ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕੌਮੀ ਸ਼ਾਇਰ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ, ਵਿਰਸਾ ਵਿਹਾਰ ਕਪੂਰਥਲਾ ਨੇ ਸਰਕਟ ਹਾਊਸ ਕਪੂਰਥਲਾ ਵਿਖੇ ਪੰਜਾਬ ਦੇ ਖਜਾਨਾ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਸਿਰਜਣਾ ਕੇਂਦਰ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ “ਸਿਰਜਣਾ ਦੇ ਰੰਗ” ਬੜੇ ਹੀ ਅਦਬ ਅਤੇ ਸਤਿਕਾਰ ਨਾਲ ਭੇਟ ਕੀਤਾ !
ਉਨ੍ਹਾਂ ਨੇ ਤਕਰੀਬਨ ਪਿਛਲੇ 35 ਵਰ੍ਹਿਆਂ ਤੋਂ ਨਿਰੰਤਰ ਸਰਗਰਮੀਆਂ ਕਰ ਰਹੀ ਇਲਾਕੇ ਦੇ ਲੇਖਕਾਂ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ ਵੱਲੋਂ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਬਾਬਤ ਭਰਪੂਰ ਜਾਣਕਾਰੀ ਦਿੱਤੀ ! ਉਹਨਾਂ ਦੱਸਿਆ ਕਿ ਕੇਂਦਰ ਵੱਲੋਂ ਸਮੇਂ-ਸਮੇਂ ਪੁਸਤਕ ਰਿਲੀਜ਼ ਸਮਾਗਮ, ਕਵੀ ਦਰਬਾਰ, ਰੂਬਰੂ ਸਮਾਗਮ, ਸਨਮਾਨ ਸਮਾਗਮ ਅਤੇ ਗੀਤ ਗ਼ਜ਼ਲ ਗਾਇਨ ਵਰਗੇ ਸਮਾਗਮ ਕਰਵਾਏ ਜਾਣ ਦੇ ਨਾਲ-ਨਾਲ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੀਆਂ ਵਰਕਸ਼ਾਪਾਂ ਵੀ ਲਗਾਈਆਂ ਜਾਂਦੀਆਂ ਹਨ !
ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ ਵਿਸ਼ਵ ਪ੍ਰਸਿੱਧ ਇਸ ਸੰਸਥਾ ਨੇ ਬਹੁਤ ਸਾਰੇ ਨਾਮਵਰ ਸਾਹਿਤਕਾਰ ਪੈਦਾ ਕੀਤੇ ਹਨ ! ਉਨ੍ਹਾਂ ਮੰਤਰੀ ਸਾਹਿਬ ਨੂੰ ਕਿਹਾ ਕੀ ਸੂਬਾ ਸਰਕਾਰ ਵਧਾਈ ਦੀ ਪਾਤਰ ਹੈ ਜੋ ਕਿ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਾਸਾਰ ਵਾਸਤੇ ਵਧੀਆ ਉਪਰਾਲੇ ਕਰ ਰਹੀ ਹੈ ! ਉਨ੍ਹਾਂ ਮੰਤਰੀ ਸਾਹਿਬ ਤੋਂ ਇਹ ਮੰਗ ਕੀਤੀ ਕਿ ਸਾਹਿਤ ਅਤੇ ਸਭਿਆਚਾਰ ਨੂੰ ਹੋਰ ਵਧੇਰੇ ਪ੍ਰਫੁੱਲਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਰਜਿਸਟਰਡ ਸੰਸਥਾਵਾਂ ਅਤੇ ਲਾਇਬਰੇਰੀਆਂ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਅਨੁਸਾਰ ਗ੍ਰਾਂਟਾਂ ਦਿੱਤੀਆਂ ਜਾਣ ! ਚੀਮਾ ਸਾਹਿਬ ਨੇ ਵਾਅਦਾ ਕੀਤਾ ਕਿ ਛੇਤੀ ਹੀ ਉਹ ਤੁਹਾਡੀ ਇਹ ਮੰਗ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸਤਿਕਾਰਯੋਗ ਅਨਮੋਲ ਗਗਨ ਮਾਨ ਜੀ ਦੇ ਧਿਆਨ ਵਿੱਚ ਲਿਆਉਣਗੇ ! ਮੰਤਰੀ ਸਾਹਿਬ ਨੇ ਸਿਰਜਣਾ ਕੇਂਦਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ! ਇਸ ਮੌਕੇ ਕੇਂਦਰ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਦੇ ਨਾਲ ਸ੍ਰ. ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਇੰਪਰੂਵਮੈਂਟ ਟਰਸਟ ਕਪੂਰਥਲਾ, ਵਪਾਰ ਮੰਡਲ ਹਲਕਾ ਕਪੂਰਥਲਾ ਦੇ ਪ੍ਰਧਾਨ ਅਵਤਾਰ ਸਿੰਘ ਥਿੰਦ ਅਤੇ ਡਾਕਟਰ ਕੁਲਵਿੰਦਰ ਸਿੰਘ ਢੋਟ ਆਦਿ ਮੌਜੂਦ ਸਨ !
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly