੇਰੇ ਫੈਲਿਆ
ਮਖਮਲੀ ਹਨ੍ਹੇਰਾ
ਬਦਲ ਜਾਂਦਾ
ਮਿਆਰਾਜ ਦੀ ਰਾਤ ਚ। (ਪੰਨਾ ਨੰ. 45-46)
ਇਉਂ ਉਹ ਇਤਿਹਾਸ ਅਤੇ ਮਿਥਿਹਾਸ ਨੂੰ ਸੁਚੇਤ ਤੌਰ ’ਤੇ ਅਪਣੀ ਕਾਵਿ ਸਾਧਨਾ ਦਾ ਪ੍ਰੇਰਣਾ ਸ੍ਰੋਤ ਬਣਾਉਂਦਿਆਂ ਸਮੂਹਿਕ ਚੇਤਨਾ ਦੀ ਕਾਵਿ ਸਿਰਜਣਾ ਕਰਦਾ ਹੈ। ਇਤਿਹਾਸਕ ਅਤੇ ਮਿਥਿਹਾਸਕ ਪ੍ਰਸੰਗਾਂ ਨੂੰ ਲੈ ਕਿ ਖੰਘਾਲਣ ਦਾ ਇਹ ਕਾਰਜ ਕਾਵਿ ਜਗਤ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਰਾਮਪਾਲ ਇਸ ਕਾਰਜ  ਲਈ ਮੁਬਾਰਕ ਦਾ ਪਾਤਰ ਹੈ। ਇਸੇ ਤਰ੍ਹਾਂ ‘ਲਲਕ’, ‘ਜੀਵਨ ਦਾ ਆਲੇਖ’, ‘ਸਸੀਅਰ’, ‘ਆਵੇਗੀ ਉਤਸੁਕਤਾ’ ਕਵਿਤਾਵਾਂ ਵੀ ਅਜਿਹੇ ਹੀ ਪ੍ਰਸੰਗਾਂ ਦੀਆਂ ਧਾਰਨੀ ਹਨ।
ਸਮਾਜ ਮਨੁੱਖ ਸਿਰਜਿਤ ਹੈ ਅਤੇ ਇਸੇ ਸਮਾਜ ਵਿਚ ਵਿਚਰਦਿਆਂ ਮਨੁੱਖ ਸਮਾਜਿਕ ਕਦਰਾਂ-ਕੀਮਤਾਂ ਅਤੇ ਰਹੁ-ਰੀਤਾਂ ਦੀ ਸਿਰਜਣਾ ਕਰਦਾ ਹੈ। ਇਸੇ ਸੰਦਰਭ ਵਿਚ ਟੀ. ਆਰ. ਵਿਨੋਦ ਲਿਖਦੇ ਹਨ, “ਮਨੁੱਖ ਦੇ ਕੁਦਰਤੀ ਵਿਅਕਤੀਤਵ ਦਾ ਸਮਾਜੀਕਰਣ ਕਰਨ ਲਈ ਸਮਾਜ ਜੋ ਰਿਸ਼ਤੇ, ਸੰਸਥਾਵਾਂ ਅਤੇ ਕਦਰਾਂ ਅਤੇ ਰਹੁ-ਰੀਤਾਂ ਸਿਰਜਦਾ ਹੈ ਉਹ ਸਭ ਮਨੁੱਖੀ ਮਾਨਸਿਕਤਾ ਦੇ ਉਤਪਾਦਨ ਅੰਤਰਗਤ ਸ਼ਾਮਿਲ ਕੀਤੇ ਜਾਂਦੇ ਹਨ। ਸਮਾਜੀਕਰਣ ਦੀ ਪ੍ਰਕਿਰਿਆ ਦੋ ਦੌਰਾਨ ਮਨੁੱਖ ਦੀਆਂ ਮੂਲ ਪ੍ਰਵਿਰਤੀਆੰ ਜੋ ਰੂਪ ਧਾਰਨ ਕਰਦੀਆਂ ਹਨ ਉਹਨਾਂ ਨੂੰ ਸੰਸਕਾਰ ਅਤੇ ਰਹੁ-ਰੀਤਾਂ ਕਿਹਾ ਜਾਂਦਾ ਹੈ ਅਤੇ ਇਹ ਮਨੁੱਖੀ ਮਾਨਸਿਕਤਾ ਦਾ ਹੀ ਉਤਪਾਦਨ ਹਨ।” (ਡਾ. ਟੀ. ਆਰ, ਵਿਨੋਦ, ਸੰਸਕ੍ਰਿਤੀ .ਸਿਧਾਂਤ ਅਤੇ ਵਿਹਾਰ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2004, ਪੰਨਾ ਨੰ. 34) ਇਸ ਤਰ੍ਹਾਂ ਜਦੋਂ ਰਾਮਪਾਲ ਪੇਂਡੂ ਰਹਿਤਲ ਨੂੰ ਪ੍ਰਣਾਈਆਂ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ ਤਾਂ ਉਹ ਰਹੁ-ਰੀਤਾਂ ਨੂੰ ਆਪਣੇ ਕਾਵਿ-ਪੈਰਾਡਾਇਮ ਦਾ ਹਿੱਸਾ ਬਣਾਉਂਦਾ ਹੈ। ਉਹ ਪਿੰਡ ਛੱਡ ਸ਼ਹਿਰੀ ਜੀਵਨ ਵਿਚ ਵਿਚਰਨ ਅਤੇ ਪਿੱਛੇ ਰਹਿ ਗਏ ਪਿੰਡ ਪ੍ਰਤੀ ਉਦਰੇਵਿਆਂ ਦੀ ਨਿਸ਼ਾਨਦੇਹੀ ਅਪਣੀ ਕਵਿਤਾ ਅੰਤਰਗਤ ਕਰਦਾ ਹੈ। ਅਪਣੀ ਮੂਲ ਪੰਜਾਬੀ ਸਭਿਆਚਾਰਕ ਰਹਿਤਲ ਦੇ ਮੁਜੱਸਮੇ ਨੂੰ ਰਹੁ-ਰੀਤਾਂ ਦੇ ਲਾਜ਼ਮੀਕਰਣ ਵਿਚੋਂ ਪਛਾਣਦਾ ਹੈ। ਉਹ ਮਨੁੱਖੀ ਜਨ-ਜੀਵਨ ਵਿਚ ਉਸਦੀਆਂ ਮੂਲ ਸਭਿਆਚਾਰਕ ਰਹਿਤਲ ਦੀਆਂ ਰਹੁ-ਰੀਤਾਂ ਪ੍ਰਤੀ ਜਾਗਰੁਕ ਹੈ ਅਤੇ ਇਹਨਾਂ ਦੀ ਅਹਿਮੀਅਤ ਪ੍ਰਤੀ ਚਿੰਤਨਸ਼ੀਲ ਵੀ ਹੈ। ਉਸਦਾ ਇਹ ਚਿੰਤਨ ਰਹੁ-ਰੀਤਾਂ ਦੇ ਲਾਜ਼ਮੀਕਰਣ ਉਪਰ ਟਿਕਿਆ ਉਹਨਾਂ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ। ਮਸਲਨ:-
ਢਾਲ ਬਣੀਆਂ
ਰਹੁ-ਰੀਤਾਂ
ਦੁੱਖ ਦੀਆਂ ਘੜੀਆਂ ਚੋਂ
ਨਿਕਲਣ ਲਈ
ਚਿੰਤਾਵਾਂ ਤੋਂ ਮੁਕਤੀ ਲਈ
ਲੋਕਾਂ ਅੰਦਰ
ਨਵੀਂ ਊਰਜਾ ਭਰਦੀਆਂ
ਤੇ ਲੋਕ ਜਿੱਤ ਜਾਂਦੇ
ਮੁਸ਼ਿਕਲਾਂ ਦੇ ਕਿਲੇ। (ਪੰਨਾ ਨੰ. 51)
ਇਉਂ ਉਸ ਮੂਜਬ ਇਹ ਰਹੁ-ਰੀਤਾਂ ਜੀਵਨ ਦੀ ਆਧਾਰਸ਼ਿਲਾ ਹੁੰਦੀਆਂ ਹਨ ਅਤੇ ਮਨੁੱਖ ਅੰਦਰ ਇਕ ਨਵੀਂ ਸਾਕਾਰਾਤਮਕ ਊਰਜਾ ਦਾ ਰੂਪਾਂਤਰਣ ਕਰਦੀਆਂ ਹਨ। ਇਹਨਾਂ ਆਸਰਾ ਦੁਸ਼ਵਾਰੀਆਂ ਅਤੇ ਮੁਸ਼ਕਿਲਾਂ ਦੇ ਕਿਲੇ ਸਰ ਕਰ ਲਏ ਜਾਂਦੇ ਹਨ। ਸਭਿਆਚਾਰਕ ਰਹਿਤਲ ਨੂੰ ਪ੍ਰਣਾਈਆਂ ਕਵਿਤਾਵਾਂ ਅੰਤਰਗਤ ‘ਘਾਟਾਂ’ ਇਕ ਹੋਰ ਮਹੱਤਵਪੂਰਨ ਕਵਿਤਾ ਹੈ।
  ਰਾਮਪਾਲ ਸ਼ਾਹਪੁਰੀ ਦੀ ਕਵਿਤਾ ਅੰਤਰਗਤ ਮਨੁੱਖੀ ਹੋਂਦ ਬਾਰੇ ਸਵਾਲਾਂ ਦੇ ਰੂ-ਬ-ਰੂ ਕਰਵਾਇਆ ਗਿਆ ਹੈ। ਮਨੁੱਖੀ ਹੋਂਦ ਨੂੰ ਲੈ ਕਿ ਅਨੇਕਾਂ ਹੀ ਕਾਵਿ-ਟੈਕਸਟ ਸਾਹਮਣੇ ਆਏ ਹਨ ਪਰ ਉਹਨਾਂ ਵਿਚੋਂ ਰਾਮਪਾਲ ਦੀ ਖੂਬਸੂਰਤੀ ਇਸ ਗੱਲ ਵਿਚ ਨਿਹਿਤ ਹੈ ਕਿ ਉਹ ਜਿਸ ਢੰਗ ਨਾਲ ਸਵਾਲ ਖੜ੍ਹਾ ਕਰਦਾ ਹੈ ਓਸੇ ਖੂਬਸੂਰਤ ਲਹਿਜੇ ਵਿਚ ਉਸਦਾ ਜਵਾਬ ਵੀ ਦਿੰਦਾ ਹੈ। ਇਹਨਾਂ ਸਵਾਲਾਂ ਦੇ ਰੂ-ਬ-ਰੂ ਉਹ ਅਪਣੀ ਕਵਿਤਾ ਵਿਚ ਥਾਂ-ਪੁਰ-ਥਾਂ ਹੁੰਦਾ ਰਹਿੰਦਾ ਹੈ। ਮਸਲਨ:-
ਮੁਆਹਿਦ ਨਹੀਂ
ਆਪਣੇ ਆਪ ਪ੍ਰਤੀ
ਅਸੀਂ ਭਿਆਣੇਪਣ ਤੋਂ ਦੂਰ ਹੋ
ਧੁਖ ਰਹੇ ਹਾਂ
ਬਿਨਾਂ ਤੇਲ ਦੇ
ਦੀਵੇ ਵਾਂਗ। (ਪੰਨਾ ਨੰ. 63)
ਅੱਗੇ ਤੋਂ ਅੱਗੇ
ਵਧਣ ਦੀ ਲਾਲਸਾ ਨੇ
ਸਾਨੂੰ ਬਿਠਾ ਦਿੱਤਾ
ਗਲਤੀਆਂ ਦੇ ਉਸ ਕੰਢੰ
ਜਿੱਥੋਂ ਵਹਿੰਦੇ ਨੇ
ਸਿਰਫ਼ ਦੁੱਖਾਂ ਦੇ ਕਾਫਲੇ। (ਪੰਨਾ ਨੰ. 72)
ਇਉਂ ਉਹ ਇਥੇ ਲੁਕਵੇਂ ਸਵਾਲ ਦਾ ਜਵਾਬ ਕਵਿਤਾ ਵਿਚਲੀ ਚੁੱਪ ਜ਼ਰੀਏ ਦਿੰਦਾ ਹੈ। ਇਹਨਾਂ ਕਵਿਤਾਵਾਂ ਤੋਂ ਇਲਾਵਾ ਜ਼ਿੰਦਗੀ, ਅਕੇਵੇਂ, ਪੈਂਡਲੂਮ, ਬੰਦੇ ਦਾ ਇਖ਼ਲਾਕ, ਮਿੱਟੀ ਦੇ ਲੋਕ ਆਦਿ ਕਵਿਤਾਵਾਂ ਵੀ ਅਜਿਹੇ ਹੀ ਪਾਸਾਰਾਂ ਨੂੰ ਅਪਣੇ ਅੰਦਰ ਸਮੋਈ ਬੈਠੀਆਂ ਹਨ।
ਇਹ ਮਜ਼ਮੂਨ ਉਸਦੀ ਕਵਿਤਾ ਦੀ ਚੇਤਨਾ ਅਤੇ ਚਿੰਤਨ ਉਪਰ ਅਧਾਰਿਤ ਰਿਹਾ ਹੈ। ਜਦੋਂ ਉਸਦੀ ਚੇਤਨਾ ਅਤੇ ਚਿੰਤਨ ਦੀ ਗੱਲ ਕਰਦੇ ਹਾਂ ਤਾਂ ਕਾਵਿ ਸੰਗ੍ਰਹਿ ਪੜ੍ਹਨ ਤੋਂ ਪਹਿਲਾਂ ਹੀ ਧਿਆਨ ਕਾਵਿ ਸੰਗ੍ਰਹਿ ਦੇ ਸਿਰਲੇਖ ‘ਅੱਖਰਾਂ ਦੇ ਸਰਚਸ਼ਮੇਂ’ ਉਪਰ ਪੈਂਦਾ ਹੈ ਜਿੱਥੋਂ ਉਸਦੀ ਸ਼ਬਦ ਚੋਣ ਦੀ ਗੰਭੀਰਤਾ ਵੀ ਸਾਡੇ ਸਾਹਵੇਂ ਉਜਾਗਰ ਹੁੰਦੀ ਹੈ। ਇਹ ਸ਼ਬਦ ਚੋਣ ਕੇਵਲ ਉਸਦੇ ਕਾਵਿ ਸੰਗ੍ਰਹਿ ਦੇ ਸਿਰਲੇਖ ਤੱਕ ਹੀ ਮਹਿਦੂਦ ਨਹੀਂ ਹੈ ਬਲਕਿ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਸਿਰਲੇਖਾਂ ਅੰਤਰਗਤ ਤਾਂ ਦੇਖਦੇ ਹੀ ਹਾਂ ਅਤੇ ਨਾਲ ਹੀ ਨਾਲ ਅਜਿਹੇ ਸ਼ਬਦਾਂ ਦੀ ਵਰਤੋਂ ਇਹਨਾਂ ਕਵਿਤਾਵਾਂ ਅੰਤਰਗਤ ਵਿਭਿੰਨ ਪ੍ਰਸੰਗਾਂ ਰਾਹੀਂ ਹੋਈ ਦੇਖਦੇ ਹਾਂ। ਬੇਸ਼ੱਕ ਇਹ ਸ਼ਬਦ ਚੋਣ ਕਵਿਤਾ ਅਤੇ ਪਾਠਕ ਜਾਂ ਸ੍ਰੋਤੇ ਵਿਚਕਾਰ ਸੰਚਾਰ ਵਿਚ ਅੜਚਣ ਦੇ ਰੂਪ ਵਿਚ ਸਾਹਮਣੇ ਆ ਸਕਦੀ ਹੈ ਪਰ ਜਦੋਂ ਉਹ ਕਵਿਤਾ ਦੇ ਅੰਤ ਉਪਰ ਅਜਿਹੇ ਸ਼ਬਦਾਂ ਦੇ ਸਰਲ ਅਰਥ ਦਰਜ ਕਰਦਾ ਹੈ ਤਾਂ ਇਹ ਅੜਚਨ ਨੂੰ ਕਾਫੀ ਹੱਦ ਤੱਕ ਦੂਰ ਕਰ ਦਿੰਦਾ ਹੈ। ਇਉਂ ਉਹ ਇਹ ਵੀ ਸਿੱਧ ਕਰਦਾ ਹੈ ਕਿ ਉਹ ਇਹਨਾਂ ਸ਼ਬਦਾਂ ਦੀ ਵਰਤੋਂ ਪ੍ਰਤੀ ਪੂਰਨ ਰੂਪ ਵਿਚ ਚੇਤੰਨ ਹੈ। ਉਸ ਦੁਆਰਾ ਵਰਤੇ ਗਏ ਅਜਿਹੇ ਸ਼ਬਦ ਕੁਝ ਇਸ ਤਰ੍ਹਾਂ ਹਨ:-  ਮੁਆਹਿਦ – ਵਚਨਬੱਧ, ਨਫ਼ਾਸਤ – ਚੰਗੇ ਹੋਣ ਦਾ ਭਾਵ, ਸੁਖ਼ਨਵਰ –ਰਚਨਾਕਾਰ, ਖ਼ਸਲਤ – ਆਦਤ, ਸ਼ਾਦਾਬ – ਸੱਜਰੇ, ਮਫ਼ਰੂਰ – ਭਗੌੜਾ, ਉਤਕੰਟਕ – ਕਰੜੇ ਕੰਡੇ, ਆਜਜ਼ – ਨਿਮਰ, ਮਖ਼ਮੂਰ – ਨਸ਼ੇ ਵਿਚ ਚੂਰ, ਪਟਤਰ – ਬਰਾਬਰ, ਠਸਕੀ – ਅਭਿਮਾਨੀ, ਖ਼ਿਲਅਤ – ਪੁਸ਼ਾਕ, ਸਈਆਹ – ਸਫ਼ਰ ਕਰਨ ਵਾਲਾ ਆਦਿ ਅਨੇਕਾਂ ਹੀ ਅਜਿਹੇ ਸ਼ਬਦ ਹਨ ਜਿੰਨ੍ਹਾਂ ਨੂੰ ਉਹ ਲੋੜ ਅਨੁਸਾਰ ਕਵਿਤਾ ਦੇ ਅੰਤ ਉਪਰ ਸਰਲ ਅਰਥਾਂ ਸਹਿਤ ਦਰਜ ਵੀ ਕਰਦਾ ਹੈ।
ਜਿਵੇਂ ਪਹਿਲਾਂ ਜ਼ਿਕਰ ਕੀਤਾ ਗਿਆ ਹੈ ਕਿ ਉਹ ਰਾਮਪਾਲ ਸ਼ਾਹਪੁਰੀ ਦਾ ਤੀਸਰਾ ਕਾਵਿ ਸੰਗ੍ਰਹਿ ਹੈ। ਕਵਿਤਾ ਤੋਂ ਇਲਾਵਾ ਉਸਦੀਆਂ ਤਿੰਨ ਆਲੋਚਨਾ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਉਂ ਉਹ ਪੰਜਾਬੀ ਕਾਵਿ ਜਗਤ ਵਿਚ ਹੀ ਨਹੀਂ ਬਲਕਿ ਆਲੋਚਨਾ ਜਗਤ ਵਿਚ ਵੀ ਜਾਣਿਆ ਜਾਂਦਾ ਹਸਤਾਖਰ ਹੈ। ਕਾਵਿ ਕਰਮ ਦੇ ਰਾਹ ਤੁਰਦਿਆਂ ਉਸਦੇ ਕਾਵਿ ਨੇ ਨਵੀਆਂ ਪੁਲਾਘਾਂ ਪੁੱਟੀਆਂ ਹਨ। ਉਸਦੀ ਕਵਿਤਾ ਨਿਰੰਤਰ ਵਿਕਾਸ ਕਰ ਰਹੀ ਹੈ। ਇਸ ਤੱਥ ਨੂੰ ਉਸਦੇ ਇਸੇ ਕਾਵਿ ਸੰਗ੍ਰਹਿ ਰਾਹੀਂ ਵੀ ਜਾਣਿਆ ਜਾ ਸਕਦਾ ਹੈ। ਜਿਵੇਂ ਡਾ. ਗੁਰਦੀਸ਼ ਕੌਰ ਕਾਵਿ ਸੰਗ੍ਰਹਿ ਦੇ ਮੁੱਖ ਬੰਦ ਵਿਚ ਲਿਖਦੇ ਹਨ ਕਿ, “ਅੱਖਰਾਂ ਦੇ ਸਰਚਸ਼ਮੇਂ ਰਾਮਪਾਲ ਸ਼ਾਹਪੁਰੀ ਦੀ ਤੀਜੀ ਕਾਵਿ ਪੁਸਤਕ ਹੈ। ਪਹਿਲੀ ਕਾਵਿ ਪੁਸਤਕ ਅੱਲੜ ਜਿਹੇ ਜਜ਼ਬਿਆਂ ਵਿਚੋਂ ਪੈਦਾ ਹੋਈਆਂ ਭਾਵਨਾਵਾਂ ਨੂੰ ਲਫ਼ਜ਼ਾਂ ਦੇ ਰੂਪ ਦੇ ਕੇ ਲਿਖੀਆਂ ਕਵਿਤਾਵਾਂ ਹਨ। ਦੂਜੀ ਕਾਵਿ ਪੁਸਤਕ ਵਿਚਲੀਆਂ ਕਵਿਤਾਵਾਂ ਵਿਚ ਮਲਾਲ ਹੈ। ਸ਼ਿਕਵਾ ਹੈ। ਰੋਸਾ ਹੈ। ਹੱਥਲੀ ਕਾਵਿ ਪੁਸਤਕ ਬੜੀ ਪਰਪੱਕ ਸੂਝ ਨਾਲ ਪੈਦਾ ਹੋਈਆਂ ਕਵਿਤਾਵਾਂ ਦਾ ਸੰਗ੍ਰਹਿ ਹੈ।” ਇਹ ਪਰਪੱਕਤਾ ਉਸਦੇ ਕਵਿਤਾ ਲਈ ਚੁਣੇ ਵਿਸ਼ਿਆਂ ਦੇ ਸੰਦਰਭ ਵਿਚ ਅਤੇ ਸ਼ਬਦ ਚੋਣ ਵਿਚ ਨਿਹਿਤ ਦੇਖੀ ਜਾ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਹੈਲਪ ਡੈਸਕ ਅਤੇ ‘ਮਿਸ਼ਨ ਰਕਸ਼ਾ ਬੰਧਨ” ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ
Next articleਮਹਾਭਾਰਤ’ ਚ ਦੁਰਯੋਧਨ ਦਾ ਰੋਲ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਸਰੀ ਚ ਸਵਾਗਤ